ਧੀ ਬਨਾਮ ਬਹੂ

ਮਨਜੀਤ ਕੌਰ ਲੁਧਿਆਣਵੀ

(ਸਮਾਜ ਵੀਕਲੀ)

ਨਿਸ਼ਾ ਮਾਪਿਆਂ ਦੀ ਲਾਡਲੀ ਧੀ ਹੈ,ਬਹੁਤ ਹੀ ਪਿਆਰੀ ਤੇ ਸਮਝਦਾਰ। ਇੱਕਲੌਤੀ ਧੀ ਹੋਣ ਕਰਕੇ ਉਸਨੂੰ ਹਰ ਚੀਜ਼ ਬਿਨਾਂ ਮੰਗਿਆ ਹੀ ਮਿਲ਼ ਜਾਇਆ ਕਰਦੀ। ਉਸਦੇ ਬਾਪੂ ਨੇ ਉਸਨੂੰ ਕਦੇ ਕੋਈ ਕਮੀ ਨਹੀਂ ਆਉਣ ਦਿੱਤੀ ਸੀ। ਪਰ ਉਸਦੀ ਮਾਂ ਨੂੰ ਹਮੇਸ਼ਾ ਇਹੀ ਡਰ ਲੱਗਿਆ ਰਹਿੰਦਾ ਸੀ ਕਿ ਪਤਾ ਨਹੀਂ ਸਹੁਰੇ ਕਿਸ ਤਰ੍ਹਾਂ ਦੇ ਮਿਲਣਗੇ ਉਸਦੀ ਧੀ ਨੂੰ। ਇੰਨੇ ਲਾਡਾਂ ‘ਚ ਪਲ਼ੀ ਸਾਡੀ ਧੀ ਨੂੰ ਕਿਤੇ ਕੋਈ ਦੁੱਖ ਨਾ ਵੇਖਣਾ ਪੈ ਜਾਵੇ।

ਹੁਣ ਨਿਸ਼ਾ ਮੁਟਿਆਰ ਹੋ ਗਈ ਸੀ।ਮਾਂ- ਪਿਓ ਨੇ ਵਧੀਆ ਜਿਹਾ ਰਿਸ਼ਤਾ ਲੱਭ ਕੇ ਵਿਆਹ ਕਰ ਦਿੱਤਾ।

ਸਹੁਰੇ ਜਾਂਦੀ ਨੂੰ ਬਹੁਤ ਨਸੀਅਤਾਂ ਮਿਲੀਆਂ… ਇੰਝ ਨਾ ਕਰੀ, ਆਹ ਨਾ ਮੰਗੀਂ,ਓਹ ਨਾਂ ਕਰੀਂ, ਵਗੈਰਾ-ਵਗੈਰਾ।

ਨਿਸ਼ਾ ਬਹੁਤ ਡਰੀ ਹੋਈ ਸੀ ਕਿ ਪਤਾ ਨਹੀਂ ਸਹੁਰੇ ਘਰ ਵਿੱਚ ਸੱਭ ਕਿਹੋ ਜਿਹੇ ਹੋਣਗੇ। ਇਸੇ ਡਰ ਵਿੱਚ ਉਹ ਕੁੱਝ ਵੀ ਨਾ ਮੰਗਦੀ, ਭਾਵੇਂ ਉਹਨੂੰ ਕਿੰਨੀ ਵੀ ਜ਼ਰੂਰਤ ਹੁੰਦੀ ਪਰ ਉਹ ਚੁੱਪ ਰਹਿੰਦੀ।

ਉਸਦੀ ਇਸ ਚੁੱਪੀ ਨੂੰ ਉਸਦੀ ਸੱਸ ਨੇ ਸਮਝ ਲਿਆ ਤੇ ਹੁਣ ਨਿਸ਼ਾ ਨੂੰ ਜਿਸ ਵੀ ਚੀਜ਼ ਦੀ ਜ਼ਰੂਰਤ ਹੁੰਦੀ ਉਹ ਆਪਣੇ ਆਪ ਆ ਜਾਂਦੀ।
ਨਿਸ਼ਾ ਬਹੁਤ ਹੈਰਾਨ ਹੁੰਦੀ ਤੇ ਇੱਕ ਦਿਨ ਉੁਸਨੇ ਪੁੱਛ ਹੀ ਲਿਆ ਕਿ ਮੰਮੀ ਜੀ ਤੁਹਾਨੂੰ ਕਿਵੇਂ ਪਤਾ ਲੱਗ ਜਾਂਦਾ ਹੈ ਕਿ ਮੈਨੂੰ ਕੀ ਚਾਹੀਦਾ। ਮੈਂ ਤਾਂ ਕੁਝ ਕਹਿੰਦੀ ਵੀ ਨਹੀਂ।

ਸੱਸ ਨੇ ਪਿਆਰ ਨਾਲ ਉਸ ਦਾ ਸਿਰ ਪਲੋਸਿਆ ਤੇ ਕਿਹਾ ਕਿ ਧੀਏ ਮੈਂ ਤਾਂ ਓਹੋ ਕੁਝ ਲੈ ਆਉਂਦੀ ਹਾਂ ਜੋ ਮੇਰੀ ਧੀ ਨੂੰ ਚਾਹੀਦਾ ਹੁੰਦਾ ਸੀ, ਹੁਣ ਉਹ ਬੇਸ਼ਕ ਆਪਣੇ ਸਹੁਰੇ ਚਲੀ ਗਈ ਹੈ ਪਰ ਤੇਰੇ ਰੂਪ ਵਿੱਚ ਮੈਨੂੰ ਓਹੀ ਧੀ ਮਿਲ ਗਈ ਹੈ।

ਨਿਸ਼ਾ ਬਾਗੋ਼-ਬਾਗ਼ ਹੋ ਕੇ ਸੱਸ ਦੇ ਗਲ਼ ਨਾਲ ਲੱਗ ਗਈ ਤੇ ਹੁਣ ਉਸਨੂੰ ਵਿਦਾਈ ਸਮੇਂ ਵਾਲ਼ੇ ਸਾਰੇ ਬੋਲ ਬੇਕਾਰ ਲੱਗ ਰਹੇ ਸਨ।

ਮਨਜੀਤ ਕੌਰ ਲੁਧਿਆਣਵੀ,
ਸ਼ੇਰਪੁਰ, ਲੁਧਿਆਣਾ।
ਸੰ 9464633059

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਮਾਰਟ ਸਕੂਲ ਜੈਨਪੁਰ ਦੇ ਅਧਿਆਪਕਾਂ ਨੇ ਵਿਭਾਗ ਦੇ ਗਤੀਵਿਧੀ ਫੇਸਬੁੱਕ ਪੇਜ ਲਾਈਕ ਕਰਵਾਉਣ ਲਈ ਨਿਭਾਈ ਅਹਿਮ ਭੂਮਿਕਾ
Next articleਅਕਾਲੀ ਦਲ ਦੀ ਟਿਕਟ ਲਈ ਹਲਕਾ ਸੁਲਤਾਨਪੁਰ ਲੋਧੀ ਵਿੱਚ ਇੱਕ ਅਨਾਰ ਦੋ ਬਿਮਾਰ ਵਾਲੀ ਸਥਿਤੀ