ਨਵੀਂ ਦਿੱਲੀ, (ਸਮਾਜ ਵੀਕਲੀ) : ਭਾਰਤ ਵਿੱਚ ਕਰੋਨਾ ਕਾਰਨ ਇੱਕੋ ਦਿਨ 3,998 ਮੌਤਾਂ ਦਰਜ ਹੋਈਆਂ ਹਨ। ਇਹ ਵਾਧਾ ਮਹਾਰਾਸ਼ਟਰ ਵੱਲੋਂ ਆਪਣੇ 14ਵੇਂ ਕੋਵਿਡ ਡੇਟਾ ਮੁਲਾਂਕਣ ਮਗਰੋਂ ਦਰਜ ਹੋਇਆ ਹੈ। ਇਸ ਨਾਲ ਦੇਸ਼ ’ਚ ਕਰੋਨਾ ਲਾਗ ਕਾਰਨ ਮ੍ਰਿਤਕਾਂ ਦੀ ਗਿਣਤੀ ਵਧ ਕੇ 4,18,480 ਹੋ ਗਈ ਹੈ।
ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ 8 ਵਜੇ ਜਾਰੀ ਅੰਕੜਿਆਂ ਮੁਤਾਬਕ ਲੰਘੇ 24 ਘੰਟਿਆਂ ’ਚ ਦੇਸ਼ ਵਿੱਚ ਕਰੋਨਾ ਲਾਗ ਦੇ 42,015 ਕੇਸ ਸਾਹਮਣੇ ਆਏ ਹਨ, ਜਿਸ ਨਾਲ ਕੇਸਾਂ ਦੀ ਕੁੱਲ ਗਿਣਤੀ ਵਧ ਕੇ 3,12,16,337 ਹੋ ਗਈ ਹੈ। ਮੰਤਰਾਲੇ ਨੇ ਕਿਹਾ ਕਿ ਮਹਾਰਾਸ਼ਟਰ ਵੱਲੋਂ ਕੋਵਿਡ ਡੇਟਾ ਦਾ ਮੁਲਾਂਕਣ ਕੀਤੇ ਜਾਣ ਕਾਰਨ ਸੂਬੇ ’ਚ ਸਰਗਰਮ ਕੇਸਾਂ ਦੀ ਗਿਣਤੀ 2,479 ਜਦਕਿ ਮੌਤਾਂ ਦੀ ਗਿਣਤੀ 3,509 ਵਧੀ ਹੈ।
ਅੰਕੜਿਆਂ ਮੁਤਾਬਕ ਦੇਸ਼ ’ਚ ਸਰਗਰਮ ਕੇਸਾਂ ਦੀ ਗਿਣਤੀ ਵਧ ਕੇ 4,07,170 (ਕੁੱਲ ਕੇਸਾਂ ਦਾ 1.30 ਫ਼ੀਸਦੀ) ਹੋ ਗਈ ਹੈ ਜਦਕਿ ਸਿਹਤਯਾਬੀ ਦਰ 97.36 ਦਰਜ ਕੀਤੀ ਗਈ ਹੈ। ਹੁਣ ਤੱਕ 3,03,90,687 ਲੋਕ ਇਸ ਲਾਗ ਤੋਂ ਉੱਭਰ ਚੁੱਕੇ ਹਨ। ਇਸੇ ਦੌਰਾਨ ਦੇਸ਼ ’ਚ ਕਰੋਨਾ ਮੌਤ ਦਰ ਵਧ ਕੇ 1.34 ਫ਼ੀਸਦੀ ਹੋ ਗਈ ਹੈ। ਦੇਸ਼ ’ਚ ਹੋਈਆਂ 3,998 ਸੱਜਰੀਆਂ ਮੌਤਾਂ ਵਿੱਚੋਂ 3,656 ਮਹਾਰਾਸ਼ਟਰ ’ਚ ਜਦਕਿ 104 ਕੇਰਲਾ ’ਚ ਦਰਜ ਹੋਈਆਂ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly