(ਸਮਾਜ ਵੀਕਲੀ)– ਜਦੋਂ ਮੈਂ ਪਹਿਲੀ ਵਾਰ ਦੇਸ਼ ਨੂੰ ਗਿਆ ਉਦੋਂ ਮੇਰੇ ਤਿੰਨੇ ਬੱਚੇ ਪਿੰਡ ਤੋਂ ਚਾਰ ਕੁ ਕਿਲੋਮੀਟਰ ਦੂਰ ਇੱਕ ਪਿੰਡ ਦੇ ਸਕੂਲ ਵਿੱਚ ਪੜ੍ਹਦੇ ਸਨ …ਦੋ ਬੱਚੀਆਂ ਅਤੇ ਛੋਟਾ ਕਾਕਾ ਅਮਰਜੀਤ। ਮੇਰੀ ਬੀਬੀ ਪਿੰਡ ਵਿੱਚ ਕਿਸੇ ਤੋਂ ਸੁਣ ਕੇ ਆਈ ਕਿ ਲੁਟਾਂ ਖੋਹਾਂ ਤੇ ਚੋਰੀਆਂ ਕਰਨ ਆਲੇ ਬੰਦੇ ਛੋਟੇ ਛੋਟੇ ਬੱਚਿਆਂ ਤੋਂ ਮਿੱਠੇ ਪਿਆਰੇ ਬਣ ਕੇ ਘਰ ਦਾ ਭੇਤ ਲੈ ਲੈਂਦੇ
ਹਨ ਤੇ ਫਿਰ ਜਿਹਨਾਂ ਦੇ ਬੰਦੇ ਬਾਹਰ ਵਿਦੇਸ਼ ਗਏ ਹੁੰਦੇ ਹਨ ਅਤੇ ਘਰਾਂ ਵਿੱਚ ਔਰਤਾਂ ਅਤੇ ਬੱਚੇ ਹੀ ਹਨ ਇਹ ਲੁਟੇਰੇ ਰਾਤੀਂ ਘਰਾਂ ਵਿੱਚ ਵੜ ਕੇ ਲੁੱਟ ਕੇ ਲੈ ਜਾਂਦੇ ਹਨ।
ਮੇਰੀ ਬੀਬੀ ਅਤੇ ਮੇਰੀ ਘਰ ਵਾਲੀ ਨੇ ਬੱਚਿਆਂ ਨੂੰ ਸਮਝਾਇਆ ਕਿ ਬਾਹਰ ਜੇ ਤੁਹਾਨੂੰ ਕੋਈ ਪੁੱਛੇ ਕਿ ਤੁਹਾਡਾ ਡੈਡੀ ਕੀ ਕਰਦਾ ਤਾਂ ਤੁਸੀਂ ਇਹ ਨਹੀਂ ਦੱਸਣਾ ਕਿ ਉਹ ਮਨੀਲੇ ਗਿਆ ਹੋਇਆ ਸਗੋਂ ਤੁਸੀਂ ਆਖਣਾ ਕਿ ਉਹ ਇੱਥੇ ਈ ਆ ਦਿਹਾੜੀਦੱਪਾ ਕਰਦਾ ਪਰ ਬੱਚੇ ਮੂਹਰਿਉਂ ਕਹਿੰਦੇ ਕਿ ਤੁਸੀਂ ਤਾਂ ਰੋਜ਼ ਸਾਨੂੰ ਕਹਿੰਦੇ ਰਹੇ ਓ ਬਈ ਝੂਠ ਨਹੀਂ ਬੋਲਣਾ ਅਤੇ ਸਕੂਲ ਵਿੱਚ ਮੈਡਮਾਂ ਵੀ ਕਹਿੰਦੀਆਂ ”ਸਦਾ ਸੱਚ ਬੋਲ਼ੋ”। ਮੈਂ ਬੜੇ ਪਿਆਰ ਨਾਲ ਸਾਰੀ ਕਹਾਣੀ ਬੱਚਿਆਂ ਨੂੰ ਸਮਝਾਈ ਅਤੇ ਆਖਿਆ ਤੁਸੀਂ ਆਮ ਜ਼ਿੰਦਗੀ ਵਿੱਚ ਵਾਕਈ ਝੂਠ ਨਹੀਂ ਬੋਲਣਾ ..ਆਹ ਥੋੜ੍ਹਾ ਜਿਹਾ ਬੋਲਣਾ ਹੀ ਪੈਣਾ। ਅਮਰਜੀਤ ਬਾਹਰ ਖੇਡਣ ਚਲਾ ਗਿਆ। ਸ਼ਾਮ ਨੂੰ ਸਾਡੇ ਮਹੱਲੇ ਸਾਡੇ ਲਿਹਾਜ਼ੀ ਤੀਵੀਂ ਆਦਮੀ ਸਾਡੇ ਘਰ ਆਏ ਇਹ ਦੱਸਣ ਕਿ ਅਵਦੇ ਮੁੰਡੇ ਨੂੰ ਬਹੁਤਾ ਬਾਹਰ ਨਾਂ ਭੇਜਿਆ ਕਰੋ ਨਾਲੇ ਸਮਝਾਵੋ ਇਹ ਸਾਡੇ ਘਰ ਜਾ ਕੇ ਕਹਿੰਦਾ ਬਈ ਮੇਰਾ ਡੈਡੀ ਕਿੰਨੇ ਈ ਪੈਸੇ ਲੈ ਕੇ ਆਇਆ ਮਨੀਲੇ ਤੋਂ ਤੇ ਉਹ ਸਾਰੇ ਪੈਸੇ ਮੇਰੀ ਮੰਮੀ ਨੇ ਲੀੜਿਆਂ ਵਾਲੀ ਲਮਾਰੀ ‘ਚ ਰੱਖੇ ਆ…ਹੋ ਸਕਦਾ ਹੋਰੀਂ ਘਰੀਂ ਵੀ ਦੱਸ ਆਇਆ ਹੋਵੇ। ਪਹਿਲਾਂ ਤੋਂ ਈ ਡਰੀਆਂ ਹੋਈਆਂ ਮੇਰੀ ਘਰ ਵਾਲੀ ਅਤੇ ਬੀਬੀ ਜੀ ਹੋਰ ਵਧੇਰੇ ਡਰ ਗਈਆਂ।
ਅਗਲੇ ਦਿਨ ਐਂਤਵਾਰ ਸੀ ਸੋ ਸਾਰਾ ਦਿਨ ਬੱਚਿਆਂ ਨੂੰ ਸਮਝਾਇਆ ਗਿਆ। ਅਗਲੇ ਦਿਨ ਬੱਚੇ ਸਕੂਲ ਨੂੰ ਗਏ ਅਤੇ ਸ਼ਾਮ ਨੂੰ ਸ਼ਾਹਕੋਟ ਤੋਂ ਆ ਰਹੀ ਬੱਸ ਵਿੱਚ ਬੈਠਕੇ ਆ ਗਏ ਪਰ ਉਹ ਡਰੇ ਡਰੇ ਜੇਹੇ ਪ੍ਰਤੀਤ ਹੋ ਰਹੇ ਸਨ ਜਦੋਂ
ਅਸੀਂ ਪੁੱਛਿਆ ਕੀ ਗੱਲ ਹੋਈ ਤਾਂ ਉਨ੍ਹਾਂ ਦੱਸਿਆ ਕਿ ਜਦੋਂ ਅਸੀਂ ਬੱੱਸ ਵਿੱਚ ਚੜ੍ਹੇ ਤਾਂ ਬੱਸ ਵਿੱਚ ਬੈਠੇ ਇੱਕ ਅੰਕਲ ਜੀ ਨੇ ਸਾਨੂੰ ਬੜੇ ਪਿਆਰ ਨਾਲ ਬੁਲਾਇਆ ਅਤੇ ਪੁੱਛਿਆ ਕਿ ਤੁਹਾਡੇ ਡੈਡੀ ਦਾ ਕੀ ਨਾਮ ਹੈ ਤੇ ਅਸੀਂ ਦੱਸ ਦਿੱਤਾ ਫਿਰ ਉਹਨੇ ਪੁੱਛਿਆ ਤੁਹਾਡਾ ਡੈਡੀ ਕੀ ਕੰਮ ਕਰਦਾ ਤਾਂ ਅਸੀਂ ਤਿੰਨਾਂ ਨੇ ਫਟਾਫਟ ਜੁਆਬ ਦਿੱਤਾ…ਜੀ ਦਿਹਾੜੀ ਦੱਪਾ।ਸਾਡਾ ਜੁਆਬ ਸੁਣਕੇ ਉਹ ਅੰਕਲ ਬਹੁਤ ਹੱਸਿਆ ਨਾਲੇ ਕਹਿੰਦਾ ਉਏ ਤੁਸੀਂ ਝੂਠ ਬੋਲਦੇ ਆਂ ਤੁਹਾਡਾ ਡੈਡੀ ਤਾਂ ਮਨੀਲੇ ਰਹਿੰਦਾ..ਤੇ ਏਦਾਂ ਬੇਜ਼ਤੀ ਹੋਗੀ ਸਾਡੀ। ਅਗਲੇ ਦਿਨ ਜਦੋਂ ਮੈਂ ਅੱਡੇ ਵੱਲ ਗੇੜਾ ਮਾਰਨ ਗਿਆ ਤਾਂ
ਦਰਜ਼ੀ ਦੀ ਦੁਕਾਨ ਕਰਦਾ ਮੇਰਾ ਇੱਕ ਪੁਰਾਣਾ ਮਿੱਤਰ ਜਿਹੜਾ ਮੇਰੇ ਬੱਚਿਆਂ ਨੂੰ ਜਾਣਦਾ ਸੀ ਉਸਨੇ ਦੱਸਿਆ ਕਿ ਕੱਲ੍ਹ ਬੱਸ ਵਿੱਚ ਤੇਰੇ ਬੱਚੇ ਵੇਖੇ..ਏਹੀ ਉਹ ਅੰਕਲ ਸੀ ਜਿਸ ਤੋਂ ਬੱਚੇ ਡਰ ਗਏ ਸਨ।
ਬਲਦੇਵ ਸਿੰਘ ”ਪੂਨੀਆਂ”
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly