ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ ਦਾ 57ਵਾਂ ਪਿੜਾਈ ਸੀਜ਼ਨ ਹੋਇਆ ਸ਼ੁਰੂ 30 ਕਰਮਚਾਰੀਆਂ ਨੂੰ ਪੱਕੇ ਤੇ ਪੱਦਉੱਨਤ ਕਰਨ ਦੇ ਨਿਯੁਕਤੀ ਪੱਤਰ ਸੌਂਪੇ ਗਏ

ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ ਨੇ ਆਪਣਾ 57ਵਾਂ ਪਿੜਾਈ ਸੀਜ਼ਨ 2024-25 ਅੱਜ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਸ਼ੁਰੂ ਕਰ ਲਿਆ ਗਿਆ। ਪਿੜਾਈ ਸੀਜ਼ਨ ਦੇ ਆਰੰਭਤਾ ਸਮਾਰੋਹ ਵਿਚ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਜੈ ਕਿਸ਼ਨ ਸਿੰਘ ਰੌੜੀ, ਹਲਕਾ ਇੰਚਾਰਜ ਨਵਾਂਸ਼ਹਿਰ ਲਲਿਤ ਮੋਹਨ ਪਾਠਕ ਅਤੇ ਹਲਕਾ ਇੰਚਾਰਜ ਬੰਗਾ ਕੁਲਜੀਤ ਸਿੰਘ ਸਰਹਾਲ ਮੁੱਖ ਮਹਿਮਾਨਾਂ ਵਜੋਂ ਸ਼ਾਮਲ ਹੋਏ ਅਤੇ ਮਿੱਲ ਦੇ ਪਿੜਾਈ ਸੀਜਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਐਮ.ਐਲ.ਏ ਬਲਾਚੌਰ ਸੰਤੋਸ਼ ਕਟਾਰੀਆਂ ਜ਼ਰੂਰੀ ਰੁਝੇਵਿਆਂ ਕਾਰਨ ਸਮਾਗਮ ਵਿਚ ਹਾਜ਼ਰ ਨਹੀ ਹੋ ਸਕੇ, ਉਨ੍ਹਾ ਵੱਲੋਂ ਟੈਲੀਫੋਨ ਸੰਦੇਸ਼ ਰਾਂਹੀ ਮਿੱਲ਼ ਦਾ ਪਿੜਾਈ ਸ਼ੁਰੂ ਹੋਣ ਸਬੰਧੀ ਵਧਾਈ ਦਿੱਤੀ ਗਈ। ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਮਿੱਲ਼ ਦੀ ਰਿਪੇਅਰ/ਮੇਂਟੀਨੈਸ ਦਾ ਕੰਮ ਸੁਚੱਜੇ ਤਰੀਕੇ ਨਾਲ ਮੁਕੰਮਲ ਕਰਨ ਲਈ ਮਿੱਲ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਪ੍ਰਸੰਸਾ ਕੀਤੀ ਅਤੇ ਦੱਸਿਆ ਕਿ ਇਸ ਸੀਜ਼ਨ ਵਿਚ ਪੰਜਾਬ ਰਾਜ ਦੀਆਂ ਸਹਿਕਾਰੀ ਖੰਡ ਮਿੱਲ ਵਿਚੋਂ ਨਵਾਂਸ਼ਹਿਰ ਖੰਡ ਮਿੱਲ ਨੇ ਸਭ ਤੋਂ ਪਹਿਲਾਂ ਪਿੜਾਈ ਸੀਜ਼ਨ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਗੰਨੇ ਦੇ ਸਾਰੇ ਪਿਛਲੇ ਬਕਾਏ ਗੰਨਾ ਕਾਸ਼ਤਕਾਰਾਂ ਨੂੰ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਸਰਕਾਰ ਵੱਲੋਂ ਗੰਨੇ ਦੇ ਪ੍ਰਤੀ ਕੁਇੰਟਲ ਰੇਟ ਵਿਚ 10 ਰੁਪਏ ਦਾ ਵਾਧਾ ਕੀਤਾ ਗਿਆ ਹੈ, ਜਿਸ ਨਾਲ ਗੰਨੇ ਦੀ ਫ਼ਸਲ ਹੇਠ ਰਕਬਾ ਹੋਰ ਵੀ ਵਧੇਗਾ। ਇਸ ਮੌਕੇ ਮਿੱਲ ਵਿਚ ਪਿਛਲੇ ਲੰਬੇ ਸਮੇਂ ਤੋਂ ਕੰਮ ਕਰ ਰਹੇ 21 ਕਰਮਚਾਰੀਆਂ ਨੂੰ ਪੰਜਾਬ ਸਰਕਾਰ ਵੱਲੋਂ ‘ਸਕਿਊਰਿਟੀ ਆਫ ਟਨਿਓਰ’ ਸਕੀਮ ਤਹਿਤ ਨਿਯੁਕਤੀ ਪੱਤਰ ਦਿੱਤੇ ਗਏ ਅਤੇ 9 ਕਰਮਚਾਰੀਆਂ ਨੂੰ ਪੱਦਉੱਨਤੀ ਪੱਤਰ ਤਕਸੀਮ ਕੀਤੇ ਗਏ। ਇਸ ਉਪਰੰਤ ਮਿੱਲ ਦੇ ਕੰਡੇ ‘ਤੇ ਗੰਨੇ ਲੈ ਕੇ ਆਏ ਪੰਜ ਜ਼ਿਮੀਂਦਾਰਾਂ ਨੂੰ ਹਾਰ ਅਤੇ ਲੋਈ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਜ਼ਿਮੀਂਦਾਰਾਂ ਨੂੰ ਅਪੀਲ ਕੀਤੀ ਕਿ ਇਹ ਗੰਨਾ ਮਿੱਲ ਉਨ੍ਹਾ ਦੇ ਇਲਾਕੇ ਦਾ ਸਾਂਝਾ ਅਦਾਰਾ ਹੈ, ਜਿਸ ਦੀ ਤਰੱਕੀ ਲਈ ਉਹ ਛਿੱਲਿਆ ਹੋਇਆ ਤਾਜ਼ਾ ਅਤੇ ਸਾਫ-ਸੁਥਰਾ ਗੰਨਾ 24 ਘੰਟੇ ਵਿਚ ਮਿੱਲ ਵਿਚ ਲਿਆਉਣ, ਤਾਂ ਜੋ ਗੰਨੇ ਤੋਂ ਪੂਰੀ ਰਿਕਵਰੀ ਹਾਸਲ ਹੋ ਸਕੇ। ਉਨ੍ਹਾ ਇਹ ਵੀ ਕਿਹਾ ਕਿ ਸੀਜ਼ਨ ਦੌਰਾਨ ਜ਼ਿਮੀਂਦਾਰ ਭਰਾਵਾਂ ਦੀ ਹਰ ਸੁੱਖ-ਸੁਵਿਧਾ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ। ਇਸ ਤੋਂ ਪਹਿਲਾਂ ਸਮਾਗਮ ਵਿਚ ਪਹੁੰਚੇ ਵਿਸ਼ੇਸ਼ ਮਹਿਮਾਨਾਂ, ਪਤਵੰਤੇ ਸੱਜਣਾਂ ਅਤੇ ਜ਼ਿਮੀਂਦਾਰ ਭਰਾਵਾਂ ਨੂੰ ਮਿੱਲ ਦੇ ਜਨਰਲ ਮੈਨੇਜਰ ਰਜਿੰਦਰ ਪ੍ਰਤਾਪ ਸਿੰਘ ਵੱਲੋਂ ‘ਜੀ ਆਇਆ’ ਆਖਿਆ ਗਿਆ। ਉਨ੍ਹਾ ਦੱਸਿਆ ਕਿ ਇਸ ਸੀਜ਼ਨ ਦੌਰਾਨ ਮਿੱਲ ਵੱਲੋਂ 35 ਲੱਖ ਕੁਇੰਟਲ ਗੰਨੇ ਦਾ ਬੌਂਡ ਕੀਤਾ ਗਿਆ ਹੈ ਅਤੇ ਮਿੱਲ ਇਲਾਕੇ ਦਾ ਸਾਰਾ ਬੌਂਡ ਕੀਤਾ ਗਿਆ ਗੰਨਾ ਪੀੜਨ ਲਈ ਪੂਰੀ ਤਰ੍ਹਾ ਨਾਲ ਸਮਰੱਥ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਤਹਿਤ ਕੰਮਾਂ ਨੂੰ ਸਮਾਂਬੱਧ ਢੰਗ ਨਾਲ ਮੁਕੰਮਲ ਕੀਤਾ ਜਾਵੇ – ਅਵਨੀਤ ਕੌਰ
Next articleਪੇਂਡੂ ਮਜਦੂਰ ਯੂਨੀਅਨ ਵਲੋਂ ਮਜਦੂਰ ਮੰਗਾਂ ਨੂੰ ਲੈ ਕੇ ਤਿੱਖੇ ਸੰਘਰਸ਼ਾਂ ਦਾ ਐਲਾਨ