ਧੀਏ ਘਰ ਜਾ ਆਪਣੇ

 ਬਲਦੇਵ ਸਿੰਘ ਬੇਦੀ 
(ਸਮਾਜ ਵੀਕਲੀ) ਵਿੰਮੀ ਦੀ ਵਿਦਾਈ ਮੌਕੇ ਘਰ ਦੇ ਹਰ ਜੀਅ ਨੇ ਆਪਣੇ ਅੰਦਰ ਦੱਬੇ ਹੋਏ ਜਜ਼ਬਾਤਾਂ ਨੂੰ ਹੰਝੂਆਂ ਦੇ ਰਾਹੀਂ ਬਿਆਨ ਕੀਤਾ। ਸਾਡੇ ਘਰ ਹਾਲ ਹੀ ‘ਚ ਭਤੀਜੀ ਹਰਲੀਨ ਕੌਰ ( ਜਿਸ ਨੂੰ ਅਸੀ ਪਿਆਰ ਨਾਲ ਵਿੰਮੀ ਵੀ ਕਹਿੰਦੇ ਹਾਂ ) ਦਾ ਵਿਆਹ ਬੜੀ ਧੂਮਧਾਮ ਨਾਲ ਹੋਇਆ। ਉਹ ਸਾਡੇ ਵੱਡੇ ਭਰਾ ਸ੍ਰ. ਦਵਿੰਦਰ ਸਿੰਘ ਦੀ ਲਾਡਲੀ ਬੇਟੀ ਹੈ। ਧੀਆਂ ਦੇ ਵਿਆਹ ਦੀ ਗੱਲ ਜੋ ਅੱਗੇ ਸਿਰਫ਼ ਸੂਣੀਆਂ ਕਹਾਣੀਆਂ ਵਾਂਗ ਹੀ ਸੀ, ਹੁਣ ਸਾਡੇ ਘਰ ਵੀ ਅਹਿਸਾਸ ਭਰੀ ਹਕੀਕਤ ਬਣ ਗਈ। ਸਾਡੇ ਪਰਿਵਾਰ ਵਿੱਚੋ ਅੱਜ ਤੱਕ ਕਿਸੇ ਕੁੜੀ ਦੀ ਡੌਲੀ ਨਹੀਂ ਗਈ ਸੀ ਕਿਉਂਕਿ ਅਸੀਂ ਚਾਰ ਭਰਾ ਹੀ ਹਾਂ। ਪਰ ਜਦੋਂ ਵਿੰਮੀ ਦੀ ਵਿਦਾਈ ਹੋਣ ਦਾ ਸਮਾਂ ਆਇਆ ਤਾਂ ਅਸੀਂ ਸਮਝਿਆ ਕਿ ਧੀਆਂ ਨੂੰ ਤੋਰਨਾ ਕਿੰਨਾ ਔਖਾ ਹੈ।
ਉਹ ਦਿਨ ਸਾਡੀ ਪਰਿਵਾਰਕ ਜ਼ਿੰਦਗੀ ‘ਚ ਸਭ ਤੋਂ ਖਾਸ ਅਤੇ ਸਭ ਤੋਂ ਭਾਵੁਕ ਲਹਿਰਾਂ ਵਾਲੇ ਦਿਨਾਂ ‘ਚੋਂ ਇੱਕ ਸੀ। ਵਿਆਹ ਦੇ ਮਾਹੌਲ ਵਿੱਚ ਖੁਸ਼ੀਆਂ ਦੀ ਭਾਵਨਾ ਵੀ ਸੀ ਅਤੇ ਵਿਦਾਈ ਸਮੇਂ ਇੱਕ ਅਜਿਹਾ ਖਾਲੀਪਨ ਵੀ ਜਿਸ ਨੇ ਸਾਡੇ ਹਿਰਦੇ ਨੂੰ ਝੰਜੋੜ ਦਿੱਤਾ। ਜਿਸ ਵੇਲੇ ਵਿੰਮੀ ਨੂੰ ਹਰਮਨ ਨਾਲ ਰਵਾਨਾ ਕੀਤਾ ਉਸ ਵੇਲੇ ਅਜਿਹਾ ਲੱਗ ਰਿਹਾ ਸੀ, ਜਿਵੇਂ ਸਾਡੇ ਘਰ ਦੀ ਰੌਸ਼ਨੀ ਦਾ ਇੱਕ ਹਿੱਸਾ ਕਿਧਰੇ ਦੂਰ ਚਲਾ ਗਿਆ ਹੋਵੇ। ਹਰ ਇੱਕ ਨੇ ਆਪਣੇ ਅੰਦਰ ਦੱਬੇ ਹੋਏ ਜਜ਼ਬਾਤਾਂ ਨੂੰ ਹੰਝੂਆਂ ਦੇ ਰਾਹੀਂ ਬਿਆਨ ਕੀਤਾ।
ਧੀਆਂ ਦੇ ਤੋਰਨ ਦੀ ਹਕੀਕਤ ਇਕ ਸੁੰਦਰ ਸਫਰ ਦਾ ਅੰਤ ਨਹੀਂ, ਸਗੋਂ ਇਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਵੀ ਹੁੰਦੀ ਹੈ। ਪਰਿਵਾਰ ‘ਚੋਂ ਇੱਕ ਕੁੜੀ ਦੇ ਜਾਣ ਨਾਲ ਅਜਿਹੀ ਥਾਂ ਖਾਲੀ ਹੋ ਜਾਂਦੀ ਹੈ ਜੋ ਕਿਸੇ ਹੋਰ ਨਾਲ ਨਹੀਂ ਭਰ ਸਕਦੀ। ਧੀਆਂ ਪਰਿਵਾਰ ਦਾ ਮਾਣ ਹੁੰਦੀਆਂ ਹਨ, ਪਿਆਰ ਦੀ ਮੂਰਤ ਹੁੰਦੀਆਂ ਹਨ। ਉਹ ਜਦੋਂ ਦੂਜੇ ਘਰ ਜਾਂਦੀਆਂ ਹਨ ਤਾਂ ਉਹ ਸਿਰਫ ਇਕ ਨਵਾਂ ਰਿਸ਼ਤਾ ਹੀ ਨਹੀਂ ਨਿਭਾਉਂਦੀਆਂ, ਸਗੋਂ ਪਿਛਲੇ ਰਿਸ਼ਤਿਆਂ ਤੇ ਚੌਲਾਂ ਦਾ ਛਿੱਟਾ ਦੇਕੇ ਸੁੱਚੇ ਮੋਤੀਆਂ ਵਰਗੀਆਂ ਯਾਦਾਂ ਵੀ ਆਪਣੇ ਨਾਲ ਬੰਨ ਕੇ ਲੈ ਜਾਂਦੀਆਂ ਹਨ।
ਵਿੰਮੀ ਦੀ ਡੋਲੀ ਸਾਡੇ ਲਈ ਸਿਰਫ ਇਕ ਪੀੜਾ ਦਾਇਕ ਪਲ ਹੀ ਨਹੀਂ ਸੀ, ਸਗੋਂ ਇਹ ਸਿਖਾਉਣ ਵਾਲਾ ਪਲ ਵੀ ਸੀ ਕਿ ਧੀਆਂ ਦੇ ਜੀਵਨ ਦੀ ਇਸ ਪ੍ਰਕਿਰਿਆ ਨੂੰ ਪਿਆਰ ਅਤੇ ਸਤਿਕਾਰ ਨਾਲ ਕਿਵੇਂ ਮਨਾਉਣਾ ਹੈ। ਇਹ ਯਾਦਗਾਰੀ ਘੜੀਆਂ ਸਾਡੇ ਦਿਲਾਂ ਵਿੱਚ ਹਮੇਸ਼ਾ ਜਿਉਂਦਿਆ ਰਹਿਣਗੀਆਂ। ਸੱਚਮੁੱਚ, ਧੀਆਂ ਘਰੋਂ ਤੋਰਨੀਆਂ ਹੀ ਪੈਂਦੀਆਂ ਹਨ ਪਰ ਉਹ ਸਾਡੇ ਦਿਲਾਂ ‘ਚ ਹਮੇਸ਼ਾ ਲਈ ਵਸੀਆਂ ਰਹਿੰਦੀਆਂ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਇੱਕੀ ਪੋਹ ਦੀ ਸ਼ਾਮ , ਦਸ਼ਮੇਸ਼ ਪਿਤਾ ਦੇ ਨਾਮ ਸਾਹਿਤ ਸਭਾ ਧੂਰੀ
Next articleਪਿੰਡ ਭਾਣੋ ਲੰਗਾ ਦੇ ਅੱਡੇ ਤੇ ਦੁਕਾਨ ਉੱਤੇ ਚੋਰੀ ਦੀ ਵਾਰਦਾਤ ਨੂੰ ਰੋਕਣ ਆਏ ਦੁਕਾਨ ਮਾਲਕ ਤੇ ਚੋਰ ਦੋਹਾਂ ਦੀ ਮੌਤ