(ਸਮਾਜ ਵੀਕਲੀ)-ਜਦੋਂ ਕਰਜ਼ੇ ਦੀ ਗੱਲ ਤੁਰਦੀ ਹੈ ਤਾਂ ਅਕਸਰ ਸਾਡਾ ਧਿਆਨ ਕਿਸੇ ਤੋਂ ਲਏ ਕਰਜ਼ੇ ਜਾਂ ਦਿੱਤੇ ਹੋਏ ਕਰਜ਼ੇ ਵੱਲ ਜਾਂਦਾ ਹੈ l ਇਸ ਤਰਾਂ ਦਾ ਕਰਜ਼ਾ ਵਿਅਕਤੀ ਦੁਆਰਾ ਵਿਆਜ਼ ਸਮੇਤ ਮੋੜਿਆ ਜਾ ਸਕਦਾ ਹੈ l
ਕੁੱਝ ਕਰਜ਼ੇ ਇਸ ਤਰਾਂ ਦੇ ਹੁੰਦੇ ਹਨ ਜਿਨ੍ਹਾਂ ਦੀ ਕੋਈ ਤਹਿ ਕੀਮਤ ਨਹੀਂ ਹੁੰਦੀ ਅਤੇ ਤੁਸੀਂ ਉਨ੍ਹਾਂ ਨੂੰ ਮੋੜ ਵੀ ਨਹੀਂ ਸਕਦੇ l ਇਹ ਕਰਜ਼ੇ ਇਸ ਤਰਾਂ ਦੇ ਹੁੰਦੇ ਹਨ ਕਿ ਕਰਜ਼ਾ ਦੇਣ ਵਾਲਾ ਬਹੁਤ ਵਾਰ ਤੁਹਾਡੇ ਤੋਂ ਇਸ ਵਾਪਸੀ ਦੀ ਆਸ ਵੀ ਘੱਟ ਹੀ ਰੱਖਦਾ ਹੈ l
ਇਹ ਕਰਜ਼ਾ ਹੈ ਸਮੇਂ ਦਾ ਕਰਜ਼ਾ l ਜਦੋਂ ਤੁਸੀਂ ਮੁਸ਼ਕਲ ਵਿੱਚ ਹੁੰਦੇ ਹੋ ਜਾਂ ਲੋੜਵੰਦ ਹੁੰਦੇ ਹੋ ਤਾਂ ਤੁਹਾਨੂੰ ਮੁਸ਼ਕਲ ਵਿੱਚੋਂ ਕੱਢਣ ਵਾਸਤੇ ਕੁੱਝ ਵਿਅਕਤੀ ਤੁਹਾਨੂੰ ਆਪਣਾ ਸਮਾਂ ਦਿੰਦੇ ਹਨ l ਤੁਹਾਨੂੰ ਸਮਾਂ ਦੇਣ ਵੇਲੇ ਕਈ ਵਾਰ ਉਨ੍ਹਾਂ ਦੇ ਆਪਣੇ ਕੰਮ ਵੀ ਖਰਾਬ ਹੋ ਜਾਂਦੇ ਹਨ l ਇਸ ਦੇ ਬਾਵਯੂਦ ਉਹ ਆਪਣਾ ਸਮਾਂ ਦੇ ਕੇ ਤੁਹਾਨੂੰ ਮੁਸ਼ਕਲ ਹਲਾਤਾਂ ਵਿੱਚੋਂ ਕੱਢ ਦਿੰਦੇ ਹਨ l
ਸਮਾਂ ਬੀਤਦਾ ਹੈ ਤਾਂ ਤੁਸੀਂ ਉਨ੍ਹਾਂ ਦੇ ਇਸ ਅਹਿਸਾਨ ਨੂੰ ਭੁੱਲ ਜਾਂਦੇ ਹੋ ਕਿਉਂਕਿ ਤੁਸੀਂ ਉਨ੍ਹਾਂ ਦੇ ਸਮੇਂ ਦੀ ਕੀਮਤ ਨਹੀਂ ਜਾਣਦੇ l
ਸਮਾਂ ਇੱਕ ਐਸੀ ਚੀਜ਼ ਹੈ ਜਿਸ ਨੂੰ ਪੈਦਾ ਨਹੀਂ ਕੀਤਾ ਜਾ ਸਕਦਾ l ਇਹ ਪੈਸੇ ਨਾਲੋਂ ਵੀ ਵੱਧ ਕੀਮਤੀ ਹੁੰਦਾ ਹੈ l ਪੈਸਾ ਕਦੇ ਵੀ ਕਮਾਇਆ ਜਾ ਸਕਦਾ ਹੈ ਜਾਂ ਵਧਾਇਆ ਜਾ ਸਕਦਾ ਹੈ ਜਾਂ ਕਿਸੇ ਨੂੰ ਲਿਆ ਜਾਂ ਦਿੱਤਾ ਜਾ ਸਕਦਾ ਹੈ ਪਰ ਸਮੇਂ ਨਾਲ ਇਹ ਕੁੱਝ ਨਹੀਂ ਕੀਤਾ ਜਾ ਸਕਦਾ l
ਇਸ ਕਰਕੇ ਤੁਹਾਨੂੰ ਸਮਾਂ ਦੇਣ ਵਾਲਿਆਂ ਨੂੰ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਕਦਰ ਕਰਨੀ ਚਾਹੀਦੀ ਹੈ l ਹੋ ਸਕੇ ਤਾਂ ਉਹ ਕਦਰ ਉਨ੍ਹਾਂ ਨੂੰ ਸਮਾਂ ਦੇ ਕੇ ਹੀ ਕੀਤੀ ਜਾਵੇ ਜਿਵੇਂ ਤੁਹਾਡੇ ਮਾਂ ਬਾਪ ਤੁਹਾਨੂੰ ਬਚਪਨ ਵਿੱਚ ਸਮਾਂ ਦੇ ਕੇ ਵੱਡਾ ਕਰਦੇ ਹਨ, ਤੁਹਾਨੂੰ ਪੜ੍ਹਾਉਂਦੇ ਹਨ ਅਤੇ ਦੁਨੀਆਂ ਵਿੱਚ ਵਿਚਰਨਯੋਗ ਕਰਦੇ ਹਨ l ਇਸ ਵਾਸਤੇ ਉਨ੍ਹਾਂ ਦੇ ਜ਼ਿੰਦਗੀ ਦੇ ਬਹੁਤ ਸਾਲ ਲਗਦੇ ਹਨ ਅਤੇ ਬਹੁਤ ਸਾਲਾਂ ਦੀ ਕਮਾਈ ਲਗਦੀ ਹੈ l
ਬੁਢਾਪੇ ਵੇਲੇ ਔਲਾਦ ਵਲੋਂ ਉਨ੍ਹਾਂ ਨੂੰ (ਮਾਪਿਆਂ ਨੂੰ) ਉਹ ਸਮਾਂ ਵਾਪਸ ਦੇਣ ਦੀ ਲੋੜ ਹੁੰਦੀ ਹੈ ਜਿਸ ਵਿੱਚ ਵੱਡੀ ਗਿਣਤੀ ਕਾਮਯਾਬ ਨਹੀਂ ਹੋ ਪਾਉਂਦੀ l
ਆਓ ਹਰ ਇੱਕ ਦੇ ਸਮੇਂ ਦੀ ਕਦਰ ਕਰਨੀ ਸਿੱਖੀਏ l
–ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly