ਨਵੀਂ ਦਿੱਲੀ (ਸਮਾਜ ਵੀਕਲੀ): ਕਿਸਾਨ ਸੰਸਦ ਵਿੱਚ ਅੱਜ ਪਰਾਲੀ ਬਾਰੇ ਆਰਡੀਨੈਂਸ ’ਤੇ ਚਰਚਾ ਕੀਤੀ ਗਈ। ਇਸ ਸੰਸਦ ਵੱਲੋਂ 11 ਮਤੇ ਪਾਸ ਕਰ ਕੇ ਇਸ ਆਰਡੀਨੈਂਸ ਦਾ ਪੜਾਅਵਾਰ ਵਿਸ਼ਲੇਸ਼ਣ ਕੀਤਾ ਗਿਆ। ਸੰਸਦ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਕਿਸਾਨ ਵਫ਼ਦ ਨਾਲ ਵਾਅਦਾ ਕਰ ਕੇ ਮੁੱਕਰ ਗਈ ਹੈ। ਤਿੰਨ ਸੈਸ਼ਨਾਂ ਦੇ ਸਪੀਕਰ ਕਵਲਪ੍ਰੀਤ ਸਿੰਘ ਪੰਨੂ (ਪੰਜਾਬ), ਸਾਹਿਬ ਸਿੰਘ (ਹਰਿਆਣਾ), ਹਰਜਿੰਦਰ ਸਿੰਘ ਟਾਂਡਾ (ਪੰਜਾਬ) ਅਤੇ ਡਿਪਟੀ ਸਪੀਕਰ ਦਿਲਬਾਗ ਸਿੰਘ ਹੁੱਡਾ (ਹਰਿਆਣਾ), ਫੁਰਮਾਨ ਸਿੰਘ ਸੰਧੂ (ਪੰਜਾਬ) ਅਤੇ ਪਸਿਆ ਪਦਮ (ਤੇਲੰਗਾਨਾ) ਸਨ।
ਇਸ ਮੌਕੇ ਦੱਸਿਆ ਗਿਆ ਕਿ ਕੌਮੀ ਰਾਜਧਾਨੀ ਖੇਤਰ ਵਿੱਚ ‘ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਅਤੇ ਐਡਜੋਇਨਿੰਗ ਏਰੀਆਜ਼ ਆਰਡੀਨੈਂਸ, 2021’ ਨੂੰ ਪੁਰਾਣੇ ਆਰਡੀਨੈਂਸ ਦੇ ਖਤਮ ਹੋਣ ਤੋਂ ਬਾਅਦ 13 ਅਪਰੈਲ, 2021 ਨੂੰ ਜਾਰੀ ਕੀਤਾ ਗਿਆ ਸੀ ਤੇ ਹੁਣ ਇਹ ਸੰਸਦ ਵਿੱਚ ਵਿਚਾਰ ਅਧੀਨ ਹੈ। ਇਹ ਬਿੱਲ ਦਿੱਲੀ ਐੱਨਸੀਆਰ ਵਿੱਚ ਪ੍ਰਦੂਸ਼ਣ ਦਾ ਮੁੱਖ ਕਾਰਨ ਪਰਾਲੀ ਸਾੜਨ ਨੂੰ ਦੱਸਦਾ ਹੈ, ਜਦਕਿ ਅਸਲ ਵਿੱਚ ਅਜਿਹਾ ਨਹੀਂ ਹੈ। ਇਹ ਬਿੱਲ ਕੌਮੀ ਰਾਜਧਾਨੀ ਖੇਤਰ ਤੇ ਨੇੜਲੇ ਖੇਤਰਾਂ ਵਿੱਚ ਪ੍ਰਦੂਸ਼ਣ ਦਾ ਮੁੱਖ ਦੋਸ਼ ਕਿਸਾਨਾਂ ’ਤੇ ਪਾਉਣ ਤੇ ਫੈਕਟਰੀਆਂ ਤੇ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣ ਤੋਂ ਰੋਕਣ ਲਈ ਤਿਆਰ ਕੀਤਾ ਗਿਆ ਹੈ। ਸਰਕਾਰ ਨੇ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਝੋਨੇ ਤੇ ਕਣਕ ਦੇ ਚੱਕਰ ਵਿੱਚ ਧੱਕ ਦਿੱਤਾ ਹੈ, ਜਿਸ ਦਰਮਿਆਨ ਸਿਰਫ਼ ਤਿੰਨ ਹਫ਼ਤਿਆਂ ਦਾ ਸਮਾਂ ਹੁੰਦਾ ਹੈ, ਜਿਸ ਕਾਰਨ ਕਿਸਾਨਾਂ ਕੋਲ ਪਰਾਲੀ ਸਾੜਨ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਬਚਦਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly