(ਕਹਾਣੀ)
ਸਮਾਜ ਵੀਕਲੀ ਯੂ ਕੇ-
ਗੁਰਜੀਤ ਦੀ ਮੈਟ੍ਰਿਕ ਦੀ ਪ੍ਰੀਖਿਆ ਵਿੱਚੋਂ ਫਸਟ ਡਵੀਜ਼ਨ ਆਈ ਸੀ। ਉਸਦਾ ਚਾਅ ਮਨੋਂ ਮਨੀ ਚੱਕਿਆ ਨਹੀਂ ਜਾ ਰਿਹਾ ਸੀ। ਉਸਦੇ ਛੋਟੇ ਛੋਟੇ ਸੁਪਨੇ ਉਸਨੂੰ ਅੰਬਰਾਂ ਵਿੱਚ ਉਡਾਰੀ ਲਾਉਣ ਲਈ ਵਾਰ ਵਾਰ ਪ੍ਰੇਰਿਤ ਕਰਨ ਦੀ ਦਲੇਰੀ ਉਸ ਵਿੱਚ ਭਰਦੇ ਹੀ ਜਾ ਰਹੇ ਸਨ।ਹੁਣ ਮੈਂ ਵੀ ਕਾਲਜ ਵਿੱਚ ਪੜਾਂਗੀ , ਮੈਂ ਵੀ ਕੁੱਝ ਬਣਾਂਗੀ। ਇਸ ਉਧੇੜ੍ਹ ਬੁਣ ਵਿੱਚ ਹੀ ਉਹ ਘਰ ਦੇ ਕੰਮ ਕਾਰ ਵਿੱਚ ਲੱਗੀ ਰਹੀ।
ਆਥਣੇ ਜਦੋਂ ਉਹਦਾ ਬਾਪੂ ਗੱਜਣ ਸਿੰਘ ਖੇਤੋਂ ਘਰ ਆਇਆ ਤਾਂ ਗੁਰਜੀਤ ਨੇ ਚਾਈਂ ਚਾਈਂ ਆਪਣੇ ਪਾਸ ਹੋਣ ਬਾਰੇ ਬਾਪੂ ਜੀ ਨੂੰ ਦੱਸਿਆ। ਚੰਗਾ ਹੋਇਆ, ਆਖ ਕੇ ਬਾਪੂ ਨਹਾਉਣ ਲਈ ਗੁਸਲਖਾਨੇ ਵੱਲ ਨੂੰ ਤੁਰ ਪਿਆ। ਗੁਰਜੀਤ ਨੂੰ ਬਾਪੂ ਦੀ ਇਹ ਅਣਦੇਖੀ ਚੰਗੀ ਨਹੀਂ ਲੱਗੀ। ਉਹ ਭਰੇ ਮਨ ਨਾਲ ਰਸੋਈ ਵਿੱਚ ਆਪਣੀ ਮਾਂ ਨਾਲ ਕੰਮ ਕਰਵਾਉਣ ਵਿੱਚ ਲੱਗ ਗਈ।
ਰੋਟੀ ਟੁੱਕ ਖਾਣ ਪਿੱਛੋਂ ਬਾਪੂ ਵੇਹੜੇ ਵਿੱਚ ਮੰਜੇ ਤੇ ਲੇਟ ਗਿਆ। ਦੁੱਧ ਦਾ ਗਿਲਾਸ ਫੜਾਉਂਦੀ ਗੁਰਜੀਤ ਨੇ ਪੋਲਾ ਜਿਹਾ ਬਾਪੂ ਨੂੰ ਕਿਹਾ,”ਬਾਪੂ ਜੀ! ਮੈਂ ਹੋਰ ਅੱਗੇ ਪੜ੍ਹਨਾ ਏਂ।” ਬਾਪੂ ਨੇ ਤਲਖ਼ੀ ਨਾਲ ਜਵਾਬ ਦਿੰਦੀਆਂ ਕਿਹਾ, ਗੱਲ ਸੁਣ ਕੁੜੀਏ! ਤੈਨੂੰ ਜਿੰਨਾ ਪੜਾਉਣਾ ਸੀ, ਪੜਾ ਲਿਆ। “ਹੁਣ ਪੜ੍ਹਾਈ ਦਾ ਨਾਂ ਵੀ ਲਿਆ ਤਾਂ ਮੈਥੋਂ ਬੁਰਾ ਕੋਈ ਨਹੀਂ ਹੋਣਾ।” ਮੈਂ ਨਹੀਂ ਭੇਜਣਾ ਤੈਨੂੰ ਕਿਤੇ ਵੀ ਪੜ੍ਹਨ ਪੁੜਨ। ਜ਼ਮਾਨਾ ਪਤਾ ਹੈ ਕਿਹੜਾ ਉੱਤੋਂ? ਆਪਣੀ ਮਾਂ ਤੋਂ ਘਰ ਦੇ ਕੰਮ ਸਿੱਖ ਸਾਰੇ।
ਗੁਰਜੀਤ ਦੀਆਂ ਅੱਖਾਂ ਵਿਚੋਂ ਸਾਉਣ ਦੀ ਝੜੀ ਵਾਂਗੂੰ ਪਰਲ ਪਰਲ ਕਰਦੇ ਹੰਝੂ ਵਹਿ ਤੁਰੇ। ਅੰਦਰ ਕਮਰੇ ਵਿੱਚ ਜਾ ਕੇ ਉਹ ਹੁਬਕੀ ਹੁਬਕੀ ਰੋਣ ਲੱਗ ਪਈ। ਗੁਰਜੀਤ ਦੀ ਮਾਂ ਨੇ ਉਸਨੂੰ ਚੁੱਪ ਕਰਾਉਂਦੇ ਹੋਏ ਸਮਝਾਇਆ, ਧੀਏ! ਆਪਣੇ ਘਰ ਵਿੱਚ ਕੁੜੀਆਂ ਨੂੰ ਬਹੁਤਾ ਪੜਾਉਣ ਦਾ ਰਿਵਾਜ਼ ਨਹੀਂ। ਤੇਰੇ ਪਿਓ ਨੇ ਜੋ ਇੱਕ ਵਾਰ ਆਖ ਦਿੱਤਾ ਉਸ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਕਰ ਸਕਦਾ ਇਸ ਘਰ ਵਿੱਚ। ਚਾਰ ਸਾਲਾਂ ਨੂੰ ਤੇਰੇ ਹੱਥ ਪੀਲੇ ਕਰਕੇ ਅਸੀਂ ਤਾਂ ਸੁਰਖ਼ੁਰੂ ਹੋ ਜਾਣਾ ਧੀਏ! ਆ ਤੇਰੇ ਵੀਰ ਨੇ ਪੜ ਲਿਖ ਕੇ ਕੁੱਝ ਕਰਨਾ ਹੋਇਆ ਤਾਂ ਕਰ ਲਊ। “ਸਾਡੇ ਬੁਢਾਪੇ ਦੀ ਤਾਂ ਡੰਗੋਰੀ ਤਾਂ ਆਖ਼ਿਰ ਇਹਨੇ ਹੀ ਬਣਨਾ।”
ਗੁਰਜੀਤ ਦੇ ਉੱਤੇ ਤਾਂ ਜਿਵੇਂ ਬੱਦਲ ਫਟ ਗਿਆ ਹੋਵੇ, ਰੋ ਰੋ ਉਸਦਾ ਬੁਰਾ ਹਾਲ ਹੋ ਗਿਆ। ਆਖ਼ਿਰ ਉਸਦੀ ਹਾਲਤ ਵੇਖ ਕੇ ਮਾਂ ਦਾ ਦਿਲ ਪਸੀਜ ਗਿਆ। ਉਸਨੇ ਤਰਲੇ ਮਿੰਨਤਾਂ ਕਰਦੀ ਨੇ ਗੁਰਜੀਤ ਦੇ ਬਾਪੂ ਨੂੰ ਕੁੜੀ ਨੂੰ ਅੱਗੇ ਪੜਾਉਣ ਲਈ ਆਖ਼ਿਰ ਮਨਾ ਹੀ ਲਿਆ।
ਅਗਲੀ ਸਵੇਰ ਗੁਰਜੀਤ ਦੀ ਅੱਡੀ ਧਰਤੀ ਤੇ ਨਹੀਂ ਲੱਗ ਰਹੀ ਸੀ। ਨਾਲ਼ ਦੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਉਸਦਾ ਬਾਪੂ ਗੁਰਜੀਤ ਦਾ ਦਾਖਿਲਾ ਕਰਵਾ ਆਇਆ। ਆਰਟਸ ਦੇ ਵਿਸ਼ੇ ਵਿੱਚ ਗੁਰਜੀਤ ਚੰਗੇ ਨੰਬਰ ਲੈ ਕੇ ਬਾਰਵੀਂ ਜਮਾਤ ਪਾਸ ਕਰ ਗਈ। ਬੀ. ਏ ਦੀ ਪੜ੍ਹਾਈ ਲਈ ਉਹ ਸ਼ਹਿਰ ਕਾਲਜ ਵਿੱਚ ਪੜ੍ਹਨ ਜਾਣ ਲੱਗ ਪਈ।ਆਪਣੀ ਲਗਨ ਅਤੇ ਮਿਹਨਤ ਦੇ ਬਲਬੂਤੇ ਦੇ ਨਾਲ ਉਹ ਬੀ. ਏ ਤੋਂ ਬਾਅਦ ਬੀ. ਐਡ ਵੀ ਚੰਗੇ ਨੰਬਰਾਂ ਨਾਲ ਪਾਸ ਕਰ ਗਈ।
ਦੂਜੇ ਪਾਸੇ ਗੁਰਜੀਤ ਦਾ ਭਰਾ ਮਨਜੀਤ ਕਾਲਜ ਵਿੱਚ ਗੁੰਡਾਗਰਦੀ ਕਰਨ ਲੱਗ ਪਿਆ। ਹੌਲੀ ਹੌਲੀ ਉਹ ਡਰੱਗਜ਼ ਦਾ ਆਦੀ ਹੋ ਗਿਆ। ਸ਼ੁਰੂ ਸ਼ੁਰੂ ਵਿੱਚ ਘਰ ਦਿਆਂ ਕੋਲੋਂ ਬਹਾਨੇ ਮਾਰ ਮਾਰ ਪੈਸੇ ਲਿਜਾਂਦਾ ਰਿਹਾ। ਪਰ ਹੌਲੀ ਹੌਲੀ ਗੁਰਜੀਤ ਦੇ ਰਾਹੀਂ ਗੱਜਣ ਸਿੰਘ ਨੂੰ ਆਪਣੇ ਮੁੰਡੇ ਦੀਆਂ ਕਰਤੂਤਾਂ ਬਾਰੇ ਪਤਾ ਲੱਗ ਗਿਆ। ਇੱਕ ਦਿਨ ਸਵੇਰੇ ਸਵੇਰੇ ਪੁਲਿਸ ਆ ਕੇ ਮਨਜੀਤ ਨੂੰ ਚੁੱਕ ਕੇ ਥਾਣੇ ਲੈ ਗਈ। ਗੁਰਜੀਤ ਦਾ ਬਾਪੂ ਪਿੰਡ ਦੇ ਸਰਪੰਚ ਤੇ ਹੋਰ ਮੋਹਤਬਰਾਂ ਨੂੰ ਆਪਣੇ ਨਾਲ ਲੈ ਕੇ ਥਾਣੇ ਗਿਆ ਤਾਂ ਅੱਗੋਂ ਥਾਣੇਦਾਰ ਨੇ ਕੱਲ ਮਨਜੀਤ ਵੱਲੋਂ ਕਾਲਜ ਵਿੱਚ ਕੀਤੀ ਕੁੱਟਮਾਰ ਦੀ ਦਰਜ਼ ਕਰਵਾਈ ਗਈ ਰਿਪੋਰਟ ਅੱਗੇ ਕਰ ਦਿੱਤੀ। ਗੱਜਣ ਸਿੰਘ ਦਾ ਗੱਚ ਭਰ ਆਇਆ। ਅੱਜ ਜ਼ਿੰਦਗੀ ਵਿੱਚ ਪਹਿਲੀ ਵਾਰੀ ਭਰੀ ਪੰਚਾਇਤ ਵਿੱਚ ਉਹਦੀ ਟੌਰੇ ਵਾਲੀ ਪੱਗ ਮਨਜੀਤ ਕਰਕੇ ਮਿੱਟੀ ਵਿੱਚ ਰੁਲ ਗਈ ਸੀ। ਦੂਜੀ ਧਿਰ ਦੇ ਮਿੰਨਤਾਂ ਤਰਲੇ ਕਰਕੇ ਮਸਾਂ ਕਿਤੇ ਜਾ ਕੇ ਗੱਲ ਰਾਜ਼ੀਨਾਮੇ ਤੇ ਮੁੱਕੀ। ਅੱਜ ਗੱਜਣ ਸਿੰਘ ਨੂੰ ਜ਼ਿੰਦਗੀ ਵਿੱਚ ਪਹਿਲੀ ਵਾਰੀ ਚਾਅ ਤੇ ਲਾਂਡਾਂ ਨਾਲ ਪਾਲੇ ਮਨਜੀਤ ਕਰਕੇ ਠਾਣੇਦਾਰ ਦੀਆਂ ਖਰਵੀਆਂ ਤੇ ਗਾਲਾਂ ਸੁਣੀਆਂ ਸਨ। ਪਰ ਘਰ ਆਉਣ ਤੇ ਮਨਜੀਤ ਦੇ ਉੱਪਰ ਅੱਜ ਦੀ ਇਸ ਨਾਮੋਸ਼ੀ ਦਾ ਕੋਈ ਅਸਰ ਹੋਇਆ ਉਸਨੂੰ ਵਿਖਾਈ ਨਹੀਂ ਦੇ ਰਿਹਾ ਸੀ।
ਗੁਰਜੀਤ ਨੇ ਟੈੱਟ ਦਾ ਟੈਸਟ ਪਾਸ ਕਰਕੇ ਮਾਸਟਰ ਕੇਡਰ ਦਾ ਟੈਸਟ ਵੀ ਸਮਾਜਿਕ ਸਿੱਖਿਆ ਦੇ ਵਿਸ਼ੇ ਵਿੱਚ ਚੰਗੇ ਨੰਬਰਾਂ ਨਾਲ ਪਾਸ ਕਰ ਲਿਆ। ਬੱਸ ਹੁਣ ਸਿੱਖਿਆ ਵਿਭਾਗ ਵੱਲੋਂ ਬਣਨ ਵਾਲੀ ਮੈਰਿਟ ਵਿੱਚ ਉਸਨੂੰ ਆਪਣਾ ਨੰਬਰ ਆਉਣ ਦੀ ਆਸ ਸੀ। ਆਖ਼ਿਰ ਗੁਰਜੀਤ ਦੀ ਮਿਹਨਤ ਰੰਗ ਲਿਆਈ ਤੇ ਬਤੌਰ ਸਮਾਜਿਕ ਸਿੱਖਿਆ ਅਧਿਆਪਕ ਉਸਦੀ ਨਿਯੁਕਤੀ ਹੋ ਗਈ। ਉਹ ਚੰਡੀਗੜ੍ਹ ਤੋਂ ਆਪਣਾ ਨਿਯੁਕਤੀ ਪੱਤਰ ਲੈ ਕੇ ਅੱਜ ਫੁੱਲੀ ਨਾ ਸਮਾ ਰਹੀ ਸੀ। ਉਹ ਅੱਜ ਉੱਡ ਕੇ ਛੇਤੀ ਤੋਂ ਛੇਤੀ ਆਪਣੇ ਘਰ ਜਾ ਕੇ ਆਪਣੇ ਬਾਪੂ ਨੂੰ ਆਪਣੀ ਪ੍ਰਾਪਤੀ ਵਿਖਾਉਣਾ ਚਾਹੁੰਦੀ ਸੀ ਤਾਂ ਕਿ ਉਹਦਾ ਬਾਪੂ ਵੀ ਉਸ ਤੇ ਮਾਣ ਕਰ ਸਕੇ। ਉਹ ਅੱਜ ਆਪਣੇ ਬਾਪੂ ਨੂੰ ਉਹਦੀ ਕੁੜੀ ਹੋਣ ਦਾ ਮਾਣ ਮਹਿਸੂਸ ਕਰਵਾਉਣਾ ਚਾਹੁੰਦੀ ਸੀ। ਬੱਸ ਵਿੱਚ ਬੈਠੀ ਦੇ ਉਹਦੀ ਪੜ੍ਹਾਈ ਲਈ ਕੀਤੀ ਜਿੱਦ ਤੇ ਉਸਦੇ ਪਿਛੋਂ ਘਰ ਵਿੱਚ ਆਈਆਂ ਤਮਾਮ ਮੁਸ਼ਕਿਲਾਂ ਉਸਨੂੰ ਆਪਣੀਆਂ ਅੱਖਾਂ ਅੱਗੇ ਤੇਜ਼ੀ ਦੇ ਨਾਲ ਨੱਸਦੀਆਂ ਦਿਖਾਈ ਦੇ ਰਹੀਆਂ ਸਨ। ਉਹ ਆਪਣੇ ਅੰਦਰ ਹੀ ਅੰਦਰ ਉਹਨਾਂ ਮੁਸ਼ਕਿਲਾਂ ਦੀਆਂ ਵਲਗਣਾਂ ਵਿਚੋਂ ਆਜ਼ਾਦ ਮਹਿਸੂਸ ਕਰਦੀ ਹੋਈ ਖੁਸ਼ ਹੋਈ ਜਾ ਰਹੀ ਸੀ।
ਪਿੰਡ ਦੇ ਬੱਸ ਅੱਡੇ ਤੇ ਉੱਤਰ ਕੇ ਉਹ ਲੰਬੀਆਂ ਲੰਬੀਆਂ ਪੁਲਾਂਘਾਂ ਪੁੱਟਦਿਆਂ ਆਪਣੇ ਘਰ ਨੂੰ ਹਵਾ ਦੇ ਤੇਜ਼ ਵਹਾਅ ਦੀ ਤਰ੍ਹਾਂ ਵਗਦੀ ਹੀ ਜਾ ਰਹੀ ਸੀ। ਆਪਣੇ ਘਰ ਵਾਲੀ ਗਲੀ ਦੇ ਬਾਹਰ ਕਾਰਾਂ , ਜੀਪਾਂ ਤੇ ਮੋਟਰਸਾਈਕਲਾਂ ਦਾ ਜਮਾਵੜਾ ਵੇਖ ਕੇ ਉਹ ਸੋਚਾਂ ਵਿੱਚ ਪੈ ਗਈ ਕਿ ਏਥੇ ਕੀ ਹੋ ਗਿਆ?
ਜਿਉਂ ਹੀ ਗੁਰਜੀਤ ਨੇ ਘਰ ਦੇ ਵਿਹੜੇ ਵਿੱਚ ਪੈਰ ਧਰਿਆ, ਉੱਚੀ ਉੱਚੀ ਪੈਂਦੇ ਵੈਣਾਂ ਨੇ ਉਹਦਾ ਅੰਦਰ ਹਿਲਾ ਦਿੱਤਾ। ਵੇਹੜੇ ਵਿੱਚ ਮਨਜੀਤ ਦੀ ਖ਼ੂਨ ਨਾਲ਼ ਲੱਥਪਥ ਲਾਸ਼ ਪਈ ਸੀ। ਗੁਰਜੀਤ ਦੀ ਮਾਂ ਰੋ ਰੋ ਕੇ ਬੇਹੋਸ਼ ਹੋਈ ਧਰਤੀ ਤੇ ਡਿੱਗੀ ਪਈ ਸੀ। ਗੁਰਜੀਤ ਪੱਥਰ ਦਾ ਬੁੱਤ ਜਿਹਾ ਬਣ ਕੇ ਵੀਰ ਦੀ ਲਾਸ਼ ਉੱਪਰ ਢਹਿ ਪਈ। ਪਿੰਡ ਦੇ ਲੋਕਾਂ ਨੇ ਰਲ ਮਿਲ ਕੇ ਸਸਕਾਰ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ। ਲੋਥ ਨੂੰ ਚੁੱਕਣ ਲੱਗਿਆਂ ਗੁਰਜੀਤ ਇਕਦਮ ਉੱਠੀ ਤੇ ਨੀਮ ਪਾਗਲਾਂ ਵਾਂਗ ਬੋਲਦੀ ਬੋਲਦੀ ਅਰਥੀ ਨੂੰ ਇੱਕ ਪਾਸੋਂ ਮੌਢਾ ਲਾਉਂਦੀ ਹੋਈ ਬੜ੍ਹਬੜਾਉਂਦੀ ਹੋਈ ਤੁਰ ਪਈ,”ਮੈਂ ਬਣੂੰਗੀ ਬੁਢਾਪੇ ਦੀ ਡੰਗੋਰੀ,
ਮੈਂ ਬਣੂੰਗੀ ਬੁਢਾਪੇ ਦੀ ਡੰਗੋਰੀ, ਬਾ………._ਪੂ !