ਗੁਰੂ ਰਵਿਦਾਸ ਪ੍ਰਕਾਸ਼ ਦਿਹਾੜੇ ਤੇ ਕਈ ਨਵੇਂ ਗੀਤ ਹੋਣਗੇ ਰਿਲੀਜ਼
ਸਰੀ/ ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)– ਵਿਸ਼ਵ ਪ੍ਰਸਿੱਧ ਨਾਮਵਰ ਕਲਮ ਸਤਿਕਾਰਯੋਗ ਮਦਨ ਜਲੰਧਰੀ ਜੀ ਅੱਜ ਪੰਜਾਬੀ ਸੰਗੀਤ ਦੇ ਖੇਤਰ ਵਿੱਚ ਬਤੌਰ ਏ ਗੀਤਕਾਰ ਦੀ ਭੂਮਿਕਾ ਨਿਭਾਉਂਦਿਆਂ ਕਿਸੇ ਵਿਸ਼ੇਸ਼ ਜਾਣ ਪਹਿਚਾਣ ਦੇ ਮੁਹਤਾਜ ਨਹੀਂ। ਉਹਨਾਂ ਦੇ ਅਨੇਕਾਂ ਹਿੱਟ ਗੀਤ ਪੰਜਾਬ ਦੇ ਸੁਪਰ ਸਟਾਰ ਗਾਇਕਾਂ ਨੇ ਗਾ ਕੇ ਆਪਣੇ ਨਾਮ ਨੂੰ ਉੱਚਾ ਕੀਤਾ ਹੈ। ਜਿੱਥੇ ਉਹਨਾਂ ਨੇ ਅਨੇਕਾਂ ਪੰਜਾਬੀ ਗੀਤਾਂ ਦੀ ਰਚਨਾ ਕਰਕੇ ਪੰਜਾਬੀ ਮਾਂ ਬੋਲੀ ਪੰਜਾਬੀ ਸੱਭਿਆਚਾਰ ਅਤੇ ਪੰਜਾਬ ਦੀਆਂ ਵੱਖ ਵੱਖ ਰੀਤੀ ਰਿਵਾਜਾਂ ਨੂੰ ਸਰੋਤਿਆਂ ਦੇ ਸਨਮੁੱਖ ਕੀਤਾ , ਉੱਥੇ ਹੀ ਉਹਨਾਂ ਨੇ ਆਪਣੀ ਕਲਮ ਨੂੰ ਪਰਮਾਤਮਾ ਦੀ ਓਟ ਉਸਤਤ ਕਰਨ ਲਈ ਵੀ ਵਰਤਿਆ। ਉਹਨਾਂ ਦੇ ਲਿਖੇ ਅਨੇਕਾਂ ਧਾਰਮਿਕ ਗੀਤ ਸੰਗਤ ਨੇ ਪ੍ਰਵਾਨ ਕੀਤੇ। ਉਨਾਂ ਦੇ ਲਿਖੇ ਕਈ ਗੀਤ ਲੋਕ ਗੀਤਾਂ ਵਾਂਗ ਸਰੋਤੇ ਚਾਹ ਕੇ ਸੁਣਦੇ ਹਨ । ਇਸ ਸਬੰਧੀ ਵਿਸ਼ੇਸ਼ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਇਸ ਵਾਰ ਜਗਤ ਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਤੇ ਉਹਨਾਂ ਵਲੋਂ ਲਿਖੇ ਹੋਏ ਸੱਤ ਗੀਤ ਵੱਖ ਵੱਖ ਗਾਇਕਾਂ ਦੀਆਂ ਆਵਾਜ਼ਾਂ ਵਿੱਚ ਆ ਰਹੇ ਹਨ ,ਜਿਨ੍ਹਾਂ ਦੀ ਉਨਾਂ ਨੂੰ ਬੇਹੱਦ ਖੁਸ਼ੀ ਹੈ । ਇਸ ਸੁਲਝੀ ਅਤੇ ਮਜੀਠ ਕਲਮ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਗੀਤਾਂ ਦੀ ਕੁਆਲਿਟੀ ਨੂੰ ਮਾਨਤਾ ਦਿੰਦੇ ਹਨ, ਕੁਆਂਟਿਟੀ ਨੂੰ ਨਹੀਂ , ਸੰਜੀਦਗੀ ਭਰੇ ਗੀਤ ਕਦੇ ਵੀ ਇਤਿਹਾਸ ਵਿੱਚੋਂ ਮਨਫੀ ਨਹੀਂ ਹੁੰਦੇ । ਮਦਨ ਜਲੰਧਰੀ ਦੇ ਲਿਖੇ ਗੀਤਾਂ ਵਿੱਚ ਪਿਆਰ, ਮੁਹੱਬਤ, ਸਤਿਕਾਰ, ਸ਼ਰਧਾ ਇੱਜਤ, ਮਾਣ, ਹੌਸਲਾ, ਦਲੇਰੀ ਦੀਆਂ ਵੰਨਗੀਆਂ ਸਹਿਜੇ ਹੀ ਦੇਖਣ ਸੁਣਨ ਨੂੰ ਮਿਲਦੀਆਂ ਹਨ । ਇੱਥੇ ਮਾਣ ਨਾਲ ਕਿਹਾ ਜਾ ਸਕਦਾ ਹੈ ਕਿ ਕੰਠ ਕਲੇਰ ਵਰਗੇ ਸੁਰੀਲੇ ਗਾਇਕ ਉਸਦੀ ਪਾਰਖੂ ਅੱਖ ਦੀ ਦੇਣ ਹਨ । ਜਿਸ ਨੇ ਅਣਗਿਣਤ ਗੀਤਾਂ ਨਾਲ ਪੰਜਾਬੀ ਸੱਭਿਆਚਾਰ ਦੀ ਸੇਵਾ ਕੀਤੀ ਹੈ। ਮਦਨ ਜਲੰਧਰੀ ਨੇ ਦੱਸਿਆ ਕਿ ਉਸ ਦੇ ਲਿਖੇ ਨਵੇਂ ਗੀਤਾਂ ਵਿੱਚ ਦੋ ਗੀਤ ਕੰਠ ਕਲੇਰ, ਦੋ ਗੀਤ ਉਂਕਾਰ ਜੱਸੀ, 2 ਗੀਤ ਸੋਨੂੰ ਹੀਰ, ਇੱਕ ਸ਼ੌਕਤ ਅਲੀ ਦੀਵਾਨਾ ਦਾ ਗੀਤ ਹੈ, ਜੋ ਬਹੁਤ ਹੀ ਜਲਦ ਰਿਲੀਜ਼ ਕੀਤੇ ਜਾ ਰਹੇ ਹਨ । ਉਹਨਾਂ ਕਿਹਾ ਕਿ ਬਹੁਤ ਸਾਰੇ ਗੀਤਕਾਰ ਵੱਡੇ ਕਲਾਕਾਰਾਂ ਕੋਲੋਂ ਗੀਤ ਗਾਉਣ ਦੀ ਹੋੜ ਵੱਲ ਹੀ ਨੱਠੇ ਹੋਏ ਹਨ, ਪਰ ਉਹ ਹਮੇਸ਼ਾ ਇਸ ਦੇ ਉਲਟ ਨਵੇਂ ਕਲਾਕਾਰਾਂ ਨੂੰ ਵੀ ਸੁਨਹਿਰੀ ਮੌਕਾ ਪ੍ਰਦਾਨ ਕਰਦੇ ਹਨ ਅਤੇ ਇਸ ਵਾਰ ਉਹ ਤਿੰਨ ਹੋਰ ਨਵੇਂ ਕਲਾਕਾਰਾਂ ਨੂੰ ਆਪਣੇ ਗੀਤਾਂ ਦੇ ਬੋਲਾਂ ਦਾ ਪਿਆਰ ਦੇ ਕੇ ਸੰਗਤ ਦੇ ਰੂਬਰੂ ਕਰ ਰਹੇ ਹਨ । ਨਵੀਆਂ ਕਲਮਾਂ ਨੂੰ ਲਿਖਣ ਲਈ ਉਤਸਾਹਿਤ ਕਰਨਾ ਅਤੇ ਆਪਣੇ ਹਾਣ ਦੀਆਂ ਕਲਮਾਂ ਦਾ ਆਦਰ ਸਤਿਕਾਰ ਕਰਨਾ ਵੀ ਉਹਨਾਂ ਦੇ ਹਿੱਸੇ ਆਇਆ ਹੈ। ਸਤਿਗੁਰ ਸੁਆਮੀ ਗੁਰਦੀਪ ਗਿਰੀ ਜੀ ਪਠਾਨਕੋਟ ਵਾਲੇ ਅਤੇ ਡੇਰਾ ਸੱਚਖੰਡ ਬੱਲਾਂ ਦੇ ਗੱਦੀ ਨਸ਼ੀਨ ਸਤਿਗੁਰੂ ਸੁਆਮੀ ਨਿਰੰਜਨ ਦਾਸ ਜੀ ਤੋਂ ਇਲਾਵਾ ਅਨੇਕ ਮਹਾਂਪੁਰਸ਼ਾਂ ਦਾ ਅਸ਼ੀਰਵਾਦ ਲੈ ਕੇ ਇਸ ਨਿਮਾਣੀ ਕਲਮ ਨੇ ਸੰਗੀਤ ਖੇਤਰ ਵਿੱਚ ਵੱਡਾ ਨਾਮ ਖੱਟਿਆ ਹੈ। ਇਸ ਸ਼ੋਹਰਤ ਦੀ ਪ੍ਰਾਪਤੀ ਦੇ ਬਾਅਦ ਵੀ ਉਹ ਗਰਾਊਂਡ ਟੂ ਅਰਥ ਇਨਸਾਨ ਹੈ। ਜਲੰਧਰੀ ਸਾਹਬ ਦੇ ਬੋਲਾਂ ਵਿੱਚ ਪਿਆਰ ਹਲੀਮੀ ਨਿਮਰਤਾ ਡੁੱਲੂ ਡੁੱਲ੍ਹ ਪੈਂਦੀ ਹੈ । ਉਹ ਹਰ ਕਿਸੇ ਨੂੰ ਆਪਣੇ ਹਲੀਮੀ ਭਰੇ ਬੋਲਾਂ ਨਾਲ ਉਸ ਦੇ ਦਿਲ ਤੱਕ ਉਤਰ ਜਾਣ ਦੀ ਸਮਰੱਥਾ ਰੱਖਦੇ ਹਨ । ਸਮੇਂ ਦੀਆਂ ਕਦਰਾਂ – ਕੀਮਤਾਂ, ਬੋਲ -ਚਾਲ, ਮੇਲ ਮਿਲਾਪ ਉਹਨਾਂ ਕੋਲ ਇਹ ਸਭ ਖਜ਼ਾਨੇ ਦੇ ਰੂਪ ਵਿੱਚ ਲੋਡ ਹਨ, ਜਿਨ੍ਹਾਂ ਦਾ ਇਸਤੇਮਾਲ ਉਹ ਆਪਣੀ ਨਿੱਜ ਜ਼ਿੰਦਗੀ ਵਿੱਚ ਨਿੱਤ ਅਦਾਨ ਪ੍ਰਦਾਨ ਦੇ ਰੂਪ ਵਿੱਚ ਕਰਦੇ ਰਹਿੰਦੇ ਹਨ । ਅਸੀਂ ਪਰਮਾਤਮਾ ਅੱਗੇ ਦੁਆ ਕਰਦੇ ਹਾਂ ਕਿ ਮਦਨ ਜਲੰਧਰੀ ਜੀ ਦੀ ਮਾਣਮੱਤੀ ਕਲਮ ਨੀਲੇ ਅੰਬਰ ਥੱਲੇ ਤੰਦਰੁਸਤੀ ਦਾ ਨਿੱਘ ਮਾਣਦਿਆਂ ਇਸ ਤਰ੍ਹਾਂ ਹੀ ਸਾਹਿਤ, ਸੱਭਿਆਚਾਰ ਅਤੇ ਧਰਮ ਦੇ ਖੇਤਰ ਦੀ ਸੇਵਾ ਕਰਦੀ ਰਹੇ । ਆਮੀਨ !
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj