ਹਾਈਕਮਾਨ ਦੇ ਦਖ਼ਲ ਪਿੱਛੋਂ ਸਿੱਧੂ ਤੇ ਚੰਨੀ ਵਿੱਚ ਤਾਲਮੇਲ

ਚੰਡੀਗੜ੍ਹ, (ਸਮਾਜ ਵੀਕਲੀ): ਕਾਂਗਰਸ ਹਾਈਕਮਾਨ ਦੇ ਆਦੇਸ਼ਾਂ ’ਤੇ ਅੱਜ ਦੇਰ ਰਾਤ ਇੱਥੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਦਰਮਿਆਨ ਤਾਲਮੇਲ ਮੀਟਿੰਗ ਹੋਈ ਜਿਸ ’ਚ ਕੇਂਦਰੀ ਅਬਜ਼ਰਵਰ ਹਰੀਸ਼ ਚੌਧਰੀ ਅਤੇ ਕੈਬਨਿਟ ਮੰਤਰੀ ਪਰਗਟ ਸਿੰਘ ਮੌਜੂਦ ਰਹੇ। ਨਵਜੋਤ ਸਿੱਧੂ ਦੇ ਅਸਤੀਫ਼ੇ ਨੂੰ ਲੈ ਕੇ ਪਿਆ ਰੇੜਕਾ ਮੁਕਾਉਣ ਲਈ ਹਾਈਕਮਾਨ ਨੇ ਦੋਵਾਂ ਆਗੂਆਂ ਦੀ ਆਹਮੋ-ਸਾਹਮਣੀ ਮੀਟਿੰਗ ਕਰਵਾਈ ਹੈ। ਨਵਜੋਤ ਸਿੱਧੂ ਦੇ ਅਸਤੀਫ਼ੇ ਮਗਰੋਂ ਚੰਨੀ ਤੇ ਸਿੱਧੂ ਵਿਚਕਾਰ ਹੋਈ ਇਹ ਦੂਜੀ ਮੀਟਿੰਗ ਹੈ।

ਕੇਂਦਰੀ ਅਬਜਰਵਰ ਹਰੀਸ਼ ਚੌਧਰੀ ਵੱਲੋਂ ਦੋਵਾਂ ਆਗੂਆਂ ਦਰਮਿਆਨ ਸੁਰ-ਤਾਲ ਮਿਲਾਉਣ ਲਈ ਯਤਨ ਕੀਤੇ ਗਏ। ਦੇਰ ਸ਼ਾਮ ਤੱਕ ਇਸ ਮੀਟਿੰਗ ਦੀ ਕੋਈ ਗੱਲ ਬਾਹਰ ਨਹੀਂ ਆ ਸਕੀ ਸੀ। ਇਸ ਤੋਂ ਪਹਿਲਾਂ ਅੱਜ ਸਵੇਰੇ ਨਵਜੋਤ ਸਿੰਘ ਸਿੱਧੂ ਨੇ 13 ਨੁਕਾਤੀ ਏਜੰਡੇ ਦੀ ਚਿੱਠੀ ਜਨਤਕ ਕਰਕੇ ਸਪੱਸ਼ਟ ਇਸ਼ਾਰਾ  ਕਰ ਦਿੱਤਾ ਸੀ ਕਿ ਉਹ ਮੁੱਦਿਆਂ ਦੇ ਨਜਿੱਠੇ ਜਾਣ ਮਗਰੋਂ ਹੀ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਸੰਭਾਲਣਗੇ। ਨਵਜੋਤ ਸਿੱਧੂ ਨੇ ਇਹ ਚਿੱਠੀ ਦਿੱਲੀ ਫੇਰੀ ਸਮੇਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਹਵਾਲੇ ਕੀਤੀ ਸੀ, ਜਿਸ ਨੂੰ ਟਵੀਟ ਕਰਕੇ ਸਿੱਧੂ ਨੇ ਅੱਜ ਜਨਤਕ ਕਰ ਦਿੱਤਾ। ਸਿੱਧੂ ਦੇ ਇਸ ਪੈਂਤੜੇ ਤੋਂ ਸਾਫ਼ ਹੈ ਕਿ ਪੰਜਾਬ ਕਾਂਗਰਸ ਦਾ ਅੰਦਰੂਨੀ ਕਲੇਸ਼ ਛੇਤੀ ਮੁੱਕਣ ਵਾਲਾ ਨਹੀਂ ਹੈ।

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸ਼ਨਿਚਰਵਾਰ ਨੂੰ ਹੀ ਕਿਹਾ ਹੈ ਕਿ ਕੋਈ ਵੀ ਕਾਂਗਰਸੀ ਆਗੂ ਉਨ੍ਹਾਂ ਨਾਲ ਸਿੱਧੀ ਗੱਲ ਕਰ ਸਕਦਾ ਹੈ। ਸਿੱਧੂ ਨੇ ਚਿੱਠੀ ਜਨਤਕ ਕਰਕੇ ਸੋਨੀਆ ਗਾਂਧੀ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਸਰਕਾਰ ਤੋਂ ਇਨ੍ਹਾਂ ਮੁੱਦਿਆਂ ਦਾ ਹੱਲ ਕਰਾਇਆ ਜਾਵੇ। ਸਿੱਧੂ ਜਿਵੇਂ ਪਹਿਲਾਂ ਕੈਪਟਨ ਸਰਕਾਰ ਨੂੰ ਘੇਰਦੇ ਰਹੇ ਹਨ, ਉਸੇ ਤਰ੍ਹਾਂ ਚੰਨੀ ਸਰਕਾਰ ਖ਼ਿਲਾਫ਼ ਵੀ ਕੁੱਦ ਪਏ ਹਨ। ਦੋਵਾਂ ਆਗੂਆਂ ’ਚ ਦੂਰੀਆਂ ਘਟਾਉਣ ਲਈ ਅੱਜ ਤਾਲਮੇਲ ਮੀਟਿੰਗ ਕਰਾਈ ਗਈ ਹੈ। ਦਸਹਿਰੇ ਵਾਲੀ ਰਾਤ ਨਵਜੋਤ ਸਿੱਧੂ ਨੇ ਰਾਹੁਲ ਗਾਂਧੀ ਨਾਲ ਮੀਟਿੰਗ ਮਗਰੋਂ ਕਿਹਾ ਸੀ ਕਿ ਉਨ੍ਹਾਂ ਨੇ ਆਪਣੇ ਸਰੋਕਾਰ ਰਾਹੁਲ ਗਾਂਧੀ ਕੋਲ ਰੱਖ ਦਿੱਤੇ ਹਨ, ਜੋ ਕਿ ਸੁਲਝ ਗਏ ਹਨ। ਸਿੱਧੂ ਨੇ ਚਿੱਠੀ ਵਿੱਚ 13 ਨੁਕਾਤੀ ਏਜੰਡਿਆਂ ਦੀ ਤਫ਼ਸੀਲ ਦਿੰਦਿਆਂ ਸੋਨੀਆ ਗਾਂਧੀ ਨੂੰ ਸੁਝਾਅ ਦਿੱਤਾ ਹੈ ਕਿ ਪੰਜਾਬ ਵਿੱਚ ਮੁੜ ਸੱਤਾ ਵਿੱਚ ਆਉਣ ਦਾ ਇਹ ਆਖਰੀ ਮੌਕਾ ਹੈ।

ਨਵਜੋਤ ਸਿੱਧੂ ਨੇ ਇਸ ਚਿੱਠੀ ਜ਼ਰੀਏ ਦੱਸ ਦਿੱਤਾ ਕਿ ਮੁੱਦਿਆ ’ਤੇ ਉਹ ਕੋਈ ਸਮਝੌਤਾ ਨਹੀਂ ਕਰਨਗੇ।ਦੂਜੇ ਪਾਸੇ ਦੇਖਣਾ ਹੋਵੇਗਾ ਕਿ ਹੁਣ ਹਾਈਕਮਾਨ ਕੀ ਪੈਂਤੜਾ ਲੈਂਦੀ ਹੈ। ਪੰਜਾਬ ਵਿਧਾਨ ਸਭਾ ਚੋੋਣਾਂ ਵਿੱਚ ਵਕਤ ਘਟਦਾ ਜਾ ਰਿਹਾ ਹੈ ਅਤੇ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਕੰਮ ਵੀ ਲਟਕਿਆ ਪਿਆ ਹੈ ਜਿਸ ਕਰਕੇ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਦਾ ਪ੍ਰਚਾਰ ਕਰਨ ਲਈ ਪਾਰਟੀ ਢਾਂਚੇ ਦੀ ਅਣਹੋਂਦ ਬਣੀ ਹੋਈ ਹੈ। ਚੇਤੇ ਰਹੇ ਕਿ ਨਵਜੋਤ ਸਿੱਧੂ ਨੇ ਡੀਜੀਪੀ ਪੰਜਾਬ ਅਤੇ ਐਡਵੋਕੇਟ ਜਨਰਲ ਨੂੰ ਤਬਦੀਲ ਕਰਨ ਦੀ ਮੰਗ ਰੱਖੀ ਸੀ ਅਤੇ ਇਸੇ ਆਧਾਰ ’ਤੇ ਉਨ੍ਹਾਂ ਨੇ 28 ਸਤੰਬਰ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।

 

ਰਾਤ ਦੇ ਭੋਜਨ ’ਤੇ ਦੋਵੇਂ ਆਗੂਆਂ ਨੇ ਕੀਤੀ ਵਿਚਾਰ ਚਰਚਾ

ਸੂਤਰਾਂ ਮੁਤਾਬਕ ਅੱਜ ਦੀ ਮੀਟਿੰਗ ਰਾਤ ਕਰੀਬ 8.30 ਵਜੇ ਇੱਥੋਂ ਦੇ ਰਾਜ ਭਵਨ ਦੇ ਗੈਸਟ ਹਾਊਸ ’ਚ ਸ਼ੁਰੂ ਹੋਈ, ਜੋ ਦੇਰ ਰਾਤ ਤੱਕ ਚੱਲੀ। ਇਸੇ ਦੌਰਾਨ ਮੁੱਖ ਮੰਤਰੀ ਚੰਨੀ ਅਤੇ ਨਵਜੋਤ ਸਿੱਧੂ ਨੇ ਇਕੱਠੇ ਹੀ ਖਾਣਾ ਖਾਧਾ। ਦੱਸਿਆ ਜਾ ਰਿਹਾ ਹੈ ਕਿ ਮੀਟਿੰਗ ਵਿਚ 13 ਨੁਕਾਤੀ ਏਜੰਡੇ ’ਤੇ ਚਰਚਾ ਹੋਈ ਅਤੇ ਖਾਸ ਕਰਕੇ ਡੀਜੀਪੀ ਅਤੇ ਐਡਵੋਕੇਟ ਜਨਰਲ ਦੇ ਤਬਾਦਲੇ ਨੂੰ ਲੈ ਕੇ ਸਿੱਧੂ ਨੇ ਆਪਣੇ ਤਰਕ ਰੱਖੇ ਹਨ। ਇਸ ਮੀਟਿੰਗ ਨਾਲ ਚੰਨੀ ਤੇ ਸਿੱਧੂ ਦਰਮਿਆਨ ਪੈ ਰਹੀ ਦਰਾੜ ਘਟਣ ਦੇ ਆਸਾਰ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੁਲਗਾਮ ’ਚ ਅਤਿਵਾਦੀਆਂ ਵੱਲੋਂ ਦੋ ਹੋਰ ਗ਼ੈਰ-ਕਸ਼ਮੀਰੀ ਮਜ਼ਦੂਰਾਂ ਦੀ ਹੱਤਿਆ
Next articleਅਣਖ ਖ਼ਾਤਰ ਪ੍ਰੇਮੀ ਜੋੜੇ ਦੀ ਹੱਤਿਆ