(ਸਮਾਜ ਵੀਕਲੀ)
ਸਾਵਧਾਨ ਇਹ ਮੇਰਾ ਘਰ ਹੈ
ਘਰ ਨਹੀਂ ਬੁੱਚੜਖਾਨਾ ਹੈ
ਇੱਥੇ ਕਟਿਆਂ ਸਿਰਾਂ ਵਾਲੇ ਰਹਿੰਦੇ ਹਨ
ਇਹਦੀਆਂ ਹਰੀਆਂ ਕੰਧਾਂ ਵਿੱਚੋਂ ਲਹੂ ਸਿਮਦਾ ਹੈ
ਖੂੰਖਾਰੂ ਆਦਮਖ਼ੋਰ ਕੁੱਤੇ ਦਰਵਾਜ਼ਿਆਂ ਦੇ ਰਾਖੇ ਹਨ
ਚਿਤਰ ਗੁਪਤ ਦੀ ਵਹੀ ਉੱਤੇ ਯਮਰਾਜਾਂ ਦਾ ਕਬਜ਼ਾ ਹੈ
ਇੱਥੇ
ਜਿਉਂਦੀਆਂ ਲਾਸ਼ਾਂ ਦੀ ਖੱਲ ਲਾਹੀ ਜਾਂਦੀ ਹੈ
ਗਿਰਝਾਂ ਹੱਡੀਆਂ ਚੂੰਡਦੀਆਂ ਨਹੀਂ ਨਿੱਗਲ ਜਾਂਦੀਆਂ ਹਨ
ਜ਼ੋਕਾਂ ਲਹੂ ਪੀਂਦੀਆਂ ਨਹੀਂ ਡਕਾਰ ਜਾਂਦੀਆਂ ਹਨ
ਜ਼ਬਰਾਂ ਨੇ ਸਬਰਾਂ ਦਾ ਸੰਘ ਘੁੱਟ ਦਿੱਤਾ ਹੈ
ਤਾਰੇ ਟੁੱਟਦੇ ਨਹੀਂ ਨੋਚ ਲਏ ਜਾਂਦੇ ਹਨ
ਧਰਮਰਾਜ ਇੱਥੇ ਆਉਣੋ ਡਰਦਾ ਹੈ
ਸਾਵਧਾਨ
ਇਹ ਮੇਰਾ ਘਰ ਹੈ
ਘਰ ਨਹੀਂ ਬੁੱਚੜਖਾਨਾ ਹੈ
ਮੈਂ ਖ਼ਬਰੇ ਕੀ ਲਿਖਦਾ ਹਾਂ
ਨਾ ਮੈਂ ਜੁਰਮ ਲਿਖਦਾ ਹਾਂ, ਨਾ ਅਤਿਆਚਾਰ ਲਿਖਦਾ ਹਾਂ
ਨਾ ਮੈਂ ਜਿੱਤ ਲਿਖਦਾ ਹਾਂ, ਨਾ ਹਾਰ ਲਿਖਦਾ ਹਾਂ
ਕਿਹੜੀ ਧੁਨ ‘ਚ ਮਸਤ ਹਾਂ, ਮੈਂ ਖ਼ਬਰੇ ਕੀ ਲਿਖਦਾ ਹਾਂ
ਨਾ ਜੋਧਾ ਬਹਾਦਰ ਜਿਹਾ, ਨਾ ਗਦਾਰ ਲਿਖਦਾ ਹਾਂ
ਮੇਰੇ ਧਰਤੀ ਦੇ ਸੂਰਜ ਨੂੰ, ਕਿਹੜਾ ਅੰਬਰ ਖਾ ਗਿਆ
ਇਹਦਾ ਦਰਦ ਜੋ ਪੀਵੇ, ਨਾ ਐਸਾ ਉਲਾਰ ਲਿਖਦਾ ਹਾਂ
ਤੱਕਦਾ ਹਾਂ ਪਰ ਚੱਕਦਾ ਨਹੀਂ, ਕੋਈ ਨਾਹਰਾ ਬਰਾਬਰ ਦਾ
ਜੋ ਹੱਕ ਲਈ ਅੜ੍ਹ ਲੜ੍ਹ ਜਾਵੇ, ਨਾ ਐਸੀ ਵਾਰ ਲਿਖਦਾ ਹਾਂ
ਉਹ ਜੋ ਝੁਰਮਟ ਪਾ ਬੈਠੇ, ਸੇਕਣ ਨੂੰ ਅੱਗ ਸਿਵਿਆਂ ਦੀ
ਕਿਤੇ ਮੈਂ ਉਹਨਾਂ ਵਿੱਚ ਤਾਂ ਨਹੀਂ, ਮੈਂ ਵੀ ਹਥਿਆਰ ਲਿਖਦਾ ਹਾਂ
ਕੱਚੇ ਕੱਚੇ ਦਾ ਰੌਲ਼ਾ ਪਾ ਮੈਂ ਦੁਨੀਆਂ ਕੱਚੀ ਕਰ ਛੱਡੀ
ਘੜੇ ਨੂੰ ਪੱਕਾ ਕਰਨੇ ਲਈ ਨਾ ਕੋਈ ਔਜ਼ਾਰ ਲਿਖਦਾ ਹਾਂ
ਮੇਰੀ ਆਪਣੀ ਜਮੀਰ ਵੀ ਕਦੋਂ ਦੀ ਮਰ ਮੁਕ ਗਈ ਸ਼ਾਇਦ
ਸਿਰਫ਼ ਕਿੱਸੇ ਹੀ ਘੜਦਾ ਹਾਂ ਕਿੱਸਿਆਂ ਦੇ ਸਾਰ ਲਿਖਦਾ ਹਾਂ
ਭੁੱਖ, ਬੇਰੁਜ਼ਗਾਰੀ, ਤਾਨਾਸ਼ਾਹੀ ਦੀਆਂ ਝੰਬੀਆਂ ਲਾਸ਼ਾਂ ਨਾਲ
ਮੇਰੇ ਕੋਈ ਲੈਣਾ ਦੇਣਾ ਨਹੀਂ ਮੈਂ ਵਿਚ ਅਖ਼ਬਾਰ ਲਿਖਦਾ ਹਾਂ
ਸੋਹਣਾ ਸੁਹਣਾ ਕੱਖ ਨਹੀਂ ਹੋਣਾ
ਸੋਹਣਾ ਸੁਹਣਾ ਕੱਖ ਨਹੀਂ ਹੋਣਾ
ਦਿਲ ਚੋਂ ਕੱਡ ਜਾਂ ਰੱਖ ਨਹੀਂ ਹੋਣਾ
ਜਿਹੜਾ ਜਿਹਦੀ ਰੂਹ ਨੂੰ ਜੱਚ ਗਿਆ
ਉਹਦੇ ਜਿਹਾ ਫ਼ਿਰ ਲੱਖ ਨਹੀਂ ਹੋਣਾ
ਕੋਲ ਬੈਠਾ ਜੋ ਦੂਰ ਦਿਲੇ ਤੋਂ
ਵੱਸਦਾ ਫ਼ਿਰ ਉਹ ਅੱਖ ਨਹੀਂ ਹੋਣਾ
ਪਾਰ ਸਮੁੰਦਰ ਭਾਂਵੇ ਤੁਰ ਜੇ
ਰੂਹ ਤੋਂ ਰਹਿਬਰ ਵੱਖ ਨਹੀਂ ਹੋਣਾ
ਜ਼ਬਰੀ ਗੰਢੇ ਮੋਹਰੇ ਵਰਗੇ
ਚਾਹਵਾਂ ਵੀ ਤਾਂ ਚੱਖ ਨਹੀਂ ਹੋਣਾ
ਭਰਮਾਂ ਸਾਹਵੇਂ ਤੁਰਿਆ ਆਇਆਂ
ਭਰਮ ਵੀ ਸੱਜਣਾ ਰੱਖ ਨਹੀਂ ਹੋਣਾ
ਬੜਾ ਖਲਾਰ ਖਲਾਰ ਉੱਠੇ ਹਾਂ
ਮੁੜ ਹੁਣ ਸਾਥੋਂ ਝੱਖ ਨਹੀਂ ਹੋਣਾ
ਦੀਪ ਸੰਧੂ
+61 459 966 392
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly