(ਸਮਾਜ ਵੀਕਲੀ)
ਵੇ ਭਲਿਓ ਲੋਕੋ ,ਤੁਸੀਂ ਬਚਕੇ ਲੰਘਣਾ,ਏਥੇ ਗੇੜੇ ਦੇਣ ਬਲਾਵਾਂ ਅਜੇ,
ਇਨ੍ਹਾਂ ਮਾਤਮ ਡੁੱਬੀਆਂ ਗਲੀਆਂ ਦੇ,ਕਿੰਨੇ ਪਹਿਲੇ ਜ਼ਖ਼ਮ ਦਿਖਾਵਾਂ ਅਜੇ,
ਏਹਦੀ ਹਰ ਉੱਪਰੀ ਪਰਤ ਅਗੂਰੀ ਹੀ ਹੈ, ਪਰ ਵਿੱਚੋਂ ਕੱਚੇ ਅੱਲੇ ਨੇ,
ਨਿੱਤ ਸਰਘੀ ਵੇਲੇ ਭਰ ਭਰ ਚੀਸਾਂ, ਇਹ ਡੁਸਕਦੇ ਨਿਸ ਦਿਨ ਢਲ਼ੇ ਨੇ
ਗਲ਼ਾਂ ਵਿੱਚ ਅਗਨੀ ਟਾਇਰਾਂ ਤੋਂ, ਦੰਗਿਆਂ ਦੀ ਜਵਾਲਾ ਬੁਝਾਵਾਂ ਅਜੇ ……..
ਭਾਵੇਂ ਦਿੱਲੀ ਗੁਜਰਾਤ ਜਾਂ ਕਲਕੱਤਾ ਹੈ,ਜਾਂ ਅਯੁੱਧਿਆ ਦਾ ਵਰਕਾ ਵੇ ਲੋਕਾ,
ਗੱਲ ਛੇੜੀਏ ਖਾਲਿਸਤਾਨ ਦੀ ਜੋ,ਜੀਅ ਪਲ਼ਦੇ ਨੇ ਲੁਕਾ ਲੁਕਾ ਸਰਫਾ ਵੇ ਲੋਕਾ,
ਜੰਮੂ ਕਸ਼ਮੀਰ ਵੀ ਅੱਜ ਤੱਕ ਬਲ਼ ਰਿਹੈ,ਜਿੱਥੇ ਰੋਲ਼ੀਆਂ ਪਈਆਂ ਨੇ ਛਾਵਾਂ ਅਜੇ….
ਏਥੇ ‘ ਵੈਦਾਂ ‘ ਦੇ ਹੱਥ ਵਿੱਚ ਛੁਰੀਆਂ ਨੇ, ਉਨ੍ਹਾਂ ਮਲਮਾਂ ਦੀ ਥਾਂ ਤੇ ਲੂਣ ਫੜੇ,
ਏਥੇ ਖਾਕੀ ਰੰਗ ਪਏ ਭੂਤਰਦੇ ਸਦਾ,ਸਾਡੇ’ ‘ਰਾਖੇ ‘ ਸਾਨੂੰ ਰਫਲਾਂ ਤਾਣ ਖੜ੍ਹੇ,
ਸ਼ਾਹੀਨ-ਬਾਗ ਦੇ ਦਿਨ ਵੀ ਭੁੱਲੇ ਨਹੀਂ,ਤੇ ਕਾਲੇ ਖੇਤੀ ਕਾਨੂੰਨ ਵੀ ਕਿੱਵੇਂ ਢਾਵਾਂ ਅਜੇ…..
ਭਾਵੇਂ ਫਾਈਲਾਂ ਵਿੱਚ ਬੰਦ ਕਾਤਲ ਨੇ,ਪਰ ਟਹਿਲਦੇ ਰਾਜਸੀ ਬਾਣਿਆਂ ਵਿੱਚ,
ਕੁੱਲ ਵਾਕਿਆਤ ਬਕੂਏ ਦੱਬੇ ਪਏ ਹੋਏ, ਆਦਾਲਤਾਂ,ਚੌਕੀਆਂ ਥਾਣਿਆਂ ਵਿੱਚ,
ਏਥੇ ਉੱਠਦੈ ਕੋਈ ਵੀ ਕਦਾ ਕਮਿਸ਼ਨ ਨਾ,ਜਿੱਥੋਂ ਕੱਢ ਪੁੱਟ ਕੇ ਕੇਸ ਵਿਛਾਵਾਂ ਅਜੇ,
ਸਾਡੇ ਪੂਰੇ ਮੁਲਕ ‘ ਚ ਘੁੰਮ ਸਕਦੈ,ਅੱਜ ਅਗਨ-ਪਟੋਲਾ ਰੱਥ ਵੇ ‘ ਉਤਲਿਆ ‘,
ਇਹ ਧਰਮਾਂ ਜਾਤੀਆਂ ਮਜਹਬਾਂ ‘ਚ,ਘੋਲ਼ ਜਹਿਰ ਤੂੜਦਾ ਹੱਥ ਵੇ’ ‘ਉਤਲਿਆ ‘,
ਥਾਂ ਥਾਂ ਐ ਵਗਦੇ ਖੂਨੀਂ ਫੁਹਾਰੇ ਨੇ,ਕੋਈ ਵੀ ਮੌਸਮ ਨਹੀਂ ਸੁਖਾਵਾਂ ਅਜੇ …..।
ਸੁਖਦੇਵ ਸਿੱਧੂ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly