(ਸਮਾਜ ਵੀਕਲੀ)
“ਪਰਮ ! ਮੈਂ ਸਾਫਟਵੇਅਰ ਇੰਜੀਨੀਅਰ ਦੀ ਡਿਗਰੀ ਕਰ ਲਈ…..ਤੈਨੂੰ ਪਤਾ ਕਿੰਨੀ ਤੰਗੀ ਸੀ ਘਰ..ਇਸ ਲਈ ਮੈ ਇਸ ਡਿਗਰੀ ਨੂੰ ਕਰਨ ਲਈ ਦਿਨ – ਰਾਤ ਇੱਕ ਕਰ ਦਿੱਤੀ..ਹੁਣ ਮੈ ਸੋਚਦੀ ਕੋਈ ਨੌਕਰੀ ਕਰ ਲਵਾਂ.. ਬਾਪੂ ਨੂੰ ਥੋੜ੍ਹਾ ਸਾਹ ਆ ਜਾਊ..।” ਮੇਰੀ ਸਹੇਲੀ ਪ੍ਰੀਤ ਨੇ ਕਿਹਾ । ਮੈ ਵੀ ਹਾਂ ਵਿੱਚ ਹਾਂ ਮਿਲਾ ਦਿੱਤੀ ਤੇ ਅਗਲੇ ਦਿਨ ਅਸੀਂ ਕਈ ਜਗ੍ਹਾ ਤੇ ਅਰਜੀ ਦਿੱਤੀ ।ਸਾਨੂੰ ਉਮੀਦ ਸੀ ਕਿ ਚੰਗੇ ਨੰਬਰਾਂ ਤੇ ਹੁਸ਼ਿਆਰ ਹੋਣ ਕਰਕੇ ਉਸਨੂੰ ਜਲਦੀ ਹੀ ਕਿਸੇ ਪ੍ਰਾਈਵੇਟ ਅਦਾਰੇ ਵਿੱਚ ਨੌਕਰੀ ਮਿਲ ਜਾਊ ।
ਪਰ…. ਇਹ ਕੀ ? ਇੰਟਰਵਿਊ ਤੋ ਬਾਅਦ ਜਦੋਂ ਪਤਾ ਲੱਗਦਾ ਕਿ ਕੁੜੀ ਜਿਆਦਾ ਹੁਸ਼ਿਆਰ ਹੈ ਇਸ ਕਰਕੇ ਹਰ ਕੋਈ ਨੌਕਰੀ ਲਈ ਜਵਾਬ ਦੇ ਦਿੰਦਾ । ਜਦੋ ਅਸੀ ਇਸ ਗੱਲ ਦੀ ਛਾਣ – ਬੀਨ ਕੀਤੀ ਤਾਂ ਸਾਨੂੰ ਪਤਾ ਲੱਗਿਆ ਕਿ ਹਰ ਅਦਾਰਾ ਜਿਆਦਾ ਹੁਸ਼ਿਆਰ ਨੂੰ ਨੌਕਰੀ ਦੇਣ ਲਈ ਇਸ ਲਈ ਗੁਰੇਜ ਕਰਦਾ ਕਿਉੰਕਿ ਉਸਨੂੰ ਡਰ ਰਹਿੰਦਾ ਕਿ ਇਹ ਲੋਕ ਕੰਪਨੀਆਂ ਦੀਆਂ ਜਰੂਰੀ ਸੂਚਨਾਵਾਂ ਹੈਕ ਕਰ ਲੈਂਦੇ ਤੇ ਲੱਖਾਂ ਦੀ ਠੱਗੀ ਮਾਰਨ ਵਿੱਚ ਕਾਮਯਾਬ ਹੁੰਦੇ । ਪ੍ਰੀਤ ਨੇ ਬਹੁਤ ਮੇਹਨਤ ਕੀਤੀ ਸੀ , ਇਸ ਡਿਗਰੀ ਲਈ ਪਰ ਘਟੀਆ ਲੋਕਾਂ ਦੀਆਂ ਘਟੀਆ ਹਰਕਤਾਂ ਦੀ ਸ਼ਿਕਾਰ ਉਹ ਵੀ ਹੋ ਰਹੀ ਸੀ ਤੇ ਅਸੀ ਵਾਪਿਸ ਘਰ ਪਰਤ ਆਏ ।
ਘਰ ਆ ਕੇ ਮੇਰਾ ਦਿਲ ਬੜਾ ਹੀ ਉਦਾਸ ਹੋਇਆ । ਅੱਜ ਦਾ ਮਨੁੱਖ ਪੜ੍ਹ – ਲਿਖ ਕੇ ਕੀ ਬਣ ਰਿਹਾ ਹੈ ?.. ਕੀ ਉਸ ਵਿੱਚ ਇੱਕ ਵਿਦਵਾਨ ਦੇ ਗੁਣ ਪੈਦਾ ਹੁੰਦੇ ?.. ਨਹੀਂ ,ਬਿਲਕੁਲ ਵੀ ਨਹੀਂ …ਅੱਜ ਮਨੁੱਖ ਪੜ੍ਹ – ਲਿਖ ਕੇ ਵਿਦਵਾਨ ਨਹੀਂ ਸਗੋਂ ਚੁਸਤ ਤੇ ਚਲਾਕ ਬਣ ਰਿਹਾ ਹੈ ..ਅੱਜ ਤਕਨੀਕੀ ਮਾਹਿਰ ਮਿੰਟਾਂ ਵਿਚ ਹੀ ਸਾਡੇ ਨਾਲ ਧੋਖੇ ਕਰਕੇ ਸਾਡੇ ਬੈਂਕ ਖਾਤੇ ਲੁੱਟ ਲੈਂਦੇ ..ਚੋਰੀ ਦੀਆਂ ਕਿੰਨੀਆਂ ਹੀ ਨਵੀਆਂ ਤਕਨੀਕਾਂ ਖੋਜਦੇ ..ਜਰੂਰਤ ਸੀ ਪੜਾਈ ਵਿੱਚ ਮਾਹਿਰ ਹੋ ਕੇ ਆਪਣੇ ਦੇਸ਼ – ਸਮਾਜ ਦੀ ਸੇਵਾ ਕਰਨ ਦੀ ਪਰ ਅਜਿਹਾ ਕੋਈ ਵਿਰਲਾ ਹੀ ਕਰਦਾ । ਅੱਜ ਦੇ ਪੜ੍ਹੇ – ਲਿਖੇ ਵਰਗ ਦਾ ਬਹੁਤਾ ਹਿੱਸਾ ਮਾਨਵੀ ਕਦਰਾ- ਕੀਮਤਾਂ ਤੇ ਇਨਸਾਨੀਅਤ ਤੋਂ ਵੀ ਦੂਰ ਹੈ ।
ਪਿਛਲੇ ਦਿਨੀਂ ਮੈਂ ਰਿਸ਼ਤੇਦਾਰੀ ਵਿੱਚ ਕਿਸੇ ਬੀਮਾਰ ਮਹਿਲਾਂ ਦਾ ਹਾਲ – ਚਾਲ ਪੁੱਛਣ ਉਹਨਾਂ ਦੇ ਘਰ ਗਈ । ਬੀਮਾਰ ਹੋਣ ਕਾਰਣ ਮਹਿਲਾ ਤਾਂ ਮੰਜੇ ਤੇ ਪਈ ਸੀ ,ਉਸਦੀ ਬਜ਼ੁਰਗ ਸੱਸ ਆਉਣ ਵਾਲੇ ਰਿਸ਼ਤੇਦਾਰਾਂ ਨੂੰ ਚਾਹ – ਪਾਣੀ ਦੇ ਰਹੀ ਸੀ ਤੇ ਫਿਰ ਉਹ ਦੁਪਹਿਰ ਦੇ ਖਾਣੇ ਦੀ ਤਿਆਰੀ ਵਿੱਚ ਲੱਗ ਗਈ । ਕਮਰੇ ਦੇ ਅੰਦਰੋਂ ਇੱਕ ਅਵਾਜ ਆਈ ,” ਦਾਦੀ ਖਾਣਾ ਸਵਾਦੀ ਬਣਾਈ …ਸਵੇਰੇ ਮੈਂ ਮਸਾਂ ਨਾਸ਼ਤਾ ਕੀਤਾ.. ਜਦੋਂ ਦੀ ਮਾਂ ਬੀਮਾਰ ਹੋਈ ਰੋਟੀ ਨੀ ਮਿਲੀ ਚੱਜ ਦੀ ।” ਜਦੋ ਮੈਂ ਅਵਾਜ ਸੁਣ ਅੰਦਰ ਗਈ ਤਾਂ ਦੇਖਿਆ ਕਿ ਉਸ ਮਹਿਲਾ ਦੀ ਧੀ ਜਿਹੜੀ ਕਿ ਨਾਲ ਦੇ ਸ਼ਹਿਰ ਕਾਲਜ ਵਿੱਚ ਪੜ੍ਹਦੀ ਸੀ ਆਪਣੇ ਨਹੁੰਅਾਂ ਉੱਪਰ ਪਾਲਿਸ਼ ਕਰ ਰਹੀ ਸੀ ।
ਜਦੋ ਮੈਂ ਬਾਹਰ ਉਸ ਮਹਿਲਾਂ ਕੋਲ ਆ ਕੇ ਉਸਦੀ ਧੀ ਬਾਰੇ ਗੱਲ ਕੀਤੀ ਤਾਂ ਉਹ ਕਹਿਣ ਲੱਗੀ ‘ ” ਭੈਣ ! ਸ਼ਹਿਰ ਲਗਾਈ ਪੜ੍ਹਨ… ਕਹਿੰਦੀ ਪੜਾਈ ਬੜੀ ਔਖੀ..ਤਾਂ ਕਰਕੇ ਕਦੇ ਘਰ ਦੇ ਕੰਮ ਨੀ ਲੱਗੀ । ” ਮੈ ਸੋਚਦੀ ਹੀ ਰਹਿ ਗਈ ਆਖਿਰ ਇਹ ਕਿਹੜੀ ਪੜਾਈ ? ਕੀ ਫ਼ਾਇਦਾ ਇਹੋ ਜਿਹੀ ਪੜਾਈ ਦਾ ਜਿਹੜੀ ਮੰਜੇ ਤੇ ਪਈ ਮਾਂ ਤੇ ਬੁੱਢੀ ਦਾਦੀ ਦਾ ਦਰਦ ਨੀ ਸਮਝ ਸਕੀ । ਸਾਡੇ ਦੇਸ਼ ਵਿੱਚ ਹਰ ਸਾਲ ਲੱਖਾਂ ਵਿਦਿਆਰਥੀ ਡਿਗਰੀਆਂ ਪ੍ਰਾਪਤ ਕਰਦੇ , ਪਰ ਜੇਕਰ ਉਹ ਆਪਣੇ ਵਿੱਚ ਵਿੱਦਿਆ ਰੂਪੀ ਗਿਆਨ ਦਾ ਪ੍ਰਕਾਸ਼ ਨਹੀਂ ਜਗਾਉਂਦੇ ਤਾਂ ,ਇਹ ਡਿਗਰੀਆਂ ਮਾਤਰ ਕਾਗਜ਼ ਦੇ ਟੁੱਕੜੇ ਹੀ ਨੇ ।
ਵਿਦਵਾਨ ਹੋਣ ਲਈ ਚੇਤਨਾਂ ਦਾ ਹੋਣਾ ਲਾਜ਼ਮੀ ਹੈ , ਅਜਿਹੀ ਚੇਤਨਾ ਜਿਹੜੀ ਸਾਡੇ ਦੇਸ਼ ਤੇ ਸਮਾਜ ਦੀਆਂ ਮੁਸ਼ਕਿਲਾਂ ਦੀ ਰਮਜ਼ ਨੂੰ ਪਹਿਚਾਣ ਸਕੇ । ਅਜਿਹੀ ਚੇਤਨਾ ਜਿਹੜੀ ਦੱਬੇ – ਕੁਚਲੇ ਲੋਕਾਂ ਦੇ ਦੇ ਦਰਦ ਨੂੰ ਸਮਝ ਕੇ ਉਹਨਾਂ ਲਈ ਮਸੀਹਾ ਬਣ ਸਕੇ , ਸਮਾਜ ਵਿੱਚ ਫੈਲੀ ਅਰਾਜਕਤਾ ਤੇ ਨਾ – ਬਰਾਬਰੀ ਨੂੰ ਦੂਰ ਕਰ ਸਕੇ । ਅਜਿਹੀ ਚੇਤਨਾ ਜਿਹੜੀ ਤਕਨੀਕ ਦੀ ਵਰਤੋਂ ਲੋਕ ਹਿੱਤਾਂ ਲਈ ਕਰੇ ਨਾ ਕਿ ਲੋਕਾਂ ਨੂੰ ਢਾਹ ਲਗਾਉਣ ਲਈ ਤੇ ਅਜਿਹੀ ਚੇਤਨਾ ਜਿਹੜੀ ਪੜ੍ਹ – ਲਿਖ ਕੇ ਸਭ ਤੋਂ ਪਹਿਲਾ ਸਾਨੂੰ ਇੱਕ ਚੰਗਾ ਇਨਸਾਨ ਬਣਾ ਸਕੇ ।
ਵਿੱਦਿਆ ਦਾ ਚਾਨਣ ਇੱਕ ਅਜਿਹਾ ਚਾਨਣ ਹੈ ਜਿਸ ਨਾਲ ਸਾਡੀ ਜਿੰਦਗੀ ਦਾ ਹਰ ਰਾਹ ਰੁਸ਼ਨਾਉਂਦਾ ਹੈ ਤੇ ਅਸੀਂ ਲੋਕਾਈ ਲਈ ਚਾਨਣ – ਮੁਨਾਰਾ ਤਾਂ ਹੀ ਬਣ ਸਕਦੇ ਜੇਕਰ ਇਸ ਚਾਨਣ ਨਾਲ ਅਸੀਂ ਆਪਣੀ ਰੂਹ ਨੂੰ ਰੁਸ਼ਣਾ ਲਈਏ ਤੇ ਜੇਕਰ ਅਸੀਂ ਅਜਿਹਾ ਨਹੀਂ ਕਰਦੇ ਤਾਂ ਸਾਨੂੰ ਬੁੱਧੀਜੀਵੀ ਤੇ ਪੜੇ- ਲਿਖੇ ਕਹਾਉਣ ਦਾ ਕੋਈ ਹੱਕ ਨਹੀਂ , ਤੇ ਸਾਡੀ ਹਾਲਤ ਉਸ ਦੀਵੇ ਵਰਗੀ ਹੈ ਜਿਹੜਾ ਲਟੋ – ਲਟ ਜਲਦਾ ਹੈ ਪਰ ਉਸਦੇ ਆਪਣੇ ਥੱਲੇ ਹਨ੍ਹੇਰਾ ਰਹਿੰਦਾਂ ।
ਪਰਮਜੀਤ ਕੌਰ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly