ਨਵੀਂ ਦਿੱਲੀ (ਸਮਾਜ ਵੀਕਲੀ): ਦੇਸ਼ ਨੇ ਕੋਵਿਡ-19 ਖ਼ਿਲਾਫ਼ ਟੀਕਾਕਰਨ ਪ੍ਰੋਗਰਾਮ ’ਚ ਅੱਜ ਉਸ ਸਮੇਂ ਮੀਲ ਪੱਥਰ ਹਾਸਲ ਕਰ ਲਿਆ ਜਦੋਂ ਵੈਕਸੀਨ ਦੀਆਂ 100 ਕਰੋੜ ਖੁਰਾਕਾਂ ਦਾ ਅੰਕੜਾ ਪਾਰ ਹੋ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਿਕਾਰਡ ਤੋੜ ਟੀਕਾਕਰਨ ਨੂੰ ਭਾਰਤੀ ਵਿਗਿਆਨ, ਉੱਦਮ ਅਤੇ 130 ਕਰੋੜ ਭਾਰਤੀਆਂ ਦੀ ਸਾਂਝੀ ਭਾਵਨਾ ਦੀ ਜਿੱਤ ਕਰਾਰ ਦਿੰਦਿਆਂ ਕਿਹਾ ਕਿ ਮੁਲਕ ਨੇ ਇਤਿਹਾਸ ਸਿਰਜ ਦਿੱਤਾ ਹੈ।
ਪ੍ਰਧਾਨ ਮੰਤਰੀ ਨੇ ਟੀਕਾਕਰਨ ਦਾ ਰਿਕਾਰਡ ਬਣਨ ’ਤੇ ਇਥੇ ਰਾਮ ਮਨੋਹਰ ਲੋਹੀਆ ਹਸਪਤਾਲ ਦੇ ਟੀਕਾਕਰਨ ਕੇਂਦਰ ਦਾ ਦੌਰਾ ਕਰਕੇ ਹਸਪਤਾਲ ਦੇ ਅਧਿਕਾਰੀਆਂ, ਅਮਲੇ ਅਤੇ ਕੁਝ ਲਾਭਪਾਤਰੀਆਂ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਨਾਲ ਸਿਹਤ ਮੰਤਰੀ ਮਨਸੁਖ ਮਾਂਡਵੀਆ ਵੀ ਹਾਜ਼ਰ ਸਨ। ਮਾਂਡਵੀਆ ਨੇ ਟਵੀਟ ਕਰਕੇ ਇਸ ਪ੍ਰਾਪਤੀ ਲਈ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਮੋਦੀ ਦੀ ਯੋਗ ਅਗਵਾਈ ਦਾ ਨਤੀਜਾ ਹੈ। ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੇ ਮੁਖੀ ਟੈਡਰੋਸ ਅਧਾਨੌਮ ਗੈਬ੍ਰਿਸਸ ਨੇ ਵੈਕਸੀਨ ਦੀਆਂ 100 ਕਰੋੜ ਤੋਂ ਜ਼ਿਆਦਾ ਖੁਰਾਕਾਂ ਲੱਗਣ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਗਿਆਨੀਆਂ, ਸਿਹਤ ਵਰਕਰਾਂ ਅਤੇ ਭਾਰਤ ਦੇ ਨਾਗਰਿਕਾਂ ਨੂੰ ਵਧਾਈ ਦਿੱਤੀ ਹੈ।
ਜਥੇਬੰਦੀ ਦੀ ਦੱਖਣ-ਪੂਰਬੀ ਏਸ਼ੀਆ ਮਾਮਲਿਆਂ ਦੀ ਖੇਤਰੀ ਡਾਇਰੈਕਟਰ ਡਾਕਟਰ ਪੂਨਮ ਖੇਤਰਪਾਲ ਸਿੰਘ ਨੇ ਭਾਰਤ ਵਾਸੀਆਂ ਨੂੰ ਟੀਕਾਕਰਨ ਦਾ ਇਤਿਹਾਸ ਸਿਰਜਣ ’ਤੇ ਵਧਾਈ ਦਿੰਦਿਆਂ ਕਿਹਾ ਕਿ ਇਹ ਮਜ਼ਬੂਤ ਸਿਆਸੀ ਲੀਡਰਸ਼ਿਪ ਤੋਂ ਬਿਨਾਂ ਸੰਭਵ ਨਹੀਂ ਸੀ। ਉਨ੍ਹਾਂ ਕਿਹਾ ਕਿ ਭਾਰਤ ਦੀ ਤਰੱਕੀ ਨੂੰ ਇਸ ਨਜ਼ਰੀਏ ਨਾਲ ਦੇਖਿਆ ਜਾਣਾ ਚਾਹੀਦਾ ਹੈ ਕਿ ਦੇਸ਼ ਨੇ ਜੀਵਨ ਬਚਾਉਣ ਵਾਲੀ ਵੈਕਸੀਨ ਆਲਮੀ ਪੱਧਰ ’ਤੇ ਵੀ ਪਹੁੰਚਾਉਣਾ ਯਕੀਨੀ ਬਣਾਇਆ ਹੈ। ਸੂਤਰਾਂ ਮੁਤਾਬਕ ਦੇਸ਼ ’ਚ 75 ਫ਼ੀਸਦੀ ਬਾਲਗਾਂ ਨੂੰ ਘੱਟੋ ਘੱਟ ਇਕ ਖੁਰਾਕ ਲੱਗ ਚੁੱਕੀ ਹੈ ਅਤੇ ਕਰੀਬ 31 ਫ਼ੀਸਦ ਆਬਾਦੀ ਨੂੰ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੱਗ ਚੁੱਕੀਆਂ ਹਨ। ਯੂਨੀਸੈਫ ਇੰਡੀਆ ਨੇ ਵੀ ਵੈਕਸੀਨ ਦੀਆਂ 100 ਕਰੋੜ ਖੁਰਾਕਾਂ ਇਕ ਸਾਲ ਤੋਂ ਘੱਟ ਸਮੇਂ ’ਚ ਲੱਗਣ ’ਤੇ ਭਾਰਤ ਸਰਕਾਰ ਨੂੰ ਵਧਾਈ ਦਿੱਤੀ ਹੈ।
ਉਨ੍ਹਾਂ ਕਿਹਾ ਹੈ ਕਿ ਪਿਛਲੇ ਕੁਝ ਮਹੀਨਿਆਂ ਤੋਂ ਸਿਹਤ ਵਰਕਰ ਦੇਸ਼ ਦੇ ਹਰ ਕੋਨੇ ’ਚ ਟੀਕਾਕਰਨ ਲਈ ਜੀਅ-ਤੋੜ ਮਿਹਨਤ ਕਰ ਰਹੇ ਸਨ। ‘ਅਸੀਂ ਇਨ੍ਹਾਂ ਸਿਹਤ ਵਰਕਰਾਂ ਦੇ ਜਜ਼ਬੇ ਅਤੇ ਸਖ਼ਤ ਮਿਹਨਤ ਨੂੰ ਸਲਾਮ ਕਰਦੇ ਹਾਂ। ਵਿਗਿਆਨੀਆਂ, ਡਾਕਟਰਾਂ, ਨੀਤੀ ਘਾੜਿਆਂ ਅਤੇ ਸਿਹਤ ਵਰਕਰਾਂ ਦੇ ਸਮਰਪਣ ਤੋਂ ਬਿਨਾਂ ਇਹ ਟੀਚਾ ਹਾਸਲ ਕਰਨਾ ਸੰਭਵ ਨਹੀਂ ਸੀ।’ ਵੈਕਸੀਨ ਦੀਆਂ ਸਭ ਤੋਂ ਜ਼ਿਆਦਾ ਖੁਰਾਕਾਂ ਲਗਾਉਣ ਵਾਲੇ ਪੰਜ ਸੂਬਿਆਂ ’ਚ ਉੱਤਰ ਪ੍ਰਦੇਸ਼, ਮਹਾਰਾਸ਼ਟਰ, ਪੱਛਮੀ ਬੰਗਾਲ, ਗੁਜਰਾਤ ਅਤੇ ਮੱਧ ਪ੍ਰਦੇਸ਼ ਹਨ।
ਦੇਸ਼ ’ਚ ਕਰੋਨਾ ਖ਼ਿਲਾਫ਼ ਵੈਕਸੀਨ ਦੀ ਪਹਿਲੀ ਖੁਰਾਕ 16 ਜਨਵਰੀ ਨੂੰ ਲਗਾਈ ਗਈ ਸੀ ਅਤੇ 100 ਕਰੋੜ ਦਾ ਅੰਕੜਾ 279 ਦਿਨਾਂ ’ਚ ਪਾਰ ਕਰ ਲਿਆ ਹੈ। ਰਾਮ ਮਨੋਹਰ ਲੋਹੀਆ ਹਸਪਤਾਲ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵ੍ਹੀਲਚੇਅਰ ’ਤੇ ਆਈ ਲਾਭਪਾਤਰੀ ਨਾਲ ਗੱਲਬਾਤ ਕਰਕੇ ਉਸ ਦੇ ਸ਼ੌਕ ਬਾਰੇ ਜਾਣਕਾਰੀ ਹਾਸਲ ਕੀਤੀ। ‘ਜਦੋਂ ਮੈਂ ਦੱਸਿਆ ਕਿ ਗਾਉਂਦੀ ਹਾਂ ਤਾਂ ਉਨ੍ਹਾਂ ਮੈਨੂੰ ਗਾਣੇ ਦੀਆਂ ਦੋ ਲਾਈਨਾਂ ਗਾਉਣ ਲਈ ਕਿਹਾ।’ ਉ
ਦੀ ਮਾਂ ਨੇ ਕਿਹਾ ਕਿ ਇਹ ਸੁਪਨੇ ਵਾਂਗ ਸੀ ਕਿ ਪ੍ਰਧਾਨ ਮੰਤਰੀ ਸਾਨੂੰ ਮਿਲ ਰਹੇ ਹਨ। ਇਕ ਹੋਰ ਵਿਅਕਤੀ ਅਰੁਣ ਰਾਏ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਦਿਵਿਆਂਗ ਆਖ ਕੇ ਮਾਣ ਬਖ਼ਸ਼ਿਆ। ‘ਉਨ੍ਹਾਂ ਕਿਹਾ ਕਿ ਪੈਰਾਲਿੰਪਿਕ ਖਿਡਾਰੀਆਂ ਵੱਲ ਦੇਖੋ ਜਿਨ੍ਹਾਂ ਤਗਮੇ ਜਿੱਤ ਕੇ ਦੇਸ਼ ਦਾ ਨਾਮ ਉੱਚਾ ਕੀਤਾ ਹੈ। ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਕ੍ਰਿਕਟ ਖੇਡਦਾ ਰਿਹਾ ਹਾਂ।’ ਰਾਏ ਨੂੰ ਜਦੋਂ ਵੈਸਕੀਨ ਦੀ ਪਹਿਲੀ ਖੁਰਾਕ ਲੱਗ ਰਹੀ ਸੀ ਤਾਂ ਸ੍ਰੀ ਮੋਦੀ ਨਾਲ ਖੜ੍ਹੇ ਰਹੇ। ਸ੍ਰੀ ਮੋਦੀ ਨੇ ਸਿਹਤ ਵਰਕਰ ਜਸਮੀਤ ਸਿੰਘ ਨਾਲ ਵੀ ਗੱਲਬਾਤ ਕੀਤੀ ਅਤੇ ਉਸ ਤੋਂ ਟੀਕਾਕਰਨ ਦੇ ਤਜਰਬੇ ਬਾਰੇ ਜਾਣਕਾਰੀ ਹਾਸਲ ਕੀਤੀ। ਜਸਮੀਤ ਨੇ ਕਿਹਾ,‘‘ਮੈਂ ਉਨ੍ਹਾਂ ਨਾਲ ਟੀਕਾਕਰਨ ਕੇਂਦਰ ’ਤੇ ਆਪਣੀ ਡਿਊਟੀ ਦੌਰਾਨ ਹੋਏ ਤਜਰਬੇ ਸਾਂਝੇ ਕੀਤੇ। ਮੈਂ ਜਾਣਕਾਰੀ ਦਿੱਤੀ ਕਿ ਕਿਵੇਂ ਲੋਕਾਂ ਨੂੰ ਕਰੋਨਾ ਖ਼ਿਲਾਫ਼ ਟੀਕੇ ਲਗਵਾਉਣ ਲਈ ਪ੍ਰੇਰਿਤ ਕੀਤਾ।’
ਇਕ ਹੋਰ ਨਰਸ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਉਸ ਨੇ 15 ਹਜ਼ਾਰ ਖੁਰਾਕਾਂ ਲਗਾਈਆਂ ਹਨ। ਸ੍ਰੀ ਮੋਦੀ ਨੇ ਹਸਪਤਾਲ ’ਚ ‘ਚੌਕੀਦਾਰ’ ਦੀ ਡਿਊਟੀ ਦੇ ਰਹੇ ਵਿਅਕਤੀ ਨਾਲ ਵੀ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨੇ ਉਸ ਨੂੰ ਕਿਹਾ ਕਿ ਕੋਵਿਡ ਦੇ ਸਮੇਂ ਦੌਰਾਨ ਪਰਿਵਾਰ ਵੀ ਫਿਕਰਮੰਦ ਹੋਵੇਗਾ ਤਾਂ ਉਸ ਨੇ ਕਿਹਾ ਕਿ ਉਹ ਹਸਪਤਾਲ ਆਉਣ ਤੋ ਰੋਕਦੇ ਸਨ ਪਰ ਉਹ ਦੇਸ਼ ਲਈ ਸੇਵਾ ਕਰਨਾ ਚਾਹੁੰਦਾ ਸੀ। ਉਸ ਨੇ ਪ੍ਰਧਾਨ ਮੰਤਰੀ ਨੂੰ ਚੇਤੇ ਕਰਵਾਇਆ ਕਿ ਇਕ ਵਾਰ ਉਨ੍ਹਾਂ ਖੁਦ ਨੂੰ ਦੇਸ਼ ਦਾ ਚੌਕੀਦਾਰ ਆਖਿਆ ਸੀ ਜਿਸ ਨਾਲ ਉਸ ਨੂੰ ਵੀ ਵਧੀਆ ਕੰਮ ਕਰਨ ਦਾ ਉਤਸ਼ਾਹ ਮਿਲਿਆ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly