(ਸਮਾਜਵੀਕਲੀ)–ਸਿੰਦਰ ਸਿੰਘ ਇਕ ਅੱਧਖੜ ਉਮਰ ਦਾ ਬੰਦਾ ਸੀ। ਬਿਮਾਰੀ ਕੋਲੋਂ ਹਾਰਿਆ ਤੇ ਗਰੀਬੀ ਦਾ ਮਾਰਿਆ ਇਕ ਮਜਦੂਰ ।ਸਿੰਦਰ ਦਾ ਇਕ ਪੁੱਤਰ ਤੇ ਇਕ ਹੀ ਧੀ ਸੀ ਉਸਦੀ ਘਰਵਾਲੀ ਉਸ ਨੂੰ ਪਹਿਲੋਂ ਅੱਧਵਾਟੇ ਛੱਡ ਸਵਰਗ ਸਿਧਾਰ ਗਈ ਸੀ । ਬੰਟੀ ਜੋ ਸਿੰਦਰ ਦਾ ਮੁੰਡਾ ਸੀ ਆਪਣੀਆਂ ਜਿੰਮੇਵਾਰੀਆਂ ਤੋਂ ਟਲਦਾ ਅਕਸਰ ਘਰੋਂ ਬਾਹਰ ਹੀ ਰਹਿੰਦਾ । ਇਕ ਨੰਬਰ ਦਾ ਵਿਹਲੜ, ਨਿਖੱਟੂ , ਨਸ਼ੇੜੀ ਤੇ ਨਿਕੰਮਾ। ਬੰਟੀ ਨੇ ਆਪਣੇ ਬਾਪੂ ਦੀ ਦਵਾਈ ਬੂਟੀ ਜਾਂ ਗਰੀਬੀ ਤੋਂ ਨਿਜਾਤ ਪਾਉਣ ਲਈ ਕਦੇ ਵੀ ਇਕ ਪੈਸਾ ਘਰ ਨਾ ਲਿਆ ਕੇ ਦਿੱਤਾ ਬਲਕਿ ਆਪਣੀਆਂ ਮਾੜੀਆਂ ਆਦਤਾਂ ਕਾਰਨ ਨਿੱਤ ਉਲਾਂਭੇ ਖੱਟਦਾ ਸੀ ਅਤੇ ਦੂਜੇ ਪਾਸੇ ਬੀਰੀ ਸਿੰਦਰ ਸਿੰਘ ਦੀ ਧੀ । ਜੋ ਉਮਰ ਵਿਚ ਬੰਟੀ ਨਾਲੋਂ ਛੋਟੀ ਸੀ ਪਰ ਘਰ ਦੇ ਨਾਲ ਨਾਲ ਆਪਣੇ ਬਾਪੂ ਦੀ ਦਵਾਈ – ਬੂਟੀ , ਖਰਚੇ, ਆਪਣੀ ਨੌਕਰੀ ਅਤੇ ਹੋਰ ਸਾਰੀਆਂ ਜਿੰਮੇਵਾਰੀਆਂ ਦਾ ਬੋਝ ਆਪਣੇ ਮੋਢਿਆਂ ਉੱਤੇ ਰੱਖੀ ਬੈਠੀ ਸੀ । ਬੀਰੀ ਨੇ ਕਦੇ ਵੀ ਸਿੰਦਰ ਨੂੰ ਇਹ ਅਹਿਸਾਸ ਨਾ ਹੋਣ ਦਿੱਤਾ ਕਿ ਉਹ ਦੀ ਧੀ ਹੈ ਪੁੱਤ ਨਹੀਂ । ਇਕ ਦਿਨ ਸਿੰਦਰ ਦਾ ਦੋਸਤ ਬੰਤਾ ਆਪਣੇ ਯਾਰ ਦੇ ਪਤੇ ਨੂੰ ਉਹਦੇ ਘਰ ਆਇਆ । ਚਾਹ ਪਾਣੀ ਪੀਣ ਮਗਰੋਂ ਸਿੰਦਰ ਤੇ ਬੰਤਾ ਦੋਵੇਂ ਬਾਹਰ ਵਿਹੜੇ ਵਿੱਚ ਨਿੰਮ ਦੀ ਛਾਵੇਂ ਮੰਜੀ ਡਾਹ ਕੇ ਬਹਿ ਗਏ ਤੇ ਬੰਤੇ ਨੇ ਬੀਰੀ ਨੂੰ ਏਨਾ ਕੰਮ ਕਰਦਿਆਂ ਵੇਖ ਕਿਹਾ ਕਿ ਸਿੰਦਰਾ ਤੇਰੀ ਧੀ ਪੱਠੇ ਵੀ ਆਪ ਵੱਢਦੀ, ਟੋਕਾ ਵੀ ਆਪ ਕਰਦੀ, ਡੰਗਰ ਵੱਛਾ ਵੀ ਸਾਂਭਦੀ, ਘਰਦੀ ਦੀ ਦੇਖ ਰੇਖ ਵੀ ਇਹਦੇ ਸਿਰ ਤੇ, ਤੇਰੀ ਦਵਾਈ ਬੂਟੀ ਅਤੇ ਹੋਰ ਵੱਡੀ ਗੱਲ ਨਾਲ ਨੌਕਰੀ ਵੀ ਕਰਦੀ ਏ। ਮੈਨੂੰ ਤੇਰੀ ਧੀ ਮਾਣ ਏ ਜੋ ਕਿ ਧੀ ਹੋ ਕੇ ਪੁੱਤਰ ਵਾਲੇ ਸਾਰੇ ਫਰਜ ਪੂਰੇ ਕਰਦੀ ਏ।ਬੰਤੇ ਦੀ ਗੱਲ ਸੁਣ ਸਿੰਦਰ ਮਨ ਹੀ ਮਨ ਸੋਚਣ ਲੱਗਾ, ਨਹੀਂ ਬੇਲੀਆਂ ! ਇਹ ਪੁੱਤਰ ਹੋਣ ਦਾ ਫਰਜ ਨਹੀਂ ਆਪਣੇ ਧੀ ਹੋਣ ਦਾ ਕਰਜ ਵੀ ਪੂਰਾ ਕਰ ਰਹੀ ਏ । ਜਿੱਥੇ ਆ ਕੇ ਪੁੱਤਰ ਮੂੰਹ ਫੇਰ ਲੈਂਦੇ ਨੇ,ਉੱਥੇ ਇਹ ਨਿਮਾਣੀਆਂ ਧੀਆਂ ਸਹਾਰਾ ਬਣ ਖੜਦੀਆਂ ਨੇ। ਇਹ ਸੋਚਦਿਆਂ ਸਿੰਦਰ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਸਨ ।
ਲੇਖਕ :- ਸਿਮਰਨਜੀਤ ਕੌਰ ਸਿਮਰ
ਪਿੰਡ :- ਮਵੀ ਸੱਪਾਂ (ਸਮਾਣਾ )
ਮੋਬਾਈਲ :-7814433063
‘
‘ਸਮਾਜਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly