ਜਸਵੀਰ ਸਿੰਘ ਪਾਬਲਾ
(ਸਮਾਜ ਵੀਕਲੀ) ਵੱਖ-ਵੱਖ ਦੇਸਾਂ ਦੇ ਨਾਂਵਾਂ ਨੂੰ ਕਈ ਵਾਰ ਕੁਝ ਦੇਸਾਂ ਦੇ ਲੋਕ ਆਪਣੇ ਸਥਾਨਿਕ ਉਚਾਰਨ ਅਨੁਸਾਰ ਵੀ ਢਾਲ਼ ਲੈਂਦੇ ਹਨ, ਜਿਵੇਂ: ਅੰਗਰੇਜ਼ੀ ਵਿੱਚ ਭਾਵੇਂ ਕਨੇਡਾ ਦਾ ਨਾਂ “ਕੈਨੇਡਾ” ਹੀ ਹੈ ਪਰ ਪੰਜਾਬੀ ਵਿੱਚ ਇਹ “ਕਨੇਡਾ” ਬਣ ਜਾਂਦਾ ਹੈ। ਇਸੇ ਤਰ੍ਹਾਂ ਜਾਪਾਨ ਪੰਜਾਬੀ ਵਿੱਚ “ਜਪਾਨ” ਬਣ ਜਾਂਦਾ ਹੈ। ਇਹਨਾਂ ਦੋਂਹਾਂ ਦੇਸਾਂ ਨੂੰ ਪੰਜਾਬੀ ਵਿੱਚ ਕੈਨੇਡਾ ਤੇ ਜਾਪਾਨ ਲਿਖਣਾ ਅਤੇ ਬੋਲਣਾ ਵੱਡੀ ਕੁਤਾਹੀ ਹੈ। ਇਹਨਾਂ ਦੇਸਾਂ ਦੇ ਸ਼ਬਦ-ਜੋੜਾਂ ਨੂੰ ਨਿਰਧਾਰਿਤ ਕਰਨ ਵਿੱਚ ਪੰਜਾਬੀ-ਵਿਆਕਰਨ ਦਾ ਇੱਕ ਮਹੱਤਵਪੂਰਨ ਨਿਯਮ ਵੀ ਕੰਮ ਕਰ ਰਿਹਾ ਹੈ ਜਿਸ ਅਨੁਸਾਰ ਤਿੰਨ ਜਾਂ ਤਿੰਨ ਤੋਂ ਵੱਧ ਅੱਖਰਾਂ ਵਾਲ਼ੇ ਸ਼ਬਦਾਂ ਵਿੱਚ ਜੇਕਰ ਪਹਿਲੇ ਦੋ ਅੱਖਰਾਂ ਨਾਲ਼ ਦੀਰਘ ਮਾਤਰਾਵਾਂ ਲੱਗੀਆਂ ਹੋਣ ਤਾਂ ਪਹਿਲੇ ਅੱਖਰ ਦੀ ਦੀਰਘ ਮਾਤਰਾ ਜਾਂ ਤਾਂ ਅਲੋਪ ਹੋ ਜਾਵੇਗੀ ਜਾਂ ਉਹ ਲਘੂ ਮਾਤਰਾ ਵਿੱਚ ਬਦਲ ਜਾਵੇਗੀ, ਜਿਵੇਂ: ਦੀਵਾਲੀ ਤੋਂ ਦਿਵਾਲ਼ੀ ਅਤੇ ਸਾਲਾਨਾ ਤੋਂ ਸਲਾਨਾ ਆਦਿ। ਇਸੇ ਕਾਰਨ ਕੈਨੇਡਾ ਅਤੇ ਜਾਪਾਨ ਸ਼ਬਦਾਂ ਵਿੱਚ ਕੈਨੇਡਾ ਸ਼ਬਦ ਵਿਚਲੀ ਦੁਲਾਂ (“ਕੈ” ਦੀ) ਅਤੇ ਜਾਪਾਨ ਵਿੱਚ ਪਹਿਲੇ ਕੰਨੇ ਦੀ ਦੀਰਘ ਮਾਤਰਾ (“ਜਾ” ਦੀ), ਦੋਵੇਂ ਅਲੋਪ ਹੋ ਗਈਆਂ ਹਨ ਪਰ ਬਾਹਰਲੇ ਦੇਸਾਂ ਦੇ ਵੀਜ਼ੇ ਲਗਵਾਉਣ ਵਾਲ਼ੇ ਏਜੰਟ ਅਜੇ ਵੀ ਲੋੜਵੰਦਾਂ ਉੱਤੇ ਆਪਣਾ ਪ੍ਰਭਾਵ ਜਮਾਉਣ ਲਈ ਕਨੇਡਾ ਨੂੰ ਕੈਨੇਡਾ ਹੀ ਬੋਲਦੇ ਹਨ ਜਦਕਿ ਕੈਨੇਡਾ ਨੂੰ ਕਨੇਡਾ ਕਹਿਣਾ ਵਧੇਰੇ ਅਸਾਨ ਹੈ। ਕਨੇਡਾ ਕਹਿਣਾ ਤਾਂ ਕਿਤੇ ਰਿਹਾ, ਉਹ ਤਾਂ “ਕੈਨੇਡਾ” ਨੂੰ ਵੀ ਅੰਗਰੇਜ਼ਾਂ ਵਾਂਗ ਕਨੇਡਾ ਵਿਚਲੇ ਕ ਅੱਖਰ ਦਾ ਵੀ ਖ ਜਿਹਾ ਬਣਾ ਕੇ “ਖੈਨੇਡਾ” ਹੀ ਬੋਲਦੇ ਹਨ। ਅਜਿਹੀਆਂ ਗੱਲਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ।
ਇਸ ਤੋਂ ਬਿਨਾਂ ਅੰਗਰੇਜ਼ੀ ਦੇ ਉਚਾਰਨ ਵਾਲ਼ੇ ਅਮੈਰਿਕਾ (America) ਨੂੰ ਵੀ ਪੰਜਾਬੀ ਵਿੱਚ “ਅਮਰੀਕਾ” ਹੀ ਲਿਖਿਆ ਅਤੇ ਬੋਲਿਆ ਜਾਂਦਾ ਹੈ। ਅੰਗਰੇਜ਼ੀ ਭਾਸ਼ਾ ਦੇ ਚਾਈਨਾ (China) ਅਤੇ ਰਸ਼ੀਆ (Russia) ਨੂੰ ਵੀ ਪੰਜਾਬੀ/ਹਿੰਦੀ ਭਾਸ਼ਾਵਾਂ ਵਿੱਚ “ਚੀਨ” ਅਤੇ “ਰੂਸ” ਹੀ ਕਿਹਾ ਅਤੇ ਲਿਖਿਆ ਜਾਂਦਾ ਹੈ। ਸਿੰਘਾਪੁਰ ਦੇ ਅੰਗਰੇਜ਼ੀ ਵਿੱਚ ਸ਼ਬਦ-ਜੋੜ ਭਾਵੇਂ ਸਿੰਗਾਪੋਰ (Singapore) ਹਨ ਪਰ ਪੰਜਾਬੀ ਵਿੱਚ ਇਸ ਨੂੰ “ਸਿੰਘਾਪੁਰ” ਹੀ ਬੋਲਿਆ ਅਤੇ ਲਿਖਿਆ ਜਾਂਦਾ ਹੈ। ਅੰਗਰੇਜ਼ੀ ਦੇ ਔਸਟ੍ਰੇਲੀਆ (Australia) ਨੂੰ ਆਸਟ੍ਰੇਲੀਆ ਅਤੇ ਹੌਲੈਂਡ ਨੂੰ ਕੰਨਾ ਪਾ ਕੇ “ਹਾਲੈਂਡ” ਕਿਹਾ ਜਾਂਦਾ ਹੈ। ਅਫ਼ਗ਼ਾਨਿਸਤਾਨ ਦੇ ਲੋਕ ਭਾਰਤ ਨੂੰ ਕੇਵਲ “ਹਿੰਦ” ਜਾਂ ਆਪਣੀ ਭਾਸ਼ਾ ਵਿੱਚ ਕੁਝ ਹੋਰ ਵਿਕੋਲਿਤਰੇ ਜਿਹੇ ਨਾਂਵਾਂ ਨਾਲ਼ ਵੀ ਸੰਬੋਧਨ ਕਰਦੇ ਹਨ।
ਕੁਝ ਦੇਸਾਂ/ਪ੍ਰਦੇਸ਼ਾਂ ਦੇ ਨਾਂ ਪਿੱਛੇ “ਸ਼ਤਾਨ (ਫ਼ਾਰਸੀ) ਅਤੇ ਸਥਾਨ (ਸੰਸਕ੍ਰਿਤ) ਲਾ ਕੇ ਵੀ ਬਣੇ ਹੋਏ ਹਨ। ਇਹਨਾਂ ਦੋਂਹਾਂ ਭਾਸ਼ਾਵਾਂ ਦੇ ਸ਼ਬਦਾਂ ਦਾ ਅਰਥ ਹੈ- ਥਾਂ/ਟਿਕਾਣਾ ਆਦਿ, ਜਿਵੇਂ: ਅਫ਼ਗ਼ਾਨਿਸਤਾਨ, ਪਾਕਿਸਤਾਨ, ਬਲੋਚਿਸਤਾਨ, ਰਾਜਸਥਾਨ, ਦਾਗ਼ਿਸਤਾਨ, ਉਜ਼ਬੇਕਿਸਤਾਨ, ਕਿਰਗਿਸਤਾਨ , ਤਾਜਿਕਸਤਾਨ ਆਦਿ।
ਦੋ ਸ਼ਬਦਾਂ ਨਾਲ਼ ਮਿਲ਼ ਕੇ ਬਣੇ ਭਾਰਤ ਦੇ ਬਹੁਤੇ ਪ੍ਰਦੇਸ਼ਾਂ ਦੇ ਨਾਂ ਵੀ ਵੱਖ-ਵੱਖ ਹੀ ਲਿਖੇ ਜਾਣੇ ਹਨ ਕਿਉਂਕਿ ਇਹਨਾਂ ਦੇ ਮੂਹਰੇ ਅਕਸਰ ਵਿਸ਼ੇਸ਼ਣੀ ਸ਼ਬਦ ਲੱਗੇ ਹੁੰਦੇ ਹਨ, ਜਿਵੇਂ: ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਅਰੁਣਾਚਲ ਪ੍ਰਦੇਸ਼ ਆਦਿ। ਇਹਨਾਂ ਤੋਂ ਬਿਨਾਂ ਝਾਰਖੰਡ ਜਾਂ ਉੱਤਰਾਖੰਡ ਆਦਿ ਕੁਝ ਪ੍ਰਦੇਸ਼ਾਂ ਦੇ ਨਾਂ ਜੋੜ ਕੇ ਹੀ ਲਿਖਣੇਂ ਚਾਹੀਦੇ ਹਨ।
ਜਸਵੀਰ ਸਿੰਘ ਪਾਬਲਾ,
ਲੰਗੜੋਆ, ਨਵਾਂਸ਼ਹਿਰ।
ਫ਼ੋਨ ਨੰ. 98884-03052.
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly