ਨਵਾਂਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਜਮਹੂਰੀ ਅਧਿਕਾਰ ਸਭਾ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਜਪਾਨ ਦੇ ਸ਼ਹਿਰਾਂ ਹੀਰੋਸ਼ੀਮਾ ਅਤੇ ਨਾਗਾਸਾਕੀ ਵਿਚ ਪ੍ਰਮਾਣੂ ਬੰਬਾਂ ਨਾਲ ਮਾਰੇ ਗਏ ਲੱਖਾਂ ਲੋਕਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਜੰਗਾਂ ਦੇ ਵਿਰੋਧ ਵਿਚ ਕਨਵੈਨਸ਼ਨ ਅਤੇ ਮੁਜਾਹਰਾ ਕੀਤਾ ਗਿਆ। ਸੱਭ ਤੋਂ ਪਹਿਲਾਂ ਪ੍ਰਮਾਣੂ ਬੰਬਾਂ ਨਾਲ ਮਾਰੇ ਗਏ ਮ੍ਰਿਤਕਾਂ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਸਥਾਨਕ ਬੱਸ ਅੱਡਾ ਵਿਖੇ ਕੀਤੀ ਗਈ, ਇਸ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਆਰ ਐਮ ਪੀ ਆਈ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ, ਦਲਜੀਤ ਸਿੰਘ ਐਡਵੋਕੇਟ, ਬੂਟਾ ਸਿੰਘ ਮਹਿਮੂਦ ਪੁਰ ਅਤੇ ਸਭਾ ਦੇ ਜਿਲ੍ਹਾ ਸਕੱਤਰ ਜਸਬੀਰ ਦੀਪ ਨੇ ਕਿਹਾ ਕਿ ਅਮਰੀਕਾ ਵਲੋਂ 6 ਅਗਸਤ 1945 ਨੂੰ ਜਪਾਨੀ ਸ਼ਹਿਰ ਹੀਰੋਸ਼ੀਮਾ ਅਤੇ 9 ਅਗਸਤ ਨੂੰ ਨਾਗਾਸਾਕੀ ਉੱਤੇ ਪ੍ਰਮਾਣੂ ਬੰਬ ਸੁੱਟਕੇ ਭਿਆਨਕ ਤਬਾਹੀ ਮਚਾਈ ਗਈ ਸੀ, ਜਿਹਨਾਂ ਵਿਚ 1,99,000 ਲੋਕ ਮਾਰੇ ਗਏ ਸਨ ਅਤੇ ਲੱਖਾਂ ਲੋਕ ਜਖਮੀ ਹੋਏ ਸਨ। ਇਹ ਇਤਿਹਾਸ ਵਿਚ ਅਮਰੀਕਨ ਸਾਮਰਾਜ ਵਲੋਂ ਕੀਤੀ ਗਈ ਸੱਭ ਤੋਂ ਵੱਡੀ ਅਤੇ ਭਿਆਨਕ ਤਬਾਹੀ ਹੈ। ਉਹਨਾਂ ਕਿਹਾ ਕਿ ਮੌਜੂਦਾ ਸਮੇਂ ਵਿਚ ਕਈ ਦੇਸ਼ਾਂ ਕੋਲ ਵੱਡੀ ਗਿਣਤੀ ਵਿਚ ਪ੍ਰਮਾਣੂ ਹਥਿਆਰ ਮੌਜੂਦ ਹਨ, ਜੋ ਸਰਬਨਾਸ਼ ਕਰ ਸਕਦੇ ਹਨ। ਤਾਜਾ ਹਾਲਾਤਾਂ ਤੋਂ ਪਤਾ ਲੱਗਦਾ ਹੈ, ਕਿ ਦੁਨੀਆਂ ਤੀਸਰੇ ਸੰਸਾਰ ਯੁੱਧ ਦੀਆਂ ਬਰੂਹਾਂ ਉੱਤੇ ਖੜੀ ਹੈ।ਇਸਰਾਇਲ ਫਲਸਤੀਨੀਆਂ ਨੂੰ ਬੰਬਾਂ ਅਤੇ ਮਿਜ਼ਾਇਲਾਂ ਦਾ ਖਾਜਾ ਬਣਾ ਰਿਹਾ ਹੈ। ਜਿਸਦੀ ਪਿੱਠ ਉੱਤੇ ਅਮਰੀਕਨ ਸਾਮਰਾਜ ਦੀ ਅਗਵਾਈ ਵਾਲਾ ਸਾਮਰਾਜਵਾਦੀਆਂ ਦਾ ਫੌਜੀ ਗੱਠਜੋੜ ਨਾਟੋ ਖੜਾ ਹੈ। ਇਸਰਾਇਲ ਆਮ ਫਲਸਤੀਨੀਆਂ ਦੇ ਕਤਲ ਕਰ ਰਿਹਾ ਹੈ, ਸਕੂਲਾਂ, ਹਸਪਤਾਲਾਂ, ਸ਼ਰਨਾਰਥੀ ਕੈਂਪਾਂ ਅਤੇ ਘਰਾਂ ਨੂੰ ਤਬਾਹ ਕਰ ਰਿਹਾ ਹੈ।ਸੰਯੁਕਤ ਰਾਸ਼ਟਰ ਮਹਾ ਸਭਾ ਵਿਚ ਫਲਸਤੀਨੀਆਂ ਦੇ ਦਰਦ ਨੂੰ ਦੂਰ ਕਰਨ ਦੀ ਸਮਰੱਥਾ ਨਜਰ ਨਹੀਂ ਆਉਂਦੀ। ਦੂਜੇ ਪਾਸੇ ਰੂਸ-ਯੂਕਰੇਨ ਜੰਗ ਅਣਗਿਣਤ ਲੋਕਾਂ ਦੀਆਂ ਜਾਨਾਂ ਲੈ ਚੁੱਕਾ ਹੈ। ਇਹਨਾਂ ਯੁੱਧਾਂ ਦਾ ਸਾਰੇ ਸੰਸਾਰ ਉੱਤੇ ਖਾਸਕਰ ਮਿਹਨਤਕਸ਼ ਜਨਤਾ ਉੱਤੇ ਬਹੁਤ ਹੀ ਦੁਰ-ਪ੍ਰਭਾਵ ਪੈ ਰਿਹਾ ਹੈ। ਲੋਕ ਮਰ ਰਹੇ ਹਨ ਅਤੇ ਸਾਮਰਾਜੀ ਤਾਕਤਾਂ ਆਪਣੇ ਹਥਿਆਰ ਵੇਚਕੇ ਮੁਨਾਫ਼ਾ ਕਮਾ ਰਹੀਆਂ ਹਨ। ਸਾਨੂੰ ਇਹਨਾਂ ਜੰਗਾਂ ਵਿਰੁੱਧ ਆਵਾਜ਼ ਚੁੱਕਣੀ ਚਾਹੀਦੀ ਹੈ। ‘ਸਾਮਰਾਜਵਾਦ ਅਤੇ ਜੰਗਾਂ’ ਵਿਸ਼ੇ ਉੱਤੇ ਕੀਤੀ ਗਈ ਇਸ ਕਨਵੈਨਸ਼ਨ ਦੀ ਪ੍ਰਧਾਨਗੀ ਸਭਾ ਦੇ ਜਿਲ੍ਹਾ ਪ੍ਰਧਾਨ ਅਸ਼ੋਕ ਕੁਮਾਰ, ਗੁਰਬਖਸ਼ ਕੌਰ ਸੰਘਾ, ਦਲਜੀਤ ਸਿੰਘ ਐਡਵੋਕੇਟ, ਪ੍ਰਿੰਸੀਪਲ ਇਕਬਾਲ ਸਿੰਘ ਅਤੇ ਸੁਰਿੰਦਰ ਸਿੰਘ ਬੈਂਸ ਨੇ ਕੀਤੀ। ਇਸ ਮੌਕੇ ਸਭਾ ਦੇ ਜਿਲ੍ਹਾ ਮੀਤ ਪ੍ਰਧਾਨ ਗੁਰਨੇਕ ਸਿੰਘ, ਨਰਿੰਦਰ ਸਿੰਘ ਉੜਾਪੜ, ਗੁਰਦਿਆਲ ਸਿੰਘ ਮਹਿੰਦੀਪੁਰ, ਪ੍ਰਵੀਨ ਕੁਮਾਰ ਨਿਰਾਲਾ, ਹਰੇ ਰਾਮ, ਹਰਪਾਲ ਸਿੰਘ ਜਗਤਪੁਰ, ਭੁਪਿੰਦਰ ਸਿੰਘ ਵੜੈਚ, ਜਸਵੰਤ ਖੱਟਕੜ, ਕਸ਼ਮੀਰੀ ਲਾਲ, ਸਰਬਜੀਤ ਮੰਗੂਵਾਲ, ਰੁਪਿੰਦਰ ਕੌਰ ਦੁਰਗਾ ਪੁਰ, ਜੈਸਮੀਨ ਨਵਾਂਂਸਹਿਰ, ਨਰਿੰਦਰਜੀਤ ਕੌਰ ਖੱਟਕੜ ਤੇ ਰਣਜੀਤ ਕੌਰ ਮਹਿਮੂਦ ਪੁਰ ਆਦਿ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly