ਅਮਰਜੀਤ ਸਿੰਘ ਤੂਰ
(ਸਮਾਜ ਵੀਕਲੀ) ਬਚਪਨ ਤੋਂ ਹੀ ਮੌਤ ਬਾਰੇ ਸੁਣਦਾ ਆ ਰਿਹਾ ਹਾਂ, ਪਹਿਲਾਂ ਪਹਿਲਾਂ ਤਾਂ ਪਿੰਡ ਵਿੱਚ ਆਂਢ- ਗੁਆਂਢ ਵਿੱਚ ਕਿਸੇ ਨੇ ਮਰ ਜਾਣਾ ਤਾਂ ਇਹ ਕਹਿੰਦੇ ਸੁਣਨਾ ਫਲਾਣੇ ਦਾ ਬੁੜਾ ਮਰ ਗਿਆ, ਫਲਾਣੇ ਦੀ ਬੁੜੀ ਮਰ ਗਈ, ਗੱਲ ਆਈ ਗਈ ਹੋ ਜਾਂਦੀ ।
ਥੋੜੇ ਹੋਰ ਵੱਡੇ ਹੋਏ, ਸੋਝੀ ਆ ਗਈ। ਬਜ਼ੁਰਗ ਵਾਰੀ ਵਾਰੀ ਆਪਣੇ ਪੁੱਤਾਂ ਕੋਲ ਰਹਿੰਦੇ ਸਨ ਜਾਂ ਸਭ ਤੋਂ ਛੋਟੇ ਪੁੱਤ ਨਾਲ ਰਹਿੰਦੇ ਸਨ। ਸਾਡੇ ਬਾਬਾ ਜੀ ਸਭ ਤੋਂ ਛੋਟੇ ਪੁੱਤ, ਮੇਰੇ ਚਾਚਾ ਜੀ ਨਾਲ ਰਹਿੰਦੇ ਸਨ, ਬੱਚਿਆਂ ਨਾਲ ਹੱਸ-ਖੇਡ ਕੇ ਮਜ਼ਾਕ ਕਰਦੇ ਰਹਿੰਦੇ ਸਨ, ਬਾਹਰ ਖੇਤ ਦਾ ਦੋ ਕਿਲੋਮੀਟਰ ਦੇ ਲਗਭਗ ਗੇੜਾ ਮਾਰ ਆਇਆ ਕਰਦੇ ਸਨ। ਅੰਤਲੇ ਸਮੇਂ ਚਾਰ ਦਿਨ ਤੋਂ ਬਾਹਰ ਨਹੀਂ ਗਏ, ਸ਼ਾਮ ਨੂੰ ਚਾਚੀ ਜੀ ਦੁੱਧ-ਚਾਹ ਦੇ ਕੇ ਆਏ। ਪੀ ਕੇ ਸੌਂ ਗਏ, ਰਾਤ ਦਾ ਖਾਣਾ ਦੇਣ ਗਏ , ਕਹਿੰਦੇ ਭਾਈ ਰੱਖ ਜਾ, ਮੈਂ ਠਹਿਰ ਕੇ ਖਾਊਂਗਾ, ਉਹ ਢੱਕ ਕੇ ਉਹਨਾਂ ਦੇ ਕਮਰੇ ਵਿੱਚ ਰੱਖ ਆਏ, ਸਵੇਰੇ ਨੂੰ ਦਰਵਾਜਾ ਖੋਲਿਆ, ਰੋਟੀ ਉਸੇ ਤਰ੍ਹਾਂ ਪਈ ਸੀ, ਪਤਾ ਚੱਲਿਆ ਬਾਬਾ ਜੀ ਪੂਰੇ ਹੋ ਗਏ। ਸੱਤ-ਅੱਠ ਸਾਲਾਂ ਬਾਅਦ ਦਾਦੀ ਜੀ ਵੀ ਬਿਨਾਂ ਬਿਮਾਰੀ ਤੋਂ ਚੁੱਪ-ਚਾਪ ਇਸ ਦੁਨੀਆਂ ਤੋਂ ਚਲੇ ਗਏ।
ਅਗਲੀ ਮੌਤ ਸਾਡੇ ਪਰਿਵਾਰ ਵਿੱਚ ਮੇਰੇ ਵੱਡੇ ਭਰਾ ਦੀ ਹੋਈ, ਉਸ ਵੇਲੇ ਮੈਂ ਚੰਡੀਗੜ੍ਹ ਨੌਕਰੀ ਕਰਦਾ ਸੀ, ਆਪਣਾ ਘਰ ਖਰੀਦ ਲਿਆ ਸੀ ਬੇਬੇ ਬਾਪੂ ਜੀ ਦੇ ਨਾਲ ਉਹ ਵੀ ਆਇਆ ਸੀ। ਬੁਰੀ ਸੰਗਤ ਵਿੱਚ ਪੈਣ ਕਰਕੇ ਉਸ ਦਾ ਵਿਆਹ ਨਹੀਂ ਕੀਤਾ ਸੀ। ਮੇਰੇ ਤਿੰਨ ਭਰਾ ਹੋਰ ਵੀ ਵਿਆਹੇ-ਵਰੇ ਸਨ ਪਰ ਉਹ ਉਹਨਾਂ ਨਾਲ ਨਹੀਂ ਰਹਿੰਦਾ ਸੀ। ਕਈ ਵਾਰੀ ਗੁੱਸੇ ਵਿੱਚ ਆਇਆ, ਲੜਾਈ ਕਰਦਾ ਰਹਿੰਦਾ ਸੀ, ਵਿਆਹ ਨਾ ਕਰਨ ਦਾ ਕਸੂਰ, ਬਾਪੂ ਜੀ ਦਾ ਕੱਢਦਾ ਰਹਿੰਦਾ ਸੀ। ਸਿਗਰਟਾਂ ਦੇ ਨਸ਼ੇ ਕਰਕੇ ਉਸਨੂੰ ਫੇਫੜਿਆਂ ਦੀ ਤਕਲੀਫ ਨਾਲ, ਜਿਗਰ ਨੇ ਕੰਮ ਕਰਨਾ ਬੰਦ ਕਰ ਦਿੱਤਾ। ਇਸ ਤਕਲੀਫ ਤੋਂ ਪਹਿਲਾਂ ਖੇਤਾਂ ਵਿੱਚ, ਜਿਸ ਕੰਮ ਨੂੰ ਲੱਗ ਜਾਂਦਾ ਬਹੁਤ ਲਗਨ ਨਾਲ ਕੰਮ ਕਰਦਾ ਸੀ। ਮੈਨੂੰ ਉਸ ਤੇ ਬਹੁਤ ਤਰਸ ਆਉਂਦਾ ਸੀ ਉਸ ਦੀ ਮੌਤ ਤੋਂ ਪੰਜ ਛੇ ਸਾਲ ਪਹਿਲਾਂ ਬਾਪੂ ਜੀ ਨੇ ਵਸੀਅਤ ਕਰਵਾ ਦਿੱਤੀ। ਦੂਸਰੇ ਭਰਾ ਕਹਿੰਦੇ, ਇਸਦਾ ਨਾਮ ਵਸੀਅਤ ਵਿੱਚੋਂ ਕੱਢ ਕੇ ਬਾਕੀਆਂ ਦੇ ਨਾਮ ਕਰ ਦਿਓ, ਪਰ ਇਸ ਗੱਲ ਵਿੱਚ ਮੈਂ ਉਸਦੀ ਹਮਾਇਤ ਵਿੱਚ ਨਿਤਰਿਆ।
ਪਿਤਾ ਜੀ ਮੇਰੀ ਗੱਲ ਮੰਨਦੇ ਸਨ, ਉਹਨਾਂ ਸਾਰਿਆਂ ਦਾ ਹਿੱਸਾ ਬਰਾਬਰ ਲਿਖਵਾ ਦਿੱਤਾ। ਮਰਨ ਤੋਂ ਪਹਿਲਾਂ ਸਾਰੇ ਉਸ ਤੋਂ ਜਮੀਨ ਲੈਣ ਵਾਸਤੇ ਡੋਰੇ ਪਾਉਣ ਲੱਗੇ ਕਿ ਸਾਨੂੰ ਦੇ ਦੇ ਪਰ ਉਸ ਨੇ ਕਿਸੇ ਨੂੰ ਨਹੀਂ ਦਿੱਤੀ, ਬਾਅਦ ਵਿੱਚ ਸਭ ਨੂੰ ਬਰਾਬਰ ਮਿਲੀ। ਉਸਦੀ ਮੌਤ ਤੋਂ ਬਾਅਦ, ਅਗਲੇ ਸਾਲ ਪਿਤਾ ਜੀ ਮੇਰੇ ਕੋਲ ਆਏ ਹੋਏ ਸਨ, ਕਬਜ਼ੀ ਦੀ ਤਕਲੀਫ ਸੀ, ਭੁੱਖ ਨਹੀਂ ਲੱਗਦੀ ਸੀ, ਕਾਫੀ ਸਾਰੇ ਡਾਕਟਰਾਂ ਨੂੰ ਦਿਖਾਇਆ। 84 ਸਾਲ ਨੂੰ ਢੁਕੇ ਸਨ, ਮੈਂ ਫੜ ਕੇ ਉਹਨਾਂ ਨੂੰ ਬਾਥਰੂਮ ਵਿੱਚ ਬਿਠਾਇਆ, ਦੇਖਦਿਆਂ ਦੇਖਦਿਆਂ ਹੀ ਹੱਥਾਂ ਵਿੱਚ ਆ ਗਏ। ਪੰਖੇਰੂ ਉੜ ਗਏ, 20 ਸਾਲ ਬਾਅਦ ਸਾਡੀ ਬੇਬੇ ਪਟਿਆਲੇ ਅਰਬਨ ਅਸਟੇਟ ਵਿੱਚ, ਮੇਰੇ ਵੱਡੇ ਬੇਟੇ ਕੋਲ ਰਹਿੰਦੀ ਸੀ ਉਹ ਸਾਹ ਦੀ ਬਿਮਾਰੀ ਤੋਂ ਪੀੜਿਤ ਸੀ। ਅੰਤਲੇ ਤਿੰਨ ਚਾਰ ਸਾਲਾਂ ਵਿੱਚ, ਪ੍ਰਾਈਵੇਟ ਹਸਪਤਾਲਾਂ ਵਿੱਚ ਹਫਤਾ ਹਫਤਾ ਦਾਖਲ ਰਹਿੰਦੇ, ਠੀਕ ਹੋ ਕੇ ਘਰ ਆ ਜਾਂਦੇ। ਮੈਂ ਅਕਸਰ ਟੂਰਾਂ ਤੇ ਰਹਿੰਦਾ ਸੀ ਪਰ ਆਖਰੀ ਸਮੇਂ ਮੈਂ ਤੇ ਮੇਰੀ ਪਤਨੀ ਪਟਿਆਲੇ ਪਤਾ ਲੈਣ ਗਏ ਤਾਂ ਉਹਨਾਂ ਨੂੰ ਮਿਲਣ ਹਸਪਤਾਲ ਪਹੁੰਚੇ ਬਾਹਰੋਂ ਕਿਸੇ ਨੂੰ ਮਿਲਣ ਨਹੀਂ ਦੇ ਰਹੇ ਸੀ। ਸਪੈਸ਼ਲ ਇਜਾਜ਼ਤ ਨਾਲ ਮੈਨੂੰ ਇਕੱਲੇ ਨੂੰ ਮਿਲਣ ਦਿੱਤਾ ਗਿਆ ਉਹ ਵੀ ਦੂਰੋਂ, ਉਹ ਬੈਡ ਤੇ ਬੈਠੇ ਬਹੁਤ ਕਮਜ਼ੋਰ ਨਜ਼ਰ ਆ ਰਹੇ ਸਨ, ਮੈਂ ਬੈਡ ਦੇ ਪੈਂਦਾਂ ਵਾਲੇ ਪਾਸੇ ਖੜ ਗਿਆ, ਬੇਬੇ ਨੂੰ ਵੀ ਜਿਵੇਂ ਅੰਤਲੇ ਸਮੇਂ ਦਾ ਪਤਾ ਲੱਗ ਗਿਆ ਸੀ, ਕਹਿੰਦੀ ਪੁੱਤ ਜਸਮੇਲ (ਪੰਜ ਭੈਣਾਂ ਵਿੱਚੋਂ ਸਭ ਤੋਂ ਛੋਟੀ) ਹੋਰਾਂ ਦਾ ਖਿਆਲ ਰੱਖੀ। ਮਿਲ ਕੇ ਅਸੀਂ ਚੰਡੀਗੜ੍ਹ ਆ ਗਏ, ਅਗਲੇ ਹੀ ਦਿਨ ਸੁਨੇਹਾ ਆ ਗਿਆ ਕਿ ਬੇਬੇ ਸਵਰਗਵਾਸ ਹੋ ਗਈ।
ਹੁਣ ਮੈਂ ਉਨ੍ਹਾਂ ਦੀ ਉਮਰ ਵਿੱਚ ਪਹੁੰਚ ਗਿਆ ਹਾਂ। ਜਿੰਦਗੀ ਵਿੱਚ ਬਹੁਤ ਵਾਰ ਮੌਤ ਦੇ ਬਹੁਤ ਨੇੜਿਓਂ ਮੋੜਾ ਕੱਟ ਕੇ ਇਸ ਮੋੜ ਤੱਕ ਪਹੁੰਚਿਆ ਹਾਂ। ਤਿੰਨ ਬੇਟੇ ਬਹੁਤ ਵਧੀਆ ਸਥਾਪਿਤ ਹੋਏ ਹਨ, ਇੱਕ ਬੇਟਾ ਆਸਟਰੇਲੀਆ ਵਿੱਚ ਪੱਕਾ ਹੈ, ਸਭ ਤੋਂ ਛੋਟਾ ਬੇਟਾ ਮੇਰੇ ਕੋਲ ਹੈ ਉਹ ਇਨਾਂ ਧਿਆਨ ਰੱਖਦੇ ਹਨ, ਹਸਪਤਾਲਾਂ ਦੇ ਸਪੈਸ਼ਲ ਵਾਰਡਾਂ ਵਿੱਚ ਵੀ ਨਹੀਂ ਰੱਖਿਆ ਜਾਂਦਾ।
ਉਮਰ ਦੇ 79 ਵਰੇ ਪਾਰ ਕਰ ਚੁੱਕਿਆ ਹਾਂ। ਮੌਤ ਵਾਜਾਂ ਨਹੀਂ ਮਾਰਦੀ। ਜ਼ਿੰਦਗੀ ਸਥਿਰ ਚੱਲ ਰਹੀ ਹੈ। ਸਭ ਤੋਂ ਪਹਿਲਾ ਮੌਤ ਵਾਲਾ ਮੋੜ9-10 ਸਾਲ ਦੀ ਉਮਰ ਵਿੱਚ ਦੇਖਿਆ, ਮਲੇਰੀਆ ਬੁਖਾਰ ਨਾਲ ਹੱਥਾਂ ਵਿੱਚ ਹੀ ਆ ਗਿਆ, ਰੋਣ ਪਿੱਟਣ ਸ਼ੁਰੂ ਹੋ ਗਿਆ, ਪਰ ਹੱਥਾਂ ਪੈਰਾਂ ਦੀ ਹਿਲ ਜੁਲ ਨਾਲ, ਮੇਰੀ ਮਾਂ ਦੇ ਸਾਹ ਵਿੱਚ ਸਾਹ ਆਇਆ। ਦੂਸਰੀ ਵਾਰ ਘਰ ਦੇ ਕਿਤਾਬਾਂ ਲੈ ਕੇ ਨਹੀਂ ਦੇ ਰਹੇ ਸੀ, ਸਕੂਲੋਂ ਰੋਜ਼ ਕੁੱਟ ਪੈਣ ਲੱਗੀ। ਇੱਕ ਦਿਨ ਤਾਂ ਬਸਤਾ ਵਗਾਹ ਕੇ ਮਾਰਿਆ, ਧਮਕੀ ਦੇ ਕੇ ਚਲਾ ਗਿਆ ਕਿ ਮੈਂ ਘਰ ਨਹੀਂ ਆਉਣਾ। ਸਕੂਲ ਦੇ ਰਾਹ ਵਿੱਚ ਭੈਣ ਦਾ ਪਿੰਡ ਆਉਂਦਾ ਸੀ, ਮੈਂ ਉੱਥੇ ਚਲਾ ਗਿਆ। ਮੈਂ ਇਰਾਦਾ ਕਰ ਲਿਆ ਸੀ ਕਿ ਨਹਿਰ ਵਿੱਚ ਛਾਲ ਮਾਰ ਕੇ ਮਰ ਜਾਣਾ, ਫਿਰ ਮਨ ਵਿੱਚ ਖਿਆਲ ਆਇਆ ਕਿ ਮਾਂ ਰੁਲ ਜਾਵੇਗੀ, ਫੋਨ ਹੁੰਦੇ ਨਹੀਂ ਸਨ, ਸਾਰੇ ਪਾਸੇ ਲੱਭ ਲੱਭ ਕੇ ਥੱਕ ਗਏ, ਮੈਂ ਕਿਤੇ ਨਾ ਮਿਲਿਆ। ਭੈਣ ਨੂੰ ਮੈਂ ਦੱਸਿਆ ਨਹੀਂ ਸੀ, ਕਿ ਮੈਂ ਰੁੱਸ ਕੇ ਆਇਆ ਹਾਂ। ਤੀਸਰਾ ਮੌਕਾ, ਮੈਂ ਪਟਿਆਲੇ ਦੇ ਨੇੜਲੇ ਪਿੰਡ, ਦੂਸਰੀ ਭੈਣ ਦੇ ਸਹੁਰੇ ਘਰ ਰਹਿਣ ਲੱਗ ਪਿਆ, ਸਾਈਕਲ ਬਹੁਤ ਤੇਜ਼ ਚਲਾਉਂਦਾ ਸੀ ਅੱਜ ਕੱਲ ਦੇ ਜ਼ਮਾਨੇ ਚ ਹੁੰਦਾ ਕਦੋਂ ਦਾ ਕਿਸੇ ਐਕਸੀਡੈਂਟ ਵਿੱਚ ਮਰਮੁਕ ਗਿਆ ਹੁੰਦਾ। ਚੌਥਾ ਮੌਕਾ ਐਮ.ਏ. ਕਰਨ ਤੋਂ ਬਾਅਦ ਕੰਨ ਦੇ ਆਪਰੇਸ਼ਨ ਤੋਂ ਬਾਅਦ ਹੋਇਆ, ਡਾਕਟਰ ਤਾਕੀਦ ਕਰਕੇ ਗਏ ਸਨ, 24 ਘੰਟੇ ਤੱਕ ਪੀਣ ਵਾਸਤੇ ਪਾਣੀ ਨਹੀਂ ਦੇਣਾ। ਬੈਡ ਤੇ ਮੇਰੇ ਕੋਲ ਮੇਰੀ ਬੇਬੇ ਜੀ ਸਨ, ਮੈਂ ਆਪਰੇਸ਼ਨ ਤੋਂ ਬਾਅਦ ਸੁਰਤ ਆਉਣ ਤੇ ਪਾਣੀ ਮੰਗਿਆ, ਬੇਬੇ ਨੇ ਮਮਤਾ ਮੋਹ ਵਿੱਚ ਪਾਣੀ ਪਿਲਾ ਦਿੱਤਾ ਨਰਸਾਂ ਦੀ ਸਲਾਹ ਵੀ ਨਾ ਲਈ। ਗਲੇ ਵਿੱਚ ਸਵੈਲਿੰਗ (ਸੋਜ਼ਸ਼) ਆ ਗਈ ਸੀ,ਸਾਹ ਬੰਦ ਹੋਣ ਲੱਗਿਆ, ਮੈਂ ਬੇਹੋਸ਼ ਹੋ ਗਿਆ। ਨਰਸਾਂ ਚ ਭਗਦੜ ਮੱਚ ਗਈ, ਡਾਕਟਰ ਆਇਆ ਫਟਾਫਟ ਗਲੇ ਵਿੱਚੋਂ ਸਾਹ ਲੈਣ ਵਾਸਤੇ ਨਾਲੀ ਲਾਈ ਗਈ। ਤਿੰਨ ਚਾਰ ਘੰਟਿਆਂ ਬਾਅਦ ਸਵੈਲਿੰਗ ਘਟੀ ਤੇ ਨੋਰਮਲ ਹੋਇਆ ।
ਟਿਕ ਕੇ ਬੈਠਣਾ ਮੇਰਾ ਸੁਭਾਅ ਨਹੀਂ । ਚੰਡੀਗੜ੍ਹ ਵਾਲੇ ਘਰ ਦੇ ਨਾਲ ਥੋੜੀ ਜਗ੍ਹਾ ਪਈ ਸੀ, ਰਿਟਾਇਰਮੈਂਟ ਤੋਂ ਬਾਅਦ ਕਹੀ ਨਾਲ ਘਾਹ-ਫੂਸ ਸਾਫ ਕਰਕੇ, ਜਗ੍ਹਾ ਨੂੰ ਪੁੱਟ ਕੇ, ਪੋਲੀ ਕਰਕੇ, ਥੋੜੀਆਂ ਥੋੜੀਆਂ ਹਰੀਆਂ ਸਬਜ਼ੀਆਂ ਬੀਜ ਲੈਣੀਆਂ। ਮੈਨੂੰ ਸਾਹ ਚੜਨ ਲੱਗਿਆ, ਪਹਿਲਾਂ ਤਾਂ ਧਿਆਨ ਨਾ ਦਿੱਤਾ। ਸਕੂਟਰ ਦਾ ਛੋਟਾ ਜਿਹਾ ਐਕਸੀਡੈਂਟ ਹੋ ਗਿਆ ਸੱਜੀ ਲੱਤ ਤੇ ਪਲਸਤਰ ਲਾਉਣਾ ਪਿਆ, ਆਈਵੀਵਾਈ ਹਸਪਤਾਲ ਵਿੱਚ ਦਾਖਲ ਕਰਵਾਇਆ, ਪਲਸਤਰ ਇੱਕੀ ਦਿਨ ਬਾਅਦ ਉਤਾਰਿਆ, ਕਹੀ ਵਾਲਾ ਕੰਮ ਫਿਰ ਨਹੀਂ ਛੱਡਿਆ, ਸਾਹ ਚੜਨ ਲੱਗਿਆ ਫਿਰ ਦੋਬਾਰਾ ਆਈਵੀਵਾਈ ਹਸਪਤਾਲ ਦਾਖਲ ਕਰਾਇਆ। ਕਹੀ ਵਾਲਾ ਕੰਮ ਬਿਲਕੁਲ ਬੰਦ ਕਰਵਾਇਆ। ਕਈ ਵਾਰੀ ਸਾਹ ਰੁਕਦਾ ਰੁਕਦਾ ਦਵਾਈ ਨਾਲ ਠੀਕ ਹੋਇਆ। ਹਾਰਟ ਅਟੈਕ ਹੋਣ ਦਾ ਖਤਰਾ ਹੈ। ਆਂਢ- ਗੁਆਂਢ ਵਿੱਚ ਕਈ ਬੁੱਢੇ ਬੁੱਢੀਆਂ ਮਰ ਚੁੱਕੇ ਹਨ। ਮੌਤ ਦਸਤਕ ਦੇ ਕੇ ਮੁੜ ਜਾਂਦੀ ਹੈ। ਕਵਿਤਾਵਾਂ ਦੀਆਂ ਕਿਤਾਬਾਂ ਲਿਖਣ ਦੇ ਕਈ ਵੱਡੇ ਪ੍ਰੋਜੈਕਟ ਹੱਥ ਚ ਲੈ ਰੱਖੇ ਹਨ ਜਿਵੇਂ ਇੱਕ ਸਦੀ ਹੋਰ ਜੀਣਾ ਹੋਵੇ, ਮਰਨਾ ਤਾਂ ਮੈਂ ਭੁੱਲ ਹੀ ਗਿਆ ਹਾਂ ਜਿਉਂਦੇ ਰਹਿਣ ਮੇਰੇ ਪੋਤੇ-ਪੋਤੀਆਂ, ਦੋਹਤੇ ਦੋਹਤੀਆਂ, ਜਿਨਾਂ ਦੀ ਚਹਿ-ਚਿਹਾਟ ਹੌਸਲੇ ਬੁਲੰਦ ਕਰੀ ਰੱਖਦੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly