HOME ਸੱਭਿਆਚਾਰ ਦਾ ਪਾਕੀਜ਼ਗੀ ਗਾਇਕ:- ਹਰਭਜਨ ਮਾਨ

ਸੱਭਿਆਚਾਰ ਦਾ ਪਾਕੀਜ਼ਗੀ ਗਾਇਕ:- ਹਰਭਜਨ ਮਾਨ

9
ਹਰਭਜਨ ਮਾਨ

 (ਸਮਾਜ ਵੀਕਲੀ)  ਹਰਭਜਨ ਮਾਨ ਪੰਜਾਬੀਆਂ ਦਾ ਹੀ ਨਈਂ ਬਲਕਿ ਉਹ ਮਾਂ ਬੋਲੀ ਪੰਜਾਬੀ ਦਾ ਵੀ ਹਰਮਨ ਪਿਆਰਾ ਲਾਡਲਾ ਗਾਇਕ ਹੈ। ਉਸਨੇ ਜਦੋਂ ਤੋਂ ਆਪਣੀ ਗਾਇਕੀ ਦਾ ਆਗਾਜ਼ ਕੀਤਾ ਹੈ,ਉਹ ਉਦੋਂ ਤੋਂ ਹੀ ਮਾਂ ਬੋਲੀ ਪੰਜਾਬੀ ਦੀ ਪ੍ਰਫੁੱਲਤਾ ਲਈ ਆਪਣੇ ਬੋਲਾਂ/ਗੀਤਾਂ ਦੇ ਰਾਹੀਂ ਸੱਭਿਆਚਾਰਕ ਸ਼ਬਦਾਂ ਦਾ ਸ਼ਹਿਦ ਘੋਲ ਰਿਹਾ ਹੈ। ਹਰਭਜਨ ਮਾਨ ਮਾਲਵਾ ਖੇਤਰ ਦੇ ਠੇਠ ਪੰਜਾਬੀ ਬਠਿੰਡਾ ਜ਼ਿਲ੍ਹੇ ਦੇ ਰੇਤਲੇ ਟਿੱਬਿਆਂ ਚ ਪੈਂਦੇ ਪਿੰਡ ਖੇਮੂਆਣਾ ਦਾ ਜੰਮਪਲ ਹੈ। ਪਿਤਾ ਸ੍ਰ.ਹਰਨੇਕ ਸਿੰਘ ਮਾਨ ਦੇ ਘਰ ਸਵਰਗੀਏ ਮਾਤਾ ਸ੍ਰੀਮਤੀ ਦਲੀਪ ਕੌਰ ਦੀ ਕੁੱਖੋਂ 30 ਦਸੰਬਰ 1965 ਨੂੰ ਹਰਭਜਨ ਮਾਨ ਜਨਮਿਆ। ਬਚਪਨ ਵਿੱਚ ਸੱਤਵੀਂ ਚ ਪੜ੍ਹਦਿਆਂ ਇਸ ਦੀ ਮਾਤਾ ਦੇ ਦੇਹਾਂਤ ਦੌਰਾਨ ਕਨੈਡਾ ਚ ਰਹਿੰਦੀ ਭੈਣ ਦੇ ਕਹਿਣ ਤੇ ਇਹ ਆਪਣੇ ਪਿਤਾ ਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਕਨੈਡਾ ਜਾ ਵਸਿਆ। ਇੱਥੇ ਆ ਕੇ ਇਸ ਨੇ ਆਪਣੇ ਵਿੱਦਿਅਕ ਸਫ਼ਰ ਨੂੰ ਜ਼ਾਰੀ ਰੱਖਿਆ। ਪੰਜਾਬ ਦੀ ਜਰਖੇਜ਼ ਮਿੱਟੀ ਦੀ ਮਹਿਕ ਨੇ ਇਸ ਦੇ ਅੰਦਰਲੇ ਕਲਾਕਾਰ ਨੂੰ ਉਤਪਤ ਕੀਤਾ ਤੇ ਇੱਥੇ ਇਸ ਨੇ ਬਲਵੀਰ ਸਿੰਘ ਭੰਗੂ ਅਤੇ ਲਾਹੌਰ ਦੇ ਸ਼ੇਖ ਹਮੀਦ ਤੋਂ ਸੰਗੀਤਕ ਗੁਰ ਸਿੱਖੇ। ਪੰਜਾਬ ਦੇ ਸੰਸਾਰ ਪ੍ਰਸਿੱਧ ਕਵੀਸ਼ਰ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਦੇ ਇਨ੍ਹਾਂ ਦੇ ਪਿਤਾ ਨਾਲ ਬਹੁਤ ਨੇੜਲੇ ਸਬੰਧ ਰਹੇ।ਘਰ ਚ ਆਉਣ  ਜਾਣ ਦੇ ਕਾਰਨ ਇਨ੍ਹਾਂ ਦੀ ਗਾਇਨ ਸ਼ੈਲੀ ਦਾ ਅਸਰ ਇਨ੍ਹਾਂ ਦੇ ਚੰਚਲ ਮਨ ਨੇ ਕਬੂਲਿਆ। ਸਕੂਲ ਦੇ ਸਮਾਗਮ ਸਮੇਂ ਸੰਨ 1976-77 ਵਿਚ ਹਰਭਜਨ ਮਾਨ ਨੇ ਆਪਣੇ ਛੋਟੇ ਭਰਾ ਗੁਰਸੇਵਕ ਮਾਨ ਨਾਲ ਕਵੀਸ਼ਰੀ ਗਾਈ।ਸੰਗੀਤਕ ਸਕੂਲ ਦੀ ਸ਼ੁਰੂਆਤ ਇਨ੍ਹਾਂ ਤੋਂ ਹੀ ਸ਼ੁਰੂ ਕੀਤੀ ਜਿਸ ਕਰਕੇ ਇਨ੍ਹਾਂ ਦੀ ਗੁਰਆਈ ਨੇ ਇਸਦੀ ਕਲਾ ਨੂੰ ਸਥਾਪਿਤ ਮੋਹਰ ਲਗਾਈ। 1988 ਵਿਚ ਹਰਭਜਨ ਮਾਨ ਨੇ ਆਪਣੇ ਉਸਤਾਦ ਗੁਰੂ ਕਵੀਸ਼ਰ ਕਰਨੈਲ ਸਿੰਘ ਪਾਰਸ ਰਾਮੂਵਾਲੀਏ ਦੇ ਲਿਖੇ ਗੀਤਾਂ ਦਾ ਪਹਿਲਾ ਐਲ.ਪੀ. “ਇਸ਼ਕੇ ਦੇ ਮਾਮਲੇ” ਨਾਂ ਦਾ ਰਿਕਾਰਡ ਕਰਵਾਇਆ ਜਿਸਨੇ ਸੰਗੀਤ ਜਗਤ ਵਿਚ ਹਰਭਜਨ ਮਾਨ ਦੀ ਨਿਵੇਕਲੀ ਤੇ ਵਿਲੱਖਣ ਆਵਾਜ਼ ਦੀ ਪਛਾਣ ਬਣਾਈ। ਸਮੇਂ ਦੇ ਠਹਿਰਾਅ  ਨਾਲ ਫਿਰ ਹਰਭਜਨ ਮਾਨ ਨੇ ਸਾਲ 1989 ਦੇ ਵਿਚ “ਮੁੰਦਰੀ ਨਿਸ਼ਾਨੀ ਸੱਜਣਾ” ਨਾਂ ਦੀ ਐਲਬਮ ਸਾਂਗਾਂ ਕੰਪਨੀ ਦੁਆਰਾ ਜਨਾਬ ਚਰਨਜੀਤ ਆਹੂਜਾ ਜੀ ਦੇ ਸੰਗੀਤਕ ਤਰਜ਼ਾਂ ਵਿਚ ਰਿਕਾਰਡ ਕਰਵਾਈ ਜਿਸਦੇ ਟਾਈਟਲ ਗੀਤ ਮੁੰਦਰੀ ਨਿਸ਼ਾਨੀ ਸੱਜਣਾ ਗੀਤਕਾਰ ਸਨਮੁੱਖ ਸਿੰਘ ਆਜ਼ਾਦ, ਵਿਚਲੇ ਗੀਤ “ਗਿੱਧਾ ਪੰਜਾਬਣਾਂ ਦਾ ਗੀਤਕਾਰ ਬੰਤ ਰਾਮਪੁਰ ਵਾਲਾ ਅਤੇ ਬਲਦੇਵ ਮਸਤਾਨੇ ਦਾ ਲਿਖਿਆ ਗੀਤ “ਆ ਵੇ ਮਾਹੀ ਤੈਨੂੰ ਝੱਲ ਪਲਕਾਂ ਦੀ ਝੱਲਾ” ਨੇ ਹਰਭਜਨ ਮਾਨ ਲਈ ਕਾਮਯਾਬੀ ਦੇ ਰਾਹ ਖੋਲੇ। ਉਸ ਤੋਂ ਬਾਅਦ ਸਾਲ 1991-92 ਦੇ ਦਹਾਕੇ ਵਿਚ ਗੀਤਕਾਰੀ ਦੇ ਨਾਮਵਰ ਹਸਤਾਖ਼ਰ ਪ੍ਰਸਿੱਧ ਗੀਤਕਾਰ ਦਵਿੰਦਰ ਖੰਨੇ ਵਾਲਾ, ਜਗਮਿੰਦਰ, ਨਾਇਤ ਅਲੀ ਅਤੇ ਵਿਜੈ ਧੰਮੀ ਵਰਗਿਆਂ ਦੇ ਲਿਖੇ ਸੱਜਰੇ ਗੀਤ ਅਤੇ ਸੰਗੀਤਕ ਸਮਰਾਟ ਚਰਨਜੀਤ ਆਹੂਜਾ ਦੇ ਸੰਗੀਤ ਨਾਲ ਸ਼ਿੰਗਾਰੀ  ਕੈਸਿਟ “ਚਿੱਠੀਏ ਨੀ ਚਿੱਠੀਏ” ਆਈ ਤਾਂ ਕੈਸਟ ਦੇ ਸੁਪਰਹਿੱਟ ਗੀਤਾਂ ਨੇ ਹਰਭਜਨ ਮਾਨ ਨੂੰ ਰਾਤੋਂ ਰਾਤ ਸਟਾਰਾਂ ਦੀ ਕਤਾਰ ਚ ਖੜ੍ਹਾ ਕਰ ਦਿੱਤਾ ਤੇ ਹਰਭਜਨ ਮਾਨ ਪੰਜਾਬੀਆਂ ਦੀ ਪਹਿਲੀ ਪਸੰਦ ਬਣਿਆ। ਆਪਣੀ ਸੰਜੀਦਗੀ ਤੇ ਸਹਿਜਤਾ ਦੇ ਨਾਲ ਹਰਭਜਨ ਮਾਨ ਨੇ ਆਪਣੇ ਗਾਇਕੀ ਦੇ ਸਫ਼ਰ ਨੂੰ ਅੱਗੇ ਵਧਾਉਂਦਿਆਂ ਜੱਗ ਜਿਊਂਦਿਆਂ ਦੇ ਮੇਲੇ, ਵਧਾਈਆਂ ਜੀ ਵਧਾਈਆਂ, ਜੁੱਗ ਜੁੱਗ  ਜਿਊਣ ਭਾਬੀਆਂ,ਉਏ ਹੋਏ, ਲਾਲਾ ਲਾਲਾ, ਹਾਏ ਮੇਰੀ ਬਿੱਲੋ, ਸਤਰੰਗੀ ਪੀਂਘ, ਦਿਲ ਡੋਲ ਗਿਆ, ਮੌਜ ਮਸਤੀਆਂ, ਨਜ਼ਰਾਂ ਮਿਲੀਆਂ, ਪਹਿਲੀ ਵਾਰ ਜਦੋਂ, ਵਾਰੀ ਵਾਰੀ, ਸਤਰੰਗੀ ਪੀਂਘ 2 ਅਤੇ 3 ਵਰਗੀਆਂ ਕੈਸਟਾਂ ਦੇ ਨਾਲ ਉਹ ਗੁਲਦਸਤਾ ਅਤੇ ਸਿੰਗਲ ਟ੍ਰੈਕ ਗੀਤਾਂ ਦੇ ਜ਼ਰੀਏ ਆਪਣੀ ਮਕਬੂਲੀਅਤ ਨੂੰ ਵਧਾਉਣ ਲੱਗਾ। ਹਰਭਜਨ ਮਾਨ ਆਪਣੇ ਮੋਹ-ਮੁਹੱਬਤੀ ਬੋਲਾਂ ਦੇ ਨਾਲ ਹਰ ਇਕ ਦੇ ਦਿਲ ਨੂੰ ਜਿੱਤਣ ਦੀ ਸਾਰਥਕਤਾ ਰੱਖਦਾ ਹੈ। ਉਹ ਇੰਨਾ ਸਿਰੜੀ ਇਨਸਾਨ ਹੈ ਕਿ ਉਹ ਹਰ ਇਕ ਕੰਮ ਨੂੰ ਬੜੀ ਪ੍ਰਪੱਕਤਾ ਤੇ ਸਲੀਕੇ ਦੇ ਨਾਲ ਨੇਪਰੇ ਚਾੜਨ ਦੀ ਸਮਰੱਥਾ ਜਿਤਾਉਂਦਾ ਹੈ।ਇਸ ਕਰਕੇ ਉਹ ਅੱਜ ਕਾਮਯਾਬੀ ਦੀਆਂ ਸਿਖਰਾਂ ਨੂੰ ਛੋਹ ਰਿਹਾ ਹੈ। ਅਨੇਕਾਂ ਧਾਰਮਿਕ ਅਤੇ ਸੱਭਿਆਚਾਰਕ ਕੈਸਟਾਂ ਰਿਕਾਰਡ ਕਰਵਾਉਣ ਵਾਲਾ ਹਰਭਜਨ ਮਾਨ ਅੱਜ ਕੱਲ੍ਹ ਪੰਜਾਬੀ ਸੰਗੀਤ ਇੰਡਸਟਰੀ ਵਿੱਚ ਅਦਾਕਾਰ ਵਜੋਂ ਵਿਚਰ ਰਿਹਾ ਹੈ। ਹਰਭਜਨ ਮਾਨ ਪੰਜਾਬੀ ਸਿਨੇਮੇ ਦਾ ਸਥਾਪਤ ਅਦਾਕਾਰ/ਐਕਟਰ ਹੈ ਜਿਸ ਨੇ ਦਿਨੋਂ ਦਿਨ ਨਿਗਾਰ ਵੱਲ ਜਾਂਦੇ ਪੰਜਾਬੀ ਸਿਨੇਮੇ ਨੂੰ ਆਪਣੀ ਪਹਿਲੀ ਤੇ ਨਵੀਂ ਫ਼ਿਲਮ “ਜੀ ਆਇਆਂ ਨੂੰ ” ਦੇ ਨਾਲ ਉੱਚਤਾ ਦਾ ਮਾਰਗ ਦਿਖਾਇਆ। ਮਨਮੋਹਨ ਸਿੰਘ ਦੀ ਡਾਇਰੈਕਟਰ ਕੀਤੀ ਫ਼ਿਲਮ “ਜੀ ਆਇਆਂ ਨੂੰ” ਨੇ ਪੰਜਾਬੀ ਸਿਨੇਮੇ ਨੂੰ ਅਜਿਹਾ ਵੈਲਕਮ ਆਖਿਆ ਕਿ ਅੱਜ ਪੰਜਾਬੀ ਸਿਨੇਮਾ ਬੁੱਲੀਵੁੱਡ ਵਾਂਗ ਵੱਡੇ ਬਜਟ ਦੀਆਂ ਫ਼ਿਲਮਾਂ ਬਣਾ ਕੇ ਆਪਣਾ ਇਤਿਹਾਸ ਸਿਰਜ ਰਹੀਆਂ ਹਨ। ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਸਾਰਥਕਤਾ ਦੇ ਪ੍ਰਤੀਕ ਹਰਭਜਨ ਮਾਨ ਨੇ ਕਦੇ ਵੀ ਸਮੇਂ ਨਾਲ ਸਮਝਾਉਂਦਾ ਨਹੀਂ ਕੀਤਾ ਬਲਕਿ ਆਪਣੀ ਹਲੀਮੀ ਤੇ ਸਹਿਜਤਾ ਨਾਲ ਮਨੋਬਲ ਨੂੰ ਕਾਇਮ ਰੱਖਿਆ। ਆਪਣੇ ਪਰਿਵਾਰਿਕ ਤੇ ਸੱਭਿਆਚਾਰਕ ਗੀਤਾਂ ਤੇ ਫਿਲਮਾਂ ਦੀ ਪੇਸ਼ਕਾਰੀ ਰਾਹੀਂ ਹਰਭਜਨ ਮਾਨ ਨੇ ਹਮੇਸ਼ਾ ਹੀ ਪੰਜਾਬੀਅਤ ਨੂੰ ਪ੍ਰਮੋਟ ਕੀਤਾ। ਹਰਭਜਨ ਮਾਨ ਆਪਣੇ ਉਸਤਾਦ ਗੁਰੂ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਦੇ ਗੀਤਾਂ ਤੋਂ ਲੈਕੇ ਸਨਮੁੱਖ ਸਿੰਘ ਆਜ਼ਾਦ, ਬੰਤ ਰਾਮਪੁਰ ਵਾਲਾ, ਬਲਦੇਵ ਮਸਤਾਨੇ ,ਪ੍ਰੀਤ ਮਹਿੰਦਰ ਤਿਵਾੜੀ, ਜਗਮਿੰਦਰ, ਨਾਇਤ ਅਲੀ,  ਲਾਲ ਹਠੌਲੀ ਵਾਲਾ, ਰਵੀ ਦਾਤੇ, ਪ੍ਰੋ.ਮੋਹਨ ਸਿੰਘ, ਇੰਦਰਜੀਤ ਹਸਨਪੁਰੀ,ਦਿਲਾਵਰ ਚਾਹਲ, ਵਿਜੈ ਧੰਮੀ,ਦਵਿੰਦਰ ਖੰਨੇ ਵਾਲਾ, ਸਵ:ਰਾਜ ਬਰਾੜ ਅਤੇ ਮਨਪ੍ਰੀਤ ਟਿਵਾਣਾ ਵਰਗਿਆਂ ਦੀ ਕਲਮ ਦੇ ਲਿਖੇ ਗੀਤਾਂ ਨੂੰ ਗਾ ਕੇ ਪ੍ਰਸਿੱਧੀ ਹਾਸਲ ਕਰ ਅੱਜ ਪੰਜਾਬ ਦੀ ਸਿਰਮੌਰ ਕਲਮ ਬਾਬੂ ਸਿੰਘ ਮਾਨ ਮਰਾੜ੍ਹਾਂ ਦੀ ਨੂੰ ਗਾਉਣ ਦਾ ਮਾਣ ਮਹਿਸੂਸ ਕਰ ਰਿਹਾ ਹੈ। ਸਾਲ 1999 ਤੋਂ ਲੈਕੇ ਅੱਜ 2025 ਤੱਕ ਹਰਭਜਨ ਮਾਨ ਨੇ ਬਾਬੂ ਸਿੰਘ ਮਾਨ ਮਰਾੜ੍ਹਾਂ ਵਾਲੇ ਦੇ ਲਿਖੇ ਅਨੇਕਾਂ ਗੀਤਾਂ ਨੂੰ ਰਿਕਾਰਡ ਕਰਵਾ ਚੁੱਕਾ ਹੈ ਅਤੇ ਪੰਜਾਬੀ ਫ਼ਿਲਮਾਂ ਵਿੱਚ ਵੀ ਜਿਵੇਂ ਕਿ:- ਜੀ ਆਇਆਂ ਨੂੰ, ਅਸਾਂ ਨੂੰ ਮਾਣ ਵਤਨਾਂ ਦਾ, ਮਿੱਟੀ ਵਾਜਾਂ ਮਾਰਦੀ, ਦਿਲ ਆਪਣਾ ਪੰਜਾਬੀ,ਜੱਗ ਜਿਊਂਦਿਆਂ ਦੇ ਮੇਲੇ, ਹੀਰ ਰਾਂਝਾ, ਗਦਾਰ, ਪੀ.ਆਰ.ਸਾਡੇ ਸੀ.ਐਮ. ਸਾਹਬ ਅਤੇ ਹਾਣੀ ਵਰਗੀਆਂ ਸੁਪਰਹਿੱਟ ਫ਼ਿਲਮਾਂ ਦੇ ਬਾਬੂ ਸਿੰਘ ਮਾਨ ਦੁਆਰਾ ਲਿਖੇ ਗੀਤਾਂ ਨੂੰ ਹਰਭਜਨ ਮਾਨ ਪਿੱਠਵਰਤੀ (ਪਲੈਅਬੈਕ ਸਿੰਗਰ) ਵਜੋਂ ਆਪਣੀ ਆਵਾਜ਼ ਦੇ ਚੁੱਕਾ ਹੈ। ਆਪਣੇ 37 ਸਾਲਾਂ ਗਾਇਕੀ ਦੇ ਸਫ਼ਰ ਦੌਰਾਨ ਹਰਭਜਨ ਮਾਨ ਨੇ ਸੱਭਿਆਚਾਰ ਦੇ ਦਾਇਰੇ ਤੋਂ ਬਾਹਰ ਹੋ ਕੇ ਇੱਕ ਵੀ ਅਜਿਹਾ ਗੀਤ ਨੀਂ ਗਾਇਆ ਜੋਂ ਮਾਂ-ਬੋਲੀ ਪੰਜਾਬੀ ਦੀ ਨੁਮਾਇੰਦਗੀ ਨਾ ਕਰਦਾ ਹੋਵੇ। ਆਪਣੀਆਂ ਫਿਲਮਾਂ, ਗੀਤਾਂ ਤੇ ਜਜਬਾਤਾਂ ਵਿਚ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਪਾਕੀਜ਼ਗੀ ਤੇ ਸੰਜੀਦਗੀ ਦੇ ਨਾਲ ਖ਼ਿਦਮਤ ਕਰਨ ਵਾਲੇ ਹਰਭਜਨ ਮਾਨ ਦੀ ਪ੍ਰਮਾਤਮਾ ਕਰੇ ਉਮਰ ਹਾਜ਼ਰਾ ਸਾਲ ਹੋਵੇ।

   ਸਰੂਪ ਸਿੰਘ, ਚੌਧਰੀ ਮਾਜਰਾ (ਨਾਭਾ) 
    99886-27880
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਧੰਨ ਧੰਨ ਬਾਬਾ ਯੋਧਾ ਦਾਸ ਜੀ ਦੀ ਸਲਾਨਾ ਬਰਸੀ ( ਮਹੋਸਾ ) ਨੂੰ ਸਮਰਪਿਤ ਵਿਸਾਲ ਖੂਨਦਾਨ ਕੈਂਪ ਲਗਾਇਆਂ।
Next articleਰੱਸੀਆਂ ਤੋਂ ਕਪੜੇ ਉਡਾਣ ਵਾਲੇ ਪ੍ਰੇਤ ਦਾ ਸਫ਼ਾਇਆ ਕੀਤਾ –ਤਰਕਸ਼ੀਲ