(ਸਮਾਜਵੀਕਲੀ)– ਦਲਿਤਾਂ ਦੇ ਮਸੀਹਾ ਵਜੋਂ ਵਿਸ਼ਵ ਭਰ ਵਿੱਚ ਜਾਣੇ ਜਾਂਦੇ ਭਾਰਤ ਰਤਨ ਡਾ.ਭੀਮ ਰਾਓ ਅੰਬੇਡਕਰ ਨੇ ਮਨੂ ਸਮ੍ਰਿਤੀ ਦੇ ਹਾਮੀ ਜਾਤੀਗਤ ਹਿੰਦੂਤਵੀ ਭਾਰਤੀ ਸਮਾਜ ਵਿੱਚ ਅਛੂਤ ਹੋਣ ਦਾ ਸੰਤਾਪ ਆਪਣੇ ਹੱਡੀਂ ਹੰਢਾਇਆ ਅਤੇ ਨਿਮਨ ਵਰਗਾਂ ਦੇ ਲੋਕਾਂ ਵਿੱਚ ਦਲਿਤ ਚੇਤਨਾ ਲਹਿਰ ਪੈਦਾ ਕਰਨ ਹਿੱਤ ਆਪਣੀ ਲਾਮਿਸਾਲ ਭੂਮਿਕਾ ਨਿਭਾਉਂਦਿਆਂ ਮਨੂੰਵਾਦੀ ਵਰਨ ਵਿਵਸਥਾ ਤਹਿਤ ਸਦੀਆਂ ਤੋਂ ਲਤਾੜੇ ਜਾਂਦੇ ਇੰਨ੍ਹਾਂ ਵਰਗਾਂ ਦੇ ਲੋਕਾਂ ਲਈ ਰਾਖਵਾਂਕਰਣ ਵਰਗੀਆਂ ਕਈ ਸੰਵਿਧਾਨਿਕ ਵਿਵਸਥਾਵਾਂ ਕੀਤੀਆਂ ਤਾਂ ਜੋ ਇਹ ਲੋਕ ਸਮਾਜਿਕ,ਆਰਥਿਕ,ਧਾਰਮਿਕ ,ਰਾਜਨੀਤਿਕ ਹਰੇਕ ਪੱਧਰ ਤੇ ਚੇਤੰਨ ਹੁੰਦਿਆਂ “ਪੇ ਬੈਕ ਟੂ ਸੁਸਾਇਟੀ” ਦੇ ਸੰਕਲਪ ਤੇ ਚੱਲਦਿਆਂ ਸ਼ੋੋਸਿਤ ਸਮਾਜ ਦੇ ਹਿੱਤਾਂ ਦੀ ਪੈਰਵਾਈ ਕਰਨ।
ਮੌਜੂਦਾ ਪ੍ਰਸਥਿਤੀਆਂ ਦੇ ਸੰਦਰਭ ਵਿੱਚ ਭਾਰਤੀ ਲੋਕਤੰਤਰ ਸਥਲ ਤੇ ਆਪਣੇ ਅਧਿਕਾਰਾਂ ਪ੍ਰਤੀ ਨਿਮਨ ਵਰਗਾਂ ਵਿੱਚ ਰਾਜਸੀ ਚੇਤਨਾ ਅਤੇ ਮਨੁੱਖੀ ਹੱਕਾਂ ਅਤੇ ਅਧਿਕਾਰਾਂ ਪ੍ਰਤੀ ਸੰਵਿਧਾਨਿਕ ਵਿਵਸਥਾਵਾਂ ਪ੍ਰਤੀ ਜਾਗਰੂਕਤਾ ਦੀ ਘਾਟ ਸਦਕਾ ਇੰਨ੍ਹਾਂ ਲੋਕਾਂ ਉੱਪਰ ਹਰੇਕ ਪੱਧਰ ‘ਤੇ ਸਰੀਰਕ,ਮਾਨਸਿਕ,ਬੌਧਿਕ ਤੇ ਕਈ ਪ੍ਰਕਾਰ ਦੇ ਅਣਮਨੁੱਖੀ ਸ਼ੋਸਣ ਬਾਦਸਤੂਰ ਜਾਰੀ ਹਨ ਜਿਸਦੇ ਪੁਖਤਾ ਸਬੂਤ ਦੇਸ਼ ਭਰ ਵਿੱਚ ਇੰਨ੍ਹਾਂ ਲੋਕਾਂ ਨਾਲ ਵਾਪਰਦੀਆਂ ਨਿਤਾ ਪ੍ਰਤੀ ਦੀਆਂ ਅਸੀਮ ਘਟਨਾਵਾਂ ਪ੍ਰੈਸ ਅਤੇ ਮੀਡੀਏ ਦੀਆਂ ਸੁਰਖੀਆਂ ਬਣਕੇ ਸਾਡੇ ਸਾਹਮਣੇ ਆਉਂਦੀਆਂ ਹਨ।
ਸੰਵਿਧਾਨ ਲਾਗੂ ਹੋਣ ਉਪਰੰਤ ਭਾਵੇਂ ਰਾਖਵਾਂਕਰਨ ਸਦਕਾ ਨਿਮਨ ਵਰਗਾਂ ਵਿੱਚ ਆਰਥਿਕ ਪੱਖੋਂ ਖੁਸ਼ਹਾਲੀ ਦੇ ਦੁਆਰ ਖੁੱਲਣ ਲੱਗੇ।ਪਰ ਸਾਢੇ ਸੱਤ ਦਹਾਕੇ ਬੀਤ ਜਾਣ ਮਗਰੋਂ ਵੀ ਇੰਨ੍ਹਾ ਵਰਗਾਂ ਦੇ ਕੁਝ ਕੁ ਲੋਕਾਂ ਤੱਕ ਹੀ ਇੰਨ੍ਹਾਂ ਵਿਵਸਥਾਵਾਂ ਦਾ ਵਾਸਤਵਿਕ ਲਾਹਾ ਪੁੱਜਿਆ ਜਦਕਿ ਬਹੁ ਗਿਣਤੀ ਨਿਮਨ ਵਰਗ ਅਜੇ ਵੀ ਮਨੂੰਵਾਦੀ ਪ੍ਰੰਪਰਾਗਤ ਭਾਰਤ ਦੇ ਅਛੂਤਾਂ ਵਰਗਾ ਜੀਵਨ ਬਸਰ ਕਰਨ ਲਈ ਅਖੌਤੀ ਉੱਚ ਵਰਗਾਂ ਦੇ ਸ਼ੌਸਣ ਅਤੇ ਅੱਤਿਆਚਾਰਾਂ ਦਾ ਸ਼ਿਕਾਰ ਹਨ।
ਡਾ.ਭੀਮ ਰਾਓ ਅੰਬੇਡਕਰ ਦੇ ਕਲਿਆਣਕਾਰੀ ਸਿੱਧਾਤਾਂ ਨੂੰ ਅਸੀ ਅੰਬੇਡਕਰਵਾਦ ਦੇ ਨਾਮ ਨਾਲ ਜਾਣਦੇ ਹਾਂ।ਜਿਸ ਅਨੁਸਾਰ ਸਮਾਜ ਵਿੱਚ ਸਾਰੇ ਪੱਖਾਂ ਤੋਂ ਦੱਬੇ ਕੁਚਲੇ ਸਮੂਹ ਵਰਗਾਂ ਦੇ ਲੋਕਾਂ ਨੂੰ ਬਣਦੇ ਹੱਕ ਦਿਵਾਉਣ ਤੋਂ ਹੈ ਜਿੰਨ੍ਹਾਂ ਨਾਲ ਇੰਨ੍ਹਾਂ ਵਰਗਾਂ ਦੇ ਜੀਵਨ ਦੇ ਹਰੇਕ ਖੇਤਰ ਵਿੱਚ ਮਨੁੱਖੀ,ਸੱਭਿਅਕ ਅਤੇ ਹਾਂਪੱਖੀ ਸਵੈਮਾਣ ਭਰਪੂਰ ਪਰਿਵਰਤਣ ਆਉਣ।
ਸਮਾਂ ਬੀਤਣ ਦੇ ਨਾਲ-ਨਾਲ ਮਹਾਨ ਦੇਸ਼ ਭਾਰਤ ਵਿੱਚ ਹੋਏ ਭੌਤਿਕੀ ਵਿਕਾਸ ਸਦਕਾ ਅਤੇ ਸਿੱਖਿਆ ਵਰਗੇ ਮੌਲਿਕ ਅਧਿਕਾਰਾਂ ਦੀ ਬਦੌਲਤ ਇੰਨ੍ਹਾਂ ਵਰਗਾਂ ਦੇ ਸੀਮਤ ਲੋਕਾਂ ਵਿੱਚ ਕੁਝੁ ਕੁ ਜਾਗ੍ਰਿਤੀ ਆਈ ਪਰ ਬਹੁ ਸੰਖਿਅਕ ਨਿਮਨ ਵਰਗ ਚੇੇਤਨਾ ਵਿਹੂਣਾ ਹੀ ਰਿਹਾ।ਸ਼ੋਸਿਤ ਸਮਾਜ ਦਾ ਜੋ ਹਿੱਸਾ ਸੰਵਿਧਾਨਿਕ ਵਿਵਸਥਾਵਾਂ ਦੀ ਬਦੌਲਤ ਆਰਥਿਕ ਪੱਖੋਂ ਮਜਬੂਤ ਹੋਇਆ ਸਿਰਫ ਉਨ੍ਹ੍ਹਾਂ ਲੋਕਾਂ ਨੁੰ ਹੀ ਰਾਜਨੀਤਿਕ ਗਲਿਆਰਿਆਂ ਵਿੱਚ ਸਿਆਸੀ ਰਾਖਵੇਂਕਰਨ ਦੀ ਮਜਬੂਰੀ ਤਹਿਤ ਸ਼ਰਨ ਪ੍ਰਾਪਤ ਹੋਈ। ਸੋ ਬਾਬਾ ਸਾਹਿਬ ਦੇ ਕੀਤੇ ਸੰਵਿਧਾਨਿਕ ਉਪਚਾਰ ਇੰਂਨ੍ਹਾਂ ਵਾਸਤੇ ਸਿਆਸੀ ਜੀਵਨ ਦੇ ਦੁਆਰ ਖੋਲਣ ਦੇ ਸਬੱਬ ਬਣੇ।
ਡਾ.ਅੰਬੇਡਕਰ ਦੀ ਵਿਚਾਰਧਾਰਾ ਸੀ ਕਿ ਜੋ ਲੋਕ ਇੰਨ੍ਹਾਂ ਵਰਗਾਂ ਦੀ ਨੁੰਮਾੰਦਗੀ ਸਥਾਨਕ ਜਾਂ ਕੇਂਦਰੀ ਵਿਧਾਨ ਅਤੇ ਸੰਸਦ ਪਾਲਿਕਾਵਾਂ ਵਿੱਚ ਕਰਨਗੇ ਉਹ ਸ਼ੋਸ਼ਿਤ ਵਰਗਾਂ ਦੇ ਮੁੱਦਿਆਂ ਅਤੇ ਉੰਨ੍ਹਾਂ ਖਿਲਾਫ ਹੋਣ ਵਾਲੇ ਅੱਤਿਆਚਾਰਾਂ ਪ੍ਰਤੀ ਆਪਣੀ ਅਵਾਜ ਬੁਲੰਦ ਕਰਨਗੇ।ਜਦਕਿ ਯਥਾਰਤ ਰੂਪ ਵਿੱਚ ਇਹ ਨੁੰਮਾਇੰਦੇ ਸਿਆਸੀ ਪਾਰਟੀਆਂ ਦੀ ਵਫਾਦਾਰੀ ਦੀ ਆੜ ਵਿੱਚ ਮੂਕ ਦਰਸ਼ਕ ਬਣਕੇ ਗਰੀਬਾਂ,ਮਜਲੂਮਾਂ,ਨਿਆਸਰਿਆਂ ਅਤੇ ਗੁਲਾਮਾਂ ਵਰਗਾ ਜੀਵਨ ਬਸਰ ਕਰਦੇ ਇੰਨ੍ਹਾਂ ਨਿਮਨ ਵਰਗਾਂ ਦੇ ਸੰਵਿਧਾਨਿਕ ਹੱਕਾਂ ਪ੍ਰਤੀ ਅਵੇਸਲੇ ਹੋ ਕੇ ਰਹਿ ਗਏ ।
ਡਾ.ਅੰਬੇਡਕਰ ਤੋਂ ਬਾਅਦ ਭਾਰਤੀ ਦਲਿਤ ਜਾਂ ਨਿਮਨ ਸਮਾਜ ਦੀ ਪੀੜਾ ਨੂੰ ਮਹਿਸੂਸਦਿਆਂ ਸਾਹਿਬ ਕਾਸ਼ੀ ਰਾਮ ਜੀ ਨੇ ਕਾਰਵਾਂ ਨੂੰ ਕਲਿਆਣਕਾਰੀ ਮਨੋਰਥ ਨਾਲ ਅੱਗੇ ਤੋਰਦਿਆਂ ਆਪਣੇ ਜੀਵਨ ਕਾਲ ਵਿੱਚ ਸ਼ਲਾਘਾਯੋਗ ਯਤਨ ਕੀਤੇ ਅਤੇ ਦਲਿਤ ਸਮਾਜ ਦੇ ਪੜ੍ਹੇ ਲਿਖੇ ਲੋਕਾਂ ਦੀ ਸ਼ਮੂਲੀਅਤ ਨਾਲ ਇਸ ਸਮਾਜ ਦੇ ਲੋਕਾਂ ਵਿੱਚ ਰਾਜਨੀਤਿਕ ਜਾਗ੍ਰਿਤੀ ਦੀ ਇੱਕ ਵਿਸ਼ਾਲ ਲਹਿਰ ਨੂੰ ਖੜ੍ਹਾ ਕਰਨ ਵਿੱਚ ਵਿਸ਼ੇਸ ਭੂਮਿਕਾ ਨਿਭਾਈ ।
ਦੇਸ਼ ਵਿਦੇਸ਼ ਵਿੱਚ ਡਾ.ਭੀਮ ਰਾਓ ਅੰਬੇਡਕਰ ਦੇ ਨਾਮ ਤੇ ਸਰਕਾਰਾਂ ਜਾਂ ਵੱਖ ਵੱਖ ਸੰਸਥਾਵਾਂ ਵੱਲੋਂ ਉੰਨ੍ਹਾਂ ਨੂੰ ਪ੍ਰੀ ਨਿਰਵਾਣ ਦੇ ਅਵਸਰ ‘ਤੇ ਯਾਦ ਕੀਤਾ ਜਾਂਦਾ ਹੈ ਪਰ ਵਧੇਰੇ ਕਰਕੇ ਨਿਮਨ ,ਸ਼ੋਸਿਤ ਭਾਰਤੀ ਸਮਾਜ ਵਿੱਚ ਚੌਤਰਫੀ ਜਾਗ੍ਰਿਤੀ,ਅੰਬੇਡਕਰਵਾਦ ਦੇ ਅਸਲ ਮਾਅਨੇ,ਡਾ.ਭੀਮ ਰਾਓ ਦੇ ਸੁਫਨਿਆਂ ਦੇ ਆਦਰਸ਼ ਸਮਾਜ ਅਤੇ ਫਲਸਫੇ ਬਾਰੇ ਸ਼ਾਇਦ ਕੋਈ ਵੀ ਗੱਲ ਚਰਚਾ ਦਾ ਵਿਸ਼ਾ ਨਹੀਂ ਬਣਦੀ ।
ਫਲਸਫੇ,ਵਿਚਾਰਧਾਰਾ ਅਤੇ ਕਲਿਆਣਕਾਰੀ ਪਹੁੰਚ ਤੋਂ ਦੂਰੀ ਅਤੇ ਇੰਨ੍ਹਾਂ ਲੋਕਾਂ ਵਿੱਚ ਰਾਜਸੀ ਚੇਤਨਾ ਦੀ ਚਿਣਗ ਲਗਾਉਣ ਦੀ ਅਣਹੋਂਦ ਦਾ ਮੂਲ ਕਾਰਣ ਨਿਮਨ,ਸ਼ੋਸਿਤ ਅਤੇ ਲਤਾੜੇ ਵਰਗਾਂ ਦੇ ਵੋਟ ਬੈਂਕ ਨੂੰ ਆਪਣੇ ਸਿਆਸੀ ਹਿੱਤਾਂ ਨੂੰ ਮਹਿਫੂਜ ਰੱਖਣ ਤੱਕ ਹੀ ਸੀਮਤ ਹੋ ਕੇ ਰਹਿ ਗਿਆ।
ਸਿਆਸੀ ਪਾਰਟੀਆਂ ਜਾਂ ਨਿਮਨ ਸਮਾਜ ਦੇ ਚੁਣੇ ਹੋਏ ਨੁੰਮਾਇੰਦੇ ਆਪਣੀਆਂ ਪਾਰਟੀਆਂ,ਸਰਕਾਰਾਂ ਦੇ ਸੋਹਿਲੇ ਗਾਉਂਦਿਆਂ ,ਡਾ,ਭੀਮ ਰਾਓ ਦੀ ਪ੍ਰਤਿਮਾ ਤੇ ਫੁੱਲ ਅਰਪਿਤ ਕਰਕੇ ਘਰਾਂ ਨੂੰ ਪਰਤ ਜਾਂਦੇ ਹਨ ਅਤੇ ਸਦੀਆਂ ਤੋਂ ਸ਼ੋਸਣ ਦੇ ਸ਼ਿਕਾਰ, ਚੇਤਨਾ ਵਿਹੂਣੇ ਦਲਿਤ ਲੋਕ ਆਪਣੇ ਲੀਡਰਾਂ ਤੋਂ ਮਿਲੀਆਂ ਚੰਦ ਕੁ ਸੁਗਾਤਾਂ ਦੇ ਚਾਅ ਅਤੇ ਤਾੜੀਆਂ ਦੀ ਗੂੰਜ ਵਿੱਚ ਗੁਆਚ ਜਾਂਦੇ ਹਨ।
ਮਾ:ਹਰਭਿੰਦਰ “ਮੁੱਲਾਂਪੁਰ”
ਸੰਪਰਕ:95308-20106
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly