ਪੁਰਾਣੇ ਸਮਿਆਂ ਦੇ ਰਿਵਾਜਾਂ ਅਤੇ ਪਰੰਪਰਾਵਾਂ ਦੀ ਇੱਕ ਮਿਠੀ ਯਾਦ , ਪੱਖੀ

 ਪਲਕਪ੍ਰੀਤ ਕੌਰ ਬੇਦੀ
ਪਲਕਪ੍ਰੀਤ ਕੌਰ ਬੇਦੀ

(ਸਮਾਜ ਵੀਕਲੀ)  ਅਜੋਕੇ ਸਮੇਂ ਵਿੱਚ ਜਿੱਥੇ ਅਸੀਂ ਗਰਮੀ ਤੋਂ ਰਾਹਤ ਪਾਉਣ ਲਈ ਬਿਜਲੀ ਦੇ ਪੱਖੇ ਅਤੇ ਏਅਰ ਕੰਡੀਸ਼ਨ ਦੀ ਵਰਤੋਂ ਕਰ ਰਹੇ ਹਾਂ ਉੱਥੇ ਹੀ ਗਲ੍ਹ ਕਰੀਏ ਪੁਰਾਣੇ ਵੇਲਿਆਂ ਦੀ ਜਦੋਂ ਬਿਜਲੀ ਵੀ ਨਹੀਂ ਹੁੰਦੀ ਸੀ ਤਾਂ ਹਵਾ ਝਲਣ ਵਾਲੀ ਪੱਖੀ ਹਰ ਘਰ ਦਾ ਸ਼ਿੰਗਾਰ ਹੁੰਦੀ ਸੀ। ਇਸ ਨੂੰ ਸਾਧਾਰਣ ਤੌਰ ਤੇ, ਡੰਡੀ ਤੋ ਫੜਕੇ ਹੱਥ ਨਾਲ ਹੀ ਚਲਾਇਆ ( ਘੁਮਾਇਆ ) ਜਾਂਦਾ। ਜਿਸ ਨੂੰ ਪੱਖੀ ਝਲਣਾ ਕਿਹਾ ਜਾਂਦਾ, ਜੋਕਿ ਹਵਾ ਦੇ ਨਾਲ ਇੰਨਸਾਨ ਨੂੰ ਗਰਮੀ ਤੋਂ ਰਾਹਤ ਦਿੰਦੀ ਸੀ।  ਜਿਸ ਦੀ ਲੋੜ ਘਰ ਦੇ ਹਰ ਜੀਅ ਨੂੰ ਹੁੰਦੀ ਸੀ। ਘਰਾਂ ਦੇ ਬਜ਼ੁਰਗ ਤਾਂ ਇਸ ਤੋਂ ਬਿਨਾਂ ਆਪਣੇ ਆਪ ਨੂੰ ਅਧੂਰਾ ਹੀ ਮੰਨਦੇ ਸਨ। ਸਮੇਂ ‘ਚ ਆਏ ਬਦਲਾਅ ਅਤੇ ਹਵਾ ਦੇਣ ਵਾਲੇ ਵੱਖ ਵੱਖ ਤਰ੍ਹਾਂ ਦੇ ਸਾਧਨਾਂ ਦੇ ਆਉਣ ਨਾਲ ਇਹ ਪੱਖੀ ਸਾਡੇ ਵਿਰਸੇ ‘ਚੋਂ ਅਲੋਪ ਤਾਂ ਜਰੂਰ ਹੋਈ ਪਰ ਫਿਰ ਵੀ ਇਸ ਦਾ ਸਥਾਨ ਅੱਜ ਵੀ ਟਾਂਵੇਂ ਟਾਂਵੇਂ ਘਰਾਂ ‘ਚ ਜਰੂਰ ਬਣਿਆ ਹੋਇਆ ਹੈ।

ਪੱਖੀ ਨੂੰ ਲਕੜੀ, ਬਾਂਸ, ਪੱਤੇ, ਲੋਹੇ ਦੀ ਤਾਰ ਜਾਂ ਪਲਾਸਟਿਕ ਤੋਂ ਬਣਾਇਆ ਜਾਂਦਾ ਸੀ। ਕਈ ਪੱਖੀਆਂ ਨੂੰ ਮਖਮਲ ਦੇ ਕਪੜੇ ਉਪਰ ਰੰਗ-ਬਰੰਗੇ ਊਨੀ ਧਾਗੇ ਨਾਲ ਵੱਖੋ ਵੱਖ ਡਿਜ਼ਾਇਨਾਂ ਨਾਲ ਤਿਆਰ ਕੀਤਾ ਜਾਂਦਾ ਅਤੇ ਹਵਾ ਝੱਲਣ ਲਈ ਪੱਖੀ ਦੇ ਅੱਗੇ ਕੱਪੜੇ ਦੀ ਝਾਲਰ ਲਗਾਈ ਜਾਂਦੀ। ਪੱਖੀ ਦੇ ਕੰਨਿਆ ‘ਤੇ ਜਾਂ ਕਿਸੇ ਖਾਸ ਥਾਂ ‘ਤੇ ਘੁੰਗਰੂਆਂ ਨੂੰ ਵੀ ਬੰਨ੍ਹਿਆ ਜਾਂਦਾ, ਤਾਂ ਜੋ ਜਦੋਂ ਹਵਾ ਲੈਣ ਲਈ ਪੱਖੀ ਚਲਾਈ ਜਾਵੇ, ਤਾਂ ਇਹਨਾਂ ਘੁੰਗਰੂਆਂ ਤੋਂ ਨਿਕਲੀ ਸੁਰੀਲੀ ਧੁਨ ਸਾਡੇ ਮਨ ਨੂੰ ਮੋਹ ਲਵੇ। ਸਭ ਤੋਂ ਵੱਧ ਮਜ਼ਬੂਤੀ ਅਤੇ ਸੁੰਦਰਤਾਂ ਹਾਸਿਲ ਕਰਨ ਵਾਲੀ ਕਲਕੱਤੇ ਦੀ ਪੱਖੀ ਰਹੀ। ਕਲਕੱਤੇ ਦੀ ਪੱਖੀ ਤੇ ਸਾਨੂੰ ਸਿਰਜਣ ਹਾਰੇ ਦੀ ਕਲਾ ਦਾ ਨਮੂਨਾ ਵੀ ਦੇਖਣ ਨੂੰ ਮਿਲਦਾ ਸੀ ਕਿਉਂਕਿ ਇਹ ਬਹੁਤ ਹੀ ਸੁੰਦਰ ਕੈਲਿਗ੍ਰਾਫ ਅਤੇ ਸਜਾਵਟੀ ਕੰਮ ਨਾਲ ਸੁਸ਼ੋਭਿਤ ਹੁੰਦੀ ਰਹੀ। ਇਸ ਦੀ ਸਜਾਵਟ ਵਿੱਚ ਕਈ ਰੰਗਾਂ ਅਤੇ ਡਿਜ਼ਾਈਨਾਂ ਦੀ ਵਰਤੋਂ ਕੀਤੀ ਜਾਂਦੀ । ਕਈ ਵਾਰ ਇਸ ਨੂੰ ਸੁੰਦਰ ਬੋਡਰ ਅਤੇ ਸੁਨਹਰੀ ਧਾਗੇ ਨਾਲ ਵੀ ਸਜਾਇਆ ਜਾਂਦਾ। ਇਹ ਸਾਜ-ਸਜਾਵਟ ਇਸਨੂੰ ਹੋਰ ਵੀ ਆਕਰਸ਼ਕ ਬਣਾਉਂਦੀ ਹੈ। ਕਲਕੱਤੇ ਦੀ ਪੱਖੀ ਹਵਾ ਨੂੰ ਹੋਰ ਵੀ ਠੰਡਾ ਕਰਨ ਵਿੱਚ ਮਦਦਗਾਰ ਸਿੱਧ ਹੋਈ।
ਪੱਖੀ, ਜਿਸ ਦੀ ਵਰਤੋਂ ਪੁਰਾਤਨ ਸਮਿਆਂ ਤੋਂ ਹੀ ਹੁੰਦੀ ਰਹੀ ਅਤੇ ਇਹ ਸਿਰਫ ਹਵਾ ਝਲਣ ਦੇ ਸਾਧਨ ਤੱਕ ਹੀ ਸੀਮਿਤ ਨਹੀਂ ਸੀ, ਬਲਕਿ ਇਸ ਨੇ ਪੰਜਾਬੀ ਜੀਵਨ ਸ਼ੈਲੀ ਅਤੇ ਸਭਿਆਚਾਰ ਵਿੱਚ ਇੱਕ ਵਿਲੱਖਣ ਸਥਾਨ ਵੀ ਹਾਸਿਲ ਕੀਤਾ। ਇਸ ਤੋਂ ਇਲਾਵਾ, ਪੰਜਾਬੀ ਸਾਹਿਤ, ਕਵਿਤਾਵਾਂ ਅਤੇ ਪੰਜਾਬੀ ਲੋਕ ਗੀਤਾਂ ਵਿੱਚ ਵੀ ਪੱਖੀ ਨੇ ਆਪਣੀ ਅਮਿੱਟ ਛਾਪ ਛੱਡੀ। ਘੁੰਗਰੂਆਂ ਵਾਲੀ ਪੱਖੀ ਦਾ ਜਿਕਰ ਪ੍ਰਕਾਸ਼ ਕੌਰ ਵਲੋਂ ਗਾਏ ਇਕ ਪ੍ਰਸਿੱਧ ਲੋਕਗੀਤ , “ਵੇ ਲੈ ਦੇ ਮੈਨੂੰ ਮਖਮਲ ਦੀ, ਪੱਖੀ ਘੁੰਗਰੂਆਂ ਵਾਲੀ…” ਅਤੇ ਕਲਕੱਤੇ ਦੀ ਪੱਖੀ ਦਾ ਜ਼ਿਕਰ ਮਹੁੰਮਦ ਸਦੀਕ ਅਤੇ ਰਣਜੀਤ ਕੌਰ ਵਲੋਂ ਗਾਏ  ਗੀਤ ” ਕਲਕੱਤੇਉਂ ਪੱਖੀ ਲਿਆਦੇ, ਝਲੂੰਗੀ ਸਾਰੀ ਰਾਤ ਵੇ… ” ਵਿਚ ਮਿਲਦਾ ਹੈ ।
ਪੱਖੀਆਂ ਦੀ ਵਰਤੋਂ ਸਿਰਫ਼ ਘਰਾਂ ਤੱਕ ਹੀ ਸੀਮਿਤ ਨਹੀਂ, ਬਲਕਿ ਇਹ ਪੰਜਾਬੀ ਲੋਕ ਨਾਚ ਭੰਗੜੇ ਅਤੇ ਗਿੱਧੇ ਵਿੱਚ ਵੀ ਵਰਤੀ ਜਾਂਦੀ ਹੈ। ਨੱਚਣ ਗਾਉਣ ਦੇ ਮੌਕੇ ‘ਤੇ, ਇਸ ਪੱਖੀ ਦੀ ਹਵਾ ਅਤੇ ਘੁੰਗਰੂਆਂ ਦੀ ਆਵਾਜ਼ ਨਾਲ ਨੱਚਣ ਵਾਲੇ ਨੂੰ ਹੋਰ ਵੀ ਪ੍ਰੇਰਨਾ ਅਤੇ ਖੁਸ਼ੀ ਮਿਲਦੀ ਹੈ। ਇਸ ਤਰ੍ਹਾਂ ਪੱਖੀ ਸਾਨੂੰ ਸਾਡੇ ਸੱਭਿਆਚਾਰ ਅਤੇ ਕਲਾ ਨਾਲ ਵੀ ਜੋੜਦੀ ਹੈ।
ਪੰਜਾਬੀ ਲੋਕਧਾਰਾ ਦੇ ਮਹੱਤਵਪੂਰਨ ਹਿੱਸੇ ਪੱਖੀ ਨੂੰ ਜਿੱਥੇ ਗਰਮੀ ਦੂਰ ਕਰਨ ਲਈ ਤਾਂ ਝਲੀਆ ਹੀ ਜਾਂਦਾ ਸੀ ਉੱਥੇ ਹੀ ਇਸ ਨੂੰ ਪ੍ਰਾਹੁਣਚਾਰੀ ਦੇ ਪ੍ਰਗਟਾਵੇ ਲਈ ਬਹੁਤ ਪਿਆਰੇ ਢੰਗ ਨਾਲ ਪੇਸ਼ ਕੀਤਾ ਜਾਂਦਾ ਸੀ। ਘਰ ਆਏ ਪ੍ਰਾਹੁਣੇ ਲਈ ਵਿਸ਼ੇਸ਼ ਕਢਾਈ ਅਤੇ ਝਾਲਰਾਂ ਵਾਲੀ ਪੱਖੀ ਰੱਖੀ ਜਾਂਦੀ ਅਤੇ ਇਸ ਨੂੰ ਕਈ ਵਾਰ ਤਾਂ ਘਰ ਦਾ ਕੋਈ ਜੀਅ ਆਪ ਹੀ ਕੋਲ ਬਹਿ ਕੇ ਪੱਖੀ ਦੀ ਝਲ ਮਾਰਦਾ।
ਵਰਤੋਂ ਦੀ ਮੁੱਲਵਾਨ ਵਸਤ ਪੱਖੀ ਪੁਰਾਣੇ ਸਮਿਆਂ ਦੇ ਰਿਵਾਜਾਂ ਅਤੇ ਪਰੰਪਰਾਵਾਂ ਦੀ ਇੱਕ ਮਿਠੀ ਯਾਦ ਵੀ ਹੈ। ਪੁਰਾਣੇ ਸਮੇਂ ਵਿੱਚ ਕੁੜੀਆਂ ਆਪਣੇ ਦਾਜ ਲਈ ਸਤ ਜਾਂ ਗਿਆਰਾਂ ਪੱਖੀਆਂ ਆਪਣੇ ਹੱਥੀਂ ਤਿਆਰ ਕਰਦੀਆਂ, ਜੋਕਿ ਸੌਹਰੇ ਘਰ ‘ਚ ਹੱਥੀ ਕਲਾ ਕ੍ਰਿਤੀ ਦਾ ਨਮੂਨਾ ਵੀ ਪੇਸ਼ ਕਰਦੀ। ਨਾਨਕੀ ਸ਼ੱਕ ਲਈ ਵੀ ਦੋਹਤੀ ਦੇ ਦਾਜ ਲਈ ਪੱਖੀ ਤਿਆਰ ਕੀਤੀ ਜਾਂਦੀ। ਇਸ ਤਰ੍ਹਾਂ ਪੰਜਾਬੀ ਰੀਤੀ ਰਿਵਾਜਾਂ ਵਿੱਚ ਪੱਖੀ ਦਾ ਵਿਸ਼ੇਸ਼ ਸਥਾਨ ਰਿਹਾ।
ਅੱਜ ਦੇ ਸਮੇਂ ਵਿੱਚ ਵੀ, ਜਦੋਂ ਕਿ ਮਾਡਰਨ ਟਕਨਾਲੋਜੀ ਨੇ ਬਹੁਤ ਤਰੱਕੀ ਕਰ ਲਈ ਹੈ, ਇਸ ਨਾਲ ਪੱਖੀ ਦੀ ਮਹੱਤਤਾ ਘੱਟ ਜਰੂਰ ਹੋਈ ਹੈ ਪਰ ਲੁਪੱਤ ਨਹੀਂ ਹੋਈ। ਅੱਜ ਵੀ ਕਈ ਲੋਕ ਇਸ ਨੂੰ ਆਪਣੇ ਘਰਾਂ ਵਿੱਚ ਸਿਰਫ ਸਜਾਵਟ ਲਈ ਹੀ ਨਹੀਂ ਬਲਕਿ ਇੱਕ ਯਾਦਗਾਰ ਵਜੋਂ ਵੀ ਰੱਖਦੇ ਹਨ। ਇਹ ਸਾਡੀ ਸੱਭਿਆਚਾਰਕ ਪਹਿਚਾਨ ਨੂੰ ਮਜ਼ਬੂਤ ਬਣਾਉਂਦੀ ਹੈ ਅਤੇ ਸਾਡੇ ਬਜੁਰਗਾਂ ਦੀ ਕਲਾ ਅਤੇ ਰਵਾਇਤਾਂ ਨੂੰ ਜਿਉਂਦਾ ਰੱਖਦੀ ਹੈ। ਸਾਡੇ ਘਰਾਂ ਵਿੱਚ ਖੁਸ਼ੀ ਅਤੇ ਠੰਢਕ ਬਰਕਰਾਰ ਰਖਦੀ ਹੈ।
 ਪਲਕਪ੍ਰੀਤ ਕੌਰ ਬੇਦੀ
 ਕੇ,ਐਮ.ਵੀ. ਕਾਲਜੀਏਟ 
 ਸੀਨੀਅਰ ਸੈਕੰਡਰੀ ਸਕੂਲ, 
 ਜਲੰਧਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleSAMAJ WEEKLY = 19/07/2024
Next articleਚੱਲ ਉੱਠਜਾ ਹੁਣ ਤਾਂ ਪੰਜਾਬ ਸਿਆ