(ਸਮਾਜ ਵੀਕਲੀ)
ਦੂਰਦਰਸ਼ਨ ਜਲੰਧਰ ਜੋ ਕਿ ਹੁਣ ਚੌਵੀ ਘੰਟੇ ਦੇ ਪ੍ਰਸਾਰਣ ਨਾਲ ਦੂਰਦਰਸ਼ਨ ਪੰਜਾਬੀ ਬਣ ਚੁੱਕਿਆ ਹੈ।ਪਰ ਪਿਛਲੇ ਡੇਢ ਕੁ ਸਾਲ ਤੋਂ ਪੰਜਾਬੀ ਨੂੰ ਪਛਾਡ਼ ਕੇ ਦੂਸਰੀਆਂ ਭਾਸ਼ਾਵਾਂ ਦਾ ਪ੍ਰਚਾਰ ਤੇ ਪ੍ਰਸਾਰ ਇਸ ਚੈਨਲ ਨੇ ਸ਼ੁਰੂ ਕਰ ਦਿੱਤਾ ਹੈ।ਜਦੋਂ ਕਿ ਇਹ ਚੈਨਲ ਖੇਤਰੀ ਚੈਨਲ ਹੈ ਖੇਤਰ ਤੋਂ ਮਤਲਬ ਆਪਣੇ ਰਾਜ ਦੀ ਭਾਸ਼ਾ ਦੇ ਪ੍ਰੋਗਰਾਮ ਪੇਸ਼ ਕਰਨੇ ਮਨੋਰੰਜਨ ਖ਼ਬਰਾਂ ਤੇ ਸਾਹਿਤਕ ਪ੍ਰੋਗਰਾਮ ਪ੍ਰਸਾਰ ਭਾਰਤੀ ਦੇ ਕਾਨੂੰਨਾਂ ਅਨੁਸਾਰ ਇਸ ਚੈਨਲ ਨੂੰ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਪਹਿਰੇਦਾਰੀ ਕਰਨੀ ਚਾਹੀਦੀ ਹੈ।ਪੰਜ ਕੁ ਸਾਲ ਤੋਂ ਇਸ ਕੇਂਦਰ ਨੂੰ ਕੋਈ ਨਿਰਦੇਸ਼ਕ ਤੇ ਪ੍ਰੋਗਰਾਮ ਮੁਖੀ ਨਹੀਂ ਮਿਲ ਰਿਹਾ,ਕੇਂਦਰ ਨਿਰਦੇਸ਼ਕ ਦਾ ਵਾਧੂ ਭਾਰ ਕੇਂਦਰ ਦੇ ਚੀਫ਼ ਇੰਜਨੀਅਰ ਉੱਪਰ ਪਾਇਆ ਹੋਇਆ ਹੈ।ਜੋ ਕਿ ਜੰਮੂ ਦੇ ਰਹਿਣ ਵਾਲੇ ਹਨ ਪੰਜਾਬੀ ਨਾ ਬੋਲਦੇ ਹਨ ਨਾ ਸਮਝਦੇ ਹਨ।ਦੂਸਰੀ ਗੱਲ ਉਹ ਆਪਣੇ ਇੰਜੀਨੀਅਰ ਵਿਭਾਗ ਵੱਲ ਧਿਆਨ ਦੇਣਗੇ ਵਾਧੂ ਭਾਰ ਸਰਕਾਰੀ ਅਦਾਰੇ ਵਿੱਚ ਕੌਣ ਚੁੱਕਦਾ ਹੈ ਇਹ ਕੌੜਾ ਸੱਚ ਹੈ।ਪ੍ਰੋਗਰਾਮ ਮੁਖੀ ਵੀ ਕੋਈ ਨਹੀਂ ਮਿਲ ਰਿਹਾ ਜੋ ਵੀ ਕੋਈ ਨਿਰਮਾਤਾ ਵਰਗ ਵਿੱਚੋਂ ਸੀਨੀਅਰ ਹੁੰਦਾ ਹੈ,ਉਸ ਦੇ ਮੋਢਿਆਂ ਤੇ ਵਾਧੂ ਭਾਰ ਪਾ ਦਿੱਤਾ ਜਾਂਦਾ ਹੈ।
ਇਸੇ ਲੜੀ ਤਹਿਤ ਡੇਢ ਕੁ ਸਾਲ ਤੋਂ ਕੰਮ ਚਲਾਊ ਪ੍ਰੋਗਰਾਮ ਮੁਖੀ ਪੁਨੀਤ ਸਹਿਗਲ ਜੀ ਹਨ।ਜੋ ਨਾਟਕਾਂ ਦੀ ਉੱਚ ਪੱਧਰ ਦੀ ਸਿੱਖਿਆ ਪ੍ਰਾਪਤ ਹਨ ਪਰ ਬਾਕੀ ਪ੍ਰੋਗਰਾਮਾਂ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ,ਪੰਜਾਬੀ ਬੋਲ ਲੈਂਦੇ ਹਨ ਪੜ੍ਹਨੀ ਤੇ ਲਿਖਣੀ ਨਹੀਂ ਆਉਂਦੀ ਤਾਂ ਪ੍ਰੋਗਰਾਮ ਕਿਹੋ ਜਿਹੇ ਬਣਨਗੇ ਜਾਂ ਬਣ ਸਕਦੇ ਹਨ ਸਰੋਤੇ ਸਮਝਦਾਰ ਹਨ। ਸ੍ਰੀ ਮਾਨ ਪੁਨੀਤ ਸਹਿਗਲ ਜੀ ਨੇ ਜਦੋਂ ਪ੍ਰੋਗਰਾਮ ਕੰਮ ਚਲਾਊ ਮੁਖੀ ਦੀ ਕਮਾਂਡ ਸੰਭਾਲੀ,ਕੋਰੋਨਾ ਮਹਾਂਮਾਰੀ ਸ਼ੁਰੂ ਹੋ ਚੁੱਕੀ ਸੀ।ਇਨ੍ਹਾਂ ਤੋਂ ਪਹਿਲੀ ਪ੍ਰੋਗਰਾਮ ਮੁਖੀ ਕੋਲ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸਕੂਲ ਸਿੱਖਿਆ ਦਾ ਪ੍ਰਸਾਰਨ ਕਰਨ ਲਈ ਚਿੱਠੀ ਆਈ ਹੋਈ ਸੀ ਜਿਸ ਵੱਲ ਉਸ ਨੇ ਕੋਈ ਧਿਆਨ ਨਹੀਂ ਦਿੱਤਾ ਕਿਉਂਕਿ ਹਰ ਚੈਨਲ ਦਾ ਕੰਮ ਹੁੰਦਾ ਹੈ ਆਪਣੇ ਖੇਤਰ ਦੇ ਮਨੋਰੰਜਨ ਤੇ ਬਾਕੀ ਪ੍ਰੋਗਰਾਮ ਪੇਸ਼ ਕਰਨਾ।ਉਨ੍ਹਾਂ ਦਿਨਾਂ ਵਿਚ ਮੈਂ ਇਨ੍ਹਾਂ ਨੂੰ ਕੰਮ ਚਲਾਊ ਕਮਾਂਡ ਮਿਲਣ ਦੀਆਂ ਵਧਾਈਆਂ ਦਿੱਤੀਆਂ,ਤੇ ਪ੍ਰੋਗਰਾਮਾਂ ਬਾਰੇ ਪੁੱਛਿਆ ਤਾਂ ਇਨ੍ਹਾਂ ਦੇ ਹੱਥ ਪੰਜਾਬ ਸਕੂਲ ਸਿੱਖਿਆ ਸਕੱਤਰ ਦੀ ਪ੍ਰਸਾਰਣ ਸਬੰਧੀ ਚਿੱਠੀ ਲੱਗ ਗਈ।
ਤੁਰੰਤ ਮੁੱਖ ਸਕੱਤਰ ਨਾਲ ਇਨ੍ਹਾਂ ਨੇ ਵੀਡੀਓ ਕਾਲ ਕੀਤੀ ਪੰਜਾਬੀ ਦੀ ਕਹਾਵਤ ਹੈ ” ਬਾਂਦਰ ਦੇ ਹੱਥ ਹਲਦੀ ਦੀ ਗੱਠੀ ਲੱਗ ਗਈ ਤੇ ਉਹ ਪੰਸਾਰੀ ਬਣ ਕੇ ਬੈਠ ਗਿਆ”ਹਿੰਗ ਲੱਗੇ ਨਾ ਫਟਕੜੀ ਇਨ੍ਹਾਂ ਨੇ ਸਕੂਲ ਪ੍ਰਸਾਰਨ ਸ਼ੁਰੂ ਕਰ ਦਿੱਤਾ ਕਿਉਂਕਿ ਰੈਡੀਮੇਡ ਸਾਮਾਨ ਮਿਲ ਜਾਵੇਗਾ ਪ੍ਰਸਾਰਨ ਕਰ ਦੇਵੋ।ਇਕ ਸਾਲ ਸਵੇਰੇ ਨੌੰ ਤੋਂ ਸ਼ਾਮ ਚਾਰ ਵਜੇ ਤਕ ਲਗਾਤਾਰ ਸਕੂਲ ਪ੍ਰਸਾਰਨ ਚਲਦਾ ਰਿਹਾ,ਵਿਦਿਆਰਥੀਆਂ ਦੇ ਪੱਲੇ ਕੁਝ ਨਹੀਂ ਪਿਆ ਇਸ ਬਾਰੇ ਮੈਂ ਪਹਿਲਾਂ ਵੀ ਅਨੇਕਾਂ ਲੇਖ ਲਿਖ ਚੁੱਕਿਆ ਹਾਂ।ਫ਼ਾਇਦਾ ਹੋਇਆ ਪ੍ਰਸਾਰ ਭਾਰਤੀ ਨੂੰ ਚਾਰ ਪੈਸੇ ਜੇਬ ਵਿਚ ਪੈ ਗਏ ਤੇ ਦੂਰਦਰਸ਼ਨ ਦੇ ਕਰਮਚਾਰੀ ਵਿਹਲੇ ਬੈਠ ਕੇ ਤਨਖਾਹ ਲੈਂਦੇ ਹੋਏ ਮੁਫ਼ਤ ਦੀਆਂ ਰੋਟੀਆਂ ਪਾੜ ਦੇ ਰਹੇ,ਦੂਰਦਰਸ਼ਨ ਪੰਜਾਬੀ ਦੇ ਸਾਰੇ ਸਰੋਤੇ ਇਹ ਜਾਣਦੇ ਹੀ ਹਨ।ਅਗਸਤ ਦੀ ਦੋ ਤਾਰੀਖ ਨੂੰ ਸਕੂਲ ਖੁੱਲ੍ਹ ਚੁੱਕੇ ਹਨ ਪਰ ਦੂਰਦਰਸ਼ਨ ਪੰਜਾਬੀ ਪੰਜਾਬੀ ਮਾਂ ਬੋਲੀ ਨੂੰ ਪਛਾੜ ਕੇ ਪਿਛਲੇ ਦਰਵਾਜ਼ੇ ਥਾਈਂ ਹਾਲਾਂ ਵੀ ਸਕੂਲੀ ਸਿੱਖਿਆ ਦੇ ਪਾਠ ਪੜ੍ਹਾ ਰਿਹਾ ਹੈ।ਸਕੂਲੀ ਬੱਚੇ ਸਕੂਲ ਵਿਚ ਹਨ ਟੀ ਵੀ ਸੈੱਟ ਘਰਾਂ ਵਿਚ ਹਨ,ਪਤਾ ਨ੍ਹੀਂ ਸਕੂਲੀ ਪ੍ਰਸਾਰਣ ਕੌਣ ਵੇਖਦਾ ਹੈ।
ਖੇਤਰੀ ਚੈਨਲ ਦਾ ਮਤਲਬ ਆਪਣੇ ਰਾਜ ਦੀ ਭਾਸ਼ਾ ਪਰ ਸਵੇਰੇ ਪੰਜਾਬੀ ਚੈਨਲ ਤੋਂ ਸੰਸਕ੍ਰਿਤ ਅਤੇ ਸਮਾਚਾਰ ਪੇਸ਼ ਕੀਤੇ ਜਾਂਦੇ ਹਨ।ਇਸੇ ਕੜੀ ਤਹਿਤ ਚੰਡੀਗਡ਼੍ਹ ਤੋਂ ਹਿੰਦੀ ਖ਼ਬਰਾਂ ਤੇ ਹਿੰਦੀ ਪ੍ਰੋਗਰਾਮਾਂ ਦਾ ਪ੍ਰਸਾਰਨ ਕੀਤਾ ਜਾਂਦਾ ਹੈ।ਸੰਸਕ੍ਰਿਤ ਕੌਣ ਸਮਝਦਾ ਹੈ ਤੇ ਰਾਸ਼ਟਰੀ ਖਬਰਾਂ ਨਾਲ ਪੰਜਾਬ ਦੇ ਸਰੋਤਿਆਂ ਦਾ ਕੀ ਵਾਹ ਵਾਸਤਾ ਹੈ ?ਚੰਡੀਗੜ੍ਹ ਆਪਣੇ ਆਪ ਵਿੱਚ ਪੂਰਨ ਚੈਨਲ ਹੈ,ਜੋ ਹਿਮਾਚਲ ਅਤੇ ਹਰਿਆਣਾ ਨਾਲ ਵੀ ਸਬੰਧਤ ਹੈ ਉਸ ਨੇ ਹਿੰਦੀ ਪ੍ਰਸਾਰਨ ਕਰਨਾ ਹੈ,ਦੂਰਦਰਸ਼ਨ ਪੰਜਾਬੀ ਦਾ ਕਿਹੜਾ ਗੱਡਾ ਖੜਾ ਹੈ ਕਿ ਚੰਡੀਗੜ੍ਹ ਚੈਨਲ ਦੇ ਪ੍ਰਸਾਰਣ ਦਾ ਭਾਰ ਚੁੱਕ ਕੇ ਪੰਜਾਬੀ ਸਰੋਤਿਆਂ ਨੂੰ ਪਰੇਸ਼ਾਨ ਕਰੇ। ਹਰ ਸਾਲ ਦੂਰਦਰਸ਼ਨ ਪੰਜਾਬੀ ਦੀ ਪੰਜ ਅਗਸਤ ਦੀ ਵਰ੍ਹੇਗੰਢ ਆਉਂਦੀ ਹੈ ਜਿਸ ਨੂੰ ਮਨਾਉਣ ਲਈ ਹਰ ਸਾਲ ਰੰਗਾ ਰੰਗ ਪ੍ਰੋਗਰਾਮ ਖੁੱਲ੍ਹੇ ਵਿਹੜੇ ਵਿਚ ਸਿੱਧੇ ਪ੍ਰਸਾਰਨ ਦੇ ਰੂਪ ਵਿੱਚ ਕੀਤਾ ਜਾਂਦਾ ਹੈ ਗਾਇਕਾਂ ਤੇ ਕਲਾਕਾਰਾਂ ਦੀ ਬਹੁਤ ਵੱਡੀ ਟੀਮ ਆਉਂਦੀ ਹੈ ।
ਅਜਿਹੇ ਪ੍ਰੋਗਰਾਮ ਇੰਨੇ ਵਧੀਆ ਤੇ ਸਲਾਹੁਣਯੋਗ ਹੁੰਦੇ ਹਨ ਜੋ ਕਿ ਦੂਰਦਰਸ਼ਨ ਪੰਜਾਬੀ ਦੀ ਲਾਇਬਰੇਰੀ ਦੀ ਸ਼ਾਨ ਬਣ ਜਾਂਦੇ ਹਨ ਤੇ ਵਾਰ ਵਾਰ ਪੋਗਰਾਮਾਂ ਨੂੰ ਦੁਹਰਾਇਆ ਜਾਂਦਾ ਹੈ।ਇਸ ਵਾਰ ਸਦਕੇ ਜਾਈਏ ਪੰਜ ਅਗਸਤ ਸ਼ਾਮ ਸੱਤ ਵਜੇ “ਸੁਰਮਈ ਸ਼ਾਮ” ਪੇਸ਼ ਕੀਤੀ ਗਈ,ਕਰੋਨਾ ਦਾ ਭਾਰ ਘਟ ਗਿਆ ਪਰ ਦੂਰਦਰਸ਼ਨ ਪੰਜਾਬੀ ਨੂੰ ਹਾਲੇ ਵੀ ਮੱਠਾ ਮੱਠਾ ਬੁਖ਼ਾਰ ਹੈ ਇਕ ਕਵਾਲ ਸਰਦਾਰ ਅਲੀ ਨੂੰ ਬੁਲਾ ਕੁਝ ਕੱਵਾਲੀਆਂ ਪੇਸ਼ ਕਰਾਈਆਂ ਗਈਆਂ।ਸਦਕੇ ਜਾਈਏ ਕੱਵਾਲਾਂ ਦੇ ਉਨ੍ਹਾਂ ਨੂੰ ਪੰਜਾਬੀ ਦੇ ਸ਼ਬਦ ਵੀ ਸ਼ੁੱਧ ਰੂਪ ਵਿੱਚ ਬੋਲਣੇ ਨਹੀਂ ਆਉਂਦੇ ਸਨ,ਮੁੰਦਰਾ ਨੂੰ ਮੁੰਦਰੈ ਬੋਲ ਕੇ ਵਾਰ ਵਾਰ ਦੁਹਰਾ ਰਹੇ ਸਨ,ਬਾਕੀ ਕੋਈ ਕਲਾਕਾਰ ਤੇ ਗਾਇਕ ਨਹੀਂ ਬੁਲਾਇਆ ਗਿਆ ਕਿਉਂਕਿ ਕੋਰੋਨਾ ਦਾ ਛਾਇਆ ਹੈ।ਪ੍ਰੋਗਰਾਮ ਦਾ ਨਾਮ ਸੁਨਹਿਰੀ ਸ਼ਾਮ ਅੰਧੇਰੀ ਰਾਤ ਹੀ ਨਜ਼ਰ ਆਇਆ। ਦੂਰਦਰਸ਼ਨ ਪੰਜਾਬੀ ਪੰਜਾਬੀ ਮਾਂ ਬੋਲੀ ਦੀ ਸੇਵਾ ਜੋ ਇਸ ਦਾ ਮੁੱਖ ਆਧਾਰ ਹੈ ਉਸ ਤੋਂ ਕੋਹਾਂ ਦੂਰ ਜਾ ਚੁੱਕਿਆ ਹੈ ਬਿਨਾਂ ਮਤਲਬ ਸਕੂਲ ਪ੍ਰਸਾਰਨ ਚੱਲ ਰਿਹਾ ਹੈ।
ਸਵੇਰ ਵੇਲੇ ਖ਼ਾਸ ਖ਼ਬਰ ਇੱਕ ਨਜ਼ਰ ਦਸ ਮਿੰਟ ਲਈ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਹੈ ਜਿਸ ਤੇ ਹਰ ਰੋਜ਼ ਹਜ਼ਾਰਾਂ ਰੁਪਏ ਖਰਚ ਆਉਂਦੇ ਹਨ,ਜੋ ਪ੍ਰਸਾਰ ਭਾਰਤੀ ਦੇ ਖ਼ਜ਼ਾਨੇ ਦਾ ਘਾਣ ਹੈ।ਖ਼ਾਸ ਖ਼ਬਰ ਇੱਕ ਨਜ਼ਰ ਵਿੱਚ ਅਖ਼ਬਾਰਾਂ ਦੀਆਂ ਖ਼ਬਰਾਂ ਤੇ ਵਿਚਾਰ ਚਰਚਾ ਕਰਨੀ ਹੁੰਦੀ ਹੈ ਪੱਤਰਕਾਰ ਜੋ ਉਚਕੋਟੀ ਦੇ ਹੋਣ ਉਹ ਬੁਲਾਏ ਜਾਂਦੇ ਹਨ।ਪਰ ਸਦਕੇ ਜਾਈਏ ਕੰਮ ਚਲਾਊ ਪ੍ਰੋਗਰਾਮ ਮੁਖੀ ਜੀ ਦੇ ਇਹਨਾਂ ਨੇ ਪੱਤਰਕਾਰਾਂ ਦੀ ਥਾਂ ਤੇ ਵਿਸ਼ਲੇਸ਼ਕ ਬੁਲਾਉਣੇ ਚਾਲੂ ਕਰ ਦਿੱਤੇ ਹਨ ਜਿਨ੍ਹਾਂ ਦਾ ਅਖ਼ਬਾਰਾਂ ਤੇ ਖ਼ਬਰਾਂ ਨਾਲ ਭੋਰਾ ਵੀ ਨਾਤਾ ਨਹੀਂ,ਪਤਾ ਨਹੀਂ ਇਨ੍ਹਾਂ ਨੇ ਵਿਸ਼ਲੇਸ਼ਣ ਦੀ ਟਰੇਨਿੰਗ ਕਿਹੜੇ ਸਕੂਲ ਕਾਲਜ ਇਹਨਾ ਚਾਰ ਪੰਜ ਵਿਸ਼ਲੇਸ਼ਕਾਂ ਨੂੰ ਦਿਲਵਾਈ ਹੈ ਜੋ ਅਖ਼ਬਾਰਾਂ ਦੀਆਂ ਖ਼ਬਰਾਂ ਬਾਰੇ ਸਹੀ ਰੂਪ ਵਿਚ ਪੋਸਟਮਾਰਟਮ ਕਰਨ ਦੀ ਮੁਹਾਰਤ ਰੱਖਦੇ ਹਨ ?ਇਸ ਪ੍ਰੋਗਰਾਮ ਵਿੱਚ ਪ੍ਰਸਾਰ ਭਾਰਤੀ ਦੇ ਖਾਸ ਬਣਾਏ ਕਾਨੂੰਨਾਂ ਦੀ ਉਲੰਘਣਾ ਹੈ,ਕੌਣ ਕਹੇ ਰਾਣੀ ਅੱਗਾ ਢੱਕ ਸਰੋਤੇ ਚੁੱਪ ਦੂਰਦਰਸ਼ਨ ਅਧਿਕਾਰੀ ਆਪਣੀਆਂ ਰੋਟੀਆਂ ਸੇਕ ਰਹੇ ਹਨ।
ਪੰਜਾਬੀ ਜਗਤ ਵੱਲੋਂ ਪ੍ਰਸਾਰ ਭਾਰਤੀ ਪ੍ਰਸਾਰਣ ਮੰਤਰੀ ਪੰਜਾਬ ਸਰਕਾਰ ਸਮਾਜਿਕ ਜਥੇਬੰਦੀਆਂ ਤੇ ਸਾਹਿਤਕ ਸਭਾਵਾਂ ਨੂੰ ਬੇਨਤੀ ਹੈ,ਕਿ ਸਾਡੀ ਮਾਂ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਸਾਡਾ ਇੱਕੋ ਹੀ ਚੈਨਲ ਦੂਰਦਰਸ਼ਨ ਪੰਜਾਬੀ ਹੈ।ਜਿੱਥੇ ਪੰਜਾਬ ਪੰਜਾਬੀ ਤੇ ਪੰਜਾਬੀਅਤ ਲਈ ਕੁਝ ਵੀ ਪੇਸ਼ ਨਹੀਂ ਕੀਤਾ ਜਾਂਦਾ,ਸਾਡਾ ਫਰਜ਼ ਬਣਦਾ ਹੈ ਕਿ ਉੱਚ ਅਧਿਕਾਰੀਆਂ ਨਾਲ ਰਾਬਤਾ ਕਰੀਏ।ਆਪਣੀ ਮਾਂ ਬੋਲੀ ਪੰਜਾਬੀ ਦਾ ਮਾਣ ਬਹਾਲ ਕਰਨਾ ਸਾਡਾ ਫਰਜ਼ ਬਣਦਾ ਹੈ ।ਸਾਡੇ ਇਸ ਕੇਂਦਰ ਲਈ ਯੋਗ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਜ਼ਰੂਰਤ ਹੈ ਇਸ ਪਾਸੇ ਕੋਈ ਧਿਆਨ ਦੇਣ ਵਾਲਾ ਹੈ ? ਉੱਠੋ ਮੇਰੇ ਪੰਜਾਬੀ ਭੈਣੋ ਤੇ ਭਰਾਵੋ ਆਪਣੀ ਮਾਂ ਬੋਲੀ ਪੰਜਾਬੀ ਦਾ ਸ਼ਰ੍ਹੇਆਮ ਘਾਣ ਹੋ ਰਿਹਾ ਹੈ,ਜੇ ਅੱਜ ਚੁੱਪ ਰਹੇ ਤਾਂ ਆਉਣ ਵਾਲਾ ਸਾਡੀ ਪੀੜ੍ਹੀ ਕਦੇ ਮਾਫ਼ ਨਹੀਂ ਕਰੇਗੀ ਸਾਨੂੰ ਹਮੇਸ਼ਾ ਸਵਾਲ ਕਰੇਗੀ।ਤੁਸੀਂ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਸੇਵਾ ਕੀ ਕਰਨੀ ਸੀ ਰਾਖੀ ਵੀ ਨਹੀਂ ਕੀਤੀ।
ਰਮੇਸ਼ਵਰ ਸਿੰਘ ਪਟਿਆਲਾ
ਸੰਪਰਕ ਨੰਬਰ-9914880392
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly