ਪਿਆਰੇ ਬੱਚਿਓ ! ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ..

(ਸਮਾਜ ਵੀਕਲੀ)- ਪਿਆਰੇ ਬੱਚਿਓ ! ਸੁਕਰਾਤ ਏਥੇਂਸ ਵਿੱਚ ਰਹਿਣ ਵਾਲੇ ਦਾਰਸ਼ਨਿਕਾਂ ਵਿੱਚੋਂ ਇੱਕ ਸਨ । ਸੁਕਰਾਤ ਇੱਕ ਸ਼ਾਂਤ ਪ੍ਰਵਿਰਤੀ ਦੇ ਵਿਅਕਤੀ ਸਨ । ਕਦੇ – ਕਦੇ ਉਹ ਗਲੀਆਂ ਵਿੱਚ ਨੌਜਵਾਨਾਂ ਨੂੰ ਇਕੱਠਾ ਕਰਦੇ ਅਤੇ ਉਨ੍ਹਾਂ ਤੋਂ ਕਈ ਤਰ੍ਹਾਂ ਦੇ ਪ੍ਰਸ਼ਨ ਪੁੱਛਦੇ ਤੇ ਉਨ੍ਹਾਂ ਦੇ ਪ੍ਰਸ਼ਨਾਂ ਦਾ ਜਵਾਬ ਲੱਭਣ ਦੇ ਵਿੱਚ ਉਨ੍ਹਾਂ ਦੀ ਸਹਾਇਤਾ ਕਰਦੇ । ਨਗਰ ਪ੍ਰੀਸ਼ਦ ਦੇ ਮੈਂਬਰਾਂ ਨੂੰ ਇਹ ਮਹਿਸੂਸ ਹੋਣ ਲੱਗਾ ਕਿ ਸੁਕਰਾਤ ਨੌਜਵਾਨਾਂ ਨੂੰ ਉਨ੍ਹਾਂ ਵਿਰੋਧੀ ਬਣਾ ਰਹੇ ਹਨ । ਉਨ੍ਹਾਂ ਨੇ ਸੁਕਰਾਤ ਨੂੰ ਰਾਜਧ੍ਰੋਹ ਦੇ ਦੋਸ਼ ਵਿੱਚ ਬੰਦੀ ਬਣਾ ਲੈਣ ਦਾ ਆਦੇਸ਼ ਦੇ ਦਿੱਤਾ ।

ਫਿਰ ਸੁਕਰਾਤ ‘ਤੇ ਰਾਜਧ੍ਰੋਹ ਦਾ ਮੁਕੱਦਮਾ ਚੱਲਿਆ ਅਤੇ ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ । ਉਨ੍ਹਾਂ ਦੀ ਫਾਂਸੀ ਦਾ ਦਿਨ ਤੈਅ ਕਰ ਦਿੱਤਾ ਗਿਆ ਅਤੇ ਫ਼ੈਸਲਾ ਲਿਆ ਗਿਆ ਕਿ ਫਾਂਸੀ ਦੇ ਦਿਨ ਸੁਕਰਾਤ ਨੂੰ ਜ਼ਹਿਰ ਪਿਆਲਾ ਪਿਲਾਇਆ ਜਾਵੇਗਾ ਤੇ ਫਾਂਸੀ ਤੱਕ ਉਨ੍ਹਾਂ ਨੂੰ ਜੇਲ੍ਹ ਵਿੱਚ ਰੱਖਿਆ ਜਾਵੇਗਾ । ਸੁਕਰਾਤ ਦੇ ਮਿੱਤਰ ਅਤੇ ਉਨ੍ਹਾਂ ਦੇ ਚਾਹੁਣ ਵਾਲੇ ਸੁਕਰਾਤ ਨੂੰ ਜੇਲ੍ਹ ਵਿੱਚ ਮਿਲਣ ਲਈ ਜਾਂਦੇ ਰਹਿੰਦੇ ਸਨ ਅਤੇ ਉਨ੍ਹਾਂ ਨਾਲ ਗੱਲਬਾਤ ਕਰਦੇ ਰਹਿੰਦੇ ਸਨ । ਫਾਂਸੀ ਦੇ ਕੁਝ ਦਿਨ ਪਹਿਲਾਂ ਸੁਕਰਾਤ ਨੂੰ ਜੇਲ੍ਹ ਦੇ ਬਾਹਰ ਇਕ ਸੰਗੀਤਮਈ ਧੁਨੀ ਸੁਣਾਈ ਦਿੱਤੀ । ਉਸ ਨੇ ਜਦੋਂ ਖਿੜਕੀ ਦੇ ਬਾਹਰ ਨਜ਼ਰ ਮਾਰੀ ਤਾਂ ਉਸ ਨੇ ਦੇਖਿਆ ਕਿ ਇਕ ਦਰੱਖਤ ਦੇ ਹੇਠਾਂ ਇੱਕ ਬਜ਼ੁਰਗ ਵਿਅਕਤੀ ਸੰਗੀਤਮਈ ਧੁਨੀ ਵਿੱਚ ਗਿਟਾਰ ਵਜਾ ਰਿਹਾ ਹੈ । ਉਸ ਨੇ ਆਪਣੇ ਕੋਲ ਬੈਠੇ ਮਿੱਤਰਾਂ ਨੂੰ ਕਿਹਾ ਕਿ ਮੈਂ ਇਹ ਸੰਗੀਤ ਸਿੱਖਣਾ ਚਾਹੁੰਦਾ ਹਾਂ ਤੇ ਉਸ ਗਾਇਕ ਨੂੰ ਮੇਰੇ ਕੋਲ ਲੈ ਆਓ। ਇਹ ਗੱਲ ਸੁਣਦੇ ਸਾਰ ਹੀ ਸੁਕਰਾਤ ਦੇ ਮਿੱਤਰ ਅਤੇ ਉਸ ਦੇ ਚਾਹੁਣ ਵਾਲੇ ਬਹੁਤ ਹੈਰਾਨ ਹੋਏ ਅਤੇ ਉਨ੍ਹਾਂ ਨੇ ਸੁਕਰਾਤ ਨੂੰ ਕਿਹਾ ਕਿ ਹੁਣ ਸੰਗੀਤ ਸਿੱਖਣ ਦਾ ਕੀ ਲਾਭ ? ਬੱਸ ਕੁਝ ਦਿਨਾਂ ਬਾਅਦ ਤੁਹਾਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਜਾਵੇਗੀ । ਪਰ ਸੁਕਰਾਤ ਆਪਣੀ ਜ਼ਿੱਦ ‘ਤੇ ਅੜਿਆ ਰਿਹਾ ਕਿ ਜਿਉਂਦੇ – ਜੀਅ ਮੈਂ ਇਹ ਸੰਗੀਤ ਦੀ ਧੁਨ ਜ਼ਰੂਰ ਸਿੱਖਣੀ ਹੈ । ਸੁਕਰਾਤ ਦੇ ਵਾਰ – ਵਾਰ ਬੇਨਤੀ ਕਰਨ ‘ਤੇ ਅਤੇ ਜ਼ਿੱਦ ‘ਤੇ ਅੜੇ ਰਹਿਣ ਕਰਕੇ ਉਸ ਦੇ ਸਾਥੀਆਂ ਨੇ ਇਸ ਬਾਰੇ ਜੇਲ ਅਧਿਕਾਰੀ ਨਾਲ ਗੱਲ ਕੀਤੀ ।

ਜੇਲ੍ਹ ਅਧਿਕਾਰੀ ਸੁਕਰਾਤ ਦੀ ਕਾਫੀ ਇੱਜਤ ਕਰਦਾ ਸੀ । ਇਸ ਲਈ ਉਹ ਗੀਤ ਗਾਉਣ ਵਾਲੇ ਬਜ਼ੁਰਗ ਨੂੰ ਤੁਰੰਤ ਸੁਕਰਾਤ ਦੇ ਕੋਲ ਲੈ ਆਇਆ । ਫਿਰ ਸੁਕਰਾਤ ਨੇ ਬਹੁਤ ਨਿਮਰਤਾ ਪੂਰਵਕ ਉਸ ਬਜ਼ੁਰਗ ਨੂੰ ਕਿਹਾ ਕਿ ਇਹ ਬਹੁਤ ਮਧੁਰ ਅਤੇ ਮਨਮੋਹਕ ਸੰਗੀਤ ਹੈ । ਕਿਰਪਾ ਕਰਕੇ ਮੈਨੂੰ ਇਹ ਸੰਗੀਤ ਜ਼ਰੂਰ ਸਿਖਾ ਦਿਓ । ਸੁਕਰਾਤ ਦੀ ਬੇਨਤੀ ਨੂੰ ਸਵੀਕਾਰ ਕਰਦੇ ਹੋਏ ਉਸ ਬਜ਼ੁਰਗ ਗਾਇਕ ਨੇ ਕਈ ਤਰ੍ਹਾਂ ਦੀਆਂ ਸੰਗੀਤਕ ਧੁਨਾਂ ਵਜਾਉਣੀਆਂ ਆਰੰਭ ਕਰ ਦਿੱਤੀਆਂ ਅਤੇ ਲਗਭਗ ਦੋ ਘੰਟੇ ਤੱਕ ਸੁਕਰਾਤ ਨੂੰ ਇਸ ਬਾਰੇ ਗੂੜ ਗਿਆਨ ਦਿੱਤਾ । ਇਹ ਅਲੌਕਿਕ ਸੰਗੀਤਕ ਗਿਆਨ ਲੈ ਕੇ ਸੁਕਰਾਤ ਆਨੰਦ ਵਿਭੋਰ ਹੋ ਗਿਆ । ਸੁਕਰਾਤ ਨੇ ਬਜ਼ੁਰਗ ਦਾ ਕੋਟਿ – ਕੋਟਿ ਧੰਨਵਾਦ ਕਰਦੇ ਹੋਏ ਵਿਦਾ ਕੀਤਾ ਅਤੇ ਕਿਹਾ , ” ਹੁਣ ਮੈਂ ਅੱਜ ਨੂੰ ਕੱਲ੍ਹ ਨਾਲੋਂ ਬਿਹਤਰ ਜਾਣਨ ਲੱਗ ਪਿਆ ਹਾਂ । ਮੈਂ ਜੀਵਨ ਦੇ ਅੰਤ ਹੋਣ ਤੱਕ ਬਹੁਤ ਕੁਝ ਨਵਾਂ ਸਿੱਖਣਾ ਚਾਹੁੰਦਾ ਹਾਂ । ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ।” ਸੋ ਪਿਆਰੇ ਬੱਚਿਓ ! ਸੱਚਮੁੱਚ ਜ਼ਿੰਦਗੀ ਵਿੱਚ ਸਿੱਖਣ ਦੀ ਕਦੇ ਕੋਈ ਉਮਰ ਨਹੀਂ ਹੁੰਦੀ । ਸਾਨੂੰ ਜ਼ਿੰਦਗੀ ਦੇ ਆਖਰੀ ਪਲ ਤੱਕ ਹਰ ਪਲ ਹਰ ਰੋਜ਼ ਕੁਝ ਨਾ ਕੁਝ ਨਵਾਂ ਸਿੱਖਦੇ ਰਹਿਣਾ ਚਾਹੀਦਾ ਹੈ ਅਤੇ ਚੰਗੀਆਂ , ਉੱਤਮ , ਸਕਾਰਾਤਮਕ ਸੋਚ ਵਧਾਉਣ ਵਾਲੀਆਂ ਤੇ ਪ੍ਰੇਰਨਾਦਾਇਕ ਪੁਸਤਕਾਂ ਪੜ੍ਹਦੇ ਰਹਿਣਾ ਚਾਹੀਦਾ ਹੈ ; ਕਿਉਂਕਿ ਗਿਆਨ ਦੀ ਕੋਈ ਸੀਮਾ ਨਹੀਂ ਹੁੰਦੀ । ਫਿਰ ਮਿਲਾਂਗੇ ਅਗਲੀ ਵਾਰ ਕਿਸੇ ਹੋਰ ਵਿਸ਼ੇ ਨਾਲ , ਤਦ ਤੱਕ ਲਈ ਬਾਏ – ਬਾਏ …. ਬੱਚਿਓ !


ਅੰਤਰਰਾਸ਼ਟਰੀ ਲੇਖਕ
ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ
9478561356

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੇਕਰ ਕਿਸੇ ਵੀ ਟੋਲ ਪਲਾਜ਼ਾ ਤੇ ਰੇਟਾ ਵਿੱਚ ਵਾਧਾ ਕੀਤਾ ਤਾਂ ਪੰਜਾਬ ਦਾ ਕੋਈ ਟੋਲ ਨਹੀਂ ਚੱਲਣ ਦਿਆਂਗੇ। ਚੰਦੀ ।
Next article3 kids die after taking ‘cough syrup’ at Delhi’s mohalla clinic, 13 hospitalised