(ਸਮਾਜ ਵੀਕਲੀ)-ਬੱਚਿਆਂ ਦੇ ਸਕੂਲ ਦਾ ਸੇਵਾਦਾਰ ਗੁਰਮੇਲ ਕੱਲ ਸਵੇਰ ਦੀ ਸੈਰ ਸਮੇਂ ਮਿਲਿਆ ਤਾਂ…
ਗੁਰਮੇਲ ਕੀ ਹਾਲ ਬਈ, ਅੱਜ ਸਾਡੀ ਨਗਰੀ ਵਲ ਕਿੱਧਰ?
ਮੈ ਤੜਕ ਸਵੇਰ ਨੂੰ ਗੁਰਮੇਲ ਨੂੰ ਪਿੰਡ ਦੇਖ ਹੈਰਾਨੀ ਨਾਲ ਪੁੱਛਿਆ |
ਭਾਜੀ ਮੈ ਵੀ ਥੋਡੇ ਪਿੰਡ ਹੀ ਆ ਗਿਆ ਹੁਣ ਉਹ ਫੁੱਟਬਾਲ ਵਾਲੀ ਕੋਠੀ ਚ…. ਗੁਰਮੇਲ ਨੇ ਇਸ਼ਾਰਾ ਕਰਦੇ ਨੇ ਕਿਹਾ |
ਆਹਾ!ਨਜ਼ਾਰੇ ਬੱਝ ਗਏ ਗੁਰਮੇਲ, ਪਰ ਕੀ ਕਿਰਾਇਆ ਲੈਂਦੇ ਸਾਡੇ ਪਿੰਡ ਵਾਲੇ ਵਲੈਤੀਏ ਤੇਰੇ ਕੋਲੋਂ ਕੋਠੀ ਦਾ?
ਮੈ ਮਨੋ ਮਨੀ ਇੱਕ ਪ੍ਰਾਈਵੇਟ ਸੇਵਾਦਾਰ ਦੀ ਵੇਤਨ ਦਾ ਅੰਦਾਜਾ ਲਾਉਂਦੇ ਹੋਏ ਗੁਰਮੇਲ ਨੂੰ ਅਗਲਾ ਸਵਾਲ ਕਰ ਦਿੱਤਾ |
ਨਹੀਂ ਭਾਜੀ ਕਿਰਾਇਆ ਤਾਂ ਕੋਈ ਨਹੀਂ ਮੇਰਾ,ਸਗੋਂ ਉਲਟਾ ਮੈਨੂੰ ਚਾਰ ਹਜ਼ਾਰ ਦਿੰਦੇ ਨੇ |ਗੁਰਮੇਲ ਨੇ ਹਲਕੀ ਮੁਸਕਾਨ ਨਾਲ ਮੋੜਵਾਂ ਜਵਾਬ ਦਿੱਤਾ |
ਮੇਰੇ ਅੰਦਰੋਂ ਬੜੀ ਹੈਰਾਨੀ ਤੇ ਉਤਸੁਕਤਾ ਭਰਿਆ ਅਗਲਾ ਸਵਾਲ ਇਕਦਮ ਬਾਹਰ ਆਇਆ,
ਹੈਂਅ!ਰਹਿੰਦਾ ਵੀ ਉਨ੍ਹਾਂ ਦੇ ਘਰ ਤੇ ਨਾਲ ਪੈਸੇ ਵੀ ਦਿੰਦੇ ਇਹ ਕੀ ਕੌਤਕ ਗੁਰਮੇਲ?
ਅਸਲ ਵਿੱਚ ਹਣਾ ਕੋਠੀ ਵਾਲਿਆਂ ਦਾ ਮਹਿੰਗੇ ਭਾਅ ਦਾ ਕੁੱਤਾ ਰੱਖਿਆ ਹੋਇਆ ਇੱਕ ‘ਪਿੱਟ ਬੁਲ’ ਉਹਦੀ ਸਾਂਭ ਸੰਭਾਲ ਤੇ ਮਹੀਨੇ ਚ ਤਿੰਨ ਕੁ ਵਾਰ ਕੋਠੀ ਦਾ ਜਿੰਦਰਾ ਖੋਲ ਝਾੜੂ ਪੋਚਾ ਕਰਨ ਦਾ ਜਿੰਮਾ ਮੇਰਾ ਹੀ ਆ |
ਏਸੇ ਲਈ ਮੈਨੂੰ ਕਿਰਾਏ ਦੇ ਨਾਲ ਨਾਲ ਬਿਜਲੀ ਵੀ ਮੁਫ਼ਤ ਮਿਲੀ, ਹੋਰ ਤੇ ਹੋਰ, ਕੁੱਤਾ ਗਰਮੀ ਨਹੀਂ ਸਹਾਰਦਾ ਉਹਦੇ ਕਰਕੇ ਸਾਨੂੰ ਗਰੀਬਾਂ ਨੂੰ ਵੀ ਏ.ਸੀ ਦੀ ਹਵਾ ਫੱਕਣ ਨੂੰ ਮਿਲ ਜਾਂਦੀ ਰਾਤ ਨੂੰ |ਐਤਕੀ ਗਰਮੀਆਂ ਗਰਮੀਆਂ ਤਾਂ ਸਾਰੀ ਰਾਤ ਏ.ਸੀ ਦਾ ਆਨੰਦ ਲਵਾਂਗੇ ਭਾਜੀ |
ਗੱਲ ਨੂੰ ਅੱਗੇ ਤੋਰਦੇ ਹੋਏ ਗੁਰਮੇਲ ਫਿਰ ਬੋਲਿਆ
ਕੁੱਤੇ ਲਈ ਰੋਜਾਨਾ ਇੱਕ ਕਿਲੋ ਦੁੱਧ ਤੇ ਉਸਦੀ ਫ਼ੀਡ ਦਾ ਬਣਦਾ ਮਹੀਨੇ ਦਾ ਖਰਚਾ ਅਡਵਾਂਸ ਭੇਜ ਦਿੱਤਾ ਬਾਹਰੋਂ ਮੈਨੂੰ ਉਹਨਾਂ ਨੇ |
ਲਹਿਰਾਂ ਬਹਿਰਾਂ ਬਈ ਗੁਰਮੇਲ ਤੇਰੀਆਂ ਤੇ ਨਹੀਂ ਰੀਸਾਂ ਤੇਰੇ ਮਜੂਦਾ ਮਾਲਿਕ ਦੀਆਂ,ਜੀਹਦੀ ਸੇਵਾ ਵਿੱਚ ਡਟਿਆ ਹੋਇਆ |
ਕਹਿੰਦੇ ਹੋਏ ਮੈ ਗੁਰਮੇਲ ਤੋਂ ਵਿਦਾ ਲੈ ਦੁਬਾਰਾ ਕਾਹਲੀ ਕਦਮਾਂ ਨਾਲ ਸੈਰ ਕਰਦੇ ਹੋਏ ਸੜਕ ਵਲ ਚਾਲੇ ਪਾ ਦਿੱਤੇ ਤੇ ਸੋਚ ਰਿਹਾ ਸੀ ਕਿ ਕਰੋੜਾਂ ਲਾ ਕੇ ਬਣਾਈਆਂ ਕੋਠੀਆਂ ਜੇ ਕੁੱਤਿਆਂ,ਕਬੂਤਰਾਂ ਦੇ ਰਹਿਣ ਵਸੇਰੇ ਬਣਾ ਆਪ ਵਲੈਤੀਏ ਕਹਾਉਣਾ,ਫਿਰ ਗੇਟ ਤੇ ਲੱਗੀ ਨਾਮ ਪਲੇਟ ਤੇ ਨਾਮ ਵੀ ਕੋਠੀ ਦੇ ਵਾਸੂ ਦਾ ਹੀ ਹੋਣਾ ਚਾਹੀਦਾ|
ਹੈਪੀ ਸ਼ਾਹਕੋਟੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly