ਬਾਘਾਪੁਰਾਣਾ-ਭਲੂਰ (ਸਮਾਜ ਵੀਕਲੀ) ਬੇਅੰਤ ਗਿੱਲ ਜਦੋਂ ਵੀ ਫਸਲਾਂ ਦੀ ਬਜਾਈ ਦਾ ਸੀਜਨ ਨੇੜੇ ਆਉਂਦਾ ਹੈ ਤਾਂ ਵਪਾਰੀ ਵਰਗ ਵੱਲੋਂ ਕਿਸਾਨਾਂ ਦੀ ਲੁੱਟ ਕਰਨ ਦੇ ਨਵੇਂ ਨਵੇਂ ਢੰਗ ਲੱਭ ਲਏ ਜਾਂਦੇ ਹਨ। ਹਾਲੇ ਤੱਕ ਦੁਕਾਨਾਂ ਉੱਪਰ ਡੀ.ਏ.ਪੀ. ਖਾਦ ਨਹੀਂ ਪਹੁੰਚੀ, ਜੇਕਰ ਦੁਕਾਨਾਂ ਜਾਂ ਸੁਸਾਇਟੀਆਂ ਵਿੱਚ ਡੀ.ਏ.ਪੀ. ਖਾਦ ਨਹੀਂ ਆਉਂਦੀ ਤਾਂ ਕਣਕ ਦੀ ਬਿਜਾਈ ਵਿਚ ਮੁਸ਼ਕਿਲ ਪੇਸ਼ ਆ ਸਕਦੀ ਹੈ । ਇਸ ਮੌਕੇ ਇਹਨਾਂ ਸਤਰਾਂ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਸਾਨ ਯੂਨੀਅਨ ਕਾਦੀਆਂ ਬਲਾਕ ਬਾਘਾਪੁਰਾਣਾ ਦੇ ਸੀਨੀਅਰ ਆਗੂ ਗੁਰਜਿੰਦਰ ਸਿੰਘ ਰੋਡੇ ਨਵੇਂ, ਗੁਰਬਚਨ ਸਿੰਘ ਚੰਨੂਵਾਲਾ, ਮੁਕੰਦ ਕਮਲ ਬਾਘਾਪੁਰਾਣਾ, ਪ੍ਰਗਟ ਸਿੰਘ ਬਾਘਾਪੁਰਾਣਾ ਅਤੇ ਭਲੂਰ ਇਕਾਈ ਦੇ ਪ੍ਰਧਾਨ ਅਮਰਜੀਤ ਸਿੰਘ ਜਟਾਣਾ ਨੇ ਕਿਹਾ ਕਿ ਜੇਕਰ ਆਉਣ ਵਾਲੇ ਸਮੇਂ ਵਿੱਚ ਦੁਕਾਨਦਾਰਾਂ ਵੱਲੋਂ ਡੀਏਪੀ ਖਾਦ ਨਾਲ ਕੋਈ ਵਾਧੂ ਖਾਲ ਜਾਂ ਸਪਰੇਅ ਵਗੈਰਾ ਦਿੱਤੀ ਗਈ ਤਾਂ ਕਿਸਾਨ ਯੂਨੀਅਨ ਕਾਦੀਆਂ ਇਸ ਦਾ ਜ਼ੋਰਦਾਰ ਵਿਰੋਧ ਕਰੇਗੀ। ਉਨ੍ਹਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਲੋਟੂ ਟੋਲੇ ਕਿਸਾਨਾਂ ਨਾਲ ਧੋਖੇਬਾਜ਼ੀਆਂ ਤੇ ਆਪ ਹੁਦਰੀਆਂ ਕਰਦੇ ਆ ਰਹੇ ਹਨ, ਹੁਣ ਕਿਸਾਨ ਯੂਨੀਅਨ ਕਾਦੀਆਂ ਅਜਿਹੇ ਲੋਟੂਆਂ ਖ਼ਿਲਾਫ਼ ਸਖ਼ਤ ਸਟੈਂਡ ਲਵੇਗੀ। ਜੇਕਰ ਸਰਕਾਰ ਨੇ ਇਸ ਤਰ੍ਹਾਂ ਕਿਸਾਨਾਂ ਦੀ ਹੁੰਦੀ ਲੁੱਟ ਨਾ ਰੋਕੀ ਤਾਂ ਖੇਤੀਬਾੜੀ ਦਫਤਰਾਂ ਦਾ ਵੀ ਘਿਰਾਓ ਕੀਤਾ ਜਾਵੇਗਾ। ਉਕਤ ਕਿਸਾਨ ਆਗੂਆਂ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਹੈ ਕਿ ਪੰਜਾਬ ਦੇ ਅੰਨਦਾਤੇ ਨਾਲ ਹੋ ਰਹੀਆਂ ਬੇਇਨਸਾਫ਼ੀਆਂ ਨੂੰ ਰੋਕਣ ਲਈ ਸਖ਼ਤ ਨਿਰਦੇਸ਼ ਜਾਰੀ ਕੀਤੇ ਜਾਣ । ਇਸ ਮੌਕੇ ਉਨ੍ਹਾਂ ਐੱਸ. ਡੀ. ਐੱਮ. ਅਤੇ ਹਲਕਾ ਵਿਧਾਇਕ ਨੂੰ ਬੇਨਤੀ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਡੀ. ਏ. ਪੀ. ਖਾਦ ਦੀ ਕਿਸੇ ਵੀ ਤਰ੍ਹਾਂ ਦੀ ਕਿੱਲਤ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਇਸ ਪਾਸੇ ਉਚੇਚਾ ਧਿਆਨ ਦਿੱਤਾ ਜਾਵੇ। ਕਿਸਾਨ ਆਗੂਆਂ ਇਹ ਵੀ ਕਿਹਾ ਕਿ ਫ਼ਸਲੀ ਖਾਦਾਂ ਨਾਲ ਵਾਧੂ ਸਮਾਨ ਦੀ ਵਿਕਰੀ ਉਤੇ ਪਹਿਲ ਦੇ ਆਧਾਰ ‘ਤੇ ਰੋਕ ਲਗਾਈ ਜਾਵੇ। ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਨੁਮਾਇੰਦੇ ਨਿਰਮਲ ਸਿੰਘ ਵਿਰਕ ਭਲੂਰ, ਗੁਰਸੇਵਕ ਸਿੰਘ ਨਵੇਂ ਰੋਡੇ, ਪਵਨਦੀਪ ਸਿੰਘ ਚੰਨੂ ਵਾਲਾ, ਹਰਨੇਕ ਸਿੰਘ, ਬਲਰਾਜ ਸਿੰਘ ਕੋਟਲਾ ਰਾਏ ਕਾ, ਜਸਪਾਲ ਸਿੰਘ ਪਾਲ ਭਲੂਰ, ਬਲਜੀਤ ਸਿੰਘ ਬਰਾੜ ਭਲੂਰ, ਜੱਸੀ ਰੋਡਿਆਂ ਵਾਲਾ ਭਲੂਰ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly