ਧੀ ਦਾ ਦਾਜ

ਦਿਨੇਸ਼ ਨੰਦੀ

(ਸਮਾਜ ਵੀਕਲੀ)-ਜਸ਼ਨ ਦੇ ਆਈਲੈਟਸ ਦੇ ਪੇਪਰ ਵਿੱਚੋਂ 7 ਬੈਂਡ ਆ ਗਏ ਸਨ। ਅੱਜ ਉਹ ਖੁਸ਼ੀ ਵਿੱਚ ਖੀਵੀ ਹੋਈ ਆਪਣੀਆਂ ਸਾਰੀਆਂ ਸਹੇਲੀਆਂ ਨੂੰ ਦੱਸੀ ਜਾ ਰਹੀ ਸੀ। ਉਸਦੇ ਮਾਂ ਪਿਉ ਵੀ ਖੁਸ਼ੀ ਵਿੱਚ ਪੱਬਾਂ ਭਾਰ ਹੋਏ ਫਿਰਦੇ ਸਨ। ਸਾਰੇ ਪਰਿਵਾਰ ਦੇ ਕੋਲੋਂ ਅੱਜ ਚਾਅ ਨਹੀਂ ਚੁੱਕਿਆ ਜਾ ਰਿਹਾ ਸੀ। ਜਸ਼ਨ ਨੇ 3 ਮਹੀਨਿਆਂ ਵਿੱਚ ਹੀ ਪੇਪਰ ਪਾਸ ਕਰ ਲਿਆ ਸੀ। ਮਾਪਿਆਂ ਨੇ ਹੀਲਾ ਵਸੀਲਾ ਕਰਕੇ ਪੈਸਿਆਂ ਦਾ ਹੁਣ ਤੱਕ ਇੰਤਜ਼ਾਮ ਕਰਕੇ ਆਪਣੀ ਧੀ ਦੇ ਸੁਪਨੇ ਨੂੰ ਪੂਰਾ ਕਰਨ ਲਈ ਆਪਣਾ ਫਰਜ਼ ਅਦਾ ਕਰ ਦਿੱਤਾ ਸੀ।
ਅੰਬਰਾਂ ਵਿੱਚ ਉੱਡ ਰਹੀ ਜਸ਼ਨ ਸ਼ਾਮ ਹੁੰਦਿਆਂ ਹੀ ਜ਼ਮੀਨ ਤੇ ਮੂਧੇ ਮੂੰਹ ਆ ਡਿੱਗੀ ਸੀ। ਕੈਨੇਡਾ ਪੜ੍ਹਨ ਜਾਣ ਲਈ ਏਜੰਟ ਨੇ ਸਟੱਡੀ ਵੀਜ਼ਾ ਦਾ ਘੱਟੋ ਘੱਟ
20ਲੱਖ ਦਾ ਖਰਚ ਗਿਣਾ ਦਿੱਤਾ ਸੀ। 2ਕਿੱਲਿਆਂ ਦੀ ਪੈਲੀ ਦੇ ਮਾਲਕ ਉਸਦੇ ਪਿਉ ਬੂਟਾ ਸਿੰਘ ਨੂੰ ਵੀ ਹੁਣ ਗਹਿਰੀ ਚਿੰਤਾ ਨੇ ਆ ਘੇਰਿਆ ਸੀ। ਪਹਿਲਾਂ ਵੀ ਮਸਾਂ ਜੋੜ ਤੋੜ ਕਰਕੇ ਉਸਨੇ ਬੇਟੀ ਨੂੰ ਆਈਲੈਟਸ ਕਰਵਾਉਣ ਲਈ ਉਸਨੇ ਪੈਸੇ ਦਾ ਇੰਤਜ਼ਾਮ ਕੀਤਾ ਸੀ। ਆੜਤੀਏ ਵਲੋਂ ਵੀ ਕੋਰੀ ਨਾਂਹ ਹੀ ਹੋਈ ਪਈ ਸੀ। 2ਕਿੱਲਿਆਂ ਦੇ ਉੱਤੇ ਬਣੀ 4ਲੱਖ ਦੀ ਲਿਮਟ ਵੀ ਕਬੀਲਦਾਰੀ ਵਿੱਚ ਵਰਤੀ ਜਾ ਚੁੱਕੀ ਸੀ। ਆਪਣੇ 3 ਬੱਚਿਆਂ ਦਾ ਪੜ੍ਹਾਈ ਦਾ ਖਰਚ ਵੀ ਉਹ ਜਿਵੇਂ ਤਿਵੇਂ ਬੱਸ ਕਰੀ ਜਾ ਰਿਹਾ ਸੀ।
ਜਸ਼ਨ ਆਪਣੇ ਭੈਣ ਭਰਾ ਤੋਂ ਵੱਡੀ ਹੋਣ ਕਾਰਨ ਆਪਣੇ ਘਰ ਦੇ ਹਾਲਾਤ ਚੰਗੀ ਤਰ੍ਹਾਂ ਸਮਝਣ ਲੱਗ ਗਈ ਸੀ। ਬਾਰਵੀਂ ਜਮਾਤ ਪਾਸ ਕਰਨ ਉਪਰੰਤ ਉਸਨੇ ਆਪਣੇ ਮਾਂ ਪਿਉ ਨਾਲ ਸਲਾਹ ਕਰਕੇ ਕੈਨੇਡਾ ਪੜ੍ਹਨ ਜਾਣ ਦਾ ਵਿਚਾਰ ਕੀਤਾ ਸੀ ਤਾਂ ਕਿ ਜਿਵੇਂ ਤਿਵੇਂ ਜੇਕਰ ਉਹ ਕੈਨੇਡਾ ਚਲੀ ਜਾਵੇ ਤਾਂ ਹੌਲੀ ਹੌਲੀ ਆਪਣੇ ਸਾਰੇ ਪਰਿਵਾਰ ਨੂੰ ਉੱਥੇ ਸੱਦ ਕੇ ਸੈੱਟ ਕਰ ਸਕਦੀ ਆ। ਇਸਦੇ ਨਾਲ ਉਸਦੇ ਭੈਣ ਭਰਾ ਦਾ ਭਵਿੱਖ ਵੀ ਸੰਵਰ ਜਾਣ ਦੀ ਆਸ ਹੋ ਜਾਣੀ ਸੀ।
ਜਸ਼ਨ ਦੇ ਆਈਲੈਟਸ ਵਿੱਚੋਂ ਪਾਸ ਹੋਣ ਦੀ ਗੱਲ ਜਦ ਉਹਦੀ ਭੂਆ ਨੂੰ ਪਤਾ ਲੱਗੀ ਤਾਂ ਅਗਲੇ ਹੀ ਦਿਨ ਉਹਨੇ ਆਪਣੇ ਭਰਾ ਬੂਟੇ ਨੂੰ ਫੋਨ ਕਰਕੇ ਆਪਣੇ ਸ਼ਰੀਕੇ ਵਿੱਚੋਂ ਜਸ਼ਨ ਲਈ ਰਿਸ਼ਤੇ ਦੀ ਦੱਸ ਪਾ ਦਿੱਤੀ । ਭੂਆ ਨੂੰ ਆਪਣੇ ਭਰਾ ਦੇ ਘਰ ਦੇ ਹਾਲਾਤ ਬਾਰੇ ਪਤਾ ਹੋਣ ਕਰਕੇ ਉਸਨੇ ਆਪਣੇ ਸਹੁਰੇ ਘਰ ਦੇ ਸ਼ਰੀਕੇ ਵਿੱਚੋਂ ਚੰਗੀ ਜ਼ਮੀਨ ਜਾਇਦਾਦ ਵਾਲੇ ਕਰਨੈਲ ਸਿੰਘ ਦੇ ਮੁੰਡੇ ਜਗਦੇਵ ਦੀ ਦੱਸ ਪਾ ਦਿੱਤੀ। ਮੁੰਡਾ ਬਾਰਵੀਂ ਕਰਨ ਤੋਂ ਬਾਅਦ ਖੇਤੀਬਾੜੀ ਦਾ ਹੀ ਕੰਮ ਧੰਦਾ ਕਰਦਾ ਸੀ। ਘਰੋਂ ਜ਼ਮੀਨ 20ਕਿੱਲੇ ਹੋਣ ਕਰਕੇ ਮੁੰਡੇ ਵਾਲੇ ਆਪਣੇ ਕੋਲੋਂ ਖ਼ਰਚ ਕਰਕੇ ਕੁੜੀ ਨੂੰ ਬਾਹਰ ਭੇਜਣਾ ਮੰਨ ਗਏ ਸਨ। ਬੂਟਾ ਸਿੰਘ ਦੇ ਮਨੋ ਤਾਂ ਜਿਵੇਂ ਮਣਾਂ ਮੂੰਹੀਂ ਭਾਰ ਲਹਿ ਗਿਆ ਹੋਵੇ। ਉਸਨੇ ਆਪਣੀ ਭੈਣ ਨੂੰ ਅਗਲੇ ਦਿਨ ਮੁੰਡਾ ਵੇਖਣ ਆਉਣ ਲਈ ਹਾਮੀ ਭਰ ਦਿੱਤੀ।
ਅਗਲੇ ਦਿਨ ਸਵੇਰੇ ਹੀ ਬੂਟੇ ਦੀ ਭੈਣ ਚਰਨੋ ਬੇਸਬਰੀ ਨਾਲ ਆਪਣੇ ਭਰਾ ਦੀ ਉਡੀਕ ਕਰ ਰਹੀ ਸੀ। ਆਪਣੀ ਭਤੀਜੀ ਦਾ ਰਿਸ਼ਤਾ ਆਪਣੇ ਸ਼ਰੀਕੇ ਵਿੱਚ ਕਰਵਾਉਣ ਕਰਕੇ ਉਸਦੀ ਵੀ ਆਪਣੇ ਸਹੁਰੇ ਪਰਿਵਾਰ ਵਿੱਚ ਪੁੱਛ ਗਿੱਛ ਵਧ ਜਾਣੀ ਸੀ। ਬੂਟਾ ਆਪਣੀ ਭੈਣ ਚਰਨੋ ਦੇ ਘਰ ਪਹਿਲੀ ਬੱਸ ਫੜ ਕੇ ਜਾ ਪਹੁੰਚਿਆ ਸੀ। ਭੈਣ ਤੇ ਭਣੋਈਏ ਦੋਵਾਂ ਨੇ ਬੂਟੇ ਦੀ ਆਓ ਭਗਤ ਕੀਤੀ। ਅੱਜ ਬੂਟੇ ਦਾ ਭਣੋਈਆ ਜੱਗਾ ਸਿੰਘ ਆਪਣੇ ਸਾਲ਼ੇ ਦੀ ਪਹਿਲਾਂ ਨਾਲੋਂ ਵੀ ਵੱਧ ਇੱਜ਼ਤ ਕਰੀ ਜਾ ਰਿਹਾ ਸੀ। ਸੱਚਮੁੱਚ ਜਸ਼ਨ ਦੀ ਕੀਤੀ ਮੇਹਨਤ ਨੇ ਬੂਟਾ ਸਿੰਘ ਨੂੰ ਹੁਣ ਇੱਕ ਵੱਖਰੀ ਹਿੰਮਤ ਦੇ ਦਿੱਤੀ ਸੀ। ਚਾਹ ਪਾਣੀ ਪੀਣ ਤੋਂ ਬਾਅਦ ਬੂਟਾ ਸਿੰਘ ਆਪਣੀ ਭੈਣ ਤੇ ਭਣੋਈਏ ਨਾਲ ਕਰਨੈਲ ਸਿੰਘ ਦੇ ਘਰ ਜਗਦੇਵ ਨੂੰ ਵੇਖਣ ਲਈ ਚੱਲ ਪਏ।
ਮਹਿਲ ਵਰਗੀ ਪਾਈ ਸੱਜਰੀ ਕੋਠੀ ਨੂੰ ਵੇਖ ਕੇ ਬੂਟਾ ਸਿੰਘ ਮਨੋ ਮਨੀ ਸੋਚਣ ਲੱਗ ਪਿਆ,” ਇਹ ਤਾਂ ਚੰਗੇ ਸਰਦਾਰ ਲੱਗਦੇ ਨੇ, ਮੇਰੀ ਕੁੜੀ ਦਾ ਰਿਸ਼ਤਾ ਏਹ ਕਿੱਥੋਂ ਲੈਣ ਲਈ ਮੰਨ ਗਏ ਹੋਣਗੇ, ਕਿਤੇ ਭੈਣ ਨਾਲ ਮਸ਼ਕਰੀ ਹੀ ਨਾ ਕਰਦੇ ਹੋਣ”? ਐਨੇ ਨੂੰ ਉਹ ਕਰਨੈਲ ਸਿੰਘ ਦੇ ਘਰ ਦੇ ਅੰਦਰ ਦਾਖਿਲ ਹੋ ਗਏ।
ਦਰਵਾਜ਼ੇ ਵਿੱਚ ਖੜ੍ਹਾ ਲਿਸ਼ ਲਿਸ਼ ਕਰਦਾ ਸੋਨਾਲੀਕਾ ਟਰੈਕਟਰ, ਪਿੱਛੇ ਬਲੈਰੋ ਜੀਪ ,2 ਮੋਟਰਸਾਈਕਲ ਵੇਖ ਕੇ ਬੂਟਾ ਸਿੰਘ ਅੰਦਰੋਂ ਅੰਦਰੀ ਡਰ ਜਿਹਾ ਗਿਆ। ਜਗਦੇਵ ਦਾ ਪਿਉ ਕਰਨੈਲ ਸਿੰਘ ਪੂਰੀ ਗਰਮਜੋਸ਼ੀ ਨਾਲ ਬੂਟਾ ਸਿੰਘ ਨੂੰ ਜੱਫੀ ਪਾ ਕੇ ਮਿਲਿਆ। ਪਹਿਲਾਂ ਵੀ ਦੁੱਖ ਸੁੱਖ ਵਿੱਚ ਭਾਵੇਂ ਉਹ ਆਪਸ ਵਿੱਚ ਮਿਲਦੇ ਰਹੇ ਸਨ ਪਰ ਅੱਜ ਦੀ ਮਿਲਣੀ ਕੁੱਝ ਵੱਖਰੀ ਹੀ ਸੀ। ਸਾਰੇ ਜਣੇ ਡਰਾਇੰਗ ਰੂਮ ਵਿੱਚ ਬੈਠ ਕੇ ਪਰਿਵਾਰਿਕ ਗੱਲਾਂ ਕਰਨ ਲੱਗ ਪਏ।
ਐਨੇ ਨੂੰ ਜਗਦੇਵ ਚਾਹ ਲੈ ਕੇ ਆ ਗਿਆ। ਵੇਖਣ ਵਿੱਚ ਜਗਦੇਵ ਬੜਾ ਸਾਊ ਤੇ ਕਾਮਾ ਲੱਗਦਾ ਸੀ। ਬੂਟਾ ਸਿੰਘ ਨੂੰ ਪਹਿਲੀ ਨਜ਼ਰ ਹੀ ਮੁੰਡਾ ਪਸੰਦ ਆ ਗਿਆ। ਕਰਨੈਲ ਸਿੰਘ ਨੇ ਦੋਵੇਂ ਹੱਥ ਜੋੜ ਕੇ ਬੂਟਾ ਸਿੰਘ ਨੂੰ ਕਿਹਾ ਕਿ ਮੇਰੇ ਧੰਨ ਭਾਗ ਜੋ ਤੇਰੀ ਕੁੜੀ ਸਾਡੇ ਘਰ ਪੈਰ ਪਾਵੇ। ਮੈਨੂੰ ਜੱਗਾ ਸਿੰਘ ਨੇ ਤੇਰੇ ਬਾਰੇ ਸਭ ਕੁੱਝ ਦੱਸ ਦਿੱਤਾ ਹੈ। “ਤੂੰ ਬੂਟਾ ਸਿੰਘ ਕੁੜੀ ਦਾ ਪਿਉ ਏਂ, ਤੇਰੇ ਮਨ ਦੀ ਉੱਬਲਚਿਤੀ ਨੂੰ ਮੈਂ ਚੰਗੀ ਤਰ੍ਹਾਂ ਸਮਝ ਸਕਦਾਂ।” ਮੇਰਾ ਘਰ ਬਾਰ ਵੇਖ ਕੇ ਕਿਸੇ ਵਹਿਮ ਵਿੱਚ ਨਾ ਪਵੀਂ।ਰੱਬ ਦਾ ਦਿੱਤਾ ਸਭ ਕੁੱਝ ਹੈ ਮੇਰੇ ਕੌਲ। ਇੱਕੋ ਕਮੀ ਹੈ ਕਿ ਮੇਰੇ ਘਰ ਕਿ ਤੇਰੀ ਧੀ ਵਰਗੀ ਕੋਈ ਲਾਇਕ ਧੀ ਨਹੀਂ। ਜੇ ਤੂੰ ਰਾਜ਼ੀ ਹੋਵੇਂ ਤਾਂ ਮੈਂ ਤੇਰੀ ਧੀ ਨੂੰ ਆਪਣੇ ਘਰ ਦੀ ਨੂੰਹ ਬਣਾ ਕੇ ਉਹਦੇ ਸੁਪਨੇ ਪੂਰੇ ਕਰਨ ਲਈ ਕੈਨੇਡਾ ਭੇਜਾਂਗਾ। ਮੈਂ ਏਹ ਗੱਲ ਆਖ ਕੇ ਤੇਰੇ ਤੇ ਕੋਈ ਅਹਿਸਾਨ ਨਹੀਂ ਕਰ ਰਿਹਾ ਬਲਕਿ ਜੇ ਤੂੰ ਏਸ ਰਿਸ਼ਤੇ ਲਈ ਹਾਂ ਕਰੇਗਾਂ ਤਾਂ ਤੇਰਾ ਮੇਰੇ ਤੇ ਅਹਿਸਾਨ ਹੋਵੇਗਾ। ਜਗਦੇਵ 4ਸਾਲ ਪਹਿਲਾ ਪੜ੍ਹਨੋਂ ਹਟ ਗਿਆ ਸੀ। ਇਸਨੇ ਵੀ ਆਈਲੈਟਸ ਕਰਕੇ ਬਾਹਰ ਜਾਣ ਦੀ 2ਵਾਰ ਕੋਸ਼ਿਸ਼ ਕੀਤੀ ਪਰ ਸਫ਼ਲ ਨਹੀਂ ਹੋਇਆ। ਜਸ਼ਨ ਵਰਗੀਆਂ ਧੀਆਂ ਹੀ ਤਾਂ ਹੁਣ ਸਮਾਜ ਨੂੰ ਬਦਲਣਗੀਆਂ। ਧੀਆਂ ਦੀ ਪੜ੍ਹਾਈ ਹੀ ਹੁਣ ਇਹਨਾਂ ਦਾ ਦਾਜ ਹੋਵੇਗਾ।
ਬੂਟਾ ਸਿੰਘ ਨੇ ਕਰਨੈਲ ਸਿੰਘ ਦੇ ਦੋਹਾਂ ਹੱਥਾਂ ਨੂੰ ਆਪਣੇ ਹੱਥਾਂ ਵਿੱਚ ਘੁੱਟ ਕੇ ਆਪਣੀ ਸਹਿਮਤੀ ਦੇ ਦਿੱਤੀ। ਕੁੜੀ ਦੀ ਵੇਖਾ ਵੇਖਾਈ ਦੀ ਤਾਰੀਖ ਪੱਕੀ ਕਰਕੇ ਉਹ ਕਿਸੇ ਜੇਤੂ ਖਿਡਾਰੀ ਵਾਂਗ ਪਿੰਡ ਨੂੰ ਵਾਪਿਸ ਜਾ ਰਿਹਾ ਸੀ। ਜਿਸ ਕੁੜੀ ਦੇ ਜੰਮਣ ਵੇਲੇ ਉਸਦੇ ਘਰ ਦੋ ਡੰਗ ਰੋਟੀ ਨਹੀਂ ਪੱਕੀ ਸੀ ਅੱਜ ਉਸ ਕੁੜੀ ਦੇ ਕਰਕੇ ਬੂਟਾ ਸਿੰਘ ਦਾ ਸਿਰ ਮਾਣ ਨਾਲ ਉੱਚਾ ਹੋ ਗਿਆ ਸੀ।

ਦਿਨੇਸ਼ ਨੰਦੀ
9417458831

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਰਤੀ ਸਿਆਸਤ
Next articleਗ਼ਜ਼ਲ