ਮੱਕੀ ਦੀ ਰੋਟੀ ਸਰ੍ਹੋਂ ਦਾ ਸਾਗ

(ਸਮਾਜ ਵੀਕਲੀ)

ਪਤਨੀ:-
ਮੇਰੀ ਬੇਨਤੀ ਹੈ ਹੱਥ ਤੈਨੂੰ ਜੋੜਕੇ।
ਤੰਗ ਕਰ ਨਾ ਵੇ ਬੀਣੀ ਨੂੰ ਮਰੋੜਕੇ।
ਸਾਗ ਗੰਦਲਾਂ ਦਾ ਲਿਆ  ਖੇਤੋਂ ਤੋੜਕੇ।
ਮੇਥੀ ਪਾਲਕ ਤੇ ਬਾਥੂ ਵੀ ਲਿਆਈਂ ਢੋਲਣਾ।
ਰੋਟੀ ਬੈਠਕੇ ਤੂੰ ਮੇਰੇ ਕੋਲ਼ ਖਾਈਂ ਢੋਲਣਾ।
ਪਤੀ:-
ਬੇਬੇ ਕੁੱਟਦੀ ਮਸਾਲਾ ਤੈਨੂੰ ਤੱਕਦੀ।
ਲੱਗੇ ਖਿਚੜੀ ਗੁਆਂਢੀਆਂ ਦੇ ਪੱਕਦੀ।
ਤੇਰੇ ਉੱਤੇ ਸੂਈ ਟਿੱਕੀ ਹੋਈ ਸ਼ੱਕ ਦੀ।
ਸਾਗ ਚੁੱਲ੍ਹੇ ਬਿਨ ਗੈਸ ਉੱਤੇ ਨੀਂ ਬਣਾਈ ਦਾ।
ਬੀ ਪੀ ਹੋ ਨਾ ਜਾਵੇ ਵੇਖੀਂ ਕੀਤੇ ਹਾਈ ਮਾਈ ਦਾ।
ਪਤਨੀ:-
ਮੈਨੂੰ ਬਿਜਲੀ ਗਰੇਂਡਰ ਲਿਆਦੇ ਵੇ।
ਕਦੇ ਸਿਰੇ ਨਹੀਂ ਚੜ੍ਹੇ ਤੇਰੇ ਵਾਦੇ ਵੇ।
ਚੁੱਕ ਨਿੰਮ ਦਾ ਤੂੰ ਘੋਟਣਾ ਫੜਾਦੇ ਵੇ।
ਆਜਾ ਛੇਤੀ ਘਰ ਸਮਾਂ ਨਾ ਗਵਾਈਂ  ਢੋਲਣਾ।
ਰੋਟੀ ਬੈਠਕੇ ਤੂੰ ਮੇਰੇ ਕੋਲ਼ ਖਾਈਂ ਢੋਲਣਾ।
ਪਤੀ:-
ਰੋਟੀ ਮੱਕੀ ਦੇ ਤੇ ਸਾਗ ਲਾਜਵਾਬ ਨੀ।
ਲੂਣ ਮਿਰਚਾਂ ਦਾ ਤੈਨੂੰ ਏਂ ਹਿਸਾਬ ਨੀ।
ਖੱਟੀ ਲੱਸੀ ਦਾ ਵੀ ਕੋਈ ਨਾ ਜਵਾਬ ਨੀ।
ਸਿੱਖ ਬੇਬੇ ਕੋਲ਼ੋਂ ਕਿਵੇਂ ਘੋਟਣਾ ਘੁਮਾਈ ਦਾ।
ਬੀ ਪੀ ਹੋ ਨਾ ਜਾਵੇ ਵੇਖੀਂ ਕੀਤੇ ਹਾਈ ਮਾਈ ਦਾ।
ਪਤਨੀ:-
ਹੱਥ ਜੋੜ ਕੇ ਵੇ ਸੱਸ ਨੂੰ ਮਨਾਵਾਂਗੀ।
ਜਾਵੇ ਰੁੱਸ ਨਾ ਮੈਂ ਪੈਰੀ ਹੱਥ ਲਾਵਾਂਗੀ।
ਫੇਰ ਵੀਡਿਓ ਦੋਵਾਂ ਦੀ ਹੀ ਬਣਾਵਾਂਗੀ।
ਤੂੰ ਵੀ ਬਾਪੂ ਜੀ ਨੂੰ ਰੱਜਕੇ ਹਸਾਈਂ ਢੋਲਣਾ।
ਰੋਟੀ ਬੈਠਕੇ ਤੂੰ ਮੇਰੇ ਕੋਲ਼ ਖਾਈਂ ਢੋਲਣਾ।
ਪਤੀ:-
ਮਾਪੇ ਸਿਰਾਂ ਉੱਤੇ ਰੁੱਖਾਂ ਦੀਆਂ ਛਾਵਾਂ ਨੀ।
ਕੂੜੇ ਰੱਬ ਤੋਂ ਵੀ ਉੱਤੇ ਹੋਣ ਮਾਵਾਂ ਨੀ।
ਦਿਲ ਅਪਣੇ ਦੀ ਗੱਲ ਮੈਂ ਸੁਣਾਵਾਂ ਨੀ।
ਧੰਨਾ ਪਾਲ਼ਿਆ ਹੋਇਆ  ਭਾਵੇਂ ਉਂਝ ਤਾਈ ਦਾ।
ਬੀ ਪੀ ਹੋ ਨਾ ਜਾਵੇ ਵੇਖੀਂ ਕੀਤੇ ਹਾਈ ਮਾਈ ਦਾ।
ਧੰਨਾ ਧਾਲੀਵਾਲ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਸ਼ੁਭ ਸਵੇਰ ਦੋਸਤੋ,
Next articleਆਵਾਜ਼ ਪ੍ਰਦੂਸ਼ਣ ਕਾਨੂੰਨ ਦਾ ਪੰਜਾਬ ਰਾਜ ਵਿਚ ਪ੍ਰਦੂਸ਼ਣ-