(ਸਮਾਜ ਵੀਕਲੀ)
ਯਾਰਾ ਤੈਨੂੰ ਮੈਥੋਂ ਖਤਰਾ ਕਾਹਦਾ ਹੈ |
ਮੈਂ ਨਾ ਤੇਰੇ ਰਾਹ ਵਿਚ ਆਉਂਣਾ ਵਾਅਦਾ ਹੈ |
ਦੂਣ ਸਵਾਇਆ ਵਧੇਂ ਫੁਲੇਂ ਅਰਦਾਸ ਕਰਾਂ ,
ਤੇਰੀ ਬਾਬਿਤ ਮੇਰਾ ਨੇਕ ਇਰਾਦਾ ਹੈ |
ਚੜ੍ਹਿਆ ਨਾ ਕਰ ਐਦਾਂ ਛੇਤੀ ਉਂਗਲ ‘ਤੇ,
ਜੇਕਰ ਨਹੀਂ ਭਰੋਸਾ ਪਿਆਰ ਸਵਾਹ ਦਾ ਹੈ |
ਪੈਣ ਮਿਰੀ ਦੇਹ ਕੀੜੇ ਮੁਕਰਾਂ ਕੌਲਾਂ ਤੋਂ,
ਇਸਤੋਂ ਵੱਧਕੇ ਕਹਿਣਾ ਕੀ ਮੈਂ ਜਿਆਦਾ ਹੈ |
ਚਤੁਰ ਚਲਾਕੀ ਵਾਲੇ ਜਾਂਦੇ ਦੋਜ਼ਖ ਨੂੰ,
ਦਿਲ ਦੇ ਸੱਚਿਆਂ ਤਾਈਂ ਖੌਫ ਖੁਦਾ ਦਾ ਹੈ |
ਸੂਰਤ ਨਾਲੋਂ ਸੀਰਤ ਜਿਸਨੂੰ ਭਾਉਂਦੀ ਏ,
ਸੱਚਾ ਆਸ਼ਿਕ ਹੁੰਦਾ ਸਾਧ ਸੁਭਾਅ ਦਾ ਹੈ |
‘ਬੋਪਾਰਾਏ’ ਵਿਰਲੇ ਝੋਲੀ ਪਾਉਂਦੇ ਨੇ,
ਸੁੱਚਾ ਇਸ਼ਕੀ ਵਣਜ ਅਮੁੱਲੇ ਭਾਅ ਦਾ ਹੈ |
ਚਾਹ ਪਕੌੜੇ
ਰੇਹੜੀ ਉੱਤੇ ਧਰਕੇ ਵੇਚੀਂ ਚਾਹ ਪਕੌੜੇ |
ਪੜ੍ਹ ਲਿਖ ਡਿਗਰੀ ਕਰਕੇ ਵੇਚੀਂ ਚਾਹ ਪਕੌੜੇ |
ਹਾਕਿਮ ਸਾਡਾ ਗੱਫੇ ਦੇ ਵਿਚ ਵੰਡਦਾ ਜੁਮਲੇ,
ਝੋਲ ਖਿਆਲੀਂ ਭਰਕੇ ਵੇਚੀਂ ਚਾਹ ਪਕੌੜੇ |
ਪੜ੍ਹੇ ਲਿਖੇ ਦਾ ਅਣਪੜ ਬਣਿਆ ਰਾਹ ਦਸੇਰਾ,
ਬੇਸ਼ੱਕ ਪਲ ਪਲ ਮਰਕੇ ਵੇਚੀਂ ਚਾਹ ਪਕੌੜੇ |
ਇੱਕ ਹੀ ਸੁਰ ਵਿਚ ਕਹਿੰਦੇ ਵੇਖੇ ਨੇਤਾ ਸਾਰੇ,
ਭੁੱਖਾਂ ਤ੍ਰੇਹਾਂ ਜਰਕੇ ਵੇਚੀਂ ਚਾਹ ਪਕੌੜੇ |
ਹਾੜ ਚੁਮਾਸੇ ਤਪਣਾ ਤੇਲ ਕੜਾਹੀ ਵਾਂਗੂੰ,
ਰੁੱਤ ਸਿਆਲੀਂ ਠਰਕੇ ਵੇਚੀਂ ਚਾਹ ਪਕੌੜੇ |
ਨੱਚਦੇ ਰਹਿਣਾ ਬਣਕੇ ਤੂੰ ਕਠਪੁਤਲੀ ਕੇਵਲ,
ਸਾਰਾ ਜੀਵਨ ਹਰਕੇ ਵੇਚੀਂ ਚਾਹ ਪਕੌੜੇ |
‘ ਬੋਪਾਰਾਏ ‘ ਟੈਕਸ ਇਸਤੇ ਲੱਗ ਸਕਦਾ ਹੈ,
ਲੁਕ ਛਿਪਕੇ ਤੇ ਡਰਕੇ ਵੇਚੀਂ ਚਾਹ ਪਕੌੜੇ |
ਭੁਪਿੰਦਰ ਸਿੰਘ ਬੋਪਾਰਾਏ
ਸੰਗਰੂਰ
ਮੋ’ 98550-91442
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly