ਤੇਜਿੰਦਰ ਚੰਡਿਹੋਕ
ਬਰਨਾਲਾ (ਸਮਾਜ ਵੀਕਲੀ) (ਚੰਡਿਹੋਕ ) ਬਰਨਾਲਾ ਦੇ ਚਿੱਤਰਕਾਰ ਦਰਸ਼ਨ ਸਿੰਘ ਟਿੱਬਾ ਦੀ ਪੇਂਟਿੰਗ ਨੂੰ ਕੈਨੇਡਾ ਦੀ ਮੈਨੀਟੋਬਾ ਸਟੇਟ ਨੇ ਆਪਣੀ ਵਿਧਾਨ ਸਭਾ ਦੀ ਗੈਲਰੀ ਵਿਚ ਲਗਾਉਣ ਦੀ ਪ੍ਰਵਾਨਗੀ ਦਿੱਤੀ ਹੈ। ਚਿੱਤਰਕਾਰ ਟਿੱਬਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਪੰਜਾਬ ਦੇ ਪਹਿਲੇ ਚਿੱਤਰਕਾਰ ਬਣ ਗਏ ਹਨ ਜਿਸ ਦੀ ਕਲਾ ਕਿਰਤ ਨੂੰ ਕੈਨੇਡਾ ਦੀ ਇਕ ਵਿਧਾਨ ਸਭਾ ਵਿਚ ਮਾਣ ਮਿਲਿਆ ਹੈ। ਇਸ ਪੇਂਟਿੰਗ ਵਿਚ ਇਕ ਦਾਦੇ ਨੇ ਆਪਣੇ ਪੋਤੇ ਨੂੰ ਕੰਧਾੜੇ ਚੜ੍ਹਾਇਆ ਹੋਇਆ ਹੈ ਜੋ ਉਸ ਨੂੰ ਮੇਲਾ ਦਿਖਾ ਕੇ, ਵਾਪਸ ਪਿੰਡ ਵੱਲ ਆ ਰਿਹਾ ਹੈ। ਇਸ ਪੇਂਟਿੰਗ ਦਾ ‘ਸਮਾਂਤਰ ਨਜ਼ਰੀਆ’ ਪਰਚੇ ਨੇ ਅਪ੍ਰੈਲ-ਜੂਨ, 2024 ਦੇ ਅੰਕ ਦੇ ਟਾਈਟਲ ‘ਤੇ ਵੀ ਇਸਤੇਮਾਲ ਕੀਤਾ ਹੈ। ਇਸ ਤੋਂ ਬਿਨਾਂ ਚਿੱਤਰਕਾਰ ਟਿੱਬਾ ਦੀ ਇਕ ਹੋਰ ਛੋਟੀ ਪੇਂਟਿੰਗ ਜੋ ਕ੍ਰਿਸ਼ਨ ਜੀ ਅਤੇ ਕਵਿਤਰੀ ਮੀਰਾ ਬਾਈ ਬਾਰੇ ਹੈ, ਵੀ ਵਿਧਾਨ ਸਭਾ ਦਾ ਸ਼ਿੰਗਾਰ ਬਣੀ ਹੈ। ਚਿੱਤਰਕਾਰ ਟਿੱਬਾ ਦੀ ਇਸ ਪ੍ਰਾਪਤੀ ‘ਤੇ ਗੁਰਬਚਨ ਸਿੰਘ ਭੁੱਲਰ, ਡਾ. ਸੁਖਦੇਵ ਸਿੰਘ ਸਿਰਸਾ, ਡਾ. ਗੁਲਜ਼ਾਰ ਸਿੰਘ ਪੰਧੇਰ, ਡਾ. ਜੋਗਿੰਦਰ ਸਿੰਘ ਨਿਰਾਲਾ, ਭੋਲਾ ਸਿੰਘ ਸੰਘੇੜਾ, ਸ਼ਾਇਰ ਤਰਸੇਮ, ਡਾ. ਹਰਿਭਗਵਾਨ, ਤੇਜਾ ਸਿੰਘ ਤਿਲਕ, ਤੇਜਿੰਦਰ ਚੰਡਿਹੋਕ, ਕਵਿਤਰੀ ਨੀਲਮ ਸੈਣੀ ਅਮਰੀਕਾ, ਦਲਜੀਤਪਾਲ ਸਿੰਘ ਬਰਾੜ ਅਤੇ ਗੁਰਸੇਵਕ ਸਿੰਘ ਕੈਨੇਡਾ ਆਦਿ ਨੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly