ਕਨੇਡਾ /ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)-ਕਨੇਡਾ ਦੇ ਸਮੇਂ ਮੁਤਾਬਿਕ ਜਿਉਂ ਹੀ ਸਵੇਰ ਹੋਈ ਤਾਂ ਸੋਸ਼ਲ ਮੀਡੀਏ ਦੀਆਂ ਗਤੀਵਿਧੀਆਂ ਤੇ ਪੰਛੀ ਝਾਤ ਮਾਰਨ ਲਈ ਜਦੋਂ ਆਪਣੇ ਮੋਬਾਈਲ ਨੂੰ ਖੋਲਿਆ ਤਾਂ ਦੇਖਿਆ ਕਿ ਗਾਇਕੀ ਦਾ ਕਹਿੰਦਾ ਕਹਾਉਂਦਾ ਇੱਕ ਹੀਰਾ ਕਲਾਕਾਰ ਇੱਕ ਭਿਆਨਕ ਸੜਕ ਹਾਦਸੇ ਨੇ ਸਾਥੋਂ ਹਮੇਸ਼ਾ ਹਮੇਸ਼ਾ ਲਈ ਖੋਹ ਲਿਆ ਹੈ। ਦਿਲ ਬਹੁਤ ਹੀ ਉਦਾਸ ਅਤੇ ਗਮਗੀਨ ਮਾਹੌਲ ਵਿੱਚ ਚਲਾ ਗਿਆ ਕਿਉਂਕਿ ਗਾਇਕ ਦਲਵੀਰ ਸ਼ੌਂਕੀ ਜਿੱਥੇ ਇੱਕ ਵਧੀਆ ਗਾਇਕ ਸੀ, ਜਿਸ ਨਾਲ ਮੈਂ ਅਨੇਕਾਂ ਸਟੇਜਾਂ ਸਾਂਝੀਆਂ ਕੀਤੀਆਂ। ਉਸ ਦੀ ਪਿਆਰ ਮੁਹੱਬਤ ਵਾਲੀ ਦਿਖ, ਸਦਾ ਖਿੜਿਆ ਚਿਹਰਾ ਕਦੋਂ ਮੌਤ ਦੀ ਬੁੱਕਲ ਵਿੱਚ ਜਾ ਲੁਕਿਆ ਕੁਝ ਪਤਾ ਹੀ ਨਾ ਲੱਗ ਸਕਿਆ । ਪਰਮ ਮਿੱਤਰ ਦਲਵਿੰਦਰ ਦਿਆਲਪੁਰੀ ਨੇ ਉਸ ਵਲੋਂ ਕੀਤੇ ਗਏ ਹਾਲ ਹੀ ਵਿੱਚ ਬੇਗੋਵਾਲ ਨੇੜਲੇ ਪ੍ਰੋਗਰਾਮ ਦੀ ਤਸਵੀਰ ਸਾਂਝੀ ਕਰਦਿਆਂ ਦੱਸਿਆ ਕਿ ਦੋ ਘੰਟੇ ਪਹਿਲਾਂ ਉਸ ਨਾਲ ਗਾਇਕ ਦਲਵੀਰ ਸੌਕੀ ਇਕ ਸਟੇਜ ਤੇ ਆਪਣੇ ਪ੍ਰੋਗਰਾਮ ਦਾ ਪ੍ਰਦਰਸ਼ਨ ਕਰਕੇ ਸਰੋਤਿਆਂ ਦੀ ਵਾਹ ਵਾਹ ਖੱਟਕੇ ਗਿਆ। ਇਸ ਤੋਂ ਬਾਅਦ ਇੱਕ ਦਰਦ ਭਰੀ ਪੋਸਟ ਗਾਇਕ ਤਾਜ ਨਗੀਨਾ ਨੇ ਸਾਂਝੀ ਕੀਤੀ । ਜਿਸ ਵਿੱਚ ਲੋਕ ਗਾਇਕ ਦਲਬੀਰ ਸ਼ੌਂਕੀ ਦੀ ਗੱਡੀ ਦੇ ਪਰਖਚੇ ਉੜੇ ਹੋਏ ਦਿਖਾਈ ਦਿੱਤੇ ਅਤੇ ਸਮੁੱਚੇ ਭਿਆਨਕ ਹਾਦਸੇ ਦੀ ਖਬਰ ਦਾ ਹਵਾਲਾ ਪੜ੍ਹਨ ਨੂੰ ਮਿਲਿਆ, ਜਿਸ ਨੇ ਦਿਲ ਝੰਜੋੜ ਸੁੱਟਿਆ ਅਤੇ ਇਸ ਦਰਦਨਾਕ ਖਬਰ ਨੂੰ ਸੁਣ ਕੇ ਹਿਰਦਾ ਬੁਰੀ ਤਰ੍ਹਾਂ ਬਲੂੰਦਰਿਆ ਗਿਆ । ਅਨੇਕਾਂ ਸੱਭਿਆਚਾਰਕ ਮੇਲਿਆਂ ਵਿੱਚ ਉਸ ਨਾਲ ਆਉਣ ਜਾਣ ਦੀਆਂ ਗੱਲਾਂ ਹੋਣੀਆਂ ਅਤੇ ਉਸਦੇ ਦਫਤਰ ਤੋਂ ਇਲਾਵਾ ਉਸ ਨਾਲ ਅਕਸਰ ਮੇਲ ਜੋਲ ਹੁੰਦਾ ਰਹਿੰਦਾ ਸੀ। ਗਾਇਕ ਕੁਲਵਿੰਦਰ ਕਿੰਦਾ ਦੀ ਗੱਡੀ ਵਿੱਚ ਉਸ ਨਾਲ ਕਈ ਖੁਸ਼ੀਆਂ ਅਤੇ ਗਮੀਆਂ ਵਾਲੇ ਸਮਾਗਮਾਂ ਵਿੱਚ ਇਕੱਠੇ ਜਾਣਾ ਵੀ ਇੱਕ ਯਾਦ ਬਣ ਕੇ ਰਹਿ ਗਿਆ । ਬਹੁਤ ਹੀ ਨਿੱਕੇ ਸੁਭਾ ਦਾ ਮਾਲਕ ਲੋਕ ਗਾਇਕ ਦਲਬੀਰ ਸ਼ੌਂਕੀ ਮੇਰੇ ਚੇਤਿਆਂ ਵਿੱਚ ਵਸਿਆ ਹੋਇਆ ਹੈ, ਇਸ ਨੂੰ ਮੈਂ ਚਾਹ ਕੇ ਵੀ ਨਹੀਂ ਭੁਲਾ ਸਕਦਾ । ਉਸ ਦੀ ਹਲੀਮੀ ਭਰੀ ਆਵਾਜ਼ ਹਮੇਸ਼ਾ ਮੇਰੇ ਕੰਨਾਂ ਵਿੱਚ ਹਾਂਜੀ ਭਾਜੀ ਹਾਂਜੀ ਭਾਜੀ ਕਰਦੀ ਗੂੰਜਦੀ ਰਹੇਗੀ । ਮੈਨੂੰ ਗਾਇਕ ਦਲਬੀਰ ਸ਼ੌਂਕੀ ਅਤੇ ਉਸਦੀ ਸਹਿਯੋਗੀ ਗਾਇਕਾ ਗੁਰਨੂਰ ਬਾਰੇ ਵੀ ਕਈ ਵਾਰ ਮੀਡੀਏ ਦੀਆਂ ਖਬਰਾਂ ਤੋਂ ਇਲਾਵਾ ਉਹਨਾਂ ਦੇ ਆਰਟੀਕਲ ਛਪਵਾਉਣ ਦਾ ਮੌਕਾ ਵੀ ਮਿਲਿਆ । ਕੁਝ ਵੀ ਹੋਵੇ ਇਸ ਦਰਦਨਾਕ ਹਾਦਸੇ ਨੇ ਜਿੱਥੇ ਸਾਡੇ ਕੋਲੋਂ ਇੱਕ ਯਾਰਾਂ ਦਾ ਯਾਰ ਪੰਜਾਬੀ ਸੰਗੀਤ ਜਗਤ ਦਾ ਚਮਕਦਾ ਸਿਤਾਰਾ ਲੋਕ ਗਾਇਕ ਦਲਵੀਰ ਸ਼ੌਂਕੀ ਖੋ ਲਿਆ ਹੈ, ਉਸ ਨਾਲ ਸਮੁੱਚੇ ਸੰਗੀਤ ਜਗਤ ਵਿੱਚ ਸੋਗ ਦੀ ਲਹਿਰ ਹੈ ਅਤੇ ਮੈਂ ਆਪਣੀ ਕਲਮ ਦੇ ਜਰੀਏ ਪਰਮਾਤਮਾ ਕੋਲ ਅਰਦਾਸ ਕਰਦਾ ਹਾਂ ਕਿ ਪਰਮਾਤਮਾ ਇਸ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਅਤੇ ਪਿੱਛੇ ਵਸਦੇ ਪਰਿਵਾਰ ਨੂੰ ਇਹ ਦਰਦਨਾਕ ਭਾਣਾ ਮੰਨਣ ਦਾ ਬੱਲ ਬਖਸ਼ੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly