(ਸਮਾਜ ਵੀਕਲੀ)
ਦੂਰਦਰਸ਼ਨ ਦਾ ਭਾਰਤ ਵਿੱਚ ਜਨਮ ਹੋਏ ਨੂੰ 62 ਸਾਲ ਹੋ ਚੁੱਕੇ ਹਨ,15 ਸਤੰਬਰ 1959 ਵਿੱਚ ਕੁਝ ਖ਼ਾਸ ਵੱਡੇ ਸ਼ਹਿਰਾਂ ਵਿਚ ਇਸ ਦਾ ਪ੍ਰਸਾਰਨ ਚਾਲੂ ਹੋਇਆ ਸੀ।ਦੂਰਦਰਸ਼ਨ ਨੇ ਬਹੁਤ ਤਰੱਕੀ ਕੀਤੀ ਤੇ ਹਰ ਸਾਲ ਵੱਖ ਵੱਖ ਚੈਨਲਾਂ ਉੱਤੇ ਇਸ ਦਿਨ ਖ਼ਾਸ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਹਨ।ਸਾਨੂੰ ਪੰਜਾਬੀ ਭਾਸ਼ਾ ਵਾਲਿਆਂ ਨੂੰ ਜਲੰਧਰ ਦੂਰਦਰਸ਼ਨ ਮਿਲਿਆ ਸੀ ਜਿਸ ਦਾ ਅੱਜਕੱਲ੍ਹ ਨਾਮ ਪੰਜਾਬੀ ਦੂਰਦਰਸ਼ਨ ਹੈ।ਇਹ ਇਕ ਖੇਤਰੀ ਚੈਨਲ ਹੈ ਜਿਸ ਨੇ ਆਪਣੇ ਇਲਾਕੇ ਦੀ ਭਾਸ਼ਾ ਵਿਰਸਾ ਤੇ ਪਹਿਰਾਵੇ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਹੁੰਦਾ ਹੈ ਇਹ ਪ੍ਰਸਾਰ ਭਾਰਤੀ ਦਾ ਖਾਸ ਕਾਨੂੰਨ ਹੈ।ਪੰਜ ਕੁ ਸਾਲ ਪਹਿਲਾਂ ਤਕ ਦੂਰਦਰਸ਼ਨ ਪੰਜਾਬੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਪਹਿਰੇਦਾਰ ਬਣਿਆ ਰਿਹਾ,ਇਸ ਚੈਨਲ ਵੱਲੋਂ ਬਣਾਏ ਪ੍ਰੋਗਰਾਮਾਂ ਨੇ ਕੌਮਾਂਤਰੀ ਪੁਰਸਕਾਰ ਵੀ ਜਿੱਤੇ।
ਸੱਤ ਕੁ ਸਾਲ ਪਹਿਲਾਂ ਇਹ ਚੈਨਲ ਦੂਰਦਰਸ਼ਨ ਦਾ ਪ੍ਰਚਾਰ ਪ੍ਰਸਾਰ ਤੇ ਕਮਾਈ ਕਰਨ ਵਾਲਾ ਪਹਿਲੇ ਨੰਬਰ ਦਾ ਇਨਾਮ ਪ੍ਰਾਪਤ ਕਰ ਚੁੱਕਿਆ ਹੈ।ਉਸ ਤੋਂ ਬਾਅਦ ਪ੍ਰਸਾਰ ਭਾਰਤੀ ਨੂੰ ਪਤਾ ਨਹੀਂ ਕੀ ਹੋਇਆ,ਇਸ ਚੈਨਲ ਨੂੰ ਛੇ ਕੁ ਸਾਲ ਤੋਂ ਕੋਈ ਨਿਰਦੇਸ਼ਕ ਤੇ ਪ੍ਰੋਗਰਾਮ ਮੁਖੀ ਹੀ ਨਹੀਂ ਮਿਲਿਆ।ਮੇਰੇ ਜਿਹੇ ਕੰਮ ਚਲਾਊ ਨਿਰਮਾਤਾਵਾਂ ਨੂੰ ਪ੍ਰੋਗਰਾਮ ਮੁਖੀ ਜਾਂ ਨਿਰਦੇਸ਼ਕ ਬਣਾ ਦਿੱਤਾ ਜਾਂਦਾ ਹੈ,ਜੋ ਪੰਜਾਬੀ ਭਾਸ਼ਾ,ਵਿਰਸੇ ਤੇ ਪਹਿਰਾਵੇ ਤੋਂ ਪੂਰਨ ਰੂਪ ਵਿੱਚ ਅਣਜਾਣ ਹੁੰਦੇ ਹਨ। ਡੇਢ ਕੁ ਸਾਲ ਤੋਂ ਪ੍ਰੋਗਰਾਮ ਮੁਖੀ ਕੰਮ ਚਲਾਊ ਨਿਰਮਾਤਾ ਸ੍ਰੀਮਾਨ ਪੁਨੀਤ ਸਹਿਗਲ ਜੀ ਨੂੰ ਬਣਾ ਦਿੱਤਾ ਗਿਆ,ਜੋ ਨਾਟਕਕਾਰ ਉੱਚ ਪੱਧਰ ਦੇ ਹਨ ਪਰ ਪ੍ਰੋਗਰਾਮਾਂ ਬਾਰੇ ਕੀ ਜਾਨਣ ਜਿਨ੍ਹਾਂ ਨੂੰ ਪੰਜਾਬੀ ਲਿਖਣੀ ਤੇ ਪੜ੍ਹਨੀ ਹੀ ਨਹੀਂ ਆਉਂਦੀ।
ਦੂਰਦਰਸ਼ਨ ਪੰਜਾਬੀ ਦੇ ਨਵੇਂ ਸਾਲ ਦੇ ਪ੍ਰੋਗਰਾਮ ਇੰਨੇ ਮਹਾਨ ਹੁੰਦੇ ਹਨ ਮਨੋਰੰਜਨ ਤੋਂ ਇਲਾਵਾ ਪੱਚੀ ਲੱਖ ਰੁਪਏ ਵਿਚ ਪ੍ਰਾਈਵੇਟ ਕੰਪਨੀਆਂ ਨੇ ਵੀ ਖਰੀਦੇ ਹਨ।ਪਰ ਇਸ ਵਾਰ ਨਵੇਂ ਸਾਲ ਦਾ ਪ੍ਰੋਗਰਾਮ ਬਣਿਆ ਹੀ ਨਹੀਂ ਮਨੋਰੰਜਨ ਤੇ ਕਮਾਈ ਤੋਂ ਸਭ ਕੁਝ ਸੱਖਣਾ ਹੀ ਸੀ।ਸ੍ਰੀ ਮਾਨ ਪੁਨੀਤ ਸਹਿਗਲ ਜੀ ਨੇ ਜਦੋਂ ਤੋਂ ਕਮਾਂਡ ਸੰਭਾਲੀ ਹੈ ਉਸ ਦੇ ਨਾਲ ਹੀ ਕਰੋਨਾ ਮਹਾਂਮਾਰੀ ਚਾਲੂ ਹੋ ਗਈ ਸੀ ਜਿਸ ਕਾਰਨ ਸਕੂਲ ਬੰਦ ਹੋ ਗਏ ਸਨ ਇਨ੍ਹਾਂ ਤੋਂ ਪਹਿਲੇ ਪ੍ਰੋਗਰਾਮ ਮੁਖੀ ਨੂੰ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਦੇ ਪ੍ਰੋਗਰਾਮ ਪੇਸ਼ ਕਰਨ ਲਈ ਚਿੱਠੀ ਆਈ ਹੋਈ ਸੀ ਪਰ ਉਨ੍ਹਾਂ ਨੇ ਜੋ ਪ੍ਰਸਾਰ ਭਾਰਤੀ ਦੇ ਕਾਨੂੰਨ ਹਨ ਉਹ ਨੂੰ ਮੁੱਖ ਰੱਖਦੇ ਹੋਏ ਮਨੋਰੰਜਨ ਖ਼ਬਰਾਂ ਜਾਂ ਜੋ ਪ੍ਰੋਗਰਾਮ ਹਨ ਉਹ ਪੇਸ਼ ਕਰਦੇ ਰਹੇ।
ਪਰ ਸ੍ਰੀ ਮਾਨ ਪੁਨੀਤ ਸਹਿਗਲ ਜੀ ਦੇ ਹੱਥ ਉਹ ਚਿੱਠੀ ਲੱਗ ਗਈ ਉਸ ਸਮੇਂ ਤੋਂ ਸਵੇਰੇ ਨੌੰ ਵਜੇ ਤੋਂ ਲੈ ਕੇ ਸ਼ਾਮ ਚਾਰ ਵਜੇ ਤੱਕ ਸਾਰਾ ਸਮਾਂ ਪੰਜਾਬ ਸਕੂਲ ਸਿੱਖਿਆ ਵਿਭਾਗ ਨੂੰ ਵੇਚ ਦਿੱਤਾ ਹੈ।ਹੁਣ ਸਕੂਲ ਖੁੱਲ੍ਹੇ ਹਨ ਤੇ ਦੂਰਦਰਸ਼ਨ ਸਕੂਲ ਦੇ ਬੱਚਿਆਂ ਨੂੰ ਪੜ੍ਹਾ ਰਿਹਾ ਹੈ ਦੱਸੋ ਕਿਧਰਲਾ ਇਨਸਾਫ਼ ਹੈ। ਦੂਰਦਰਸ਼ਨ ਦੀ ਸਾਲਗਿਰ੍ਹਾ ਮਨਾਉਣ ਲਈ ਕੱਲ੍ਹ ਇਨ੍ਹਾਂ ਨੇ ਸੁਨਹਿਰੀ ਸਫਰ ਪ੍ਰੋਗਰਾਮ ਪੇਸ਼ ਕੀਤਾ,ਜੋ ਪੰਜਾਬੀ ਭਾਸ਼ਾ ਤੇ ਵਿਰਸੇ ਤੋਂ ਕੋਹਾਂ ਦੂਰ ਸੀ।ਪਹਿਲੀ ਗੱਲ ਐਂਕਰ ਬੀਬਾ ਜੀ ਦਾ ਪਹਿਰਾਵਾ ਵਾਲ ਖਿਲਾਰ ਨੇ ਪਤਾ ਨਹੀਂ ਕਿਹੜਾ ਪੰਜਾਬੀ ਪਹਿਰਾਵਾ ਦਿਖਾਇਆ ਜਾ ਰਿਹਾ ਸੀ।ਪੰਜਾਬੀ ਗਾਇਕੀ ਵਿੱਚ ਮੁੱਖ ਸਾਡੇ ਲੋਕ ਗੀਤ ਤੇ ਸਮਾਜਿਕ ਗਾਇਕੀ ਹੈ।
ਜਿਸ ਲਈ ਦੂਰਦਰਸ਼ਨ ਪੰਜਾਬੀ ਵੱਲੋਂ ਹੀ ਅਨੇਕਾਂ ਗਾਇਕ ਤੇ ਗਾਇਕਾਵਾਂ ਸਥਾਪਤ ਕੀਤੀਆਂ ਗਈਆਂ ਹਨ ਕੋਈ ਵੀ ਖ਼ਾਸ ਪ੍ਰੋਗਰਾਮ ਹੁੰਦਾ ਹੈ ਤਾਂ ਉਨ੍ਹਾਂ ਨੂੰ ਬੁਲਾਇਆ ਜਾਂਦਾ ਹੈ।ਜਿਨ੍ਹਾਂ ਵਿਚੋਂ ਮੁੱਖ ਗੁਰਦਾਸ ਮਾਨ ਹਰਭਜਨ ਮਾਨ ਮੁਹੰਮਦ ਸਦੀਕ ਬੀਬੀ ਰਣਜੀਤ ਕੌਰ ਤੇ ਹੋਰ ਅਨੇਕਾਂ ਕਲਾਕਾਰ ਹਨ।ਕੱਲ ਪਤਾ ਨਹੀਂ ਕਿਹੜਾ ਸੁਨਹਿਰੀ ਸਫ਼ਰ ਸੀ ਕੱਵਾਲੀਆਂ ਪੇਸ਼ ਕਰਨ ਲਈ ਮਾਣਕ ਅਲੀ,ਰਜ਼ਾ ਹੀਰ ਪਤਾ ਨਹੀਂ ਇਹ ਕਿਹੜੇ ਪੰਜਾਬ ਦੇ ਕਲਾਕਾਰ ਹਨ ਜੋ ਲਿਆ ਕੇ ਸਟੇਜ ਉੱਤੇ ਬੈਠਾ ਦਿੱਤੇ।ਇੱਕ ਐਂਕਰ ਬੀਬਾ ਜੀ ਦੀ ਬੋਲੀ ਪਤਾ ਨ੍ਹੀਂ ਕਿਹੜੇ ਪਰਦੇਸ ਦੀ ਸੀ ਇਹ ਕੱਵਾਲੀਆਂ ਵਾਲੇ ਕਿਹੜਾ ਕਲਾਮ ਪੇਸ਼ ਕਰ ਰਹੇ ਸੀ ਸ਼ਬਦ ਤਾਂ ਸਮਝ ਨਹੀਂ ਆਉਂਦੇ ਸੀ ਹਾਂ ਢੋਲਕੀ ਤੇ ਤਾੜੀਆਂ ਬਹੁਤ ਵਧੀਆ ਵੱਜ ਰਹੀਆਂ ਸਨ।
ਮੈਂ ਲੰਮੇ ਸਮੇਂ ਤੋਂ ਪ੍ਰਸਾਰ ਭਾਰਤੀ ਨੂੰ ਬੇਨਤੀਆਂ ਕਰਦਾ ਆ ਰਿਹਾ ਹਾਂ ਕਿ ਸਾਡਾ ਪੰਜਾਬੀ ਵਿਰਸਾ ਜਿਉਂਦਾ ਰਹਿਣ ਦੇਵੋ ਪਰ ਕੌਣ ਕਹੇ ਰਾਣੀ ਅੱਗਾ ਢੱਕ। ਦੂਰਦਰਸ਼ਨ ਪੰਜਾਬੀ ਪੰਜਾਬੀ ਤੋਂ ਬਹੁਤ ਪਿੱਛੇ ਹਟਦੀ ਜਾ ਰਹੀ ਹੈ।ਸਵੇਰੇ ਸੰਸਕ੍ਰਿਤ ਵਿਚ ਸਮਾਚਾਰ ਸੁਣਾਏ ਜਾਂਦੇ ਹਨ ਪਤਾ ਨਹੀਂ ਕਿਹੜੇ ਸਰੋਤੇ ਸੁਣਦੇ ਜਾਂ ਸਮਝਦੇ ਹਨ।ਖ਼ਾਸ ਖ਼ਬਰ ਇੱਕ ਨਜ਼ਰ ਜਿਸ ਲਈ ਸਥਾਪਤ ਪੱਤਰਕਾਰ ਆਉਂਦੇ ਹਨ ਅਖ਼ਬਾਰਾਂ ਦੀਆਂ ਖ਼ਬਰਾਂ ਤੇ ਵਿਚਾਰ ਚਰਚਾ ਕਰਦੇ ਹਨ।ਪਰ ਪ੍ਰੋਗਰਾਮ ਮੁਖੀ ਨੂੰ ਸ਼ਾਇਦ ਕੋਈ ਪੱਤਰਕਾਰ ਮਿਲਦਾ ਨਹੀਂ ਜੋ ਦੂਰਦਰਸ਼ਨ ਵਿੱਚੋਂ ਆਪਣੀ ਸੇਵਾ ਦਾ ਸਮਾਂ ਵਿਹਾ ਚੁੱਕੇ ਹਨ,ਉਹ ਆ ਕੇ ਖ਼ਬਰਾਂ ਦੀ ਪੜਚੋਲ ਕਰਦੇ ਹਨ।ਖ਼ਬਰਾਂ ਉਹ ਨਹੀਂ ਜੋ ਅਖ਼ਬਾਰਾਂ ਵਿੱਚ ਛਪੀਆਂ ਹੁੰਦੀਆਂ ਹਨ ਕੇਂਦਰ ਸਰਕਾਰ ਭਾਰਤ ਲਈ ਕੀ ਕਰ ਰਹੀ ਹੈ ਉਸ ਦਾ ਪ੍ਰਚਾਰ ਕੀਤਾ ਜਾਂਦਾ ਹੈ।
ਚੰਡੀਗੜ੍ਹ ਕੇਂਦਰ ਤੋਂ ਹਿੰਦੀ ਸਮਾਚਾਰਾਂ ਦਾ ਪ੍ਰਸਾਰਨ ਕੀਤਾ ਜਾਂਦਾ ਹੈ।ਬਾਕੀ ਸਾਰਾ ਸਮਾਂ ਬਾਬਿਆਂ ਝੋਲਾ ਛਾਪ ਡਾਕਟਰਾਂ ਤੇ ਆਈਲੈੱਟਸ ਵਾਲੇ ਏਜੰਟਾਂ ਨੂੰ ਵੇਚ ਦਿੱਤਾ ਗਿਆ ਹੈ।ਦੂਰਦਰਸ਼ਨ ਪੰਜਾਬੀ ਨੂੰ ਹੁਣ ਨਵਾਂ ਨਾਮ ਦੇ ਦੇਣਾ ਚਾਹੀਦਾ ਹੈ “ਦੂਰਦਰਸ਼ਨ ਕਮਾਈ ਦਾ ਪੁੱਤਰ” ਪ੍ਰਸਾਰ ਭਾਰਤੀ ਪੰਜਾਬ ਸਰਕਾਰ ਸਮਾਜਿਕ ਜਥੇਬੰਦੀਆਂ ਤੇ ਸਾਹਿਤ ਸਭਾਵਾਂ ਨੂੰ ਵੇਖਣਾ ਤੇ ਸੁਣਨਾ ਚਾਹੀਦਾ ਹੈ ਕਿ ਸਾਡੀ ਮਾਂ ਬੋਲੀ ਪੰਜਾਬੀ ਦਾ ਘਾਣ ਕੀਤਾ ਜਾ ਰਿਹਾ ਹੈ।ਪੰਜਾਬ ਕਲਾ ਪ੍ਰੀਸ਼ਦ ਦੇ ਪ੍ਰਧਾਨ ਸ੍ਰੀ ਸੁਰਜੀਤ ਪਾਤਰ ਜੀ ਤੇ ਜਨਰਲ ਸਕੱਤਰ ਸਰਦਾਰ ਲਖਵਿੰਦਰ ਜੌਹਲ ਜੀ ਨੂੰ ਪੰਜਾਬੀ ਜਨਤਾ ਵੱਲੋਂ ਬੇਨਤੀ ਹੈ ਕਿ ਦੂਰਦਰਸ਼ਨ ਪੰਜਾਬੀ ਨੂੰ ਪੰਜਾਬੀ ਦੀ ਲੀਹ ਤੇ ਲਿਆਉਣ ਦਾ ਪੱਕਾ ਉਪਰਾਲਾ ਕਰੋ।ਸਾਡੀ ਆਉਣ ਵਾਲੀ ਪੀੜ੍ਹੀ ਸਵਾਲ ਕਰੇਗੀ ਕਿ ਦੂਰਦਰਸ਼ਨ ਤੇ ਪੰਜਾਬੀ ਦੇ ਪ੍ਰੋਗਰਾਮ ਵੀ ਪੇਸ਼ ਹੋ ਸਕਦੇ ਹਨ,ਅਸੀਂ ਕੀ ਜਵਾਬ ਦੇਵਾਂਗੇ ਸੋਚੋ !!! .
ਸੰਪਰਕ ਨੰਬਰ-9914880392
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly