ਨਵੀਂ ਦਿੱਲੀ (ਸਮਾਜ ਵੀਕਲੀ): ਭਾਰਤੀ ਕਲਾਸੀਕਲ ਨਾਚ ਸ਼ੈਲੀ ਕੱਥਕ ਨੂੰ ਦੁਨੀਆ ਭਰ ’ਚ ਪਛਾਣ ਦੇਣ ਵਾਲੇ ਨ੍ਰਿਤਕ ਬਿਰਜੂ ਮਹਾਰਾਜ ਦਾ ਅੱਜ ਇਥੇ ਦੇਹਾਂਤ ਹੋ ਗਿਆ। ਉਨ੍ਹਾਂ ਅਗਲੇ ਮਹੀਨੇ 84 ਵਰ੍ਰਿਆਂ ਦਾ ਹੋਣਾ ਸੀ। ਉਨ੍ਹਾਂ ਦੀ ਪੋਤੀ ਰਾਗਿਨੀ ਮਹਾਰਾਜ ਨੇ ਦੱਸਿਆ ਕਿ ਬਿਰਜੂ ਮਹਾਰਾਜ ਦੇ ਦੇਹਾਂਤ ਸਮੇਂ ਉਨ੍ਹਾਂ ਕੋਲ ਪਰਿਵਾਰ ਅਤੇ ਉਨ੍ਹਾਂ ਦੇ ਸ਼ਗਿਰਦ ਹਾਜ਼ਰ ਸਨ। ਉਹ ਰਾਤ ਸਮੇਂ ਭੋਜਨ ਤੋਂ ਬਾਅਦ ਅੰਤਾਕਸ਼ਰੀ ਖੇਡ ਰਹੇ ਸਨ ਤਾਂ ਮਹਾਰਾਜ ਨੂੰ ਅਚਾਨਕ ਪ੍ਰੇਸ਼ਾਨੀ ਹੋਣ ਲੱਗੀ। ਉਹ ਗੁਰਦੇ ਦੀ ਬਿਮਾਰੀ ਨਾਲ ਪੀੜਤ ਸਨ ਅਤੇ ਡਾਇਬਟੀਜ਼ ਹੋਣ ਕਾਰਨ ਉਹ ਪਿਛਲੇ ਮਹੀਨੇ ਤੋਂ ਡਾਇਲੇਸਿਸ ’ਤੇ ਸਨ। ਪੋਤੀ ਮੁਤਾਬਕ ਉਨ੍ਹਾਂ ਦਾ ਦੇਹਾਂਤ ਸ਼ਾਇਦ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਹੈ। ਉਨ੍ਹਾਂ ਦੇ ਪਰਿਵਾਰ ’ਚ ਤਿੰਨ ਬੇਟੀਆਂ ਅਤੇ ਦੋ ਪੁੱਤਰ ਹਨ।
ਬਿਰਜੂ ਮਹਾਰਾਜ ਦੇ ਦੇਹਾਂਤ ’ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਉਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਮੰਤਰੀ ਅਮਿਤ ਸ਼ਾਹ, ਕਾਂਗਰਸ ਆਗੂ ਰਾਹੁਲ ਗਾਂਧੀ ਅਤੇ ਹੋਰਾਂ ਨੇ ਦੁੱਖ ਪ੍ਰਗਟਾਇਆ ਹੈ। ਭਾਰਤ ਦੇ ਸਭ ਤੋਂ ਮਸ਼ਹੂਰ ਅਤੇ ਪਸੰਦੀਦਾ ਕਲਾਕਾਰਾਂ ’ਚੋਂ ਇਕ ਬ੍ਰਿਜ ਮੋਹਨ ਨਾਥ ਮਿਸ਼ਰਾ (ਪੰਡਤ ਬਿਰਜੂ ਮਹਾਰਾਜ ਦੇ ਨਾਮ ਨਾਲ ਮਸ਼ਹੂਰ) ਲਖਨਊ ਦੇ ਕਾਲਕਾ-ਬਿੰਦਾਦਿਨ ਘਰਾਣੇ ਨਾਲ ਸਬੰਧ ਰਖਦੇ ਸਨ। ਉਹ ਠੁਮਰੀ ਦੇ ਮਾਹਿਰ ਸਨ ਅਤੇ ਉਨ੍ਹਾਂ ਸਤਿਆਜੀਤ ਰੇਅ ਦੀ ਫਿਲਮ ‘ਸ਼ਤਰੰਜ ਕੇ ਖਿਲਾੜੀ’ ਲਈ ਇਕ ਗੀਤ ਵੀ ਗਾਇਆ ਸੀ। ਉਨ੍ਹਾਂ ਬੌਲੀਵੁੱਡ ਅਦਾਕਾਰਾ ਮਾਧੁਰੀ ਦੀਕਸ਼ਤ ਨੂੰ ‘ਦੇਵਦਾਸ’ ਫਿਲਮ ਦੇ ‘ਕਾਹੇ ਛੇੜੇ ਮੋਹੇ’ ਗੀਤ ਅਤੇ ਦੀਪਿਕਾ ਪਾਦੂਕੋਣ ਨੂੰ ‘ਬਾਜੀਰਾਓ ਮਸਤਾਨੀ’ ਦੇ ਗੀਤ ‘ਮੋਹੇ ਰੰਗ ਦੋ ਲਾਲ’ ਲਈ ਸਿਖਲਾਈ ਦਿੱਤੀ ਸੀ। ਪਦਮ ਵਿਭੂਸ਼ਣ ਬਿਰਜੂ ਮਹਾਰਾਜ ਨੂੰ ਸੰਗੀਤ ਨਾਟਕ ਅਕਾਦਮੀ ਪੁਰਸਕਾਰ, ਕਾਲੀਦਾਸ ਸਨਮਾਨ ਅਤੇ ‘ਵਿਸ਼ਵਰੂਪਮ’ ਲਈ ਬਿਹਤਰੀਨ ਕੋਰੀਓਗ੍ਰਾਫਰ ਅਤੇ ‘ਬਾਜੀਰਾਓ ਮਸਤਾਨੀ’ ਲਈ ਫਿਲਮਫੇਅਰ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly