ਸਿਰਜਣਾ ਕੇਂਦਰ ਵੱਲੋਂ ਡਾ. ਭੰਡਾਲ ਸੰਗ ਰੂ ਬ ਰੂ ਅਤੇ ਡਾ. ਸੁਰਜੀਤ ਪਾਤਰ ਯਾਦਗਾਰੀ ਕਵੀ ਦਰਬਾਰ ਸਫ਼ਲਤਾ ਪੂਰਵਕ ਸੰਪੰਨ

ਕਪੂਰਥਲਾ, (ਸਮਾਜ ਵੀਕਲੀ) (ਕੌੜਾ)- ਇਲਾਕੇ ਦੇ ਲੇਖਕਾਂ ਦੀ ਵਿਸ਼ਵ ਪ੍ਰਸਿੱਧ ਸੰਸਥਾ ਸਿਰਜਣਾ ਕੇਂਦਰ (ਰਜਿ.) ਕਪੂਰਥਲਾ ਵੱਲੋਂ ਅਮਰੀਕਾ ਵਸਦੇ ਸ਼੍ਰੋਮਣੀ ਪ੍ਰਵਾਸੀ ਪੰਜਾਬੀ ਸਾਹਿਤਕਾਰ ਡਾ. ਗੁਰਬਖਸ਼ ਸਿੰਘ ਭੰਡਾਲ ਸੰਗ ਰੂ ਬ ਰੂ ਅਤੇ ਡਾ.ਸੁਰਜੀਤ ਪਾਤਰ ਪਦਮ ਸ਼੍ਰੀ ਦੀ ਯਾਦ ਵਿੱਚ ਹਾਜ਼ਰ ਕਵੀਆਂ ਦਾ ਇੱਕ ਕਵੀ ਦਰਬਾਰ ਕੇਂਦਰ ਦੇ ਦਫ਼ਤਰ ਵਿਰਸਾ ਵਿਹਾਰ ਕਪੂਰਥਲਾ ਵਿਖੇ ਕਰਵਾਇਆ ਗਿਆ ।
ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਕੇਂਦਰ ਦੇ ਪ੍ਰਧਾਨ ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ, ਡਾ. ਗੁਰਬਖਸ਼ ਸਿੰਘ ਭੰਡਾਲ, ਪ੍ਰੋ. ਕੁਲਵੰਤ ਸਿੰਘ ਔਜਲਾ, ਬਖ਼ਤੌਰ ਧਾਲੀਵਾਲ, ਰੌਸ਼ਨ ਖੈੜਾ ਅਤੇ ਰਤਨ ਸਿੰਘ ਸੰਧੂ ਆਦਿ ਬਿਰਾਜਮਾਨ ਹੋਏ ।
ਕੇਂਦਰ ਦੇ ਪ੍ਰਧਾਨ ਸ਼ਾਇਰ ਕੰਵਰ ਇਕਬਾਲ ਸਿੰਘ ਨੇ ਆਏ ਹੋਏ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਨੂੰ ਜੀ ਆਇਆਂ ਕਹਿਣ ਦੇ ਨਾਲ਼-ਨਾਲ਼ ਇਹ ਜਾਣਕਾਰੀ ਦਿਤੀ ਕਿ ਹਾਉਕੇ ਦੀ ਜੂਨ, ਸੁਪਨਿਆਂ ਦੀ ਜੂਹ-ਕੈਨੇਡਾ, ਰੰਗਾਂ ਦਾ ਦਰਿਆ, ਵਿਗਿਆਨ ਦੇ ਪਾਂਧੀ, ਵਿਗਿਆਨ ਦੇ ਪਾਸਾਰ, ਧੁੱਪ ਦੀ ਤਾਲਾਸ਼, ਅਸੀਸ ਤੇ ਆਸਥਾ, ਘਰ ਅਰਦਾਸ ਕਰੇ, ਇਹ ਘਰ ਮੇਰਾ ਨਹੀਂ, ਪਰਵਾਸੀ ਪੈੜਾਂ, ਸੂਰਜ ਦੀ ਦਸਤਕ, ਜ਼ਿੰਦਗੀ, ਗਾਰਡ ਪਾਰਟੀਕਲ, ਹਵਾ ਹੱਥ ਜੋੜਦੀ ਹੈ, ਲੋਏ ਲੋਏ, ਕਾਇਆ ਦੀ ਕੈਨਵਸ, ਵਿਗਿਆਨਕ ਚੇਤਨਾ ਅਤੇ ਪ੍ਰਦੂਸ਼ਨ, ਧੁੱਪ ਦੀਆਂ ਕਣੀਆਂ, ਰੂਹ ਰੇਜ਼ਾ ਅਤੇ ਦੀਵਿਆਂ ਦੀ ਡਾਰ ਇਤਿਆਦਿ ਕਿਤਾਬਾਂ ਦੇ ਲੇਖਕ ਡਾ. ਗੁਰਬਖਸ਼ ਸਿੰਘ ਭੰਡਾਲ ਨੇ ਜਿੱਥੇ ਪੰਜਾਬ ਦੇ ਵੱਖ-ਵੱਖ ਕਾਲਜਾਂ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ ਹਨ,  ਉੱਥੇ ਹੀ ਉਹ ਅੱਜ ਕੱਲ ਅਮਰੀਕਾ ਦੇ ਵਿੱਦਿਅਕ ਅਦਾਰੇ ਵਿੱਚ ਬੱਚਿਆਂ ਨੂੰ ਤਾਲੀਮ ਦੇ ਰਹੇ ਹਨ ।
ਪ੍ਰੋ. ਕੁਲਵੰਤ ਸਿੰਘ ਔਜਲਾ ਨੇ ਡਾ.ਗੁਰਬਖਸ਼ ਸਿੰਘ ਭੰਡਾਲ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਉਹਨਾਂ ਦੇ ਵਿਦਿਅਕ ਅਤੇ ਸਾਹਿਤਿਕ ਖੇਤਰ ਵਿੱਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਬਾਰੇ ਸੰਖੇਪ ਵਿੱਚ ਦੱਸਦਿਆਂ ਭੰਡਾਲ ਸਾਹਿਬ ਨੂੰ ਹਾਜ਼ਰੀਨ ਦੇ ਰੂਬਰੂ ਕੀਤਾ । ਡਾ. ਗੁਰਬਖਸ਼ ਸਿੰਘ ਭੰਡਾਲ ਨੇ ਆਪਣੇ ਬਾਪ ਨਾਲ ਖੇਤਾਂ ਵਿੱਚ ਹੱਥ ਵਟਾਉਣ ਤੋਂ ਲੈ ਕੇ ਪੰਜਾਬ ਦੇ ਵੱਖ-ਵੱਖ ਕਾਲਜਾਂ ਵਿੱਚ ਭੌਤਿਕ ਵਿਗਿਆਨ ਦੇ ਪ੍ਰੋਫੈਸਰ ਨਿਭਾਈਆਂ ਸੇਵਾਵਾਂ, ਕੀਤੇ ਗਏ ਅਤੇ ਕੀਤੇ ਜਾ ਰਹੇ ਸਾਹਿਤਕ ਕਾਰਜਾਂ ਦੀ ਭਾਵਪੂਰਤ ਜਾਣਕਾਰੀ ਦਿੱਤੀ ! ਉਹਨਾਂ ਹੁੱਬ ਕੇ ਦੱਸਿਆ ਕਿ ਗਿਆਰਵੀਂ ਜਮਾਤ ਵਿੱਚੋਂ ਫੇਲ ਹੋਣ ਵਾਲਾ ਪਿੰਡ ਦਾ ਇੱਕ ਸਧਾਰਨ ਜਿਹਾ ਮੁੰਡਾ ਕਿਵੇਂ ਅੱਜ ਅਮਰੀਕਾ ਦੀ ਯੂਨੀਵਰਸਿਟੀ ਵਿੱਚ ਬਤੌਰ ਪ੍ਰੋਫੈਸਰ ਸੇਵਾਵਾਂ ਦੇ ਰਿਹਾ ਹੈ । ਇਸ ਸਮਾਗਮ ਦੇ ਸਟੇਜ ਸੰਚਾਲਨ ਦੀ ਸੇਵਾ ਕੇਂਦਰ ਦੇ ਜਨਰਲ ਸਕੱਤਰ ਸ਼ਹਿਬਾਜ਼ ਖਾਨ ਨੇ ਬਾਖੂਬੀ ਨਿਭਾਈ ।
ਕੇਂਦਰ ਦੇ ਅਹੁਦੇਦਾਰਾਂ ਆਸ਼ੂ ਕੁਮਰਾ ਅਤੇ ਮਲਕੀਤ ਸਿੰਘ ਮੀਤ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਡਾ. ਹਰਭਜਨ ਸਿੰਘ, ਕੰਵਰ ਇਕਬਾਲ ਸਿੰਘ, ਚੰਨ ਮੋਮੀ, ‌ਮਨਜਿੰਦਰ ਕਮਲ, ਜਸਵੰਤ ਸਿੰਘ ਖਡੂਰ ਸਾਹਿਬ, ਮੁਖਤਾਰ ਸਿੰਘ ਸਹੋਤਾ, ਅਵਤਾਰ ਅਸੀਮ, ਤੇਜਬੀਰ ਸਿੰਘ, ਨਕਾਸ਼ ਚਿੱਤੇਵਾਣੀ, ਗੁਰਦੇਵ ਸਿੰਘ ਭੱਟੀ, ਧਰਮਪਾਲ ਪੈਂਥਰ, ਜਸਪਾਲ ਸਿੰਘ ਚੌਹਾਨ, ਸ਼ਹਿਬਾਜ਼ ਖਾਨ, ਆਸ਼ੂ ਕੁਮਰਾ, ਮਲਕੀਤ ਸਿੰਘ ਮੀਤ, ਬਖਤੌਰ ਧਾਲੀਵਾਲ, ਇਤਿਆਦਿ ਨੇ ਆਪੋ ਆਪਣੀ ਸ਼ਾਇਰੀ ਨਾਲ ਸਰੋਤਿਆਂ ਨੂੰ ਸਰਸ਼ਾਰ ਕੀਤਾ ! ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਡਾ. ਹਰਪ੍ਰੀਤ ਸਿੰਘ ਹੁੰਦਲ, ਮਾਸਟਰ ਨਿਰਮਲ ਸਿੰਘ ਖਾਲੂ, ਪ੍ਰਵਾਸੀ ਭਾਰਤੀ ਹਰਨੇਕ ਸਿੰਘ ਥਿੰਦ, ਗੁਰਮਿੰਦਰਜੀਤ ਸਿੰਘ ਅਤੇ ਜਸਪਾਲ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ । ਸਮਾਗਮ ਦੇ ਅੰਤ ਵਿੱਚ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਸ਼ਖਸ਼ੀਅਤਾਂ ਨੇ ਡਾ. ਗੁਰਬਖਸ਼ ਸਿੰਘ ਭੰਡਾਲ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪੰਜਾਬ ਦੀ ਮਸ਼ਹੂਰ ਗਾਇਕ ਜੋੜੀ ਅਮਰੀਕ ਮਾਇਕਲ ਅਤੇ ਸੋਨਾ ਡੋਗਰਾ ਪਹੁੰਚੇ ਪਿੰਡ ਨੂਰਪੁਰ ।
Next articleਹਰਕ੍ਰਿਸ਼ਨ ਸਕੂਲ ਆਰ ਸੀ ਐੱਫ ਪੋਸਟਰ ਮੇਕਿੰਗ ਮੁਕਾਬਲੇ ਦਾ ਉਪ ਜੇਤੂ