ਮੁੱਖ ਮੰਤਰੀ ਵੱਲੋਂ ਰਾਜਪਾਲ ਦੇ ਨਾਂ ਲਿਖੇ ਦੋ ਪੱਤਰਾਂ ਤੋਂ ਵਿਵਾਦ

ਚੰਡੀਗੜ੍ਹ (ਸਮਾਜ ਵੀਕਲੀ) : ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦਰਮਿਆਨ ਛਿੜੀ ਠੰਢੀ ਜੰਗ ਹੁਣ ਸਿਆਸੀ ਟਕਰਾਅ ’ਚ ਬਦਲਣ ਲੱਗੀ ਹੈ। ਪੰਜਾਬ ਖੇਤੀ ’ਵਰਸਿਟੀ ਦੇ ਉਪ ਕੁਲਪਤੀ ਦੀ ਨਿਯੁਕਤੀ ਦੇ ਮਾਮਲੇ ’ਚ ਮੁੱਖ ਮੰਤਰੀ ਤੇ ਰਾਜਪਾਲ ਹੁਣ ਆਹਮੋ ਸਾਹਮਣੇ ਹੋ ਗਏ ਹਨ। ਭਗਵੰਤ ਮਾਨ ਨੇ ਅੱਜ ਟਵਿੱਟਰ ’ਤੇ ਉੱਪ ਕੁਲਪਤੀ ਦੀ ਨਿਯੁਕਤੀ ਦੇ ਮਾਮਲੇ ’ਤੇ ਰਾਜਪਾਲ ਦੇ ਨਾਂ ਪੰਜਾਬੀ ’ਚ ਲਿਖਿਆ ਪੱਤਰ ਨਸ਼ਰ ਕੀਤਾ ਹੈ ਜਿਸ ’ਚ ਮੁੱਖ ਮੰਤਰੀ ਨੇ ਰਾਜਪਾਲ ਨੂੰ ਤਿੱਖੀ ਭਾਸ਼ਾ ’ਚ ਜੁਆਬ ਦਿੱਤਾ ਗਿਆ ਹੈ। ਦੂਜੇ ਪਾਸੇ ਮੁੱਖ ਮੰਤਰੀ ਦਾ ਜੋ ਅੰਗਰੇਜ਼ੀ ’ਚ ਲਿਖਿਆ ਪੱਤਰ ਰਾਜ ਭਵਨ ਪੁੱਜਿਆ ਹੈ, ਉਸ ’ਚ ਤਿੱਖੀ ਭਾਸ਼ਾ ਨਹੀਂ ਵਰਤੀ ਗਈ। ਰਾਜ ਭਵਨ ਨੇ ਅੱਜ ਸ਼ਾਮ ਮੁੱਖ ਮੰਤਰੀ ਤੋਂ ਇਨ੍ਹਾਂ ਦੋਵੇਂ ਪੱਤਰਾਂ (ਪੰਜਾਬੀ ਤੇ ਅੰਗਰੇਜ਼ੀ) ਦੀ ਇਬਾਰਤ ਵਿਚਲੇ ਫ਼ਰਕ ਬਾਰੇ ਸਫ਼ਾਈ ਮੰਗੀ ਹੈ।

ਰਾਜ ਭਵਨ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦਾ ਜੋ ਪੰਜਾਬੀ ਦਾ ਪੱਤਰ ਮੀਡੀਆ ’ਚ ਚੱਲ ਰਿਹਾ ਹੈ, ਉਹ ਰਾਜ ਭਵਨ ਨੂੰ ਹਾਲੇ ਤੱਕ ਪ੍ਰਾਪਤ ਹੀ ਨਹੀਂ ਹੋਇਆ ਹੈ ਅਤੇ ਜਿਹੜਾ ਅੰਗਰੇਜ਼ੀ ’ਚ ਲਿਖਿਆ ਪੱਤਰ ਰਾਜ ਭਵਨ ਨੂੰ ਮਿਲਿਆ ਹੈ, ਉਸ ਵਿਚਲੀ ਸਮੱਗਰੀ ਦਾ ਪੰਜਾਬੀ ਭਾਸ਼ਾ ਵਾਲੇ ਪੱਤਰ ਨਾਲ ਕੋਈ ਮੇਲ ਨਹੀਂ ਹੈ। ਉਨ੍ਹਾਂ ਇਹ ਵੀ ਸੁਆਲ ਕੀਤਾ ਹੈ ਕਿ ਰਾਜ ਭਵਨ ਨੂੰ ਭੇਜੇ ਬਿਨਾਂ ਪੰਜਾਬੀ ’ਚ ਲਿਖਿਆ ਪੱਤਰ ਜਨਤਕ ਕਿਉਂ ਕੀਤਾ ਗਿਆ ਹੈ। ਮੁੱਖ ਮੰਤਰੀ ਵੱਲੋਂ ਰਾਜਪਾਲ ਨੂੰ ਅੰਗਰੇਜ਼ੀ ’ਚ ਲਿਖੇ ਪੰਜ ਪੰਨਿਆਂ ਦੇ ਪੱਤਰ ਵਿਚ ਵੀਸੀ ਦੀ ਨਿਯੁਕਤੀ ਨੂੰ ਤਕਨੀਕੀ ਅਤੇ ਕਾਨੂੰਨੀ ਹਵਾਲਿਆਂ ਨਾਲ ਜਾਇਜ਼ ਦੱਸਦਿਆਂ ਰਾਜਪਾਲ ਨੂੰ ਇਹ ਮਸਲਾ ਮੁੜ ਵਿਚਾਰ ਕਰਨ ਵਾਸਤੇ ਕਿਹਾ ਗਿਆ ਹੈ। ਡਾ. ਸਤਬੀਰ ਸਿੰਘ ਗੋਸਲ, ਲਖਵਿੰਦਰ ਸਿੰਘ ਰੰਧਾਵਾ ਅਤੇ ਡਾ. ਨਵਤੇਜ ਸਿੰਘ ਬੈਂਸ ਦੇ ਨਾਵਾਂ ਦੇ ਪੈਨਲ ਦੀ ਗੱਲ ਵੀ ਕੀਤੀ ਗਈ ਹੈ। ਦੂਜੇ ਪਾਸੇ ਇੱਕ ਪੰਨੇ ਦੇ ਪੰਜਾਬੀ ਭਾਸ਼ਾ ਵਾਲੇ ਪੱਤਰ ਵਿਚ ਮੁੱਖ ਮੰਤਰੀ ਨੇ ਰਾਜਪਾਲ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਹੈ। ਮੁੱਖ ਮੰਤਰੀ ਨੇ ਅੱਜ ਆਪਣੇ ਟਵਿੱਟਰ ਅਕਾਊਂਟ ’ਤੇ ਸਾਂਝੇ ਕੀਤੇ ਪੱਤਰ ਵਿੱਚ ਰਾਜਪਾਲ ਵੱਲੋਂ ਸੂਬਾ ਸਰਕਾਰ ਦੇ ਕੰਮਾਂ ਵਿਚ ਦਿੱਤੇ ਜਾ ਰਹੇ ਬੇਲੋੜੇ ਦਖਲ ’ਤੇ ਉਂਗਲ ਚੁੱਕੀ ਹੈ। ਭਗਵੰਤ ਮਾਨ ਰਾਜਪਾਲ ਖ਼ਿਲਾਫ਼ ਖੁੱਲ੍ਹ ਕੇ ਬੋਲੇ ਹਨ।

ਜ਼ਿਕਰਯੋਗ ਹੈ ਕਿ ਰਾਜਪਾਲ ਨੇ 18 ਅਕਤੂਬਰ ਨੂੰ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਪੰਜਾਬ ਖੇਤੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਸਤਬੀਰ ਸਿੰਘ ਗੋਸਲ ਨੂੰ ਹਟਾਉਣ ਦੇ ਹੁਕਮ ਜਾਰੀ ਕੀਤੇ ਹਨ। ਮੁੱਖ ਮੰਤਰੀ ਨੇ ਅੱਜ ਪੱਤਰ ’ਚ ਹਵਾਲਾ ਦਿੱਤਾ ਕਿ ਪਹਿਲਾਂ ਪੀਏਯੂ ਦੇ ਪੁਰਾਣੇ ਵੀਸੀ ਡਾ. ਬਲਦੇਵ ਸਿੰਘ ਢਿੱਲੋਂ ਅਤੇ ਡਾ. ਐੱਮਐੱਸ ਕੰਗ ਤੋਂ ਇਲਾਵਾ ਕਿਸੇ ਵੀ ਪਿਛਲੇ ਵੀਸੀ ਦੀ ਨਿਯੁਕਤੀ ਦੀ ਪ੍ਰਵਾਨਗੀ ਰਾਜਪਾਲ ਤੋਂ ਨਹੀਂ ਗਈ ਸੀ। ਜਿਵੇਂ ਪਹਿਲਾਂ ਹੁੰਦਾ ਸੀ, ਉਵੇਂ ਹੀ ਕਾਨੂੰਨ ਅਨੁਸਾਰ ਡਾ. ਸਤਬੀਰ ਸਿੰਘ ਗੋਸਲ ਨੂੰ ਪੂਰੀ ਪ੍ਰਕਿਰਿਆ ’ਚੋਂ ਲੰਘ ਕੇ ਨਿਯੁਕਤ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਲਿਖਿਆ ਹੈ ਕਿ ਡਾ. ਗੋਸਲ ਨਾਮੀ ਵਿਗਿਆਨੀ ਅਤੇ ਸਤਿਕਾਰਤ ਪੰਜਾਬੀ ਸਿੱਖ ਹਨ। ਅਜਿਹੀ ਹਸਤੀ ਨੂੰ ਹਟਾਉਣ ਦੇ (ਰਾਜਪਾਲ) ਹੁਕਮਾਂ ’ਤੇ ਪੰਜਾਬੀ ਗੁੱਸੇ ਵਿਚ ਹਨ। ਪੱਤਰ ’ਚ ਭਾਰੀ ਬਹੁਮਤ ਵਾਲੀ ਲੋਕਾਂ ਦੀ ਚੁਣੀ ਸਰਕਾਰ ਦੇ ਕੰਮਾਂ ਵਿਚ ਪਿਛਲੇ ਕੁਝ ਸਮੇਂ ਤੋਂ ਵਾਰ ਵਾਰ ਦਿੱਤੇ ਜਾ ਰਹੇ ਦਖਲ ਦਾ ਜ਼ਿਕਰ ਕੀਤਾ ਗਿਆ ਹੈ। ਭਗਵੰਤ ਮਾਨ ਨੇ ਚੇਤੇ ਕਰਾਇਆ ਕਿ ਪਹਿਲਾਂ ਪੰਜਾਬ ਵਿਧਾਨ ਸਭਾ ਦਾ ਇਜਲਾਸ ਬੁਲਾਉਣ ਵਿੱਚ ਰੁਕਾਵਟ ਪਾਈ ਗਈ, ਫਿਰ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਮੈਡੀਕਲ ਸਾਇੰਸਜ਼ ਦੇ ਵੀਸੀ ਦੀ ਨਿਯੁਕਤੀ ਰੱਦ ਕੀਤੀ ਗਈ ਤੇ ਹੁਣ ਪੀਏਯੂ ਦੇ ਵੀਸੀ ਦੇ ਨਿਯੁਕਤੀ ਰੱਦ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੇ ਕੰਮਾਂ ਵਿੱਚ ਰੁਕਾਵਟ ਨੂੰ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਦੇ। ਰਾਜਪਾਲ ਨੂੰ ਪ੍ਰਾਪਤ ਹੋਏ ਪੱਤਰ ’ਚੋਂ ਇਹ ਸਭ ਕੁਝ ਗ਼ਾਇਬ ਹੈ।

ਰਾਜਪਾਲ ਦੇ ਲਗਾਤਾਰ ਸਖ਼ਤ ਰੁਖ਼ ਮਗਰੋਂ ਮਾਨ ਨੇ ਬਦਲਿਆ ਪੈਂਤੜਾ

ਭਗਵੰਤ ਮਾਨ ਸ਼ੁਰੂ ਤੋਂ ਹੀ ਰਾਜਪਾਲ ਪ੍ਰਤੀ ਨਰਮੀ ਰੱਖਦੇ ਰਹੇ ਹਨ। ਉਹ ਕਈ ਮੌਕਿਆਂ ’ਤੇ ਰਾਜਪਾਲ ਨਾਲ ਇਕੱਠੇ ਹੈਲੀਕਾਪਟਰ ਵਿੱਚ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਜ਼ਰੀ ਵਿਚ ਰਾਜਪਾਲ ਨੂੰ ਕ੍ਰਾਂਤੀਕਾਰੀ ਰਾਜਪਾਲ ਆਖ ਚੁੱਕੇ ਹਨ। ਪਿਛਲੇ ਦਿਨਾਂ ਵਿੱਚ ਰਾਜਪਾਲ ਨੇ ਸਖ਼ਤ ਰੌਂਅ ਦਿਖਾਇਆ ਤਾਂ ਉਦੋਂ ਵੀ ਮੁੱਖ ਮੰਤਰੀ ਨੇ ਸਬਰ ਰੱਖਿਆ। ਸੂਤਰ ਦੱਸਦੇ ਹਨ ਕਿ ਹੁਣ ਵੀ ਜਦੋਂ ਰਾਜਪਾਲ ਨੇ ਆਪਣੇ ਸੁਰ ਨਾ ਬਦਲੇ ਤਾਂ ਮੁੱਖ ਮੰਤਰੀ ਨੇ ਸਿਆਸੀ ਟੱਕਰ ਲੈਣ ਦਾ ਫ਼ੈਸਲਾ ਲਿਆ।

‘ਗਲਤ ਕੰਮ ਕਰਵਾਉਣ ਵਾਲਿਆਂ ਦੀ ਗੱਲ ਨਾ ਸੁਣਨ ਰਾਜਪਾਲ’

ਭਗਵੰਤ ਮਾਨ ਨੇ ਪੰਜਾਬੀ ਿਵੱਚ ਲਿਖੇ ਪੱਤਰ ’ਚ ਰਾਜਪਾਲ ਦੀ ਤਾਰੀਫ਼ ਕਰਦਿਆਂ ਕਿਹਾ, ‘ਮੈਂ ਤੁਹਾਨੂੰ ਕਈ ਵਾਰ ਮਿਲਿਆ ਹਾਂ। ਮੈਨੂੰ ਤੁਸੀਂ ਬਹੁਤ ਵਧੀਆ ਅਤੇ ਨੇਕ ਵਿਅਕਤੀ ਲੱਗੇ। ਤੁਸੀਂ ਅਜਿਹੇ ਕੰਮ ਆਪਣੇ ਆਪ ਨਹੀਂ ਕਰ ਸਕਦੇ।’ ਉਨ੍ਹਾਂ ਲਿਖਿਆ, ‘ਤੁਹਾਨੂੰ ਇਹ ਸਭ ਗਲਤ ਤੇ ਗੈਰ ਸੰਵਿਧਾਨਿਕ ਕੰਮ ਕਰਨ ਲਈ ਕੌਣ ਆਖਦਾ ਹੈ? ਉਹ ਪਿੱਠ ਪਿੱਛੇ ਰਹਿੰਦੇ ਹਨ, ਬਦਨਾਮ ਤੁਸੀਂ ਹੁੰਦੇ ਹੋ।’ ਉਨ੍ਹਾਂ ਲਿਖਿਆ ਕਿ ਗ਼ਲਤ ਕੰਮ ਕਰਾਉਣ ਵਾਲੇ ਪੰਜਾਬ ਦਾ ਭਲਾ ਨਹੀਂ ਚਾਹੁੰਦੇ ਅਤੇ ਰਾਜਪਾਲ ਅਜਿਹੇ ਲੋਕਾਂ ਦੀ ਗੱਲ ਨਾ ਸੁਣਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੀਤ
Next articleਮੋਦੀ ਵੱਲੋਂ 10 ਲੱਖ ਭਰਤੀਆਂ ਦੀ ਮੁਹਿੰਮ ਦਾ ਆਗਾਜ਼ ਭਲਕੇ