ਪੰਜਾਬ ‘ਚ ਨਕਲੀ ਸ਼ਰਾਬ ਦਾ ‘ਕਾਰੋਬਾਰ’ ਕਰੋੜਾਂ ਰੁਪਏ ਤੋਂ ਪਾਰ, ਕਿੱਥੇ ਹੈ ‘ਸਰਕਾਰ’!

ਯਾਦਵਿੰਦਰ

(ਸਮਾਜ ਵੀਕਲੀ)

ਕਿਹਾ ਜਾਂਦਾ ਹੈ ਕਿ ਸ਼ਰਾਬ, ਸਿਹਤ ਲਈ ਨੁਕਸਾਨਦੇਹ ਹੁੰਦੀ ਹੈ। ਜ਼ਿਆਦਾ ਮਿਕਦਾਰ ਵਿਚ ਪੀਣ ਵਾਲਿਆਂ ਦੀ ਦੇਹ, ਰੋਗੀ ਹੋ ਜਾਂਦੀ ਹੈ। ਏਸ ਲਈ ਕੁਲ ਸੰਸਾਰ ਵਿਚ ਸਭਨਾਂ ਸਿਆਣੇ ਲੋਕਾਂ ਦੀ ਸਾਂਝੀ ਮੱਤ ਇਹੀ ਹੈ ਕਿ ਸ਼ਰਾਬ ਨਹੀਂ ਪੀਣੀ ਚਾਹੀਦੀ, ਜਾਂ ਫੇਰ ਬੇਹੱਦ ਘੱਟ ਮਿਕਦਾਰ ਵਿਚ ਪੀਣੀ ਚਾਹੀਦੀ ਹੈ।ਅਖਾਣ ਵੀ ਹੈ, ਸੌ ਸਿਆਣੇ ਇਕਮਤ, ਮੂਰਖਾਂ ਆਪੋ ਆਪਣੀ।

ਹਜ਼ਾਰਾਂ ਵਰ੍ਹੇ ਪੁਰਾਣੀ ਇਨਸਾਨੀ ਸਿਆਣਪ ਦਾ ਤੱਤਸਾਰ ਇਹ ਹੈ ਕਿ ਸ਼ਰਾਬ ਵੱਧ ਪੀਣ ਕਾਰਣ ਬਹੁਤ ਸਾਰੀਆਂ ਔਰਤਾਂ ਨੂੰ ਭਰ ਜਵਾਨੀ ਵਿਚ ਵਿਧਵਾ ਹੋਣਾ ਪਿਆ, ਬੱਚੇ ਯਤੀਮ ਹੋ ਗਏ, ਬੁੱਢੀ ਉਮਰ ਵਿਚ ਮਾਪੇ ਰੁਲ਼ ਗਏ, ਫੇਰ ਵੀ ਲੋਕ ਏਸ ਲਾਲ ਬਲਾਅ ਦੀ ਸੁਚੱਜੀ ਵਰਤੋਂ ਕਰਨ ਵੱਲ ਧਿਆਨ ਨਹੀਂ ਦਿੰਦੇ ਹਨ। ਏਸ ਦੇ ਉਲਟ, ਸ਼ਰਾਬ ਨੂੰ ਦੁੱਖਾਂ ਦੀ “ਦਾਰੂ” ਆਖ ਕੇ ਵਡਿਆਇਆ ਜਾਂਦਾ ਹੈ ਤੇ ਏਸ ਨੂੰ “ਲਾਲ ਪਰੀ” ਕਿਹਾ ਜਾਂਦਾ ਹੈ।

ਨਕਲੀ ਦਾਰੂ, ਮੁਕਾਬਲਤਨ ਜ਼ਿਆਦਾ ਖ਼ਤਰਨਾਕ
ਬਿਨਾਂ ਸ਼ੱਕ ਕਈ ਵਾਰ ਕਈ ਵੈਦ, ਹਕੀਮ ਜਾਂ ਡਾਕਟਰ ਉਦਾਸੀ-ਰੋਗ (dipression) ਦੇ ਮਰੀਜ਼ ਨੂੰ ਹਲਕੀ ਮਿਕਦਾਰ ਦੇ ਸੇਵਨ ਦੀ ਪ੍ਰਵਾਨਗੀ ਦੇ ਦਿੰਦੇ ਹਨ ਪਰ ਅਸੂਲਨ ਇਹ ਗ਼ਲਤ ਸਲਾਹ ਮੰਨੀ ਜਾਵੇਗੀ। ਸਿਆਣਿਆਂ ਬੰਦਿਆਂ ਦਾ ਕੱਢਿਆ ਹੋਇਆ ਤੱਤ ਹੈ ਕਿ ਸ਼ਰਾਬ ਕਿਸੇ ਵੀ ਹਾਲਤ ਵਿਚ ਦੁੱਖਾਂ ਦੀ ਦਾਰੂ ਨਹੀਂ ਹੈ। ਇਹ ਆਰਥਕ ਤੇ ਸਿਹਤ ਪੱਖੋਂ ਬੰਦੇ ਲਈ ਨੁਕਸਾਨਦੇਹ ਹੈ। …ਪਰ ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਡਿਸਟੀਲਰੀ ਵਿਚ ਤਿਆਰ ਕੀਤੀ ਗਈ ਸ਼ਰਾਬ, ਮਨੁੱਖੀ ਜੀਵਨ ਲਈ ਨੁਕਸਾਨਦੇਹ ਹੈ ਤਾਂ ਨਕਲੀ ਦਾਰੂ ਕਿੰਨੀ ਮਾਰੂ (ਘਾਤਕ) ਹੋਵੇਗੀ? ਜੀਹਦੀ ਕੋਈ ਡਿਗਰੀ ਨਹੀਂ। ਕੋਈ ਮਾਪਦੰਡ ਨਹੀਂ। ਕੋਈ ਨਿਗਰਾਨ ਨਹੀਂ।

ਬਹੁਤ ਸਾਰੇ ਆਮ ਲੋਕ, ਜਿਹੜੇ ਕਿ ਅਧਿਐਨ ਕਰਨ ਦੇ ਕਾਇਲ ਨਹੀਂ ਹੁੰਦੇ, ਸਕੂਲੀ ਜਾਂ ਕਾਲਜੀ ਪੜ੍ਹਾਈ ਦੌਰਾਨ ਉਨ੍ਹਾਂ ਨੇ ਸਿਲੇਬਸ ਤੋਂ ਛੁੱਟ ਕੁਝ ਵੀ ਉਮਦਾ ਕਿਸਮ ਦਾ ਨਹੀਂ ਪੜ੍ਹਿਆ ਹੁੰਦਾ, ਉਹ ਵੀ ਏਸ ਕਿਸਮ ਦਾ ਕੱਚ ਘਰੜ੍ਹ ਗਿਆਨ ਵੰਡਦੇ ਰਹਿੰਦੇ ਹਨ ਕਿ ਦਾਰੂ ਪੀਣ ਮਗਰੋਂ ਬੰਦਾ ਸੁਰਖ਼ਰੂ ਹੋ ਜਾਂਦਾ ਹੈ, ਏਸ ਲਈ ਜਿੱਥੋਂ ਮਿਲੇ, ਜਿਹੋ ਜਿਹੀ ਮਿਲੇ, ਇਹ ਪੀਣੀ ਚਾਹੀਦੀ ਹੈ। ਆਮ ਲੋਕਾਂ ਦਾ ਦੁਖਾਂਤ ਹੀ ਇਹੀ ਹੁੰਦਾ ਹੈ ਕਿ ਉਹ, ਸਮਾਜ ਵਿਚ ਚਲਾਕ ਧਿਰਾਂ ਵੱਲੋਂ ਖਲਾਰੀ ਗਈ ਕੱਚ ਘਰੜ੍ਹ ਜਾਣਕਾਰੀ ਨੂੰ ਤੱਥ ਸਮਝ ਲੈਂਦੇ ਹਨ ਤੇ ਫੇਰ ਇਨ੍ਹਾਂ ਭਰਮਾਊ ਗੱਲਾਂ ਦਾ ਪ੍ਰਚਾਰ ਕਰਨ ਵਿਚ ਆਪਣਾ ਬੇਸ਼ਕੀਮਤ ਗੁਜ਼ਾਰ ਦਿੰਦੇ ਹਨ। “ਆਮ ਆਦਮੀ” ਦਾ ਮਤਲਬ, ਗਰੀਬੀ ਦਾ ਸ਼ਿਕਾਰ ਨਹੀਂ ਹੁੰਦਾ, ਸਗੋਂ ਆਮ ਤੇ ਕੂੜ ਪੱਧਰ ਦੀਆਂ ਗੱਲਾਂ ਨੂੰ ਸੱਚ ਮੰਨ ਲੈਣ ਦੀ ਬਚਕਾਨਾ ਬੁੱਧੀ ਨਾਲ ਜੁੜਿਆ ਹੋਇਆ ਹੁੰਦਾ ਹੈ। ਆਮ ਆਦਮੀ ਮਤਲਬ ਜ਼ਹਿਨੀ ਗਰੀਬ।

ਏਸ ਸੁਲੇਖ ਵਿਚ ਨਕਲੀ ਦਾਰੂ ਬਾਰੇ ਜ਼ਿਕਰ ਕਰਦਿਆਂ ਹੋਇਆਂ ਆਮ ਆਦਮੀ ਦਾ ਜ਼ਿਕਰ “ਵਿਆਹ ਵਿਚ ਬੀਆਂ ਦਾ ਰੌਲਾ” ਪਾਉਣ ਲਈ ਨਹੀਂ ਕੀਤਾ ਸਗੋਂ ਏਸ ਕਰ ਕੇ ਕੀਤਾ ਹੈ ਕਿ ਆਮ ਬੰਦੇ, ਨਸ਼ਾ ਮਾਫੀਆ ਖ਼ਾਸਕਰ ਨਕਲੀ ਦਾਰੂ ਮਾਫੀਆ ਦਾ “ਸੌਖਾ ਸ਼ਿਕਾਰ” ਬਣ ਜਾਂਦੇ ਹਨ। ਉਂਝ ਤਾਂ ਪੰਜਾਬ ਵਿਚ ਡਿਸਟੀਲਰੀਜ਼ ਵਿਚ ਤਿਆਰ ਕੀਤੀ ਅੰਗਰੇਜ਼ੀ ਤੇ ਦੇਸੀ ਦਾਰੂ ਵੀ, ਪ੍ਰਿੰਟ ਰੇਟ ਤੋਂ ਮਹਿੰਗੀ ਵੇਚੀ ਜਾ ਰਹੀ ਹੈ। ਅੰਗਰੇਜ਼ੀ ਦਾਰੂ ਵੀ ਤਾਂ ਵੱਧ ਪੀਣ ਵਾਲੇ ਪਿਆਕੜ੍ਹ ਦੇ ਜਿਗਰ ਤੇ ਗੁਰਦਿਆਂ ਨੂੰ ਛੱਲਣੀ ਕਰ ਦਿੰਦੀ ਹੈ। ਜਦਕਿ ਕਮੀਨੇ ਕੈਮਿਸਟਾਂ ਭਾਵ ਕਿ ਦਵਾਈ ਵਪਾਰੀਆਂ ਕੋਲੋਂ ਥੋਕ ਦੇ ਭਾਅ ਖਰੀਦੇ, ਨਸ਼ੀਲੇ ਕੈਪਸੂਲਾਂ ਤੇ ਦਰਦਾਂ ਘਟਾਉਣ ਦੀਆਂ ਦਵਾਈਆਂ ਨੂੰ ਰਲਾਅ ਕੇ, ਲਾਹਣ ਵਿਚ ਪਾਏ ਘੋਲ ਤੋਂ ਤਿਆਰ ਕੀਤੀ ਨਕਲੀ ਦਾਰੂ ਤਾਂ ਜਿਉਂਦੇ ਬੰਦੇ ਨੂੰ ਜਲਦੀ ਤੋਂ ਜਲਦੀ ਕ਼ਤਲ ਕਰਨ ਦਾ ਗਿੱਲਾ ਸਮਾਨ ਹੈ।

ਆਬਕਾਰੀ ਮਹਿਕਮੇ ਦੇ ਵੱਡੇ ਅਫ਼ਸਰ, ਰਸੂਖ਼ ਵਾਲੇ ਸਿਆਸਤਬਾਜ਼ ਤੇ ਲੋਕ ਦੋਖੀ ਸਰਕਾਰੀ ਮੁਲਾਜ਼ਮ ਰਲ਼ ਕੇ ਪੰਜਾਬ ਦੇ ਲੋਕਾਂ ਦਾ ਲਹੂ ਪੀ ਰਹੇ ਹਨ। ਅੰਗਰੇਜ਼ੀ ਦਾਰੂ ਤਾਂ ਬੋਤਲ ਉੱਤੇ ਛਪੇ ਭਾਅ ਤੋਂ 150 ਤੋਂ ਲੈ ਕੇ 380 ਰੁਪਏ ਮਹਿੰਗੇ ਭਾਅ ਵੇਚਦੇ ਹਨ। ਉਨ੍ਹਾਂ ਦੁਸ਼ਟਾਂ ਦੇ ਸਿੰਡੀਕੇਟ ਬਾਰੇ ਜਲਦੀ (ਇਕ) ਵੱਖਰਾ ਸੁਲੇਖ, ਪਾਠਕਾਂ ਦੀ ਨਜ਼ਰ ਵਿਚ ਪੇਸ਼ ਕਰਾਂਗੇ, ਫਿਲਹਾਲ ਅਸੀਂ ਵਿਸ਼ਾ ਨਕਲੀ ਦਾਰੂ ਬਣਾ ਕੇ ਵੇਚਣ ਵਾਲੇ ਲੁਟੇਰਿਆਂ ਉੱਤੇ ਕੇਂਦਰਤ ਕਰਨਾ ਹੈ। ਮੁੱਕਦੀ ਗੱਲ ਇਹ ਹੈ ਕਿ ਨਕਲੀ ਦਾਰੂ ਕਿਉਂਕਿ ਕਿਸੇ ਡਿਸਟੀਲਰੀ ਵਿਚ ਨਹੀਂ ਤਿਆਰ ਕੀਤੀ ਗਈ ਹੁੰਦੀ, ਏਸ ਲਈ ਉਹ “ਅਸਲੀ ਦਾਰੂ” ਤੋਂ 100 ਗੁਣਾ ਵੱਧ ਖਤਰਨਾਕ ਹੁੰਦੀ ਹੈ।

*ਇੰਝ ਬਣਾਉਂਦੇ ਹਨ ਗਾਹਕ*
ਕੁਝ ਕੁ ਤਫਤੀਸ਼ੀ ਪੱਤਰਕਾਰਾਂ ਨੇ ਸ਼ਰਾਬ ਵਿਕਰੀ ਦੇ ਕੁਝ ਠੇਕਿਆਂ ਉੱਤੇ ਨਿਗ੍ਹਾ ਰੱਖੀ ਹੋਈ ਸੀ/ਹੈ। ਹੁੰਦਾ ਇਹ ਹੈ ਕਿ ਜਿਹੜੇ ਵਪਾਰੀ, ਸ਼ਰਾਬ ਦੇ ਕਈ ਕਈ ਠੇਕੇ ਲੈਂਦੇ ਹਨ, ਉਹ ਜਿੱਥੇ ਗਾਹਕ ਨੂੰ ਛਪੇ ਮੁੱਲ ਤੋਂ ਵੱਧ ਬੋਤਲ, ਅਧੀਆ ਤੇ ਪਊਆ ਵੇਚਦੇ ਹਨ, ਓਥੇ ਲਾਲਚੀ ਬਿਰਤੀ ਕਾਰਣ ਆਪਣੇ ਗਰੀਬ ਮੁਲਾਜ਼ਮ ਦਾ ਹੱਕ ਵੀ ਸ਼ਾਨ ਨਾਲ ਮਾਰਦੇ ਹਨ।

ਸਵੇਰ ਚੜ੍ਹਨ ਤੋਂ ਲੈ ਕੇ ਰਾਤ ਦੇ ਗਿਆਰਾਂ (11) ਵਜੇ ਤੱਕ ਜਿਹੜਾ ਨੌਕਰ, ਆਪਣੇ ਕੰਜੂਸ ਮਾਲਕ ਨੂੰ ਕਰੋੜਾਂ/ਅਰਬਾਂ ਰੁਪਏ ਦਾ ਮਾਲਕ਼ ਬਣਾਉਣ ਲਈ ਘਟੀਆ ਕਿਸਮ ਦੇ ਵਕੰਮ ਕਰਦਾ ਹੈ। ਬਦਲੇ ਵਿਚ ਬਹੁਤੇ ਦਾਰੂ ਦੇ ਠੇਕਿਆਂ ਦੇ ਮਾਲਕ ਆਪਣੇ ਨੌਕਰ ਨੂੰ 6500 ਰੁਪਏ ਤੋਂ ਲੈ ਕੇ, 9000 ਰੁਪਏ ਦੀ ਬੱਝਵੀਂ ਤਨਖਾਹ ਦਿੰਦੇ ਹਨ। ਏਸ ਤਰ੍ਹਾਂ ਦੇ ਹਾਲਾਤ ਹੁੰਦੇ ਹਨ ਕਿ ਇਨ੍ਹਾਂ ਦਾਰੂ ਦੇ ਠੇਕਿਆਂ ਦੇ ਮਾਲਕਾਂ ਵਿਚ ਦੁਕਾਨਦਾਰੀ ਚਲਾਉਣ ਲਈ ਇੱਟ ਕੁੱਤੇ ਦਾ ਵੈਰ ਵੀ ਦੇਖਿਆ ਜਾਂਦਾ ਹੈ। ਇਕ ਦੂਜੇ ਨੂੰ ਸੁੰਨੀ ਥਾਂ ਦੇਖ ਕੇ ਘੇਰ ਲੈਣਾ, ਕੁੱਟਮਾਰ ਕਰਨੀ ਜਾਂ “ਸੁਪਾਰੀ” ਦੇ ਕੇ ਇਕ ਦੂਜੇ ਦਾ ਕ਼ਤਲ ਕਰਵਾਉਣ ਦੇ ਮਾਮਲੇ ਵੀ ਬੇਪੜਦ ਹੋ ਜਾਂਦੇ ਹਨ ਪਰ ਕਮੀਨਗੀ ਪੱਖੋਂ ਸਾਰੇ ਵਪਾਰੀ ਇਕ ਦੂਜੇ ਦੀ ਕਾਰਬਨ ਕਾਪੀ ਹੁੰਦੇ ਹਨ। ਮੁਲਾਜ਼ਮ ਨੂੰ ਬਣਦਾ ਹੱਕ ਕੋਈ ਨਹੀਂ ਦਿੰਦਾ।

ਮਸਲਨ ਕਿ ਇਕ ਠੇਕੇ ਉੱਤੇ 7 ਜਾਂ 8 ਹਜ਼ਾਰ ਰੁਪਏ ਮਹੀਨਾਵਾਰ ਦੇ ਕਰਾਰ ਤਹਿਤ ਕੰਮ ਕਰਨ ਲਈ ਮਜਬੂਰ ਦਾਰੂ ਠੇਕਾ ਕਾਮਾ ਜੇਕਰ ਆਪਣੇ ਮਾਲਕ ਦੀ ਨੌਕਰੀ ਨੂੰ ਠੁੱਢ ਮਾਰ ਕੇ ਓਹਦੇ ਵਪਾਰਕ ਦੁਸ਼ਮਣ ਕੋਲ ਵੀ ਕੰਮ ਮੰਗਣ ਜਾਂਦਾ ਹੈ ਤਾਂ ਜ਼ਿੰਦਗੀ ਵਿਚ ਕੋਈ ਇਨਕਲਾਬ ਨਹੀਂ ਆ ਜਾਂਦਾ, ਸਗੋਂ 500 ਰੁਪਏ ਜਾਂ 1000 ਰੁਪਏ ਦਾ ਵਾਧਾ ਹੀ ਪੱਲੇ ਪੈਂਦਾ ਹੈ। ਏਸ ਤਰ੍ਹਾਂ ਸ਼ਰਾਬ ਦੇ ਠੇਕਿਆਂ ਉੱਤੇ 18 ਘੰਟੇ ਤੱਕ ਕੰਮ ਜਾਂ ਬੰਧੂਆ ਗੁਲਾਮੀ ਕਰਨ ਵਾਲੇ ਇਹ ਨੌਕਰ ਗ਼ਲਤ ਕਾਰਜ ਕਰਨ ਲਈ ਮਜਬੂਰ ਕੀਤੇ ਗਏ ਹੁੰਦੇ ਹਨ। ਇਹੀ ਕਾਮੇ ਖੁੱਲ੍ਹੀ ਸ਼ਰਾਬ ਵੇਚਦੇ ਹਨ।

*ਠੇਕਿਆਂ ਦੇ ਮੁਲਾਜ਼ਮਾਂ ਨੂੰ ਮਾਲਕ ਬਣਾਉਂਦੇ ਹਨ ਬੇਈਮਾਨ*
ਜਦੋਂ ਇਹ ਗੱਲ ਤੈਅ ਹੈ ਕਿ ਇੱਟ ਕੁੱਤੇ ਵਾਲਾ ਵੈਰ ਹੋਣ ਦੇ ਬਾਵਜੂਦ, ਠੇਕਿਆਂ ਦੇ ਮਾਲਕ, ਛਪੇ ਰੇਟ ਤੋਂ ਵੱਧ ਮੁੱਲ ਉੱਤੇ ਦਾਰੂ ਦੀਆਂ ਬੋਤਲਾਂ ਵੇਚਣ ਵਾਲੇ ਨੌਕਰਾਂ ਨੂੰ ਗਰੀਬ ਬਣਾਈ ਰੱਖਦੇ ਹਨ ਤਾਂ ਘਰ ਗ੍ਰਹਿਸਤੀ ਦੇ ਖਰਚੇ ਤੋਰਨ ਲਈ ਕੰਮ ਉੱਤੇ ਰੱਖੇ ਨੌਕਰ, ਮਾਲਕ ਤੇ ਮਾਲਕ ਦੀ ਜੁੰਡੀ ਦੇ ਯਾਰਾਂ ਨੂੰ ਵੇਖ ਕੇ ਬੇ ਈਮਾਨੀ ਦਾ ਰਾਹ ਅਖਤਿਆਰ ਕਰ ਲੈਂਦੇ ਹਨ। ਖੁੱਲ੍ਹੀ ਸ਼ਰਾਬ ਵੇਚ ਕੇ ਓਹ ਜੇਬ ਖਰਚਾ ਕੱਢ ਲੈਂਦੇ ਹਨ।

*ਨਕਲੀ ਦਾਰੂ ਜਾਂ ਮੌਤ ਦੇ ਵਾਰੰਟ*
ਸ਼ਰਾਬੀਆਂ ਦੀਆਂ ਕਿਸਮਾਂ ਹੁੰਦੀਆਂ ਹਨ। ਸਿਰੇ ਦੇ ਦਾਰੂਬਾਜ਼ ਬੰਦੇ, ਲੂਣ ਦੀ ਪੁੜੀ ਨਾਲ ਦਾਰੂ ਪੀ ਜਾਂਦੇ ਹੁੰਦੇ ਹਨ। ਏਸ ਕਿਸਮ ਦੇ ਬੰਦੇ ਕਈ ਵਾਰ, ਪੂਰੀ ਬੋਤਲ ਖਰੀਦਣ ਦੀ ਵਿੱਤੀ ਸ਼ਕਤੀ ਨਹੀਂ ਰੱਖਦੇ ਹੁੰਦੇ। ਇਨ੍ਹਾਂ ਸ਼ਰਾਬੀਆਂ ਨੂੰ ਲੁੱਟਣ ਲਈ ਕਈ ਵਾਰ ਸ਼ਰਾਬ ਦੇ ਠੇਕੇ ਦੇ ਨੌਕਰ, ਆਪਣੇ ਕੋਲੋਂ ਨਕਲੀ ਸ਼ਰਾਬ ਨੂੰ ਖੁੱਲ੍ਹੀ ਵੇਚਣੀ ਸ਼ੁਰੂ ਕਰ ਦਿੰਦੇ ਹਨ। ਏਸ ਤਰ੍ਹਾਂ ਅਲਕੋਹਲਿਕ ਬਣ ਚੁੱਕੇ ਪਿਆਕੜ੍ਹ ਨਕਲੀ ਦਾਰੂ ਪੀਣ ਲੱਗਦੇ ਹਨ, ਉਨ੍ਹਾਂ ਨੂੰ ਲੱਗਦਾ ਹੁੰਦਾ ਹੈ ਕਿ ਖੁੱਲ੍ਹੀ ਦਾਰੂ “ਸਸਤੀ” ਹੈ ਜਦਕਿ ਖੁੱਲ੍ਹੀ ਦਾਰੂ ਉਨ੍ਹਾਂ ਦੇ ਦਿਲ ਦੀ ਧੜਕਣ, ਗੁਰਦਿਆਂ ਦੀ ਕਾਰਜ ਸਮਰੱਥਾ, ਜਿਗਰ ਦੇ ਕੁਦਰਤੀ ਆਕਾਰ ਉੱਤੇ ਮੋਟੇ ਕੈਮੀਕਲ ਦੀ ਪਰਤ ਬਣਾ ਕੇ ਮੌਤ ਦੇ ਬੂਹੇ ਤੱਕ ਛੱਡ ਆਉਂਦੀ ਹੈ। ਕਈ ਵਾਰ ਠੇਕੇ ਦੇ ਨੌਕਰ ਦਿਲੋਂ ਮਹਿਸੂਸ ਕਰਦੇ ਹੁੰਦੇ ਹਨ ਕਿ ਉਹ ਮਨੁੱਖ ਮਾਰੂ ਕਾਰਾ ਕਰ ਰਹੇ ਹਨ ਪਰ ਗਰੀਬੀ ਦਾ ਸੰਕਟ ਉਨ੍ਹਾਂ ਨੂੰ ਕਮੀਨਾ ਬਣਾ ਦਿੰਦਾ ਹੈ।

ਦੂਜੇ ਪਾਸੇ, ਸ਼ਰਾਬ ਠੇਕਿਆਂ ਦੇ ਮਾਲਕ, ਦਿਮਾਗ਼ੀ ਬਦਮਾਸ਼ੀ ਸਦਕਾ ਸਮਾਜ ਦੇ ਰਸੂਖਦਾਰ ਤੇ ਪਤਵੰਤੇ ਸੱਜਣ ਬਣ ਕੇ ਧਾਰਮਕ ਪ੍ਰੋਗਰਾਮ ਕਰਵਾਉਣ ਵਾਲੇ ਮੁੰਡਿਆਂ ਦੇ ਹੀਰੋ ਬਣ ਜਾਂਦੇ ਹਨ। ਕੌਂਸਲਰਾਂ, ਐੱਮ ਐੱਲ ਏਜ਼ ਨੂੰ ਪਾਰਟੀ ਫੰਡ ਦੇ ਕੇ ਕਾਰਾਂ ਵਿਚ ਨੇਤਾ ਦੇ ਨਾਲ ਬੈਠ ਕੇ ਇੱਜਤ ਹਾਸਿਲ ਕਰ ਰਹੇ ਹੁੰਦੇ ਹਨ। ਕੋਈ ਨਹੀਂ ਸੋਚਦਾ ਕਿ ਲੱਖਾਂ ਰੁਪਏ ਫੰਡ ਅਦਾ ਕਰ ਰਿਹਾ ਸ਼ਰਾਬ ਵਪਾਰੀ ਆਪਣੇ ਨੌਕਰਾਂ ਦੇ ਜ਼ਮੀਰ ਨਾਲ ਖੇਡ ਕੇ ਉਨ੍ਹਾਂ ਨੂੰ ਛੋਟੇ ਪੱਧਰ ਦੇ ਲੁਟੇਰੇ ਬਣਾ ਰਿਹਾ ਹੈ। ਏਸ ਸਮਾਜ ਵਿਚ ਸੰਵੇਦਨਸ਼ੀਲਤਾ ਹੁਣ ਕੋਈ ਮੁੱਦਾ ਨਹੀਂ ਰਹੀ।

*ਘਰ ਤੱਕ ਸਪਲਾਈ ਦੇ ਆਉਂਦੇ ਹਨ ਨਕਲੀ ਸ਼ਰਾਬ ਦੇ ਵੰਡਾਵੇ!*
ਲੂਣ ਦੀ ਪੁੜੀ ਨਾਲ ਸ਼ਰਾਬ ਪੀਣ ਵਾਲ਼ੇ ਅਲਕੋਹਲਿਕ ਪੱਧਰ ਦੇ ਸ਼ਰਾਬੀ ਨੂੰ ਸਿਰਫ ਸ਼ਰਾਬ ਦੀਆਂ ਘੁੱਟਾਂ ਦੀ ਤਾਂਘ ਹੁੰਦੀ ਹੈ। ਅਵਾਰਾਗਰਦ ਛੋਕਰਿਆਂ ਦੇ ਸਬੰਧ ਕਈ ਵਾਰ ਨਕਲੀ ਦਾਰੂ ਤਿਆਰ ਕਰਨ ਵਾਲੇ ਮਾਫੀਆ ਨਾਲ ਬਣ ਜਾਂਦੇ ਹਨ। ਦਰਿਆਵਾਂ ਲਾਗੇ ਮੰਡ ਇਲਾਕੇ ਵਿਚ ਜਿੱਥੇ ਦੇਸੀ ਤਰੀਕੇ ਨਾਲ ਚੂਅ ਬਣਾਈ ਜਾਂਦੀ ਹੈ, ਕਈ ਲੋਕ ਦੋਖੀ ਮੁਨਾਫ਼ਾਖੋਰ ਅਨਸਰ ਓਥੇ ਹੀ ਕੱਚੀ ਲਾਹਣ ਵਿਚ ਕਮੀਨੇ ਕੈਮਿਸਟਾਂ ਕੋਲੋਂ ਖਰੀਦੇ ਦਰਦ ਰੋਕੂ ਕੈਪਸੂਲਾਂ ਦਾ ਘੋਲ ਰਲਾਅ ਕੇ ਨਕਲੀ ਦਾਰੂ ਬਣਾ ਦਿੰਦੇ ਹਨ।

ਏਸੇ ਨਕਲੀ ਦਾਰੂ ਦੀ ਸਪਲਾਈ ਲਈ ਅਵਾਰਾਗਰਦ, ਪੜ੍ਹਾਈ ਤੋਂ ਭੱਜੇ ਛੋਕਰੇ, ਰਾਤੋ ਰਾਤ ਅਮੀਰ ਬਣਨ ਤੇ ਸਿਆਸੀ ਲੀਡਰ ਬਣਨ ਦੇ ਸੁਪਨੇ ਵੇਖਣ ਵਾਲੇ ਮੁੰਡਿਆਂ ਤੇ ਬੁੱਢਿਆਂ ਨੂੰ “ਕੰਮ” ਉੱਤੇ ਰੱਖਿਆ ਜਾਂਦਾ ਹੈ। ਏਸ ਤਰ੍ਹਾਂ ਗਾਹਕਾਂ ਦੇ ਘਰਾਂ ਤੇ ਦਫਤਰ ਵਗੈਰਾ ਦੱਸੇ ਟਿਕਾਣਿਆਂ ਤੱਕ ਨਕਲੀ ਦਾਰੂ ਦੀ ਸ਼ੀਸ਼ੀ ਤੋਂ ਲੈ ਕੇ, ਪੇਟੀ ਵੀ ਪੁੱਜਦੀ ਕਰ ਆਉਂਦੇ ਹਨ। … ਪਰ ਇਹ ਦਾਰੂ ਨਹੀਂ ਹੁੰਦੀ ਸਗੋਂ ਗਿੱਲੀ ਜ਼ਹਿਰ ਹੁੰਦੀ ਹੈ। ਕਮੀਨੇ ਕਬਾੜੀਏ ਹੀ ਨਕਲੀ ਸ਼ਰਾਬ ਮਾਫੀਆ ਨੂੰ ਅੰਗਰੇਜ਼ੀ ਤੇ ਦੇਸੀ ਦਾਰੂ ਦੀਆਂ ਅਸਲੀ ਬੋਤਲਾਂ ਮੁਹਈਆ ਕਰਵਾ ਕੇ ਦਿੰਦੇ ਹਨ। ਸ਼ਰਾਬ ਦੇ ਅਹਾਤੇ ਵਾਲੇ ਵੀ ਖਾਲੀ ਬੋਤਲਾਂ ਮੁੱਹਈਆ ਕਰਵਾਉਂਦੇ ਨੇ। ਇਨ੍ਹਾਂ ਮਾਫੀਆ ਗੁਰਗਿਆਂ ਕੋਲ ਸ਼ੀਸ਼ੀ ਨੂੰ ਸੀਲ ਲਾਉਣ ਵਾਲੀ ਮਸ਼ੀਨ ਹੁੰਦੀ ਹੈ। ਏਸ ਤਰ੍ਹਾਂ ਪਿਆਕੜ੍ਹ ਨੂੰ ਜ਼ਹਿਰ ਪਿਆਉਣ ਲਈ ਇਹ ਕਾਤਲ ਗਿਰੋਹ ਪੂੰਛ ਚੁੱਕੀ ਰੱਖਦੇ ਹਨ।

*ਖਬਰਾਂ ਬੋਲ ਪਈਆਂ*
ਕਪਤਾਨ ਅਮਰਿੰਦਰ ਸਿੰਘ ਜਦੋਂ ਪੰਜਾਬ ਦੇ ਮੁੱਖ ਮੰਤਰੀ ਹੁੰਦੇ ਸਨ ਉਦੋਂ ਵੀ ਰਾਜਪੁਰਾ ਵਿਚ ਨਕਲੀ ਦਾਰੂ ਪੀਣ ਕਾਰਨ ਕਈ ਪਿਆਕੜ੍ਹ ਉੱਪਰ ਵਾਲੇ ਨੂੰ ਪਿਆਰੇ ਹੋ ਗਏ ਸਨ। ਓਥੇ ਨਕਲੀ ਦਾਰੂ ਦੀ ਫੈਕਟਰੀ ਫੜੀ ਗਈ ਸੀ। ਫੇਰ, ਕੁੱਝ ਦਿਨ ਰੌਲਾ ਰੱਪਾ ਪੈਣ ਮਗਰੋਂ ਇਨਸਾਫ਼ ਦੇਣ ਦੀ ਗੱਲ ਘੱਟੇ ਰੁਲ ਗਈ ਸੀ।

ਪਿੱਛੇ ਜਿਹੇ, ਸਾਬਿਕ ਮੁੱਖ ਮੰਤਰੀ ਦੇ ਪਿੰਡ ਬਾਦਲ ਵਿਚ ਨਕਲੀ ਦਾਰੂ ਬਣਾਉਣ ਦਾ ਜੁਗਾੜ ਫੜਿਆ ਗਿਆ ਸੀ। ਕਈ ਦਿਨ ਰੌਲਾ ਪਾਇਆ ਗਿਆ ਜਦਕਿ ਮਨੁੱਖਤਾ ਦੇ ਦੁਸ਼ਮਣਾਂ ਉੱਤੇ ਕੋਈ ਕਾਰਵਾਈ ਹੁੰਦੀ ਨਹੀਂ ਸੁਣੀ ਗਈ। ਪੰਜਾਬ ਹੀ ਨਹੀਂ ਪੂਰੇ ਦੇਸ ਭਾਰਤ ਵਿਚ ਨਕਲੀ ਸ਼ਰਾਬ ਮਾਫੀਆ ਦੇ ਨੈਕਸਸ ਚੱਲ ਰਹੇ ਹਨ। ਸੂਹੀਆ ਏਜੰਸੀਆਂ ਨੂੰ ਪਤਾ ਨਹੀਂ ਲੱਗਦਾ ਜਦਕਿ ਜਿਹੜੇ ਸ਼ਹਿਰ ਵਿਚ ਖੁੱਲ੍ਹੀ ਤੇ ਸਸਤੀ ਦੱਸ ਕੇ ਨਕਲੀ ਦਾਰੂ ਸਪਲਾਈ ਹੁੰਦੀ ਹੋਵੇ, ਉਥੋਂ ਦੇ ਸਧਾਰਨ ਬੰਦੇ ਨੂੰ ਵੀ ਸਪਲਾਇਰਾਂ ਦੇ ਨਾਮ ਪਤੇ ਬਾਰੇ ਪਤਾ ਹੁੰਦਾ ਹੈ, ਜਾਣਕਾਰੀ ਦੇਣ ਦੇ ਬਾਵਜੂਦ ਕਦੇ ਕੋਈ ਪੁਖਤਾ ਕਾਰਵਾਈ ਨਹੀਂ ਕੀਤੀ ਜਾਂਦੀ। ਇਕ ਪੁਰਾਣੀ ਖ਼ਬਰ ਦੀ ਇਬਾਰਤ ਪੜ੍ਹਦੇ ਹਾਂ।

“ਨਕਲੀ ਸ਼ਰਾਬ ਦੀ ਪੰਜਾਬ ਵਿਚ ਵਿਕਰੀ ਤੇ ਤਸਕਰੀ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਜਲਦੀ ਕੁਇਕ ਰਿਸਪਾਂਸ (ਕਿਊਆਰ Q R) ਕੋਡ ਆਧਾਰਤ ਟਰੈਕ ਤੇ ਟਰੇਸ ਪ੍ਰਣਾਲੀ ਲਾਗੂ ਕੀਤੀ ਜਾ ਰਹੀ ਹੈ। ਸੂਬੇ ਦੇ ਪੇਂਡੂ ਏਰੀਏ ਵਿਚ ਫੀਕਲ ਸਲੱਜ ਅਤੇ ਸੈਪਟੇਜ਼ ਮੈਨੇਜਮੈਂਟ (ਐੱਫ ਐੱਸ ਐੱਸ ਐੱਮ) ਲਾਗੂ ਕਰਨ ਲਈ ਤਕਨੀਕੀ ਸਹਾਇਤਾ ਇਕਾਈ (ਟੀ ਐੱਸ ਯੂ) ਕਾਇਮ ਕੀਤੀ ਜਾਵੇਗੀ। ਮੁੱਖ ਸਕੱਤਰ ਬੀਬਾ ਵਿਨੀ ਮਹਾਜਨ ਨੇ ਚੰਡੀਗੜ੍ਹ ਵਿੱਚ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ (ਪੀ ਆਈ ਡੀ ਬੀ) ਦੀ ਕਾਰਜਕਾਰੀ ਕਮੇਟੀ ਦੀ 157ਵੀਂ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਇਹ ਹੁਕਮ ਕੀਤੇ ਨੇ।

ਸਬੰਧਤ ਅਧਿਕਾਰੀਆਂ ਨੂੰ ਸੂਬੇ ਵਿਚ ਨਕਲੀ ਸ਼ਰਾਬ ਦੀ ਵਿਕਰੀ ਅਤੇ ਤਸਕਰੀ ਨੂੰ ਰੋਕਣ ਲਈ ਚੌਕਸ ਰਹਿਣ ਦੇ ਨਿਰਦੇਸ਼ ਦਿੰਦਿਆਂ ਮਹਾਜਨ ਨੇ ਦੱਸਿਆ ਕਿ ਕਿਊ ਆਰ ਕੋਡ ਆਧਾਰਤ ਟਰੈਕ ਤੇ ਟਰੇਸ ਪ੍ਰਣਾਲੀ ਜਨਤਕ ਨਿੱਜੀ ਭਾਈਵਾਲੀ (ਪੀ ਪੀ ਪੀ) ਦੇ ਅਧਾਰ ’ਤੇ ਤਿਆਰ ਕੀਤੀ ਗਈ ਹੈ, ਜੋ ਸ਼ਰਾਬ ਉਤਪਾਦਨ ਤੇ ਸਪਲਾਈ ਦੀ ਰੀਅਲ ਟਾਈਮ ਡਾਟਾ ਮੌਨੀਟਰਿੰਗ ਅਤੇ ਤਸਦੀਕ ਰਾਹੀਂ ਨਾਜਾਇਜ਼ ਅਤੇ ਨਕਲੀ ਸ਼ਰਾਬ ’ਤੇ ਨਜ਼ਰ ਰੱਖਣ ਵਿਚ ਮਦਦਗਾਰ ਹੋਵੇਗੀ।” ਏਸ ਤਕਨੀਕ ਨੂੰ ਕਿਉਂ ਲਾਗੂ ਨਹੀਂ ਕੀਤਾ ਗਿਆ? ਇਹ ਭੇਤ ਹਾਲੇ ਤੱਕ ਖ਼ੁੱਲ੍ਹ ਨਹੀਂ ਸਕੇ ਹਨ। ਨਕਲੀ ਸ਼ਰਾਬ ਮਾਫੀਆ ਏਨਾ ਤਾਕਤਵਰ ਹੋ ਚੁੱਕਿਆ ਏ ਕਿ ਕੋਈ ਵੀ ਕੌਂਸਲਰ, ਵਿਧਾਇਕ, ਮੰਤਰੀ ਏਸ ਵਿਸ਼ੇ ਬਾਰੇ ਬੋਲਣ ਲਈ ਰਾਜ਼ੀ ਨਹੀਂ ਹੈ। ਆਪਣੀ ਜਾਨ ਤੇ ਪਰਿਵਾਰ ਦੀ ਸਲਾਮਤੀ ਦੇ ਖਿਆਲ ਨਾਲ ਏਨਾ ਪਿਆਰ ਹੈ ਕਿ ਹਰ ਕੋਈ ਇਕ ਚੁੱਪ ਸੌ ਸੁੱਖ ਵਾਲੀ ਸਿਆਣਪ ਪੱਲੇ ਬੰਨੀ ਬੈਠਾ ਹੈ।

ਹਾਈ ਕੋਰਟ ਵਿਚ ਨਕਲੀ ਸ਼ਰਾਬ ਮਾਫੀਆ ਬਾਰੇ ਪਾਈ ਪਟੀਸ਼ਨ ਸਬੰਧੀ ਪੁਰਾਣੀ ਖ਼ਬਰ, ਹਵਾਲੇ ਵਜੋਂ ਦੇ ਰਹੇ ਹਾਂ।
ਚੰਡੀਗੜ੍ਹ: ਪੰਜਾਬ ਵਿਚ ਚਰਚਾ ਦਾ ਕੇਂਦਰ ਬਣੇ ਹੋਏ ਗ਼ੈਰ ਕਾਨੂੰਨੀ ਅਤੇ ਨਕਲੀ ਸ਼ਰਾਬ ਮਾਮਲੇ ਵਿਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਇਕਹਰੇ ਬੈਂਚ ਨੇ ਸੁਣਵਾਈ ਲੋਕਹਿਤ ਦੇ ਤੌਰ ਉੱਤੇ ਕੀਤੇ ਜਾਣ ਦੀ ਗੱਲ ਕਹਿੰਦੇ ਹੋਏ ਕੇਸ ਚੀਫ਼ ਜਸਟੀਸ ਦੀ ਬੈਂਚ ਨੂੰ ਇਹ ਮਾਮਲਾ ਰੈਫ਼ਰ ਕਰ ਦਿਤਾ ਹੈ। ਸਾਬਕਾ ਵਿਧਾਇਕ ਤਰਸੇਮ ਜੋਧਾ ਤੇ ਹਰਗੋਪਾਲ ਸਿੰਘ ਦੀ ਤਰਫੋਂ ਪਾਈ ਗਈ ਪਟੀਸ਼ਨ ਉੱਤੇ ਜਸਟਿਸ ਅਲਕਾ ਸਰੀਨ ਨੇ ਏਸ ਮਾਮਲੇ ਨੂੰ ਲੋਕਹਿਤ ਪਟੀਸ਼ਨ ਦੇ ਤੌਰ ਉੱਤੇ ਸੁਣਨ ਲਈ ਹਾਈ ਕੋਰਟ ਦੇ ਚੀਫ਼ ਜਸਟੀਸ ਨੂੰ ਭੇਜ ਦਿਤਾ ਹੈ।

ਦਰਅਸਲ ਮਾਮਲੇ ਦੀ ਸੁਣਵਾਈ ਸ਼ੁਰੂ ਹੁੰਦੇ ਸਾਰ ਜਸਟਿਸ ਸਰੀਨ ਨੇ ਪਟੀਸ਼ਨਕਰਤਾਵਾਂ ਦੇ ਵਕੀਲ ਬਲਤੇਜ ਸਿੱਧੂ ਨੂੰ ਪੁਛਿਆ ਕਿ ਕਿਉਂ ਨਹੀਂ ਇਸ ਮਾਮਲੇ ਨੂੰ ਲੋਕਹਿਤ ਪਟੀਸ਼ਨ ਦੇ ਤੌਰ ਉੱਤੇ ਸੁਣਿਆ ਜਾਵੇ? ਹਾਈ ਕੋਰਟ ਨੇ ਕਿਹਾ (ਸੀ) ਸਿਆਸੀ ਲੜਾਈ ਇਥੇ ਨਾ ਲੜੀ ਜਾਵੇ। ਜਿਸ ਉੱਤੇ ਵਕੀਲ ਬਲਤੇਜ ਨੇ ਕਿਹਾ ਕਿ ਦੋਵੇਂ ਪਟੀਸ਼ਨਰ ਵਿਧਾਇਕ ਤਾਂ ਰਹੇ ਹਨ ਪਰ ਉਨ੍ਹਾਂ ਨੇ 1997 ਤੋਂ ਬਾਅਦ ਚੋਣ ਨਹੀਂ ਲੜੀ। ਇਸ ਲਈ ਇਹ ਕੋਈ ਰਾਜਨੀਤਕ ਕੇਸ ਨਹੀਂ, ਸਗੋਂ ਇਹ ਮਾਮਲਾ ਕਾਫ਼ੀ ਗੰਭੀਰ ਹੈ। ਇਸ ਲਈ ਉਨ੍ਹਾਂ ਦੋਵਾਂ ਨੇ ਹਾਈ ਕੋਰਟ ਦਾ ਰੁਖ ਕੀਤਾ ਹੈ। ਪੰਜਾਬ ਸਰਕਾਰ ਵਲੋਂ ਵੀ ਪੇਸ਼ ਹੋਏ ਵਕੀਲ ਰਮੀਜਾ ਹਕੀਮ ਨੇ ਕੋਰਟ ਨੂੰ ਦਸਿਆ (ਸੀ) ਕਿ ਇਸ ਮਾਮਲੇ ਉੱਤੇ ਲਗਾਤਾਰ ਕਾਰਵਾਈ ਚੱਲ ਰਹੀ ਹੈ।

ਪਟੀਸ਼ਨਰ ਦੇ ਵਕੀਲ ਨੇ ਕੋਰਟ ਨੂੰ ਦਸਿਆ ਕਿ ਗ਼ੈਰ ਕਾਨੂੰਨੀ ਸ਼ਰਾਬ ਬਣਾਉਣ ਨੂੰ ਲੈ ਕੇ ਨਵੰਬਰ 2018 ਮਈ 2019 ਅਤੇ ਲਾਕਡਾਉਨ ਤੋਂ ਬਾਅਦ ਵੀ ਤਿੰਨ ਐਫ਼ਆਈਆਰ ਦਰਜ ਹੋਈਆਂ ਹਨ ਪਰ ਹਰ ਮਾਮਲੇ ਵਿਚ ਸਿਰਫ ਹੇਠਲੇ ਪੱਧਰ ਉੱਤੇ ਹੀ ਕਾਰਵਾਈ ਕੀਤੀ ਗਈ ਜਦੋਂ ਕਿ ਮਾਮਲੇ ਨਾਲ ਜੁੜਿਆ ਮਾਫ਼ੀਆ ਪੁਲਿਸ ਦੀ ਪਕੜ ਤੋਂ ਬਾਹਰ ਹੈ।”

ਨਿਚੋੜ
ਜਦੋਂ ਤੱਕ ਪੰਜਾਬ ਦੇ ਲੋਕ ਆਟਾ ਦਾਲ ਮੁਫ਼ਤ ਦੇਣ ਦਾ ਵਾਅਦਾ ਕਰਨ ਵਾਲੇ ਤੇ ਸੁਪਨੇ ਵੇਚਣ ਵਾਲੇ ਵੋਟ ਭਿਖਾਰੀਆਂ ਦੀਆਂ ਚਾਲਾਂ ਸਮਝ ਕੇ ਸਹੀ ਬੰਦੇ ਜ਼ਨਾਨੀਆਂ ਨੂੰ ਚੁਣ ਕੇ, ਵਿਧਾਨ ਸਭਾ ਵਿਚ ਨਹੀਂ ਭੇਜਣਗੇ, ਚੰਗਾ ਬੰਦਾ ਜਾਂ ਜ਼ਨਾਨੀ ਮੁੱਖ ਮੰਤਰੀ ਨਹੀਂ ਬਣਾਉਣਗੇ, ਏਥੇ ਨਿੱਤ ਨਵੇਂ ਮਾਫੀਆ ਤੇ ਗੁਰਗੇ ਪਲਦੇ ਰਹਿਣਗੇ। ਏਸ ਲਈ ਸਹੀ ਬੰਦੇ ਲੀਡਰ ਬਣਾਉਣ ਲਈ ਮਿਸ਼ਨਰੀ ਜੀਵਨ ਜੀਅ ਰਹੇ ਸ਼ਰੀਫ ਬੰਦਿਆਂ ਨੂੰ ਵੀ ਵੋਟ ਪਾ ਕੇ ਅਜ਼ਮਾਅ ਕੇ ਵੇਖ ਲੈਣਾ ਚਾਹੀਦਾ ਹੈ। (ਬਾਕੀ ਫੇਰ ਕਦੇ)

ਯਾਦਵਿੰਦਰ
ਸੰਪਰਕ ਸਰੂਪ ਨਗਰ। ਰਾਓਵਾਲੀ।
+919465329617 6284336773

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleIndia commits for net zero by 2070 at climate change conference
Next article“ਮੇਰਾ ਵੱਸਦਾ ਰਹੇ ਪੰਜਾਬ”