ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਰੋਪੜ-ਬਲਾਚੌਰ ਨੈਸ਼ਨਲ ਹਾਈਵੇ ‘ਤੇ ਸਥਿਤ ਪਿੰਡ ਟੌਂਸਾਂ ਵਿਖੇ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਨਵਾਂਸ਼ਹਿਰ ਵੱਲੋਂ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਪਿੰਡ ਟੌਂਸਾਂ ਅਤੇ ਲਾਗਲੇ ਪਿੰਡਾਂ ਵਿਚੋਂ ਲੋਕਾਂ ਨੇ ਪਹੁੰਚ ਕੇ ਇਸ ਕੈਂਪ ਵਿਚ ਦੱਸੀਆਂ ਸਕੀਮਾਂ ਦਾ ਲਾਭ ਪ੍ਰਾਪਤ ਕੀਤਾ। ਇਸ ਮੌਕੇ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਨਵਾਂਸ਼ਹਿਰ ਕਸ਼ਮੀਰ ਸਿੰਘ ਵੱਲੋਂ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਲੋਕਾਂ ਨੂੰ ਵਿਸਥਾਰ ਪੂਰਵਕ ਜਾਗਰੂਕ ਕੀਤਾ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਉੱਦਮੀ ਕਿਸਾਨਾਂ ਨੂੰ ਖੇਤੀ ਦੇ ਧੰਦੇ ਨਾਲ ਦੁੱਧ ਦਾ ਧੰਦਾ ਕਰਨ ਲਈ ਸਬਸਿਡੀ ‘ਤੇ ਬੈਂਕਾਂ ਪਾਸੋਂ ਲੋਨ ਵੀ ਮੁਹੱਈਆ ਕਰਵਾਇਆ ਜਾਂਦਾ ਹੈ। ਇਸ ਮੌਕੇ ਸਾਬਕਾ ਡਿਪਟੀ ਡਾਇਰੈਕਟਰ ਡੇਅਰੀ ਗੁਰਿੰਦਰਪਾਲ ਸਿੰਘ ਕਾਹਲੋਂ ਵੱਲੋਂ ਦੁਧਾਰੂ ਪਸ਼ੂਆਂ ਦੀ ਸਾਂਭ-ਸੰਭਾਲ, ਨਸਲ ਸੁਧਾਰ ਅਤੇ ਡੇਅਰੀ ਧੰਦੇ ਨਾਲ ਸਬੰਧਿਤ ਨਵੀਆਂ ਤਕਨੀਕਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਮਿੱਲਕਫੈੱਡ ਤੋਂ ਆਏ ਡਿਪਟੀ ਮੈਨੇਜਰ ਪ੍ਰਕਿਓਰਮੈਂਟ ਵੱਲੋਂ ਦੁੱਧ ਅਤੇ ਦੁੱਧ ਦੀ ਮਾਰਕੀਟਿੰਗ ਸਬੰਧੀ ਜਾਗਰੂਕ ਕੀਤਾ ਗਿਆ। ਬਾਗਬਾਨੀ ਵਿਭਾਗ ਤੋਂ ਆਏ ਨੁਮਾਇੰਦੇ ਵੱਲੋਂ ਲੋਕਾਂ ਨੂੰ ਆਪਣੇ ਵਿਭਾਗ ਦੀਆਂ ਸਕੀਮਾਂ ਤੋਂ ਜਾਣੂ ਕਰਵਾਇਆ ਗਿਆ। ਐਡਵੰਟਾਂ ਕੰਪਨੀ ਵੱਲੋਂ ਆਏ ਡਾ. ਅਸ਼ਵਨੀ ਵੱਲੋਂ ਇਕੱਠ ਨੂੰ ਸੰਬੋਧਨ ਕਰਦਿਆਂ ਪਸ਼ੂਆਂ ਵਾਸਤੇ ਹਰੇ ਚਾਰੇ ਅਤੇ ਹਰੇ ਚਾਰੇ ਦੇ ਅਚਾਰ ਸਬੰਧੀ ਜਾਣਕਾਰੀ ਦਿੱਤੀ। ਪਸ਼ੂਆਂ ਦਾ ਬੀਮਾ ਕਰਨ ਲਈ ਬੀਮਾ ਕੰਪਨੀ ਦੇ ਏਜੰਟ ਅਵਤਾਰ ਸਿੰਘ ਨੇ ਸਰਕਾਰ ਵੱਲੋਂ ਚਲਾਈ ਜਾ ਰਹੀ ਪਸ਼ੂਆਂ ਦੇ ਬੀਮਾ ਸਕੀਮ ਦਾ ਲਾਭ ਲੈਣ ਲਈ ਲੋਕਾਂ ਨੂੰ ਉਤਸ਼ਾਹਿਤ ਕੀਤਾ। ਇਸ ਮੌਕੇ ਪਿੰਡ ਟੌਂਸਾਂ ਦੇ ਸਰਪੰਚ ਕੁਲਵੰਤ ਕੌਰ, ਸਾਬਕਾ ਸਰਪੰਚ ਸੋਨੂੰ , ਵੇਰਕਾ ਸੁਸਾਇਟੀ ਦੇ ਸੈਕਟਰੀ ਲਖਵਿੰਦਰ ਸਿੰਘ, ਡੇਅਰੀ ਇੰਸਪੈਕਟਰ ਆਸ਼ੂਤੋਸ਼ ਅਤੇ ਅਮਨਦੀਪ ਆਦਿ ਹਾਜਰ ਸਨ।
https://play.google.com/store/apps/details?id=in.yourhost.samajweekly