ਬਸਪਾ ਦੀ ਤਰਨਤਾਰਨ ਵਿੱਚ ਮੀਟਿੰਗ, ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ‘ਤੇ ਦਿੱਤਾ ਜ਼ੋਰ
ਬਹੁਜਨ ਸਮਾਜ ਪਾਰਟੀ (ਸਮਾਜ ਵੀਕਲੀ) (ਬਸਪਾ) ਵੱਲੋਂ ਅੱਜ ਜ਼ਿਲ੍ਹਾ ਤਰਨਤਰਨ ਦੀ ਮੀਟਿੰਗ ਕੀਤੀ ਗਈ, ਜਿਸ ਵਿੱਚ ਬਸਪਾ ਸੂਬਾ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਡਾ. ਅਵਤਾਰ ਸਿੰਘ ਕਰੀਮਪੁਰੀ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ, ਜਦਕਿ ਬਸਪਾ ਸੂਬਾ ਜਨਰਲ ਸਕੱਤਰ ਚੌਧਰੀ ਗੁਰਨਾਮ ਸਿੰਘ ਤੇ ਤਰਸੇਮ ਥਾਪਰ ਅਤੇ ਤਰਨਤਾਰਨ ਲੋਕਸਭਾ ਇੰਚਾਰਜ ਸਤਨਾਮ ਸਿੰਘ ਵਿਸ਼ੇਸ਼ ਮਹਿਮਾਨ ਵੱਜੋਂ ਪਹੁੰਚੇ। ਮੀਟਿੰਗ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਸ. ਕੁਲਵਿੰਦਰ ਸਿੰਘ ਸਹੋਤਾ ਨੇ ਕੀਤੀ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਬਸਪਾ ਵੱਲੋਂ 26 ਜਨਵਰੀ ਨੂੰ ਸੰਵਿਧਾਨ ਦਿਵਸ ‘ਤੇ ਪੰਜਾਬ ਅੰਦਰ ਵਿਸ਼ੇਸ਼ ਮੁਹਿੰਮ ਤਹਿਤ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਭਾਰਤ ਦੇ ਵਿਕਾਸ ਵਿੱਚ ਸਰਬਪੱਖੀ ਯੋਗਦਾਨ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਜਾਵੇਗਾ। ਨਾਲ ਹੀ ਸੱਤਾ ਵਿੱਚ ਰਹੀਆਂ ਪਾਰਟੀਆਂ ਦੀਆਂ ਵਿਨਾਸ਼ਕਾਰੀ ਨੀਤੀਆਂ ਦਾ ਖੁਲਾਸਾ ਕੀਤਾ ਜਾਵੇਗਾ।
ਇਸ ਸਬੰਧੀ ਦੁਆਬੇ ਦੇ ਹਰ ਵਿਧਾਨਸਭਾ ਹਲਕੇ ਦੇ 20 ਪਿੰਡਾਂ ਅਤੇ ਮਾਝਾ ਤੇ ਮਾਲਵਾ ਦੇ ਪਿੰਡਾਂ ਵਿੱਚ ਸਮਾਗਮ ਕੀਤੇ ਜਾਣਗੇ। ਸੂਬਾ ਲੀਡਰਸ਼ਿਪ, ਜ਼ਿਲ੍ਹਾ ਲੀਡਰਸ਼ਿਪ ਤੇ ਵਿਧਾਨ ਸਭਾ ਲੀਡਰਸ਼ਿਪ ਵੱਲੋਂ ਪੂਰੇ ਜ਼ੋਰਾਂ ਨਾਲ ਇਨ੍ਹਾਂ ਸਮਾਗਮਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਨਾਲ ਹੀ ਪਿੰਡ ਪੱਧਰ ‘ਤੇ ਬੀਐਸਪੀ ਦੇ ਯੂਨਿਟ ਬਣਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਬਸਪਾ ਸੂਬਾ ਪ੍ਰਧਾਨ ਨੇ ਕਿਹਾ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਯਤਨਾਂ ਸਦਕਾ ਦੇਸ਼ ਦਾ ਸੰਵਿਧਾਨ ਹੋਂਦ ਵਿੱਚ ਆਇਆ। ਸੰਵਿਧਾਨ ਵਿੱਚ ਸੁਤੰਤਰਤਾ, ਸਮਾਨਤਾ ਅਤੇ ਭਾਈਚਾਰਕ ਸਾਂਝ ਦੀ ਮਜ਼ਬੂਤੀ ਲਈ ਜੋ ਪ੍ਰਬੰਧ ਕੀਤਾ ਗਿਆ, ਉਹ ਬਾਬਾ ਸਾਹਿਬ ਅੰਬੇਡਕਰ ਜੀ ਦੀ ਦੇਣ ਹੈ। ਡਾ. ਅੰਬੇਡਕਰ ਜੀ ਦੇ ਯਤਨ ਸਦਕਾ ਸੰਵਿਧਾਨ ਵਿੱਚ ਹਰ ਇੱਕ ਧਰਮ, ਸੁਸਾਇਟੀ ਦੇ ਹਰੇਕ ਸੈਕਸ਼ਨ ਨੂੰ ਆਪਣੇ ਕਲਚਰ ਦੀ ਆਜ਼ਾਦ ਪਹਿਚਾਣ ਰੱਖਣ ਦਾ ਹੱਕ ਦਿੱਤਾ ਗਿਆ।
ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਭਾਜਪਾ ਆਗੂ ਅਮਿਤ ਸ਼ਾਹ ਵੱਲੋਂ ਸੰਸਦ ਵਿੱਚ ਬਾਬਾ ਸਾਹਿਬ ਅੰਬੇਡਕਰ ਪ੍ਰਤੀ ਵਰਤੇ ਗਏ ਅਪਮਾਨਜਨਕ ਸ਼ਬਦਾਂ ਦੀ ਨਿਖੇਧੀ ਕੀਤੀ। ਨਾਲ ਹੀ ਕਿਹਾ ਕਿ ਕਾਂਗਰਸ ਦੀ ਸੋਚ ਵੀ ਭਾਜਪਾ ਵਾਂਗ ਅੰਬੇਡਕਰ ਵਿਰੋਧੀ ਹੈ। ਸੂਬੇ ਦੀ ਆਪ ਸਰਕਾਰ ਵੀ ਬਾਬਾ ਸਾਹਿਬ ਦੀ ਸੋਚ ਖਿਲਾਫ ਕੰਮ ਕਰਨ ਲੱਗੀ ਹੋਈ ਹੈ।
ਉਨ੍ਹਾਂ ਕਿਹਾ ਕਿ ਆਪ ਲੋਕਾਂ ਨਾਲ ਗਰੰਟੀਆਂ ਦੇ ਖੋਖਲੇ ਵਾਅਦੇ ਕਰਕੇ ਸੱਤਾ ਵਿੱਚ ਆਈ ਸੀ। ਅੱਜ ਉਸਦੀ ਹਰ ਗਰੰਟੀ ਫੇਲ੍ਹ ਹੋ ਚੁੱਕੀ ਹੈ। ਪੰਜਾਬ ਬੁਰੀ ਤਰ੍ਹਾਂ ਨਸ਼ੇ ਦੀ ਚਪੇਟ ਵਿੱਚ ਆ ਚੁੱਕਾ ਹੈ।
ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਬਸਪਾ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਕੇ ਪੰਜਾਬ ਅਤੇ ਮਾਂਵਾਂ ਦੇ ਪੁੱਤਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਮੁਹਿੰਮ ਚਲਾਏਗੀ। ਨਵੇਂ ਪੰਜਾਬ ਦੀ ਉਸਾਰੀ, ਬੇਰੁਜ਼ਗਾਰ ਨੌਜਵਾਨਾਂ ਲਈ ਰੁਜ਼ਗਾਰ ਦਾ ਪ੍ਰਬੰਧ ਕਰਨਾ, ਬੈਕਵਰਡ ਕਲਾਸ ਲਈ ਮੰਡਲ ਕਮਿਸ਼ਨ ਰਿਪੋਰਟ ਲਾਗੂ ਕਰਨਾ, ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ, ਕਿਸਾਨਾਂ-ਮਜ਼ਦੂਰਾਂ ਤੇ ਖੇਤੀਬਾੜੀ ਸੈਕਟਰ ਨੂੰ ਖੁਸ਼ਹਾਲ ਬਣਾਉਣਾ ਬਸਪਾ ਦੇ ਏਜੰਡੇ ਵਿੱਚ ਸ਼ਾਮਲ ਹੈ। ਬਸਪਾ ਇਸ ਦਿਸ਼ਾ ਵੱਲ ਅੱਗੇ ਵਧੇਗੀ।
ਇਸ ਮੀਟਿੰਗ ਨੂੰ ਬਸਪਾ ਦੇ ਸੂਬਾ ਜਨਰਲ ਸਕੱਤਰ ਚੌਧਰੀ ਗੁਰਨਾਮ ਸਿੰਘ ਤੇ ਤਰਸੇਮ ਥਾਪਰ, ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ, ਲੋਕਸਭਾ ਇੰਚਾਰਜ ਸਤਨਾਮ ਸਿੰਘ ਨੇ ਵੀ ਸੰਬੋਧਿਤ ਕੀਤਾ। ਇਸ ਦੌਰਾਨ ਬਸਪਾ ਆਗੂ ਜਗਤਾਰ ਖੁਆਸਪੁਰ ਤੇ ਵੱਡੀ ਗਿਣਤੀ ਵਿੱਚ ਹੋਰ ਬਸਪਾ ਆਗੂ ਤੇ ਵਰਕਰ ਮੌਜ਼ੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj