ਫ਼ਸਲੀ ਖ਼ਰਾਬਾ: ਗਿਰਦਾਵਰੀ ਦੀ ਈ-ਪ੍ਰਣਾਲੀ ਖਾਮੀਆਂ ਭਰਪੂਰ

ਚੰਡੀਗੜ੍ਹ (ਸਮਾਜ ਵੀਕਲੀ) : ਪੰਜਾਬ ਸਰਕਾਰ ਵੱਲੋਂ ਫ਼ਸਲੀ ਨੁਕਸਾਨ ਦਾ ਛੇਤੀ ਮੁਲਾਂਕਣ ਕਰਨ ਲਈ ਤਕਨਾਲੋਜੀ ਆਧਾਰਿਤ ‘ਈ-ਗਿਰਦਾਵਰੀ ਪ੍ਰਣਾਲੀ’ ਦੀ ਵਰਤੋਂ ਲਈ ਕਿਹਾ ਗਿਆ ਹੈ ਪ੍ਰੰਤੂ ਇਹ ਪ੍ਰਣਾਲੀ ਆਪਣਾ ਰੰਗ ਨਹੀਂ ਦਿਖਾ ਸਕੀ। ਨਤੀਜੇ ਵਜੋਂ ਮਾਲ ਪਟਵਾਰੀ ਮੈਨੂਅਲੀ ਹੀ ਗਿਰਦਾਵਰੀ ਕਰ ਰਹੇ ਹਨ। ਬੇਮੌਸਮੀ ਮੀਂਹ ਤੇ ਝੱਖੜ ਕਾਰਨ ਹੋਏ ਨੁਕਸਾਨ ਮਗਰੋਂ ਹੁਣ ਪਿੰਡਾਂ ਵਿੱਚ ਗਿਰਦਾਵਰੀ ਦਾ ਮਾਮਲਾ ਭਖਿਆ ਹੋਇਆ ਹੈ। ਪਟਵਾਰੀ ਪਿੰਡਾਂ ਦੇ ਦੌਰੇ ਕਰ ਰਹੇ ਹਨ। ਉੱਪਰੋਂ ਅਧਿਕਾਰੀ ਅਤੇ ਵਿਧਾਇਕ, ਵਜ਼ੀਰ ਵੀ ਖੇਤਾਂ ਦੇ ਗੇੜੇ ਮਾਰ ਰਹੇ ਹਨ। ਮਾਲ ਮਹਿਕਮੇ ’ਤੇ ਦਬਾਅ ਹੈ ਕਿ ਉਹ ਵਿਸਾਖੀ ਤੋਂ ਪਹਿਲਾਂ ਗਿਰਦਾਵਰੀ ਦਾ ਕੰਮ ਨੇਪਰੇ ਚਾੜ੍ਹੇ। ਪਟਵਾਰੀ ਦੱਸਦੇ ਹਨ ਕਿ ਈ ਕੁਨੈਕਟੀਵਿਟੀ ਦੀ ਕਮੀ ਅਤੇ ਸਾਫਟਵੇਅਰ ’ਚ ਕਈ ਦਿੱਕਤਾਂ ਕਰਕੇ ਈ ਗਿਰਦਾਵਰੀ ਵਿੱਚ ਮੁਸ਼ਕਲਾਂ ਆ ਰਹੀਆਂ ਹਨ। ਈ ਗਿਰਦਾਵਰੀ ਦੀ ਅਜਮਾਇਸ਼ 2021 ਵਿੱਚ ਕੀਤੀ ਗਈ ਸੀ। ਇੱਕ ਪਟਵਾਰੀ ਨੇ ਦੱਸਿਆ ਕਿ ਲੈਪਟਾਪ ਹਨ ਅਤੇ ਈ ਗਿਰਦਾਵਰੀ ਵਾਲਾ ਐਪ ਵੀ ਹੈ ਪ੍ਰੰਤੂ ਕੁਨੈਕਟੀਵਿਟੀ ਨਹੀਂ ਅਤੇ ਨਾ ਹੀ ਸਾਫ਼ਟਵੇਅਰ ਦੀ ਸਪੀਡ ਹੈ।

ਮਲੋਟ ਇਲਾਕੇ ਦੇ ਪਟਵਾਰੀ ਗੁਰਲਾਲ ਸਿੰਘ ਦਾ ਕਹਿਣਾ ਸੀ ਕਿ ਈ ਗਿਰਦਾਵਰੀ ਲਈ ਕੁਨੈਕਟੀਵਿਟੀ ਦੀ ਸਮੱਸਿਆ ਹੈ ਪ੍ਰੰਤੂ ਇਸ ਐਪ ਨਾਲ ਫ਼ਸਲੀ ਨੁਕਸਾਨ ਦੀ ਅਸੈਸਮੈਂਟ ਕਰਨ ਦੇ ਕੰਮ ਵਿੱਚ ਮਦਦ ਵੀ ਮਿਲੀ ਹੈ। ਬਠਿੰਡਾ ਦੇ ਪਟਵਾਰੀ ਆਖਦੇ ਹਨ ਕਿ ਜਿੱਥੇ ਕਿਤੇ ਫ਼ਸਲੀ ਨੁਕਸਾਨ ਬਹੁਤ ਥੋੜ੍ਹਾ ਹੈ, ਉੱਥੇ ਇਹ ਐਪ ਨੁਕਸਾਨ ਦੀ ਮਾਤਰਾ ਰਿਕਾਰਡ ਕਰਨ ਤੋਂ ਬੇਵੱਸ ਹੈ। ਸਾਬਕਾ ਕਾਨੂੰਗੋ ਨਿਰਮਲ ਸਿੰਘ ਜੰਗੀਰਾਣਾ ਦਾ ਕਹਿਣਾ ਸੀ ਕਿ ਪਟਵਾਰੀ ਗਿਰਦਾਵਰੀ ਕਰਕੇ ਨੁਕਸਾਨ ਵਾਲੀ ਫ਼ਸਲ ਦਾ ਰਕਬਾ ਤਾਂ ਦੱਸ ਸਕਦੇ ਹਨ ਪ੍ਰੰਤੂ ਤਕਨੀਕੀ ਤੌਰ ’ਤੇ ਇਹ ਨਹੀਂ ਦੱਸ ਸਕਦੇ ਕਿ ਫ਼ਸਲ ਦਾ ਕਿੰਨੇ ਕੁ ਫ਼ੀਸਦੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਹ ਤਕਨੀਕੀ ਅਸੈਸਮੈਂਟ ਖੇਤੀ ਅਫ਼ਸਰਾਂ ਤੋਂ ਲੈਣੀ ਚਾਹੀਦੀ ਹੈ।

ਪਤਾ ਲੱਗਾ ਹੈ ਕਿ ਈ ਗਿਰਦਾਵਰੀ ਫ਼ਾਜ਼ਿਲਕਾ ਅਤੇ ਮੁਕਤਸਰ ਜ਼ਿਲ੍ਹੇ ਵਿੱਚ ਅਪਣਾਈ ਗਈ ਹੈ ਜਿੱਥੇ ਫ਼ਸਲਾਂ ਦਾ ਨੁਕਸਾਨ ਜ਼ਿਆਦਾ ਹੈ। ਚੇਤੇ ਰਹੇ ਕਿ ਬਾਰਸ਼ਾਂ ਕਾਰਨ ਪੰਜਾਬ ਵਿੱਚ ਹੁਣ ਤੱਕ 13.60 ਲੱਖ ਹੈਕਟੇਅਰ ਰਕਬੇ ਵਿੱਚ ਫ਼ਸਲ ਨੁਕਸਾਨੀ ਗਈ ਹੈ ਅਤੇ ਸਰਕਾਰ ਨੇ ਮੁਆਵਜ਼ਾ ਰਾਸ਼ੀ ਵਿੱਚ 25 ਫ਼ੀਸਦ ਵਾਧਾ ਵੀ ਕੀਤਾ ਹੈ।

ਫ਼ਾਜ਼ਿਲਕਾ ਦੀ ਡਿਪਟੀ ਕਮਿਸ਼ਨਰ ਸੇਨੂੰ ਦੁੱਗਲ ਦਾ ਕਹਿਣਾ ਸੀ ਕਿ ਜ਼ਿਲ੍ਹੇ ਵਿੱਚ ਅੱਜ ਗਿਰਦਾਵਰੀ ਸ਼ੁਰੂ ਕਰ ਦਿੱਤੀ ਗਈ ਹੈ। ਉਹ ਅਪਰੈਲ ਤੱਕ ਰਿਪੋਰਟ ਭੇਜ ਦੇਣਗੇ। ਦੱਸਣਯੋਗ ਹੈ ਕਿ ਪੰਜਾਬ ਵਿੱਚ 3660 ਅਸਾਮੀਆਂ ਦੇ ਮੁਕਾਬਲੇ ਫ਼ੀਲਡ ਵਿੱਚ 1700 ਪਟਵਾਰੀ ਕੰਮ ਕਰ ਰਹੇ ਹਨ। ਮਾਲ ਵਿਭਾਗ ਦੇ ਸੀਨੀਅਰ ਅਧਿਕਾਰੀ ਕੇ.ਏ.ਪੀ ਸਿਨਹਾ ਦਾ ਕਹਿਣਾ ਹੈ ਕਿ ਇੱਕ ਹਜ਼ਾਰ ਪਟਵਾਰੀ ਆਪਣੀ ਸਿਖਲਾਈ ਪੂਰੀ ਕਰਕੇ ਡਿਊਟੀ ਜੁਆਇਨ ਕਰਨਗੇ। ਇਸੇ ਤਰ੍ਹਾਂ 710 ਹੋਰ ਅਸਾਮੀਆਂ ਨੂੰ ਜਲਦ ਭਰਨ ਲਈ ਵੀ ਲਿਖਿਆ ਗਿਆ ਹੈ।

ਈ ਪ੍ਰਣਾਲੀ ਖ਼ਾਮੀਆਂ ਭਰਪੂਰ: ਯੂਨੀਅਨ

ਰੈਵੇਨਿਊ ਪਟਵਾਰ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਸਤਵੀਰ ਸਿੰਘ ਜਟਾਣਾ ਦਾ ਕਹਿਣਾ ਸੀ ਕਿ ਪਟਵਾਰੀ ਹੁਣ ਮੈਨੂਅਲੀ ਹੀ ਗਿਰਦਾਵਰੀ ਕਰ ਰਹੇ ਹਨ ਕਿਉਂਕਿ ਈ ਗਿਰਦਾਵਰੀ ਪ੍ਰਣਾਲੀ ਹਾਲੇ ਅੱਪ ਟੂ ਡੇਟ ਨਹੀਂ ਹੈ। ਪਟਵਾਰੀਆਂ ਨੂੰ ਮੋਬਾਈਲ ਡੇਟਾ ਲਈ ਕੋਈ ਵਿੱਤੀ ਭੱਤਾ ਨਹੀਂ ਦਿੱਤਾ ਜਾਂਦਾ ਹੈ ਅਤੇ ਕੁਨੈਕਟੀਵਿਟੀ ਦੀ ਵੱਡੀ ਸਮੱਸਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਈ ਗਿਰਦਾਵਰੀ ਨੂੰ ਅਮਲ ਵਿੱਚ ਲਿਆਉਣ ਤੋਂ ਪਹਿਲਾਂ ਸੁਧਾਰ ਕਰੇ।

ਨਵੀਂ ਤਕਨੀਕ ਦੀ ਵਰਤੋਂ ਦੀ ਹਦਾਇਤ: ਸਿਨਹਾ

ਵਧੀਕ ਮੁੱਖ ਸਕੱਤਰ (ਮਾਲ) ਕੇ.ਏ.ਪੀ. ਸਿਨਹਾ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਮੀਂਹ ਨਾਲ ਪ੍ਰਭਾਵਿਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਫ਼ਸਲੀ ਨੁਕਸਾਨ ਦੀ ਅਸੈਸਮੈਂਟ ਲਈ ਨਵੀਂ ਤਕਨੀਕ ਅਪਣਾਉਣ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਵਿਸਾਖੀ ਤੱਕ ਮੁਆਵਜ਼ਾ ਦੇਣ ਲਈ ਵਚਨਬੱਧ ਹੈ ਅਤੇ ਸਰਕਾਰ ਕੋਲ ਮੁਆਵਜ਼ੇ ਲਈ ਸੂਬਾਈ ਆਫ਼ਤ ਰਾਹਤ ਫ਼ੰਡ ਮੌਜੂਦ ਹਨ। 25 ਫ਼ੀਸਦੀ ਵਾਧੇ ਵਾਲੀ ਰਾਸ਼ੀ ਵੀ ਇਸ ਫ਼ੰਡ ਵਿੱਚ ਸਰਕਾਰ ਜਮ੍ਹਾਂ ਕਰਾਏਗੀ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਿੱਲੀ ਪੁਲੀਸ ਨੂੰ ਲੋੜੀਂਦਾ ਗੈਂਗਸਟਰ ਦੀਪਕ ਬਾਕਸਰ ਮੈਕਸੀਕੋ ’ਚ ਗ੍ਰਿਫ਼ਤਾਰ
Next articleਪੰਜਾਬੀ ਯੂਨੀਵਰਸਿਟੀ ਨੂੰ 30 ਕਰੋੜ ਦੇ ਹਿਸਾਬ ਨਾਲ ਗਰਾਂਟ ਜਾਰੀ