ਗੁਰੂ ਸੇਵਾ ਕਾਲਜ ਆਫ਼ ਨਰਸਿੰਗ, ਪਨਾਮ ਗੜ੍ਹਸ਼ੰਕਰ ਵਿਖੇ ਹੋਇਆ ਪ੍ਰੋਗਰਾਮ
ਗੜ੍ਹਸ਼ੰਕਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਹਰਦੀਪ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਸੀ.ਡੀ.ਪੀ.ਓ ਗੜ੍ਹਸ਼ੰਕਰ ਮੰਜੂ ਬਾਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬੇਟੀ ਬਚਾਓ, ਬੇਟੀ ਪੜ੍ਹਾਓ ਸਕੀਮ ਤਹਿਤ ਨਵਜੰਮੀਆਂ ਬੱਚੀਆਂ ਦੇ ਜਨਮ ਦੀ ਖੁਸ਼ੀ ਮਨਾਉਣ ਲਈ ਇਕ ਬਲਾਕ ਪੱਧਰੀ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਗੁਰੂ ਸੇਵਾ ਕਾਲਜ ਆਫ਼ ਨਰਸਿੰਗ ਪਨਾਮ ਗੜ੍ਹਸ਼ੰਕਰ ਵਿਖੇ ਕਰਵਾਇਆ ਗਿਆ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਵਜੋਂ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਨੇ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਨੇ ਨਵਜੰਮੀਆਂ ਬੱਚੀਆਂ ਦੇ ਨਾਂ ‘ਤੇ ਪੌਦੇ ਲਗਾ ਕੇ ਕੀਤੀ, ਜੋ ਜੀਵਨ ਦਾ ਪ੍ਰਤੀਕ ਹੈ। ਇਸ ਉਪਰੰਤ ਕੇਕ ਕੱਟ ਕੇ ਬੱਚੀਆਂ ਦੇ ਜਨਮ ਦੀ ਖੁਸ਼ੀ ਮਨਾਈ ਗਈ ਅਤੇ ਸਮਾਜ ਨੂੰ ਇਸ ਅਹਿਮ ਉਪਰਾਲੇ ਬਾਰੇ ਜਾਗਰੂਕ ਕੀਤਾ ਗਿਆ। ਆਪਣੇ ਸੰਬੋਧਨ ਵਿਚ ਡਿਪਟੀ ਸਪੀਕਰ ਨੇ ਬੇਟੀਆਂ ਦੇ ਸਮਾਜਿਕ ਸੁਰੱਖਿਆ, ਬਰਾਬਰਤਾ, ਸਿੱਖਿਆ ਅਤੇ ਜਨਮ ਦੇ ਅਧਿਕਾਰਾਂ ‘ਤੇ ਜੋਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬੇਟੀਆਂ ਦੀ ਤੱਰਕੀ ਲਈ ਵਚਨਬੱਧ ਹੈ ਅਤੇ ਇਸ ਦਿਸ਼ਾ ਵਿਚ ਲਗਾਤਾਰ ਕੰਮ ਹੋ ਰਿਹਾ ਹੈ। ਉਨ੍ਹਾਂ ਸਮਾਜ ਨੂੰ ਮਹਿਲਾਵਾਂ ਦੇ ਪ੍ਰਤੀ ਆਪਣੀ ਸੋਚ ਬਦਲਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਬੇਟੀਆਂ ਨੂੰ ਹਰ ਖੇਤਰ ਵਿਚ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਇਸ ਮੌਕੇ ਨਵਜੰਮੀਆਂ ਬੱਚੀਆਂ ਦੀਆਂ 10 ਮਾਵਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਖੇਡਾਂ ਅਤੇ ਸਿੱਖਿਆ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੀਆਂ 5 ਧੀਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।ਪ੍ਰੋਗਰਾਮ ਵਿੱਚ ਧੀਆਂ ਦੇ ਅਧਿਕਾਰਾਂ ਨੂੰ ਦਰਸਾਉਣ ਲਈ ਰੰਗੋਲੀ ਬਣਾਈ ਗਈ ਅਤੇ ਘਰ ਵਿੱਚ ਘੱਟ ਖਰਚੇ ਵਿੱਚ ਤਿਆਰ ਕੀਤੇ ਜਾ ਸਕਣ ਵਾਲੇ ਪਕਵਾਨਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਗੁਰੂ ਸੇਵਾ ਕਾਲਜ ਆਫ਼ ਨਰਸਿੰਗ ਦੀਆਂ ਵਿਦਿਆਰਥਣਾਂ ਵੱਲੋਂ ਲਿੰਗ ਭੇਦ-ਭਾਵ ਨੂੰ ਖਤਮ ਕਰਨ ਦੇ ਸੰਦੇਸ਼ ਨਾਲ ਇੱਕ ਪ੍ਰੇਰਨਾਦਾਇਕ ਸਕਿੱਟ ਪੇਸ਼ ਕੀਤੀ ਗਈ। ਇਸ ਤੋਂ ਇਲਾਵਾ ਆਂਗਣਵਾੜੀ ਵਰਕਰਾਂ ਨੇ ਬੇਟੀ ਬਚਾਓ, ਬੇਟੀ ਪੜ੍ਹਾਓ ਅਤੇ ਪੋਸ਼ਣ ਅਭਿਆਨ ਬਾਰੇ ਜਾਗਰੂਕ ਕਰਦੇ ਹੋਏ ਗਿੱਧਾ ਪੇਸ਼ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly