(ਸਮਾਜ ਵੀਕਲੀ)
ਮਰ ਲੈ ਬੰਦਿਆਂ,ਮਰ ਲੈ ਤੂੰ,
ਜੀਂਦੇ ਜੀਅ ਕੁਝ ਕਰ ਲੈ ਤੂੰ।
ਮਨ ਨੂੰ ਜੇਕਰ ਜਿੱਤਣਾ ਹੈ ਤਾਂ,
ਅੰਦਰੋਂ ਬਾਹਰੋਂ ਹਰ ਲੈ ਤੂੰ।
ਮਰ ਲੈ …..
ਮੇਰੀ-ਮੇਰੀ ਕਰਦਾ ਰਹਿੰਨਾਂ,
ਢਿੱਡ ਢੋਲ ਨੂੰ ਭਰਦਾ ਰਹਿੰਨਾਂ।
ਨੀਯਤ ਤੇਰੀ ਰੱਜਦੀ ਨਹੀਂ,
ਪਸ਼ੂਆਂ ਵਾਂਗਰ ਚਰਦਾ ਰਹਿਨਾਂ।
ਸੁੱਖ ਲੈਣਾ ਜੇ ਅੱਗੇ ਜਾ ਕੇ,
ਥੋੜ੍ਹੇ ਦੁੱਖੜੇ ਜ਼ਰ ਲੈ ਤੂੰ।
ਮਰ ਲੈ …..
ਮਰਨਾ ਕਿਹੜਾ ਕੰਮ ਹੈ ਸੌਖਾ,
ਨਹੀਂ ਹੈ ਫਿਰ ਵੀ ਐਨਾ ਔਖਾ।
ਜੀਵਨ ਸਫ਼ਲ ਹੋ ਜਾਊ ਤੇਰਾ,
ਇੱਕ ਵਾਰੀ ਜੇ ਮਿਲ਼ ਜੇ ਮੌਕਾ।
ਬੇੜੀ ਕਰਮਾਂ ਦੀ ਬਣਾ ਕੇ,
ਭਵਜਲ ਸਾਗਰ ਤਰ ਲੈ ਤੂੰ।
ਮਰ ਲੈ….
ਮਾਇਆ ਮੋਹ ਨੂੰ ਦੂਰ ਕਰਕੇ,
ਫੋਲ ਪੁਰਾਣੇ ਅੰਦਰ ਵਰਕੇ।
ਓਹੀ ਸਾਜ਼ ਵਜਾ ਕੇ ਵੇਖ਼,
ਸਾਹਾਂ ਦੇ ਵਿੱਚ ਜਿਹੜਾ ਧੜਕੇ।
ਖ਼ਾਲੀ ਕਰਕੇ ਦੋਵੇਂ ਹੱਥ,
ਨਾਮ ਦੀ ਝੋਲ਼ੀ ਭਰ ਲੈ ਤੂੰ।
ਮਰ ਲੈ….
ਮਨਜੀਤ ਕੌਰ ਧੀਮਾਨ, ਸ਼ੇਰਪੁਰ, ਲੁਧਿਆਣਾ। ਸੰ:9464633059