26 ਦਸੰਬਰ ਜਨਮ ਦਿਹਾੜੇ ਤੇ ਵਿਸ਼ੇਸ਼ ਬਦਲੇ ਤੋਂ ਪਾਰ, ਸਮਾਜਿਕ ਬਦਲਾਅ ਦਾ ਚਿੰਨ੍ਹ ਹੈ ਊਧਮ ਸਿੰਘ-ਅਮੋਲਕ ਸਿੰਘ 

26 ਦਸੰਬਰ 1899ਨੂੰ ਜਨਮੇ ਅਤੇ 31 ਜੁਲਾਈ 1940 ਨੂੰ ਹੱਸਦਿਆਂ ਫਾਂਸੀ ਦਾ ਰੱਸਾ ਚੁੰਮਣ ਵਾਲੇ ਸ਼ਹੀਦ ਊਧਮ ਸਿੰਘ ਦੇ ਜਨਮ ਦਿਹਾੜੇ ਮੌਕੇ ਉਸਦੇ ਸੰਗਰਾਮੀ ਜੀਵਨ ਸਫ਼ਰ ਅਤੇ ਉਸਦੇ ਉਦੇਸ਼ਾਂ ਦਾ ਅਧਿਐਨ ਕਰਨਾ ਬੇਹੱਦ ਜ਼ਰੂਰੀ ਹੈ।
ਊਧਮ ਸਿੰਘ ਨੂੰ ਜਲ੍ਹਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਦਾ ਲੰਡਨ ਜਾ ਕੇ ਬਦਲਾ ਲੈਣ ਤੱਕ ਜਾਣੇ ਅਨਜਾਣੇ ਸੀਮਤ ਕਰਨਾ ਉਸਦੀ ਵਿਲੱਖਣ ਘਾਲਣਾ ਅਤੇ ਉੱਚੇ ਆਦਰਸ਼ਾਂ ਨਾਲ਼ ਇਨਸਾਫ਼ ਨਹੀਂ। ਊਧਮ ਸਿੰਘ ਦੀਆਂ ਮੌਲਿਕ ਲਿਖਤਾਂ, ਬਿਆਨਾਂ ਅਤੇ ਸੁਨੇਹਿਆਂ ਵਿੱਚੋਂ ਉਸਦੀ ਸੋਚ ਦ੍ਰਿਸ਼ਟੀ ਅਤੇ ਉਦੇਸ਼ਾਂ ਬਾਰੇ ਖੁੱਲ੍ਹੇ ਮਨ ਨਾਲ਼ ਸਮਝਣ ਦੀ ਲੋੜ ਹੈ। ਸਾਨੂੰ ਅਜਿਹੇ ਸਕੂਨ ਦਾ ਸ਼ੌਕ ਪਾਲਣ ਤੋਂ ਉੱਪਰ ਉੱਠਣ ਦੀ ਲੋੜ ਹੈ ਜਿਹੜਾ ਸਾਡਾ ਧਿਆਨ ਬਦਲਿਆ ਦੀ ਰਾਜਨੀਤੀ ਤੱਕ ਹੀ ਸਮੇਟ ਕੇ ਸਮਾਜਕ ਬਦਲਾਅ ਦੇ ਕੇਂਦਰੀ ਕਾਰਜ਼ ਤੋਂ ਨਜ਼ਰ ਲਾਂਭੇ ਕਰਨ ਦਾ ਕੰਮ ਕਰ ਦਿੰਦਾ ਹੈ।
ਊਧਮ ਸਿੰਘ ਕਿਸੇ ਇੱਕ ਵਿਅਕਤੀ ਨੂੰ ਹੀ ਲੋਕ ਵਿਰੋਧੀ ਵਰਤਾਰਿਆਂ ਦਾ ਮੁਜ਼ਰਿਮ ਨਹੀਂ ਸੀ ਸਮਝਦਾ। ਉਹ ਖ਼ੂਨੀ ਡਾਇਰਾਂ ਅਤੇ ਉਡਵਾਇਰਾਂ ਦੀ ਜਨਮ-ਭੋਇੰ ਸਾਮਰਾਜੀ ਪ੍ਰਬੰਧ ਨੂੰ ਟਿੱਕਦਾ ਸੀ ਜਿਹੜਾ  ਪ੍ਰਬੰਧ ਅਜਿਹੇ ਖ਼ੂਨੀ ਸਾਕੇ ਰਚਣ ਵਾਲਿਆਂ ਨੂੰ ਪੈਦਾ ਕਰਨ ਅਤੇ ਥਾਪੜਾ ਦੇਣ ਦਾ ਕੰਮ ਕਰਦਾ ਹੈ। ਸਾਡੇ ਓਪਰੇ ਸਮਾਜੀ ਅਤੇ ਮਨ-ਸੁਭਾਅ ਨੂੰ ਬਦਲੇ ਦੀ ਰਾਜਨੀਤੀ ਟੁੰਬਦੀ ਅਤੇ ਵਕਤੀ ਸਕੂਨ ਦਿੰਦੀ ਹੈ। ਦੁਨੀਆਂ ਭਰ ‘ਚ ਗ਼ੁਲਾਮੀ ਅਤੇ ਦਾਬੇ ਦੀ ਮਾਰ ਝੱਲ ਰਹੇ ਲੋਕਾਂ ਅੰਦਰ ਪਨਪਦੇ ਨਾਬਰੀ ਦੇ ਉੱਸਲਵੱਟੇ ਲੈਂਦੇ ਵਿਚਾਰ ਇਨਕਲਾਬੀ ਸਮਾਜਿਕ ਤਬਦੀਲੀ ਵਿੱਚ ਪਲਟਣ ਦੀ ਬਜਾਏ ਬਦਲਿਆਂ ਦੀ ਘੁੰਮਣਘੇਰੀ ਵਿੱਚ ਫਸ ਕੇ ਰਹਿ ਜਾਂਦੇ ਹਨ। ਦੁਨੀਆਂ ਭਰ ‘ਚ ਜਲ੍ਹਿਆਂਵਾਲਾ ਬਾਗ਼ ਕਾਂਡ ਵਰਗੇ ਕਾਰੇ ਕਰਨ ਵਾਲੇ ਡਾਇਰ 13 ਅਪ੍ਰੈਲ 1919 ਤੋਂ ਪਹਿਲਾਂ ਵੀ ਸੀ ਅਤੇ ਉਸਤੋਂ ਬਾਅਦ ਵੀ ਮੌਜ਼ੂਦ ਨੇ। ਇਹ ਕੌੜੀ ਸਚਾਈ ਸਿਰਫ਼ ਸਾਡੇ ਮੁਲਕ ਅੰਦਰ ਹੀ ਨਹੀਂ ਸਗੋਂ ਦੁਨੀਆਂ ਭਰ ‘ਚ ਦੇਖੀ ਜਾ ਸਕਦੀ ਹੈ। ਇਹ ਹਕੀਕਤ ਹੋਰ ਵੀ ਸ਼ਿੱਦਤ ਨਾਲ਼ ਦਰਸਾਉਂਦੀ ਹੈ ਕਿ ਉਸ ਨੁਕਤੇ ਦਾ ਭੇਦ ਸਮਝਿਆ ਜਾਵੇ ਜਿਸਨੂੰ ਅਸਲ ਵਿੱਚ ਬਦਲਣ  ਦਾ ਬੁਨਿਆਦੀ ਕਾਰਜ਼ ਲੋਕਾਈ ਨੂੰ ਦਰਪੇਸ਼ ਹੈ, ਨਾ ਕਿ ਸਿਰਫ਼ ਬਦਲੇ ਤੱਕ ਸਿਮਟਿਆ ਜਾਵੇ।
ਸਾਡੇ ਲੋਕਾਂ ਦੇ ਨਾਇਕ ਊਧਮ ਸਿੰਘ ਨੂੰ ਵੀ ਇਸ ਨੁਕਤੇ ਨਜ਼ਰ ਤੋਂ ਸਮਝਣ ਜਾਨਣ ਦੀ ਲੋੜ ਹੈ। ਉਹ ਜਦੋਂ 30 ਅਗਸਤ 1927 ਨੂੰ ਅੰਮ੍ਰਿਤਸਰ ਸਿਟੀ ਕੋਤਵਾਲੀ ਪੁਲਸ ਵਲੋਂ ਫੜਿਆ ਗਿਆ ਤਾਂ ਉਸਦੇ ਕੋਲੋਂ ‘ਗ਼ਦਰ ਦੀ ਗੂੰਜ’, ‘ਰੂਸੀ ਗ਼ਦਰ ਗਿਆਨ ਸਮਾਚਾਰ’, ‘ਗ਼ੁਲਾਮੀ ਦਾ ਜ਼ਹਿਰ’, ‘ਗ਼ਦਰ ਦੀ ਦੂਰੀ’, ‘ਦੇਸ਼ ਭਗਤਾਂ ਦੀ ਜਾਨ’ ਆਦਿ ਸਾਹਿਤ ਫੜਿਆ ਗਿਆ। ਇਹ ਸਾਹਿਤ ਊਧਮ ਸਿੰਘ ਨੂੰ ਨੇੜਿਓਂ ਮਿਲ਼ਣ ਲਈ ਸਾਡਾ ਪ੍ਰੇਰਨਾਸ੍ਰੋਤ ਹੈ।
ਇਸਤੋਂ ਹੋਰ ਪਿੱਛੇ ਝਾਤ ਮਾਰੀਏ ਤਾਂ ਊਧਮ ਸਿੰਘ ਦੇ ਬਦਲੇ ਤੋਂ ਕਿਤੇ ਉੱਚੇ ਆਦਰਸ਼ਾਂ ਦੇ ਦੀਦਾਰ ਹੁੰਦੇ ਹਨ ਜਦੋਂ ਉਹ 1923 ਵਿੱਚ 1857 ਦੇ ਗ਼ਦਰ ਦੀ ਬਰਸੀ ਮੌਕੇ ਸੰਬੋਧਨ ਕਰਦਾ ਹੈ:
” ਹਿੰਦੋਸਤਾਨ ਦੀ ਆਜ਼ਾਦੀ ਦੀ ਜੰਗ ਦੇ ਉਹਨਾਂ ਬਹਾਦਰ ਸ਼ਹੀਦਾਂ ਨੂੰ ਮੈਂ ਸ਼ਰਧਾਂਜਲੀ ਭੇਂਟ ਕਰਦਾ ਹਾਂ ਜਿਹਨਾਂ ਨੇ ਆਪਣਾ ਖ਼ੂਨ ਦੇ ਕੇ ਆਜ਼ਾਦੀ ਦੇ ਝੰਡੇ ਨੂੰ ਉੱਚਿਆਂ ਕੀਤਾ। ਉਹਨਾਂ ਦੇ ਆਜ਼ਾਦੀ ਦੇ ਆਦਰਸ਼ ਨੂੰ ਅਪਣਾਉਂਦੇ ਹੋਏ ਅਸੀਂ ਹਕੂਮਤ ਦੇ ਹਰ ਵਾਰ ਅਤੇ ਕਹਿਰ ਨੂੰ ਛਾਤੀਆਂ ਤੇ ਝੱਲਾਂਗੇ। ਅੰਗਰੇਜ਼ ਸਾਮਰਾਜ ਨਾਲ਼ ਸਾਡਾ ਸਮਝੌਤਾ ਅਸੰਭਵ ਹੈ। ਇਸ ਵਿਰੁੱਧ ਸਾਡੀ ਜੰਗ ਦਾ ਉਸ ਵੇਲੇ ਅੰਤ ਹੋਵੇਗਾ ਜਦ ਸਾਡੀ ਜਿੱਤ ਦਾ ਕੌਮੀ ਝੰਡਾ ਭਾਰਤ ਵਿਚ ਬ੍ਰਿਟਿਸ਼ ਸਾਮਰਾਜ ਦੀ ਕਬਰ ‘ਤੇ ਝੁੱਲੇਗਾ।”
    – ਜੂਨ 1955 ਦੇ ‘ਕੰਬੋਜ਼ ਸੰਦੇਸ਼’ ‘ਚੋਂ
ਨੌਜਵਾਨ ਭਾਰਤ ਸਭਾ ਦੀ 1925 ਵਿੱਚ ਹੋਈ ਕਾਨਫਰੰਸ ਵਿਚ ਬੋਲਦਿਆਂ ਊਧਮ ਸਿੰਘ ਨੇ ਕਿਹਾ ਸੀ ਕਿ:
” ਆਜ਼ਾਦੀ ਦੀ ਬੁਨਿਆਦ ਇਨਕਲਾਬ ਹੈ। ਗ਼ੁਲਾਮੀ ਦੇ ਵਿਰੁੱਧ ਇਨਕਲਾਬ, ਮਨੁੱਖ ਦਾ ਧਰਮ ਹੈ।ਇਹ ਮਨੁੱਖ ਦੀ ਮਨੁੱਖਤਾ ਦਾ ਆਦਰਸ਼ ਹੈ। ਜਿਹੜੀ ਕੌਮ ਅਧੀਨਗੀ ਕਬੂਲ ਕਰ ਕੇ ਸਿਰ ਨਿਵਾ ਦਿੰਦੀ ਹੈ ਉਹ ਮੌਤ ਨੂੰ ਪ੍ਰਵਾਨ ਕਰਦੀ ਹੈ ਕਿਉਂਕਿ ਆਜ਼ਾਦੀ ਜੀਵਨ ਅਤੇ ਗ਼ੁਲਾਮੀ ਮੌਤ ਹੈ। ਆਜ਼ਾਦੀ ਸਾਡਾ ਜਮਾਂਦਰੂ ਹੱਕ ਹੈ ਅਸੀਂ ਇਸਨੂੰ ਪ੍ਰਾਪਤ ਕਰ ਕੇ ਹੀ ਰਹਾਂਗੇ। ਅਸੀਂ ਇਨਕਲਾਬ ਦੇ ਦਰ ਆਪਣੀਆਂ ਜਵਾਨੀਆਂ ਦੀਆਂ ਬਹਾਰਾਂ ਵਾਰਨ ਲਈ ਤਤਪਰ ਹੋ ਗਏ ਹਾਂ। ਇਸ ਮਹਾਨ ਆਦਰਸ਼ ਦੀ ਭੇਂਟ ਆਪਣੀ ਜਵਾਨੀ ਤੋਂ ਘੱਟ ਹੋਰ ਹੋ ਵੀ ਕੀ ਸਕਦਾ ਹੈ ।”
ਜੇ ਭਲਾ ਊਧਮ ਸਿੰਘ ਦੀ ਜਿੰਦਗੀ ਦਾ ਇੱਕੋ ਇੱਕ ਮਕ਼ਸਦ ਬਦਲਾ ਲੈਣ ਤੱਕ ਸੀਮਤ ਹੁੰਦਾ ਫਿਰ ਉਹ ਭਲਾ ‘ਆਜ਼ਾਦੀ ਦੀ ਬੁਨਿਆਦ ਇਨਕਲਾਬ ਹੁੰਦਾ ਹੈ ‘ ਵਰਗੇ ਸੁਪਨੇ ਕਿਉਂ ਬੀਜਦਾ ? ਉਹਦਾ ਸ਼ਹੀਦ ਭਗਤ ਸਿੰਘ ਨਾਲ਼ ਐਨਾ ਗਹਿਰਾ ਸਬੰਧ ਹੋਣਾ ਵੀ ਉਸਦੇ ਵਡੇਰੇ ਨਿਸ਼ਾਨਿਆਂ ਦੀ ਪੁਸ਼ਟੀ ਕਰਦਾ ਹੈ। ਊਧਮ ਸਿੰਘ 30 ਮਾਰਚ 1940 ਨੂੰ ਬਰਿਕਸਟਨ ਜੇਲ੍ਹ ਤੋਂ ਇੱਕ ਪੱਤਰ ਵਿੱਚ ਲਿਖਦਾ ਹੈ ਕਿ:
” .. 10 ਸਾਲ ਹੋ ਗਏ ਹਨ ਜਦੋਂ ਮੇਰਾ ਸਭ ਤੋਂ ਵਧੀਆ ਦੋਸਤ ਮੈਨੂੰ ਪਿੱਛੇ ਛੱਡ ਕੇ ਚਲਾ ਗਿਆ। ਇਹ 23 ਤਾਰੀਖ਼ ਸੀ ਉਮੀਦ ਹੈ ਕਿ ਉਹ ਮੈਨੂੰ ਵੀ ਉਸੇ ਤਾਰੀਖ਼ ਨੂੰ ਫਾਂਸੀ ਦੇਣਗੇ।”
 ਊਧਮ ਸਿੰਘ ਦੀ ਸ਼ਖਸੀਅਤ ਦਾ ਇਹ ਪਾਸਾ ਉਸਦੇ ਸਹਿਜ ਸੁਭਾਅ ਆਪਣੇ ਭਵਿੱਖ਼ ਅਤੇ  ਆਪਣੀ ਭੂਮਿਕਾ ਬਾਰੇ ਸਾਫ਼ ਸਪੱਸ਼ਟ ਹੋਣ ਦਾ ਗਵਾਹ ਹੈ। ਇਹ ਦਰਸਾਉਂਦਾ ਹੈ ਕਿ ਊਧਮ ਸਿੰਘ ਵੱਲੋਂ ਕੈਕਸਟਨ ਹਾਲ ਲੰਡਨ ਵਿਖੇ ਗੋਲੀ ਦਾਗਣਾ ਅਸਲ ਵਿੱਚ ਸਾਮਰਾਜੀ ਪ੍ਰਬੰਧ ਦੀ ਵਫ਼ਾਦਾਰੀ ਨਿਭਾਉਣ ਵਾਲੇ ਜਲ੍ਹਿਆਂਵਾਲਾ ਬਾਗ਼ ਵਿੱਚ ਖ਼ੂਨੀ ਵਿਸਾਖੀ ਰਚਣ ਕਾਰਨ ਲੋਕਾਂ ਦੀ ਤਿੱਖੀ ਨਫ਼ਰਤ ਦੇ ਪਾਤਰ ਬਣੇ ਉਭਰਵੇਂ ਚਿੰਨ੍ਹ ਨੂੰ ਨਿਸ਼ਾਨਾ ਬਣਾ ਕੇ ਇਹ ਚਿਤਾਵਨੀ ਦੇਣਾ ਹੈ ਕਿ ਲੋਕਾਂ ਦਾ ਲ਼ਹੂ ਕਦੇ ਖਾਮੋਸ਼ ਨਹੀਂ ਹੁੰਦਾ ਉਹ ਸਿਰਫ਼ ਜਿਸਮ ਹੁੰਦੇ ਨੇ ਜਿਨ੍ਹਾਂ ਨੂੰ ਤੁਸੀਂ ਕਤਲ ਕਰਕੇ ਲੋਕ-ਆਵਾਜ਼ ਨੂੰ ਕਤਲ ਕਰਨ ਦਾ ਭਰਮ ਪਾਲ਼ਦੇ ਹੋ। ਊਧਮ ਸਿੰਘ ਦਾ ਇਹ ਅੰਤਿਮ ਨਿਸ਼ਾਨਾ ਨਹੀਂ ਸੀ ਸਗੋਂ ਅੰਤਿਮ ਨਿਸ਼ਾਨੇ ਵੱਲ ਲੋਕਾਂ ਦਾ ਧਿਆਨ ਖਿੱਚਣ, ਹੌਸਲੇ ਅਤੇ ਸਿਦਕ ਦਿਲੀ ਨਾਲ ਸਾਮਰਾਜੀ ਅਤੇ ਦੇਸੀ ਗੁਲਾਮੀ ਦੇ ਸੰਗਲ ਤੋੜਕੇ ਇਨਕਲਾਬੀ ਤਬਦੀਲੀ ਵੱਲ ਅਗੇਰੇ ਵਧਣ ਲਈ ਲੋਕਾਂ ਨੂੰ ਹੋਕਾ ਦੇਣਾ ਸੀ।
ਊਧਮ ਸਿੰਘ ਸਬੰਧੀ ਪ੍ਰਚਲਿਤ ਕਿੱਸੇ, ਕਵੀਸ਼ਰੀ, ਢਾਡੀ ਰੰਗ, ਚਲੰਤ  ਲੇਖ ਆਮ ਕਰਕੇ ਬਦਲਾ ਲੈਣ ਤੱਕ ਹੀ ਮਹਿਦੂਦ ਹਨ। ਪਿਛਲੇ ਅਰਸੇ ਵਿੱਚ ਸਾਹਮਣੇ ਆਏ ਠੋਸ ਇਤਿਹਾਸਕ ਪ੍ਰਮਾਣ, ਊਧਮ ਸਿੰਘ ਦੇ ਬਿਆਨ, ਚਿੱਠੀਆਂ ਖ਼ਾਸ ਕਰਕੇ ਫ਼ਾਂਸੀ ਲੱਗਣ ਤੋਂ ਪਹਿਲਾਂ ਅਦਾਲਤ ਵਿੱਚ ਜੱਜ ਸਾਹਮਣੇ ਦਿੱਤਾ ਬਿਆਨ ਸਪੱਸ਼ਟ ਐਲਾਨ ਨਾਮਾ ਹੈ ਕਿ ਊਧਮ ਸਿੰਘ ਦੇ ਦੁਸ਼ਮਣ ਅਤੇ ਮਿੱਤਰ ਕੌਣ ਹਨ।
ਉਹ ਸਾਫ਼ ਸ਼ਬਦਾਂ ਵਿਚ ਬਿਆਨ ਕਰਦਾ ਹੈ ਕਿ ਉਸਦੇ ਅਨੇਕਾਂ ਅੰਗਰੇਜ਼ ਦੋਸਤ ਹਨ। ਉਸਨੂੰ ਚਿੱਟੀ ਚਮੜੀ ਨਾਲ਼ ਕੋਈ ਨਫ਼ਰਤ ਨਹੀਂ। ਉਹ ਤਾਂ ਦੁਨੀਆਂ ਭਰ ਦੇ ਲੋਕਾਂ ਨੂੰ ਗੁਲਾਮ ਬਣਾ ਕੇ ਰੱਖ ਰਹੇ ਪ੍ਰਬੰਧ ਦੇ ਖ਼ਿਲਾਫ਼ ਹੈ। ਇਸ ਪ੍ਰਬੰਧ ਦਾ ਜਕੜਪੰਜਾ ਤੋੜਕੇ ਉਹ ਲੋਕਾਂ ਦੀ ਪੁੱਗਤ ਵਾਲ਼ੀ ਆਜ਼ਾਦੀ ਲਿਆਉਣ ਦਾ ਆਸ਼ਕ ਹੈ।
5 ਜੂਨ 1940 ਨੂੰ ਜੱਜ ਸਾਹਮਣੇ ਅਦਾਲਤ ਵਿੱਚ ਦਿੱਤੇ ਊਧਮ ਸਿੰਘ ਦੇ ਬਿਆਨ ਦੀ ਇਬਾਰਤ ਅੱਜ ਵੀ ਉਹਨਾਂ ਦੀ ਸੋਚਣ ਦੀ ਮੂੰਹੋਂ ਬੋਲਦੀ ਗਵਾਹੀ ਭਰਦੀ ਹੈ :
” ਮੈਂ ਅੰਗਰੇਜ਼ ਲੋਕਾਂ ਦੇ ਵਿਰੁੱਧ ਬਿਲਕੁਲ ਨਹੀਂ ਹਾਂ। ਮੇਰੇ ਭਾਰਤੀ ਮਿੱਤਰਾਂ ਤੋਂ ਵੀ ਵੱਧ ਇੰਗਲੈਂਡ ਵਿਚ ਅੰਗਰੇਜ਼ ਦੋਸਤ ਹਨ। ਮੈਨੂੰ ਇੰਗਲੈਂਡ ਦੇ ਕਾਮਿਆਂ ਨਾਲ਼ ਪੂਰੀ ਹਮਦਰਦੀ ਹੈ। ਮੈਂ ਤਾਂ ਸਿਰਫ ਅੰਗਰੇਜ਼ੀ ਸਾਮਰਾਜੀ ਸਰਕਾਰ ਦੇ ਖ਼ਿਲਾਫ਼ ਹਾਂ।”
  ਸਮੇਂ ਸਮੇਂ ਦੇ ਹੁਕਮਰਾਨ ਜਰਵਾਣਿਆਂ ਨੂੰ ਇਹ ਭੁਲੇਖਾ ਰਿਹਾ ਹੈ ਕਿ ਸ਼ਾਇਦ ਦੇਸ਼ ਭਗਤਾਂ ਦੇ ਬੋਲ ਦਫ਼ਨ ਹੋ ਜਾਣਗੇ। ਉਹ ਮਿੱਟੀ ਵਿੱਚ ਸੌਂਦੇ ਜਾਂ ਦਮ ਨਹੀਂ ਤੋੜਦੇ ਉਹ ਮੌਕਾ ਮਿਲਣ ਤੇ ਉੱਗ ਪੈਂਦੇ ਹਨ।
5 ਜੂਨ 1940 ਨੂੰ ਜੋ ਬਿਆਨ ਊਧਮ ਸਿੰਘ ਨੇ ਅਦਾਲਤ ਵਿੱਚ ਦਿੱਤਾ ਉਸ ਵਿੱਚ ਇਹ ਵੀ ਦਰਜ਼ ਹੈ ਕਿ ਬਰਤਾਨਵੀ ਹਕੂਮਤ ਸਾਡੇ ਲੋਕਾਂ ਨੂੰ ਜੇਲ੍ਹਾਂ ਅੰਦਰ ਡੱਕ ਕੇ ਮੌਤ ਦੇ ਮੂੰਹ ਧੱਕ ਰਹੀ ਹੈ ਇਹ ਇਕ ਦਿਨ ਅਵੱਸ਼ ਆਜ਼ਾਦ ਹੋਣਗੇ। ਅੱਜ 1940 ਤੋਂ 2023 ਆ ਗਿਆ ਅੱਜ ਵੀ ਸਾਡੇ ਮੁਲਕ ਦੇ ਹਾਕਮ ਬਰਤਾਨਵੀ ਹਕੂਮਤ ਦੇ ਪਦਚਿੰਨ੍ਹਾਂ ਤੇ ਚੱਲਦੇ ਹੋਏ ਹੱਕ ਸੱਚ ਇਨਸਾਫ਼ ਦੀ ਗੱਲ ਕਰਦੇ ਬੁੱਧੀਜੀਵੀਆਂ, ਲੇਖਕਾਂ, ਕਵੀਆਂ, ਸਾਹਿਤਕਾਰਾਂ, ਪੱਤਰਕਾਰਾਂ, ਜਮਹੂਰੀ ਸਮਾਜਕ ਕਾਮਿਆਂ ਨੂੰ ਵਰ੍ਹਿਆਂ ਤੋਂ ਬਿਨਾਂ ਮੁਕੱਦਮੇ ਚਲਾਏ ਜਾ ਝੂਠੇ ਕੇਸ ਮੜ੍ਹਕੇ ਸੀਖਾਂ ਪਿੱਛੇ ਡੱਕੀਂ ਬੈਠੇ ਹਨ ।
ਊਧਮ ਸਿੰਘ ਦੇ ਬੋਲ ਅੱਜ ਵੀ ਹਵਾਵਾਂ ਵਿਚ ਗੂੰਜਦੇ ਹਨ ਕਿ ਕੀ ਅਸੀਂ ਅਜਿਹੀ ਆਜ਼ਾਦੀ ਲਈ ਆਪਣਾ ਸਭ ਕੁਝ ਨਿਛਾਵਰ ਕੀਤਾ ਸੀ ?
ਊਧਮ ਸਿੰਘ ਦੀ ਵਿਚਾਰਧਾਰਾ, ਆਪਣੇ ਆਪ ਨੂੰ ਮੁਹੰਮਦ ਸਿੰਘ ਆਜ਼ਾਦ ਕਹਾਉਣ ਪਿੱਛੇ ਕੰਮ ਕਰਦੇ ਭਾਈਚਾਰਕ ਸਾਂਝ ਦਾ ਸੁਨੇਹਾ ਦੇਣ ਦੇ ਮਨੋਰਥ ਅਤੇ ਉਸਦੀ ਆਜ਼ਾਦੀ ਦੇ ਸੰਕਲਪ ਨੂੰ ਸਮਝਣਾ ਅਤੇ ਉਸਦੀ ਪੂਰਤੀ ਲਈ ਉੱਦਮ ਜੁਟਾਉਣਾ ਹੀ ਊਧਮ ਸਿੰਘ ਦੇ ਕੁਝ ਲੱਗਦੇ ਹੋਣ ਦਾ ਪ੍ਰਮਾਣ ਹੈ। ਵਿਸ਼ੇਸ਼ ਕਰਕੇ ਉਸਦੀ ਬਦਲਾ ਲੈਣ ਤੋਂ ਕਿਤੇ ਵਡੇਰੇ ਅਤੇ ਉਚੇਰੇ ਸਮਾਜਿਕ ਬਦਲਾਅ ਦੇ ਨਿਸ਼ਾਨੇ ਦੀ ਪੂਰਤੀ ਲਈ ਸੰਗਰਾਮ ਕਰਨਾ ਹੈ।
ਸੰਪਰਕ: 98778  68710

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article  ਏਹੁ ਹਮਾਰਾ ਜੀਵਣਾ ਹੈ -471
Next articleਜਾ ਉੱਡ ਜਾ ਤੋਤਿਆ ਰੂਹ ਦਿਆ