(ਸਮਾਜ ਵੀਕਲੀ)
ਇਹ ਕੈਸਾ ਦਸਤੂਰ ਵੇ ਲੋਕਾ
ਇਹ ਕੈਸਾ ਦਸਤੂਰ !!!
ਅਮੀਰ ਜਨਾਂ ਨੇ ਬਣਤ ਬਣਾਈ
ਤਾਕਤ ਦੀ ਹੈ ਧਾਂਕ ਜਮਾਈ,
ਚੋਰ-ਉਚੱਕਾ ਚੌਧਰ ਕਰਦਾ
ਸਾਊ-ਪੁਰਸ਼ ਦੀ ਸ਼ਾਮਤ ਆਈ।
ਪੈਸੇ ਵਾਲਾ ਮੌਜ ਉਡਾਏ
ਰੁਲ਼ਦਾ ਹੈ ਮਜ਼ਦੂਰ ਵੇ ਲੋਕਾ।
ਇਹ ਕੈਸਾ ਦਸਤੂਰ ਵੇ ਲੋਕਾ।।
ਵਿਹਲੜ ਬੰਦਾ ਐਸ਼ ਉਡਾਵੇ
ਸੋਹਣਾ ਪਹਿਨੇ, ਵਧੀਆ ਖਾਵੇ,
ਖੁਦ ਨੂੰ ਰੱਬ ਅਖਵਾਉਂਦਾ ਵੇਖੋ
ਆਪਣੇ ਨਾਂ ਦੇ ਸੋਹਲੇ ਗਾਵੇ।
ਭੂਤਨੇ ਵਾਂਗਰ ਸਿੱਰ ਚੱੜ੍ਹ ਬੋਲੇ
ਹੈਂਕੜ ਅਤੇ ਫ਼ਤੂਰ ਵੇ ਲੋਕਾ।
ਇਹ ਕੈਸਾ ਦਸਤੂਰ ਵੇ ਲੋਕਾ।।
ਭੱਠੇ ਉੱਤੇ ਇੱਟਾਂ ਥੱਪੇ
ਕੁੱਛੜ ਚੁੱਕੇ ਹੋਏ ਬੱਚੇ,
ਰੱਬ ਚੰਦਰੇ ਨੂੰ ਤਰਸ ਨਾ ਆਵੇ
ਤੰਗੀ-ਤੁਰਸ਼ੀ ਦੇ ਦਿਨ ਕੱਟੇ।
ਅਬਲਾ ਦੀ ਹੈ ਅਸਮਤ ਵਿਕਦੀ
ਮਿੱਟੀ ਰਲ਼ੇ ਸੰਧੂਰ ਵੇ ਲੋਕਾ।
ਇਹ ਕੈਸਾ ਦਸਤੂਰ ਵੇ ਲੋਕਾ।।
ਸਰਕਾਰਾਂ ਦੀ ਜੋ ਕਾਰਗੁਜ਼ਾਰੀ
ਰਿਸ਼ਵਤ ਵਿੱਚ ਪੂਰੀ ਸਰਦਾਰੀ,
ਨਿਆਂਪਾਲਿਕਾ ਵਿਕ ਚੁੱਕੀ ਹੈ
ਅਪੀਲ-ਦਲੀਲ ਹੈ ਹੰਭੀ-ਹਾਰੀ।
ਭਰਿਸ਼ਟਾਚਾਰ ਦੀ ਤੂਤੀ ਬੋਲੇ
ਕਨੂੰਨ ਹੈ ਚਕਨਾਂ-ਚੂਰ ਵੇ ਲੋਕਾ।
ਇਹ ਕੈਸਾ ਦਸਤੂਰ ਵੇ ਲੋਕਾ।।
ਬੱਚਿਆਂ ਨਾਲ ਪਿਆਰ ਨਹੀਂ ਹੈ
ਵੱਡਿਆਂ ਦਾ ਸਤਿਕਾਰ ਨਹੀਂ ਹੈ,
ਅੱਜ ਔਲਾਦ ਕਰੇ ਮਨ-ਆਈਆਂ
ਧੀ-ਪੁੱਤ ਕਹਿਣੇ-ਕਾਰ ਨਹੀਂ ਹੈ।
ਬਾਪੂ ਦੀ ਚਿੱਟੀ ਪੱਗ ਰੁਲ਼ਦੀ
ਰੁਲ਼ਦਾ ਮਾਣ-ਗਰੂਰ ਵੇ ਲੋਕਾ।
ਇਹ ਕੈਸਾ ਦਸਤੂਰ ਵੇ ਲੋਕਾ।।
ਜਾਤ ਪਾਤ ਦਾ ਕੋੜ੍ਹ ਸਤਾਵੇ
ਛੂਤ-ਛਾਤ ਦਾ ਝੋਰਾ ਖਾਵੇ,
ਬੰਦੇ ਨੂੰ ਕਰੇ ਨਫ਼ਰਤ ਬੰਦਾ
ਮਾਨਵਤਾ ਨੂੰ ਪਿਆ ਡਰਾਵੇ।
ਉੱਚੇ-ਨੀਵੇਂ ਵਰਣ ‘ਚ ਵੰਡਿਆ
ਹੈ ਆਦਤ ਤੋਂ ਮਜਬੂਰ ਵੇ ਲੋਕਾ।
ਇਹ ਕੈਸਾ ਦਸਤੂਰ ਵੇ ਲੋਕਾ।।
ਭਾਗੋ ਦੇ ਘਰ ਰਿੱਝਣ ਖੀਰਾਂ
ਲਾਲੋ ਵਸਦਾ ਵਾਂਗ ਫਕੀਰਾਂ,
ਨਾਨਕ-ਪੰਧ ਤੋਂ ਭੱਟਕੇ ਰਾਹੀ
ਡੇਰਿਆਂ ਵੱਲ ਤੁਰੇ ਘੱਤ ਵਹੀਰਾਂ।
ਨਛੱਤਰ ਭੋਗਲ, ਸ਼ਬਦ ਤੋਂ ਨਾਬਰ
ਗ਼ੈਰ ਦਾ ਨਹੀਂ ਕਸੂਰ ਵੇ ਲੋਕਾ।
ਇਹ ਕੈਸਾ ਦਸਤੂਰ ਵੇ ਲੋਕਾ।।
ਨਛੱਤਰ ਸਿੰਘ ਭੋਗਲ
ਭਾਖੜੀਆਣਾ (U.K)
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly