ਪੰਜਾਬ ਦੇ ਸੱਭਿਆਚਾਰਕ ਵਿਰਸੇ ਦਾ ਅਨਿੱਖੜਵਾਂ ਅੰਗ ਹੈ ਤੀਆਂ ਦਾ ਤਿਉਹਾਰ – ਡਾ. ਗੁਰਪ੍ਰੀਤ ਕੌਰ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਤਨੀ ਨੇ ਵਿਧਾਇਕ ਟਾਂਡਾ ਵੱਲੋਂ ਆਯੋਜਿਤ ਤੀਆਂ ਦੇ ਪ੍ਰੋਗਰਾਮ ‘ਚ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਹੁਸ਼ਿਆਰਪੁਰ ਦੇ ਉਪ ਮੰਡਲ ਟਾਂਡਾ ਵਿਚ ਅੱਜ ‘ਤੀਆਂ ਸਾਡੇ ਵਿਹੜੇ-2024’ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਹ ਆਯੋਜਨ ਵੜੈਚ ਫਾਰਮ ਵਿਚ ਵਿਧਾਇਕ ਉੜਮੁੜ ਜਸਵੀਰ ਸਿੰਘ ਰਾਜਾ ਗਿੱਲ ਦੀ ਅਗਵਾਈ ਵਿਚ ਸੰਪਨ ਹੋਇਆ। ਇਸ ਵਿਸ਼ੇਸ਼ ਸਮਾਗਮ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਧਰਮਪਤਨੀ ਡਾ. ਗੁਰਪ੍ਰੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨ ਕੋਮਲ ਮਿੱਤਲ, ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਕਰਮਜੀਤ ਕੌਰ ਅਤੇ ਵਿਧਾਇਕ ਜਸਵੀਰ ਸਿੰਘ ਦੀ ਪਤਨੀ ਰਮਨਦੀਪ ਕੌਰ ਗਿੱਲ ਵੀ ਮੌਜੂਦ ਸਨ।
ਮੁੱਖ ਮਹਿਮਾਨ ਡਾ. ਗੁਰਪ੍ਰੀਤ ਕੌਰ ਨੇ ਇਸ ਦੌਰਾਨ ਸ਼ਮ੍ਹਾ ਰੋਸ਼ਨ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਉਨ੍ਹਾਂ ਤੀਆਂ ਦੇ ਮਹੱਤਵ ‘ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਇਹ ਤਿਉਹਾਰ ਨਾਰੀ ਸ਼ਕਤੀ ਦਾ ਪ੍ਰਤੀਕ ਹੈ ਅਤੇ ਪੰਜਾਬ ਦੀ ਸੱਭਿਆਚਾਰਕ ਵਿਰਾਸਤ ਦਾ ਅਨਿੱਖਣਵਾਂ ਅੰਗ ਹੈ। ਉਨ੍ਹਾਂ ਦੱਸਿਆ ਕਿ ਤੀਆਂ ਦਾ ਤਿਉਹਾਰ ਮਹਿਲਾਵਾਂ ਦੀ ਖੁਸ਼ਹਾਲੀ ਅਤੇ ਸੱਭਿਆਚਾਰਕ ਵਿਰਾਸਤ ਨੂੰ ਸੁਰੱਖਿਅਤ ਰੱਖਣ ਦਾ ਮੌਕਾ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਤੀਆਂ ਦਾ ਤਿਉਹਾਰ ਪੰਜਾਬ ਦੇ ਅਮੀਰ ਸੱਭਿਆਚਾਰ ਅਤੇ ਪਰੰਪਰਾਵਾਂ ਨੂੰ ਜਿਉਂਦਾ ਰੱਖਣ ਦਾ ਇਕ ਮਹੱਤਵਪੂਰਨ ਜ਼ਰੀਆ ਹੈ। ਇਸ ਤਿਉਹਾਰ ਰਾਹੀਂ ਮਹਿਲਾਵਾਂ ਆਪਣੇ ਸਭਿਆਚਾਰ ਦੇ ਨਜ਼ਦੀਕ ਆਉਂਦੀਆਂ ਹਨ ਅਤੇ ਪਰਿਵਾਰਕ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਬਣਾਉਂਦੀਆਂ ਹਨ।
ਡਾ. ਗੁਰਪ੍ਰੀਤ ਕੌਰ ਨੇ ਇਸ ਮੌਕੇ ‘ਤੇ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਸੂਬਾ ਸਰਕਾਰ ਮਹਿਲਾਵਾਂ ਦੇ ਵਿਕਾਸ ਲਈ ਲਗਾਤਾਰ ਕੰਮ ਕਰ ਰਹੀ ਹੈ, ਜਿਸ ਵਿਚ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ, ਮਹਿਲਾਵਾਂ ਨੂੰ ਸਮਾਜ ਵਿਚ ਬਰਾਬਰ ਅਧਿਕਾਰ ਦਿਵਾਉਂਣ ਦੇ ਯਤਨ ਸ਼ਾਮਿਲ ਹਨ। ਉਨ੍ਹਾਂ ਇਸ ਗੱਲ ‘ਤੇ ਜੋਰ ਦਿੱਤਾ ਕਿ ਪੰਜਾਬ ਸਰਕਾਰ ਹਮੇਸ਼ਾ ਤੋਂ ਮਹਿਲਾਵਾਂ ਦੇ ਵਿਕਾਸ ਲਈ ਵਚਨਬੱਧ ਰਹੀ ਹੈ ਅਤੇ ਅੱਗੇ ਵੀ ਇਸੇ ਦਿਸ਼ਾ ਵਿਚ ਕੰਮ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਨਾ ਕੇਵਲ ਸਾਡੀ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਵਿਚ ਮਦਦ ਕਰਦੇ ਹਨ, ਬਲਕਿ ਸਮਾਜ ਵਿਚ ਆਪਸੀ ਭਾਈਚਾਰੇ ਅਤੇ ਸਦਭਾਵਨਾ ਨੂੰ ਵੀ ਬੜਾਵਾ ਦਿੰਦੇ ਹਨ। ਉਨ੍ਹਾਂ ਡਾ. ਗੁਰਪ੍ਰੀਤ ਕੌਰ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਇਸ ਪ੍ਰੋਗਰਾਮ ਵਿਚ ਸ਼ਿਰਕਤ ਕਰਕੇ ਇਸ ਨੂੰ ਹੋਰ ਵੀ ਖਾਸ ਬਣਾ ਦਿੱਤਾ। ਵਿਧਾਇਕ ਨੇ ਕਿਹਾ ਕਿ ਉਹ ਖੇਤਰ ਦੇ ਵਿਕਾਸ ਅਤੇ ਮਹਿਲਾਵਾਂ ਦੇ ਸਸ਼ਕਤੀਕਰਨ ਲਈ ਹਰ ਸੰਭਵ ਯਤਨ ਕਰਦੇ ਰਹਿਣਗੇ। ਉਨ੍ਹਾਂ ਇਹ ਵੀ ਕਿਹਾ ਕਿ ਉਹ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦਾ ਆਯੋਜਨ ਕਰਦੇ ਰਹਿਣਗੇ, ਤਾਂ ਜੋ ਸਾਡੀ ਅਮੀਰ ਸੱਭਿਆਚਾਰਕ ਵਿਰਾਸਤ ਜਿਉਂਦੀ ਰਹੇ ਅਤੇ ਨਵੀਂ ਪੀੜ੍ਹੀ ਇਸ ਨੂੰ ਗ੍ਰਹਿਣ ਕਰ ਸਕੇ। ਇਸ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਵਾਲੇ ਸਾਰੇ ਲੋਕਾਂ ਨੇ ਤੀਆਂ ਦੇ ਉਤਸਵ ਦਾ ਭਰਪੂਰ ਆਨੰਦ ਲਿਆ ਅਤੇ ਅਮੀਰ ਪੰਜਾਬੀ ਸੱਭਿਆਚਾਰ ਦੀ ਝਲਕ ਨੂੰ ਨੇੜਿਓਂ ਮਹਿਸੂਸ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਦਾਣਾ ਮੰਡੀ ਵਿਖੇ ਕੀਤਾ ਚਾਰਦੀਵਾਰੀ ਅਤੇ ਨਵੇਂ ਬਣਾਏ ਪਾਰਕਿੰਗ ਏਰੀਏ ਦਾ ਉਦਘਾਟਨ
Next articleਹੁਸ਼ਿਆਰਪੁਰ ਹੜ੍ਹ ਹਾਦਸਾ 4 ਦਿਨਾਂ ਬਾਅਦ ਰੈਸਕਿਊ ਓਪਰੇਸ਼ਨ ਖ਼ਤਮ, ਦੋ ਲਾਪਤਾ ਲਾਸ਼ਾਂ ਬਰਾਮਦ