(ਸਮਾਜ ਵੀਕਲੀ)
ਛਿੰਦੇ ਦੇ ਰਮਨੀਤ ਦੇ ਵਿਆਹ ਨੂੰ ਤੀਜਾ ਦਿਨ ਹੋਇਆ ਸੀ, ਘਰਵਾਲੀ ਨੂੰ ਘਮਾਉਣ ਲਈ ਸਪਲੈਂਡਰ ਮੋਟਰਸਾਈਕਲ ਤੇ ਸ਼ਹਿਰ ਵਲ ਨੂੰ ਚੱਲ ਪਏ,ਤੀਆਂ ਜਿਨ੍ਹਾਂ ਚਾਅ ਸੀ ਦੋਨਾਂ ਮੀਆਂ-ਵੀਵੀ ਨੂੰ | ਸ਼ਹਿਰ ਮਸ਼ਹੂਰ ਬਰਗਰ ਹਾਊਸ ਤੋਂ ਬਰਗਰ ਖਾ ਕੇ ਫਿਰ ਭਾਨ ਚੰਦ ਦੇ ਗੋਲ ਗੱਪਿਆ ਦਾ ਚਟਪਟਾ ਸਵਾਦ ਵੀ ਚੱਖਿਆ |ਘਰਵਾਲੀ ਦਾ ਮਨਪਸੰਦ ਗਜਰੇਲਾ ਰਾਜ ਸਵੀਟ ਸ਼ਾਪ ਤੋਂ ਪੈਂਦੀ ਹੱਡ ਤੋੜਵੀ ਠੰਢ ਚ ਖਾ ਕੇ ਦੋਨਾਂ ਨੇ ਆਪਣੇ ਆਪ ਨੂੰ ਨਿੱਘੇ ਕੀਤਾ |ਰਮਨੀਤ ਨੇ ਹੋਰ ਕੁਝ ਵੀ ਖਾਣ ਤੋਂ ਮਨਾ ਕਰ ਕੇ ਛਿੰਦੇ ਨੂੰ ਕਿਹਾ, ਜੀ ਹੋਰ ਕੁਝ ਵੀ ਖਾਣ ਦੀ ਗੁੰਜਾਇਸ਼ ਨਹੀਂ, ਆਪਾਂ ਤਾਂ ਰਾਤ ਦੀ ਰੋਟੀ ਵੀ ਨਹੀਂ ਖਾਣੀ |ਕਾਸ਼ ਕਿਤੇ ਇੱਕ ਕੱਪ ਚਾਹ ਦਾ ਮਿਲ ਜਾਏ ਖਾਧਾ ਪੀਤਾ ਥੱਲੇ ਹੋ ਜਾਊ, ਰਮਨੀਤ ਨੇ ਆਪਣੇ ਦਿਲ ਦੀ ਛਿੰਦੇ ਨਾਲ ਸਾਂਝੀ ਕੀਤੀ |
ਰਮਨੀਤ, ਆਪਾਂ ਚਾਹ ਕਚਹਿਰੀ ਵਾਲੇ ਮੋੜ ਤੋਂ ਜਾ ਕੇ ਪੀਨੇ, ਕਮਾਲ ਦੀ ਚਾਹ ਬਣਾਉਂਦਾ ਉਹ, ਤੂੰ ਇੱਕ ਵਾਰ ਜਾਇਕੇ ਦਾਰ ਚਾਹ ਪੀ ਕੇ ਦੇਖੀ ਮੁੜ ਆਵੇਂਗੀ ਕਚਹਿਰੀ ਦੇ ਮੋੜ ਆਲੇ ਖੋਖੇ ਤੇ| ਕਹਿੰਦੇ ਹੋਏ ਛਿੰਦੇ ਨੇ ਰਮਨੀਤ ਨੂੰ ਮੋਟਰਸਾਈਕਲ ਮਗਰ ਬਿਠਾ ਕੇ ਕਚਹਿਰੀ ਵਾਲੇ ਰਾਹ ਵਲ ਚਾਲੇ ਪਾ ਦਿੱਤੇ |
ਚਾਹ ਦੀਆਂ ਚੁਸਕੀਆਂ ਲੈਂਦੇ ਛਿੰਦੇ ਨੇ ਰਮਨੀਤ ਨੂੰ ਕਿਹਾ, ਯਰ ਅੱਜ ਦਾ ਦਿਨ ਤੇਰੇ ਨਾਲ ਘੁੰਮ ਫਿਰ ਕੇ ਅਨੰਦ ਜਿਹਾ ਆ ਗਿਆ, ਭਾਵੇਂ ਆਪਾਂ ਇਕੱਠਿਆਂ ਨੇ ਹੀ ਹਰ ਥਾਂ ਅਉਣਾ ਜਾਣਾ, ਜੋ ਜੋ ਅੱਜ ਖਾਧਾ ਪੀਤਾ ਇਹ ਵੀ ਖਾਈ ਜਾਣਾ ਪਰ ਅੱਜ ਦਾ ਦਿਨ ਯਾਦਗਰੀ ਜਿਹਾ ਰਹੇਗਾ |ਦੱਸ ਰਮਨੀਤ ਕਿੱਦਾਂ ਲੱਗੀ ਚਾਹ ਸਾਡੇ ਸ਼ਹਿਰ ਦੀ ਛਿੰਦੇ ਨੇ ਰਮਨੀਤ ਨੂੰ ਪੁੱਛਿਆ |
ਵਾਕਿਆ ਹੀ ਟੇਸਟੀ ਆ, ਫਿਰ ਕਦੇ ਏਧਰ ਆਏ ਤਾਂ ਜਰੂਰ ਪੀਵਾਂਗੇ |ਰਮਨੀਤ ਨੇ ਚਾਹ ਦਾ ਆਖਰੀ ਘੁੱਟ ਭਰ ਕੇ ਖਾਲੀ ਗਲਾਸੀ ਕਾਉਂਟਰ ਤੇ ਰੱਖ ਦਿੱਤਾ ਚਾਹ ਤੋਂ ਵਹਿਲੇ ਹੋ ਕੇ ਰਮਨੀਤ ਨੇ ਛਿੰਦੇ ਨੂੰ ਘਰ ਜਾਣ ਦੀ ਕਾਹਲ ਪਾਈ ਕੇ ਹਨੇਰਾ ਹੋਈ ਜਾਂਦਾ ਮੰਮੀ ਫ਼ਿਕਰ ਕਰਦੇ ਹੋਣਗੇ
‘ਸਦਾ ਨਾ ਬਾਗ਼ ਬਹਾਰਾਂ ਰਹਿੰਦੀਆਂ
ਸਦਾ ਨਾ ਚੜ੍ਹੇ ਸਵੇਰੇ
ਸਦਾ ਨਾ ਪਤਝੜ ਰੁੱਤਾਂ ਰਹਿੰਦੀਆਂ
ਸਦਾ ਨਾ ਰਹਿਣ ਹਨੇਰੇ’
ਹਾਸੇ ਮਖੌਲ, ਨੋਕ ਝੋਕ,ਰੁਸਣ ਮਨਾਉਣ ਵਿੱਚ ਦੋ ਸਾਲ ਲੰਘ ਗਏ|
ਪਰ ਰਿਸ਼ਤਿਆਂ ਦੀਆਂ ਕਦਰਾਂ ਕੀਮਤਾਂ ਕੁਝ ਸਮਾਂ ਬਾਅਦ ਹੀ ਪੈਂਦੀਆਂ ਹੁੰਦੀਆਂ |ਛਿੰਦੇ ਤੇ ਰਮਨੀਤ ਦੀ ਨੋਕ ਝੋਕ ਹੁਣ ਨਫ਼ਰਤ ਵਿੱਚ ਬਦਲਣ ਲੱਗੀ, ਤੇਹ-ਪਿਆਰ ਤਾਂ ਖੰਭ ਲਾ ਕੇ ਉੱਡ ਗਿਆ,ਵਿਚਾਰਾਂ ਵਿੱਚ ਮਤਭੇਦ ਤਾਂ ਆਮ ਸੀ |ਨਿੱਕੀ ਨਿੱਕੀ ਗੱਲ ਤੇ ਮਹਿਣੋ ਮਹਿਣੀ ਹੋਣਾ ਆਮ ਹੋ ਗਿਆ |ਜਦੋ ਲੜਾਈ ਤੇ ਗਾਲੀ ਗਲੋਚ ਹੱਦੋਂ ਵਧ ਗਿਆ ਤਾਂ ਰਮਨੀਤ ਨੇ ਆਪਣੇ ਲੀੜੇ ਝੋਲੇ ਵਿੱਚ ਪਾਏ ਤੇ ਪੇਕਿਆਂ ਨੂੰ ਤੁਰ ਪਈ, ਗਹਿਮਾਂ ਗਹਿਮੀ ਤੇ ਤਲਖੀ ਦੋਹਾਂ ਪਰਿਵਾਰਾਂ ਵਿੱਚ ਲੋੜੋ ਵੱਧ ਵਧ ਗਈ, ਅਖੀਰ ਤਲਾਕ ਤੇ ਜਾ ਕੇ ਗੱਲ ਮੁੱਕੀ | ਛਿੰਦੇ ਨੇ ਵਕੀਲ ਨਾਲ ਗੱਲ ਕਰਕੇ ਰਮਨੀਤ ਦੀ ਸਹਿਮਤੀ ਨਾਲ ਤਲਾਕ ਦੀ ਫਾਈਲ ਤਿਆਰ ਕਰਨ ਦੀ ਗੱਲ ਕੀਤੀ |
ਫਾਈਲ ਤਿਆਰ ਹੋਈ ਤਾਂ ਸਮਝੌਤੇ ਤਾਹਿਤ ਅੱਜ ਹਸ਼ਤਾਖਰ ਕਰਨ ਲਈ ਛਿੰਦੇ ਤੇ ਰਮਨੀਤ ਨੇ ਕਚਹਿਰੀ ਜੱਜ ਕੋਲ ਪੇਸ਼ ਹੋਣਾ ਸੀ | ਛਿੰਦਾ ਕੁਝ ਸਮਾਂ ਪਹਿਲਾਂ ਹੀ ਆ ਗਿਆ ਸੀ,ਅੰਦਰ ਭੀੜ ਜਿਆਦਾ ਹੋਣ ਕਰਕੇ, ਚੇਂਬਰ ਲੱਭਣ ਲਈ ਸਮਾਂ ਨਾ ਖਰਾਬ ਹੋਵੇ ਛਿੰਦਾ ਰਮਨੀਤ ਦਾ ਕਚਹਿਰੀ ਦੇ ਬਾਹਰ ਗੇਟ ਕੋਲ ਸੜਕ ਤੇ ਟਹਿਲਦਾ ਹੋਇਆ ਉਡੀਕ ਕਰਨ ਲੱਗਾ |ਰਮਨੀਤ ਰਿਕਸ਼ੇ ਵਾਲੇ ਨੂੰ ਪੈਸੇ ਦੇ ਕੇ ਕਾਹਲੀ ਕਾਹਲੀ ਕਚਹਿਰੀ ਅੰਦਰ ਦਾਖਲ ਹੋ ਕੇ ਛਿੰਦੇ ਨੂੰ ਫੋਨ ਕਰਨ ਲੱਗੀ, ਹਲੋ!ਕਿੱਥੇ ਆਵਾਂ ਮੈਂ ਕਚਹਿਰੀ ਆ ਗਈ |
ਤੂੰ ਕਿੱਥੇ?ਮੈਂ ਤਾਂ ਬਾਹਰ ਹੀ ਕਚਹਿਰੀ ਤੋਂ ਤੇਰਾ ਰਾਹ ਦੇਖਦਾ ਸੀ ਛਿੰਦੇ ਨੇ ਕਿਹਾ ਬਾਹਰ ਕਿੱਥੇ? ਰਮਨੀਤ ਨੇ ਪੁੱਛਿਆ ਬਾਹਰ ਆਹ ‘ਕਚਹਿਰੀ ਦੇ ਮੋੜ ਵਾਲੇ ਖੋਖੇ ਤੇ’ |
ਕਚਹਿਰੀ ਦੇ ਮੋੜ ਵਾਲੇ ਖੋਖੇ ਦਾ ਸੁਣ ਕੇ ਅਗਲਾ ਸਵਾਲ ਜਵਾਬ ਨਹੀਂ ਹੋਇਆ,ਸ਼ਾਇਦ ਅਤੀਤ ਹਾਵੀ ਹੋ ਗਿਆ ਸੀ |
ਹੈਪੀ ਸ਼ਾਹਕੋਟੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly