ਰਮੇਸ਼ ਸੇਠੀ ਬਾਦਲ
(ਸਮਾਜ ਵੀਕਲੀ) ਅੰਦਰ ਜਾਂਦੇ ਹੀ ਬੜਾ ਅਜੀਬ ਜਿਹਾ ਮਹਿਸੂਸ ਹੋਇਆ । ਇੱਕ ਪਾਸੇ ਵਿਆਹ ਦੀਆਂ ਰਸਮਾਂ ਹੋ ਰਹੀਆਂ ਸਨ ਤੇ ਦੂਜੇ ਪਾਸੇ ਜਨਾਨੀਆਂ ਆਪਣੇ ਸ਼ੋਰਗੁੱਲ ਚ ਮਸਤ ਸਨ ਤੇ ਕੁਝ ਕੁ ਸਿੱਠਣੀਆਂ ਗਾ ਰਹੀਆਂ ਸਨ । ਲੋਕ ਸ਼ਰਧਾ ਤੇ ਖੁਸ਼ੀ ਨਾਲ ਬੈਠੇ ਵਿਆਹ ਦੀਆਂ ਰਸਮਾਂ ਨੂੰ ਦੇਖ ਰਹੇ ਸਨ। ਅਸੀਂ ਦੋਹਾਂ ਨੇ ਨਮਸਕਾਰ ਕੀਤੀ ਤੇ ਚੁੱਪਚਾਪ ਪਿੱਛੇ ਜਾਕੇ ਬੈਠ ਗਏ। ਸਾਨੂੰ ਏਥੇ ਕੋਈ ਨਹੀਂ ਸੀ ਜਾਣਦਾ। ਨਾ ਲੜਕੇ ਵਾਲੇ ਨਾ ਲੜਕੀ ਵਾਲੇ । ਅਸੀਂ ਕਿਸੇ ਨੂੰ ਪਹਿਲਾਂ ਕਦੇ ਮਿਲੇ ਹੀ ਨਹੀਂ ਸੀ ਤੇ ਨਾ ਕਿਸੇ ਨੂੰ ਦੇਖਿਆ ਸੀ। ਇਸੇ ਸ਼ਸੋਪੰਜ ਵਿੱਚ ਸੋਚਦੇ ਸੋਚਦੇ ਮੇਰੀ ਸੋਚ ਮੈਨੂੰ ਬਹੁਤ ਪਿਛੇ ਲੈ ਗਈ ਉਨ੍ਹੀ ਦਿਨੀ ਮੇਰੀ ਇਕ ਕਹਾਣੀ ‘ਕੌੜਾ ਸੱਚ’ ਪੰਜਾਬੀ ਦੇ ਇੱਕ ਅਖਬਾਰ ਵਿੱਚ ਛਪੀ ਸੀ।
ਸਰ ਜੀ ਤੁਹਾਡੀ ਅਖਬਾਰ ਵਿੱਚ ਛਪੀ ‘ਕਹਾਣੀ ਕੋੜਾ ਸੱਚ ਬਹੁਤ ਵਧੀਆ ਲੱਗੀ । ਫਰਾਮ ਦੀਪ। ਮੈਨੂ ਇੱਕ ਐਸ.ਐਮ.ਐਸ. ਪ੍ਰਾਪਤ ਹੋਇਆ । “ਸ਼ੁਕਰੀਆ ਜੀ, ਤੁਸੀ ਕੀ ਕਰਦੇ ਹੋ? ਕੀ ਤੁਸੀ ਟੀਚਰ ਹੋ?’ ਮੈਂ ਉਸੇ ਤਰੀਕੇ ਨਾਲ ਹੀ ਸਵਾਲ ਕੀਤਾ।
“ਨਹੀਂ ਜੀ, ਮੈ ਪੜ੍ਹਦੀ ਹਾਂ, ਟੀਚਰ ਨਹੀਂ ਹਾਂ। ਫਰਾਮ ਦੀਪ ‘ ਇਹ ਜਵਾਬ ਆਇਆ।
“ ਪਲੀਂਜ ਤੁਸੀ ਕੋਮੈਂਟ ਕਰਕੇ ਲਿਖੋ ਕਿ ਇਹ ਕਹਾਣੀ ਤੁਹਾਨੂੰ ਕਿਉਂ ਅੱਛੀ ਲਗੀ। ਕਿਉਂਕਿ ਇਕ ਲੇਖਕ ਦੀ ਇਹ ਜਾਨਣ ਦੀ ਇੱਛਾ ਹੁੰਦੀ ਹੈ। ਕਿ ਪਾਠਕ ਉਸਨੂੰ ਕਿਉ ਪਸੰਦ ਕਰਦੇ ਹਨ’। ਮੈਂ ਫਿਰ ਮੈਸੈਜ ਰਾਹੀ ਪੁਛਿਆ ।
ਅੱਜ ਤੇ ਲੇਟ ਹੋ ਗਈ ਹਾਂ,ਕੱਲ੍ਹ ਨੂੰ ਪੂਰਾ ਕੋਮੈਂਟ ਭੇਜਾਂਗੀ।’ ਮੈਨੂੰ ਜਵਾਬ ਮਿਲਿਆ । ਗੱਲ ਉਸ ਦੀ ਵੀ ਸਹੀ ਸੀ ਕਿਉਂਕਿ ਸ਼ਾਮ ਹੋ ਚੁੱਕੀ ਸੀ। ਤੇ ਉਸਨੇ ਘਰ ਦਾ ਕੰਮ ਵੀ ਕਰਨਾ ਹੋਵੇਗਾ। ਮੈਂ ਤਾਂ ਭਲਾਂ ਦੀ ਵਿਹਲਾ ਸੀ। ਤੇ ਆਪਣੀ ਪ੍ਰਸੰਸਾ ਸੁਣਨ ਦਾ ਭੁੱਖਾ । ਕਿਉਂਕਿ ਉਸ ਕਹਾਣੀ ਤੇ ਮੈਨੂੰ ਬਹੁਤ ਸਾਰੇ ਸੰਦੇਸ਼ੇ ਆਏ । ਪੰਜ ਚਾਰ ਫੋਨ ਵੀ ਆਏ । ਵੱਡਿਆਂ ਦੇ ਛੋਟਿਆਂ ਦੇ , ਟੀਚਰਾਂ ਦੇ ਤੇ ਕੁਝ ਕੁ ਬਜੁਰਗ ਪਾਠਕਾਂ ਦੇ। ਮੈਂ ਸਭ ਕੁਝ ਭੁਲ ਭੁਲਾ ਗਿਆ।
“ਤੁਹਾਡੀ ਕਹਾਣੀ ਬਹੁਤ ਅੱਛਾ ਸੰਦੇਸ਼ ਦਿੰਦੀ ਹੈ। ਕੁੜੀਆਂ ਨੂੰ ਬਹੁਤ ਪ੍ਰੇਰਨਾਂ ਦਿੰਦੀ ਹੈ। ਉਹਨਾਂ ਨੂੰ ਸਬਰ ਕਰਨਾ ਸਿਖਾਉਂਦੀ ਹੈ। ਜੇ ਸਾਰੀਆਂ ਕੁੜੀਆਂ ਤੁਹਾਡੀ ਕਹਣੀ ਦੀ ਪਾਤਰ ਦੀਪੀ ਤਰ੍ਹਾਂ ਆਪਣੀ ਭੂਆ ਦੀਆਂ ਗੱਲਾਂ ਤੇ ਅਮਲ ਕਰਨ ਤਾਂ ਕਈ ਘਰ ਉਜੜਨੋਂ ਸਕਦੇ ਹਨ। ਫਰਾਮ ਦੀਪ ‘। ਅਗਲੇ ਦਿਨ ਮੇਰੇ ਇਨਬੋਕਸ ਚ ਆਏ। ਇਸ ਸੰਦੇਸ਼ ਨਾਲ ਮੈਨੂੰ ਉਸ ਕੁੜੀ ਦਾ ਚੇਹਰਾ ਮੇਰੀ ਕਲਪਣਾ ਦੀ ਪਾਤਰ ਦੇ ਚੇਹਰੇ ਵਰਗਾ ਲਗਿਆ। ਮੈਂ ਉਸਦੇ ਸੰਦੇਸ਼ ਤੋ ਬਹੁਤ ਪ੍ਰਭਾਵਿਤ ਹੋਇਆ । ਮੈਨੂੰ ਉਹ ਸੰਦੇਸ਼ ਭੇਜਣ ਵਾਲੀ ਕੁੜੀ ਬਹੁਤ ਸਮਝਦਾਰ, ਸੁਸੀਲ ਲੱਗੀ। ਉਸ ਦੇ ਸ਼ਬਦਾਂ ਨੇ ਮੈਨੂੰ ਕਾਇਲ ਜਿਹਾ ਕਰ ਦਿੱਤਾ।
“ਸ਼ੁਕਰੀਆ ਦੀਪ ਜੀ ਤੁਹਾਡੇ ਕੋਮੈਂਟ ਮੈਨੂੰ ਹੋਰ ਵਧੀਆ ਲਿਖਣ ਲਈ ਪ੍ਰੇਰਿਤ ਕਰਨਗੇ।’ ਮੈਂ ਜਵਾਬ ਦਿੱਤਾ।
“ਨਹੀਂ ਜੀ ਸ਼ੁਕਰੀਆ ਦੀ ਤਾਂ ਕੋਈ ਗੱਲ ਨਹੀਂ। ਇਹ ਤਾਂ ਸਾਡਾ ਫਰਜ ਹੈ। ਉਸਦੇ ਇਸ ਪਿਆਰੇ ਜਿਹੇ ਕੋਮੈਂਟ ਨੇ ਮੈਨੂੰ ਹੋਰ ਹੀ ਤਰਾਂ ਦੀ ਖ਼ੁਸ਼ੀ ਦਿੱਤੀ, ਤੇ ਮੈਂ ਫਖ਼ਰ ਜਿਹਾ ਮਹਿਸੂਸ ਕੀਤਾ । ਮੋਬਾਇਲ ਫੋਨ ਤੇ ਸੰਦੇਸ਼ਾ ਦਾ ਆਉਣ ਜਾਣ ਚਲਦਾ ਰਿਹਾ ਤੇ ਮੈਂ ਉਸ ਦੀ ਵਿਚਾਰਧਾਰਾ ਵਿਚ ਬੱਝਦਾ ਚਲਾ ਗਿਆ ।
“ਤੁਸੀਂ ਜਾਣਦੇ ਹੋ ਕਿ ਮੈ 53 ਸਾਲਾਂ ਦੀ ਅਧੇੜ ਉਮਰ ਦਾ ਲੇਖਕ ਹਾ। ਮੇਰੇ ਦੋਨੇ ਬੱਚੇ ਨੌਕਰੀ ਕਰਦੇ ਹਨ ਤੇ 25_26 ਸਾਲ ਦੀ ਉਮਰ ਦੇ ਹਨ ਤੇ ਤੂੰ ਸਿਰਫ 22 ਸਾਲਾਂ ਦੀ ਇੱਕ ਵਿਦਿਆਰਥਣ ਹੈਂ। ਤੇਰਾ ਮੇਰੇ ਪ੍ਰਤੀ ਕੀ ਨਜਰੀਆ ਹੈ। ਕਿਤੇ ਤੂੰ ਮੇਰੀ ਇਸ ਆਦਤ ਨੂੰ ਗਲਤ ਨਾ ਸਮਝ ਲਈ। ਮੇਰੀ ਭਾਵਨਾਵਾਂ ਨੂੰ ਮੇਰੇ ਨਜਰੀਏ ਨਾਲ ਹੀ ਸਮਝੀ।’ ਮੈਂ ਇਕ ਦਿਨ ਉਸ ਨੂੰ ਥੋੜਾ ਜਿਹਾ ਸਖਤ ਤੇ ਚੇਤਾਵਨੀ ਭਰੇ ਸ਼ਬਦਾਂ ਵਿੱਚ ਕਿਹਾ । ਕਿਉਂਕਿ ਕਈ ਵਾਰੀ ਬੱਚੇ ਅਲ੍ਹੜ ਉਮਰੇ ਹਰ ਨਾਤੇ ਨੂੰ ਗਲਤ ਲੈ ਜਾਂਦੇ ਹਨ।
“ ਨਹੀਂ ਸਰ ਜੀ ,ਮੈਂ ਸਭ ਜਾਣਦੀ ਹਾਂ। ਤੁਸੀ ਮੇਰੇ ਪਾਪਾ ਦੀ ਉਮਰ ਦੇ ਹੋ। ਮੈਂ ਤੁਹਾਡੇ ਵਿੱਚ ਆਪਣੇ ਫੋਜੀ ਪਾਪਾ ਦਾ ਅਕਸ ਦੇਖਦੀ ਹਾਂ। ਤੁਸੀ ਮੇਰੇ ਚਾਚਾ ਤਾਇਆ ਵਰਗੇ ਹੋ। ਪਰ ਇਕ ਬਾਪ ਵੀ ਤਾਂ ਆਪਣੀ ਬੇਟੀ ਦਾ ਦੋਸਤ ਹੋ ਸਕਦਾ ਹੈ। ਉਸਦਾ ਮਾਰਗ ਦਰਸ਼ਕ ਹੋ ਸਕਦਾ ਹੈ। ਮੈਂ ਗਰੀਬ ਜਰੂਰ ਹਾਂ ਤੇ ਮੈਂ ਮਿਹਨਤ ਕਰਕੇ ਆਪਣੀ ਰੋਜੀ ਚਲਾਉਂਦੀ ਹਾਂ। ਬਾਪ ਦੀ ਪੱਗ ਨੂੰ ਦਾਗ ਮੈਂ ਕਦੇ ਸੋਚ ਵੀ ਨਹੀਂ ਸਕਦੀ । ਉਸ ਦੀਆਂ ਬੇਬਾਕ ਗੱਲਾ ਉਸ ਦੀ ਉਚ ਸਖਸ਼ੀਅਤ ਤੇ ਚਾਨਣਾ ਪਾਉਂਦੀਆਂ । ਮੈਨੁੰ ਉਹ ਕੁੜੀ ਮੇਹਨਤੀ ਲੱਗੀ । ਉਸਦੇ ਵਿਚਾਰ ਤੇ ਵੱਡਿਆ ਪ੍ਰਤੀ ਉਸਦਾ ਪਿਆਰ ਮੇਰੇ ਮਨ ਅੰਦਰ ਆਪਨੀ ਪੈਂਠ ਬਣਾਉਣ ਵਿੱਚ ਸਫਲ ਰਿਹਾ।
“ਅੰਕਲ ਜੀ ਤੁਹਾਡੇ ਕਿੰਨੀਆਂ ਕੁੜੀਆਂ ਹਨ? ਆਂਟੀ ਜੀ ਕੀ ਕਰਦੇ ਹਨ? ‘ ਇਕ ਦਿਨ ਫੇਰ ਅਚਾਨਕ ਆਏ ਉਸਦੇ ਮੋਬਾਇਲ ਮੈਸੇਜ ਨੇ ਮੈਨੂੰ ਚੌਕਾਂ ਦਿੱਤਾ । ਹੁਣ ਉਹ ਸਰ ਜੀ ਤੋਂ ਅੰਕਲ ਜੀ ਆਂਟੀ ਤੇ ਆ ਗਈ ਸੀ ਤੇ ਅਪਣੱਤ ਜਿਹੀ ਦਿਖਾਉਣ ਲਗ ਪਈ । ਕਈ ਵਾਰੀ ਘਰ ਦੀਆਂ ਛੋਟੀਆਂ ਛੋਟੀਆਂ ਗੱਲਾਂ ਕਰਦੀ ਤੰਗੀਆਂ ਤੁਰਸ਼ੀਆਂ ਦੀ ਗੱਲ ਵੀ ਕਰਦੀ।
“ਮੇਰੇ ਕੋਈ ਬੇਟੀ ਨਹੀਂ ਹੈ। ਬਸ ਦੋ ਬੇਟੇ ਹੀ ਹਨ।’ ਮੈਂ ਉਸ ਨੂੰ ਜਵਾਬ ਦਿੱਤਾ । ਤੇ ਠੰਡਾ ਜਿਹਾ ਹੌਕਾ ਲਿਆ।
“ਫੇਰ ਤਾਂ ਮੈਂ ਤੁਹਾਨੂੰ ਪਾਪਾ ਕਹਿ ਸਕਦੀ ਹਾਂ ਨਾ। ਬਸ ਜੀ ਮੈਂ ਤਾਂ ਹੁਣ ਤੁਹਾਨੂੰ ਪਾਪਾ ਫਰੈਂਡ ਹੀ ਕਿਹਾ ਕਹਾਂਗੀ। ਉਸਦੇ ਇਸ ਮੈਸੇਜ ਨੇ ਮੈਨੂੰ ਫਿਰ ਹਲੂਣ ਜਿਹਾ ਦਿੱਤਾ।
“ਜਰੂਰ ਜਰੂਰ ਕਿਉਂ ਨਹੀਂ, ਤੂੰ ਮੇਰੀ ਧੀਆਂ ਵਰਗੀ ਹੀ ਹੈਂ। ਵਰਗੀ ਨਹੀਂ ਸਿਰਫ ਧੀ ਹੀ ਹੈਂ । ਪਰ……’। ਮੈਂ ਹੋਰ ਕੁਝ ਨਾ ਲਿਖ ਸਕਿਆ ।
“ ਠੀਕ ਹੈ ਜੀ। ਤੁਸੀ ਮੈਨੂੰ ਬੇਟੀ ਆਖੋ ਨਾ ਆਖੋ , ਮੈਂ ਪਾਪਾ ਹੀ ਕਿਹਾ ਕਰਨਾ ਵਾ’। ਉਸਨੇ ਬੇਝਿੱਜਕ ਲਿਖ ਦਿੱਤਾ । ਹੁਣ ਕਦੇ ਕਦੇ ਸਾਡੀ ਫੋਨ ਤੇ ਗੱਲ ਵੀ ਜਾਂਦੀ ਸੀ। ਕਈ ਵਾਰੀ ਉਹ ਮੌਜੂਦਾ ਹਾਲਾਤਾਂ ਤੋਂ ਦੁਖੀ ਹੋ ਕੇ ਉਚੀ ਉਚੀ ਰੋਣ ਲੱਗ ਜਾਂਦੀ । ਕਦੇ ਕੋਈ ਹੋਰ ਗੁੱਸਾ ਮੇਰੇ ਤੇ ਕੱਢ ਦਿੰਦੀ । ਰੁੱਸ ਜਾਂਦੀ । ਫਿਰ ਕਹਿੰਦੀ। “ ਮੈਂ ਮਜਾਕ ਕਰਦੀ ਸੀ। ਮੈਂ ਤੁਹਾਡੇ ਨਾਲ ਨਾ ਰੁੱਸਾਂ ਤਾਂ ਹੋਰ ਕਿਸ ਨਾਲ ਰੁੱਸਾਂ ? ਤੁਸੀ ਤੇ ਮੇਰੇ ਪਾਪਾ ਦੋਸਤ ਹੋ। ਇਸ ਤਰ੍ਹਾਂ ਆਪਣਿਆਂ ਵਰਗਾ ਵਿਹਾਰ ਕਰਦੀ । ਜਦੋਂ ਕਿਤੇ ਉਸਦੇ ਰਿਸ਼ਤੇ ਦੀ ਗੱਲ ਚਲਦੀ ਤਾਂ ਉਹ ਸਭ ਤੋ ਪਹਿਲਾਂ ਮੈਨੂੰ ਫੋਨ ਕਰਦੀ । ਰਿਸਤੇ ਬਾਰੇ ਮੇਰੀ ਰਾਇ ਲੈਂਦੀ । ਤੇ ਹਰ ਪਹਿਲੂ ਤੇ ਵਿਚਾਰ ਕਰਦੀ। ਉਹ ਕਹਿੰਦੀ ਮੈਂ ਤੁਹਾਡੇ ਕੋਲੋਂ ਬਹੁਤ ਕੁਝ ਸਿੱਖਿਆ ਹੈ। ਮੈਨੂੰ ਤੁਹਾਡੇ ਵਿੱਚ ਇਕ ਪਿਉ ਦਾ ਕੜ੍ਹਕ ਸੁਭਾਅ, ਮਾਂ ਦਾ ਪਿਆਰ ਤੇ ਦੋਸਤ ਦੇ ਵਿਸ਼ਵਾਸ਼ ਦਾ ਅਹਿਸਾਸ ਹੁੰਦਾ ਹੈ। ਫਿਰ ਉਸ ਦਾ ਰਿਸ਼ਤਾ ਇਕ ਚੰਗੇ ਘਰੇ ਇੱਕ ਸਾਊ ਤੇ ਪੜੇ ਲਿਖੇ ਨੋਜਵਾਨ ਨਾਲ ਹੋ ਗਿਆ । ਉਸਨੇ ਮੈਨੂੰ ਉਸ ਬਾਰੇ ਸਭ ਕੁਝ ਦਸੀਆਂ । ਤੇ ਉਸ ਨੋਜਵਾਨ ਨੂੰ ਵੀ ਮੇਰੇ ਬਾਰੇ ਪੂਰਾ ਦੱਸਿਆ । ਹੁਣ ਮੈ ਤੇ ਮੇਰੀ ਘਰਵਾਲੀ ਬੇਝਿੱਜਕ ਹੋ ਉਸ ਨਾਲ ਤੇ ਕਦੇ ਉਸਦੇ ਮੰਗੇਤਰ ਨਾਲ ਗੱਲ ਕਰ ਲੈਂਦੇ ਸੀ । ਫਿਰ ਉਸ ਦੇ ਵਿਆਹ ਦਾ ਦਿਨ ਪੱਕਾ ਹੋ ਗਿਆ ਤੇ ਉਸਨੇ ਮੈਂਨੂੰ ਵਿਆਹ ਦਾ ਸੱਦਾ ਭੇਜਿਆ । ਸਬੰਧਾਂ ਨੂੰ ਹੋਰ ਪੱਕਾ ਕਰਨ ਲਈ ਉਸਨੇ ਆਪਣੇ ਬਾਪੂ ਕੋਲੇ ਤੇ ਬੇਬੇ ਕੋਲੋਂ ਸਾਨੂੰ ਫੋਨ ਕਰਵਾਇਆ ਤੇ ਅੱਜ ਅਸੀ ਉਸ ਕੁੜੀ ਦੇ ਵਿਆਹ ਤੇ ਆਏ ਸੀ ਜਿਸ ਨੂੰ ਅਸੀ ਕਦੇ ਵੇਖਿਆ ਨਹੀਂ ਸੀ। ਬਸ ਉਸਦਾ ਕਲਪਨਾਤਮਕ ਚੇਹਰਾ ਤੇ ਅਕਸ ਮੇਰੇ ਦਿਮਾਗ ਵਿੱਚ ਸੀ। ਉਸਦੇ ਜੋਰ ਪਾਉਣ ਤੇ ਅਸੀਂ ਦੋਹੇ ਜੀਅ ਉਸ ਦੇ ਵਿਆਹ ਵਿਚ ਇਕ ਪਾਪਾ ਦੋਸਤ ਦੇ ਫਰਜ ਅਦਾ ਕਰਨ ਲਈ ਆਏ ਸੀ।
“ਤੁਸੀ ਹੀ ਸੇਠੀ ਸਾਹਿਬ ਹੋ ? ਤੁਹਾਨੂੰ ਅੰਦਰ ਬੁਲਾਇਆ ਹੈ?’ ਅਚਾਨਕ ਇਕ 24_25 ਸਾਲ ਦੇ ਮੁੰਡੇ ਨੇ ਬਾਹਰ ਮੈਨੂੰ ਹਲੂਣਿਆ । ਗੁਰੂਦੁਆਰੇ ਦਾ ਹਾਲ ਖਾਲੀ ਹੋ ਚੁੱਕਿਆ ਸੀ । ਬਾਹਰ ਸਭ ਖਾਣ ਪੀਣ ਵਿੱਚ ਮਸਤ ਸਨ। ਤੇ ਸਾਨੂੰ ਇੱਕ ਕਮਰੇ ਵਿੱਚ ਲੈ ਜਾਇਆ ਗਿਆ। ਜਿਥੇ ਸੂਹੇ ਕਪੜਿਆਂ ਵਿੱਚ ਦੁਲਹਣ ਬਣੀ ਦੀਪ ਤੇ ਉਸ ਦਾ ਜੀਵਨ ਸਾਥੀ ਸਾਡਾ ਇੰਤਜਾਰ ਕਰ ਰਹੇ ਸੀ। ਉੁਹ ਉਠੀ ਤੇ ਉਸਨੇ ਮੈਨੂੰ ਘੁੱਟਕੇ ਜੱਫੀ ਪਾ ਲਈ । ਤੇ ਉਸ ਚੁਲਬੁਲੀ ਨਾਜੁਕ ਤੇ ਤਿਖੇ ਨੈਣ ਨਕਸ਼ਾ ਵਾਲੀ ਕੁੜੀ ਨੂੰ ਭੁੱਬਾਂ ਮਾਰਕੇ ਰੋਂਦੀ ਵੇਖ ਮੇਰੀਆਂ ਅੱਖਾਂ ਵਿੱਚੋ ਵੀ ਹੰਝੂ ਆ ਗਏ ਮੈ ਉਸ ਨੂੰ ਘੁੱਟ ਕੇ ਛਾਤੀ ਨਾਲ ਲਾ ਲਿਆ । ਉਸ ਨੂੰ ਚੁੱਪ ਕਰਾਇਆ । ਉੁਹ ਮੇਰੀ ਕਲਪਣਾ ਦੀ ਧੀ ਦੀਪ ਸੀ, ਮੇਰੀ ਕਲਪਣਾ ਨਾਲੋ ਵੀ ਸੁੰਦਰ ਦੀਪ ਸੀ। ਜੋ ਪਤਾ ਨਹੀਂ ਕਿੰਨੇ ਚਿਰਾਂ ਬਾਅਦ ਮੈਂਨੂੰ ਧੀ ਦੇ ਰੂਪ ਵਿੱਚ ਨਸੀਬ ਹੋਈ ਸੀ। ਫਿਰ ਉਹ ਘੁੱਟਕੇ ਆਪਣੀ ਆਂਟੀ ਨੂੰ ਮਿਲੀ ਤੇ ਉਸ ਦੇ ਜੀਵਨ ਸਾਥੀ ਨੋਜਵਾਨ ਨੇ ਉਠਕੇ ਮੇਰੇ ਪੈਰੀ ਹੱਥ ਲਾਏ ਤੇ ਆਸੀਰਵਾਦ ਲਿਆ ।
“ਬੇਟਾ ਮੇਰੀ ਧੀ ਮੈਨੂੰ ਅੱਜ ਹੀ ਮਿਲੀ ਹੈ। ਇਸ ਨੂੰ ਕਦੇ ਦੁੱਖ ਨਾ ਦੇਈੇ ਸਦਾ ਸੁਖੀ ਰੱਖੀਂ । ਬਸ ਮੈਂ ਜਿਆਦਾ ਕੁਝ ਨਹੀਂ ਕਹਿੰਦਾ । ਬਾਕੀ ਦੀਆਂ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਅਸੀਂ ਡੋਲੀ ਤੋਰ ਦੇ ਵਾਪਿਸ ਘਰ ਨੂੰ ਚੱਲ ਪਏ । ਮੇਰਾ ਸਰੀਰ ਬੋਝਲ ਹੋਇਆ ਪਿਆ ਸੀ। ਪਰ ਇਕ ਪਾਸੇ ਉਹ ਸੁਰਖਰੂ ਜਿਹਾ ਵੀ ਲਗਦਾ ਸੀ । ਕਿਉਂਕਿ ਮੈਂ ਇਕ ਧੀ ਨੂੰ ਤੋਰ ਕੇ ਆਇਆ ਸੀ। ਪਰ ਪਤਾ ਨਹੀਂ ਕਿਉਂ ਉਸ ਦੇ ਅਸਲੀ ਘਰ ਦੇ ਭਵਿੱਖ ਨੂੰ ਲੈ ਕੇ ਮਨ ਚਿੰਤਿਤ ਵੀ ਸੀ ।
ਰਮੇਸ਼ ਸੇਠੀ ਬਾਦਲ
98 766 27233.
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly