(ਸਮਾਜ ਵੀਕਲੀ) ਪੰਜਾਬੀ ਸਾਹਿਤ ਖਾਸ ਕਰਕੇ ਕਵਿਤਾ ਹਮੇਸ਼ਾ ਹੀ ਅੰਦੋਲਨਾਂ/ ਲਹਿਰਾਂ ਤੋਂ ਹਮੇਸ਼ਾ ਹੀ ਪ੍ਰਭਾਵਤ ਰਿਹਾ ਹੈ ਪਰ ਇਸ ਨੂੰ ਖੁੱਲ੍ਹੀ ਮੰਡੀ ਦੇ ਨਾਂ ਹੇਠ ਸੰਸਾਰੀਕਰਨ, ਉਦਾਰੀਕਰਨ ਅਤੇ ਨਿੱਜੀਕਰਨ ਦੀਆਂ ਆਰਥਿਕ ਨੀਤੀਆਂ ਵਿੱਚੋਂ ਉਤਪੰਨ ਹੋਈਆਂ ਪਦਾਰਥਕ ਹਾਲਤਾਂ ਨੇ ਵੀ ਆਪਣੇ ਤੌਰ ‘ਤੇ ਬਹੁਤ ਪ੍ਰਭਾਵਤ ਕੀਤਾ। ਬਦਲੇ ਹੋਏ ਦੌਰ ਵਿੱਚ ਕਵਿਤਾ ਦੇ ਖੇਤਰ ਵਿੱਂਚ ਚਾਰ ਪੱਧਰ( ਵਿਸ਼ਾ , ਰੂਪ, ਕਵੀ ਅਤੇ ਕਿਤਾਬ) ਉੱਤੇ ਆਈਆਂ ਤਬਦੀਲੀਆਂ ਨੂੰ ਸਹਿਜੇ ਹੀ ਵੇਖਿਆ ਜਾਂ ਮਾਪਿਆ ਜਾ ਸਕਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕਵੀ ਦੀ ਹੋਂਦ ਤੋਂ ਬਿਨਾਂ ਕੁੱਝ ਵੀ ਨਹੀਂ ਚਿਤਵਿਆ ਜਾ ਸਕਦਾ ਅਤੇ ਵਿਅਕਤੀ ਦਾ ਆਪਣਾ ਇੱਕ ਸਥਾਨ ਅਤੇ ਰੋਲ ਹੁੰਦਾ ਹੈ ਪਰ ਕਵੀ ਜਾਂ ਕਿਤਾਬ ਦੀ ਥਾਂ ਵਿਸ਼ਿਆਂ ਅਤੇ ਰੂਪਾਂ ਉੱਤੇ ਜਿਆਦਾ ਧਿਆਨ ਕੇਂਦਰਿਤ ਕਰਨ ਦੀ ਜ਼ਰੂਰਤ ਹੈ। ਵਿਸ਼ੇ ਪੱਖੋਂ ਭਾਵੇਂ ਦਲਿਤ , ਨਾਰੀਵਾਦੀ ਅਤੇ ਪਰਵਾਸ ਜਿਹੇ ਵਿਸ਼ੇ ਭਾਵੇਂ ਅਕਸਰ ਚਰਚਾ ਵਿੱਚ ਰਹੇ ਹਨ ਪਰ ਪ੍ਰਸਥਿਤੀਆਂ ਮੁਤਾਬਿਕ ਉਨ੍ਹਾਂ ਦੇ ਮਸਲੇ ਵੀ ਵਕਤ ਨਾਲ ਬਦਲ ਗਏ। ਸਮਾਜਿਕ ਅਤੇ ਮਾਨਸਿਕ ਤੌਰ ‘ਤੇ ਲਤਾੜੇ ਹੇਠਲੇ ਵਰਗਾਂ ਲਈ ਹੁਣ ਰਾਜਸੀ ਚੇਤਨਾ ਦੀ ਥਾਂ ਸਮਾਜਕ ਸਨਮਾਨਯੋਗ ਬਰਾਬਰਤਾ ਦਾ ਮਸਲਾ ਜ਼ਿਆਦਾ ਉੱਭਰ ਰਿਹਾ ਹੈ ਜਿਸ ਦੀ ਗੱਲ ਅਕਸਰ ਬਲਵੀਰ ਮਾਧੋਪੁਰੀ, ਗੁਰਮੀਤ ਸਿੰਘ ਕੱਲਰਮਾਜਰੀ, ਸਤਪਾਲ ਭੀਖੀ,ਸੰਤੋਖ ਸਿੰਘ ਸੁੱਖੀ, ਮਦਨ ਵੀਰਾ ਆਪਣੀਆਂ ਕਵਿਤਾਵਾਂ ਵਿੱਚ ਕਰਦੇ ਵੇਖੇ ਜਾ ਸਕਦੇ ਹਨ। ਔਰਤ ਦੀਆਂ ਪੀੜਾਂ ਦੀ ਬਾਤ ਪਾਉਂਦੀ ਨਾਰੀਵਾਦੀ ਕਵਿਤਾ ਵਿੱਚ ਨਾਰੀ ਦੀ ਹੋਂਦ ਬਚਾਉਣ ਦਾ ਮੁੱਦਾ ਪਾਲ ਕੌਰ, ਸੁਖਵਿੰਦਰ ਅਮ੍ਰਿਤ, ਸ਼ਸ਼ੀ ਸਮੁੰਦਰਾ, ਮਨਜੀਤ ਇੰਦਰਾ, ਸੋਮਾ ਸਬਲੋਕ ,ਭੁਪਿੰਦਰ ਕੌਰ ਪ੍ਰੀਤ, ਹਰਪ੍ਰੀਤ ਕੌਰ ਸੰਧੂ, ਗੁਰਮਿੰਦਰ ਸਿੱਧੂ ਦੀਆਂ ਕਵਿਤਾਵਾਂ ਵਿੱਚ ਵੇਖਿਆ ਜਾ ਸਕਦਾ ਹੈ।
ਅਸਾਵੇਂ ਸਮਾਜਾਂ ਵਿੱਚ ਅੰਦਰੂਨੀ ਅਤੇ ਬਾਹਰੀ ਪਰਵਾਸ ਜਨਮਾਨਸ ਦੀ ਜ਼ਰੂਰਤ ਰਹੀ ਹੈ । ਪੰਜਾਬੀ ਹਮੇਸ਼ਾ ਉਦਮੀ ਰਹੇ ਹਨ। ਇਸ ਕਰਕੇ ਪੰਜਾਬ ਵਿੱਚ ਤਾਂ ਪ੍ਰਵਾਸ/ ਹਿਜਰਤ ਹਮੇਸ਼ਾ ਹੀ ਉੱਭਰਵਾਂ ਮਸਲਾ ਰਿਹਾ ਹੈ । ਸਮਿਆਂ ਮੁਤਾਬਿਕ ਪ੍ਰਵਾਸੀ ਕਵਿਤਾ ਅੱਜ ਕਲ੍ਹ ਵਤਨੀਂ ਉਦਰੇਵੇਂ ਨੂੰ ਤਿਆਗ ਕੇ, ਸਮਕਾਲੀ ਸੰਕਟਾਂ ਨੂੰ ਸੰਬੋਧਨ ਹੁੰਦੀ ਵੇਖੀ ਜਾ ਸਕਦੀ ਹੈ। ਇਸ ਸਬੰਧ ਵਿੱਚ ਸਰਬਜੀਤ ਸੋਹੀ, ਹਰਜੀਤ ਦੌਧਰੀਆਂ, ਸੁਰਿੰਦਰ ਧੰਜਲ, ਅਜਮੇਰ ਰੋਡੇ, ਸਾਧੂ ਬਿਨਿੰਗ, ਸੁਰਜੀਤ ਕੌਰ, ਹਰਦਮ ਮਾਨ,ਰਵਿੰਦਰ ਰਵੀ, ਸੁਖਿੰਦਰ, ਨਵਤੇਜ ਭਾਰਤੀ, ਗੁਰਦੇਵ ਚੌਹਾਨ, ਇਕਬਾਲ ਰਾਮੂਵਾਲੀਆ, ਗੁਰਚਰਨ ਰਾਮਪੁਰੀ, ਸੁਖਵਿੰਦਰ ਰਾਮਪੁਰੀ ਆਦਿ ਵੱਲੋਂ ਰਚੀ ਕਵਿਤਾ ਵੇਖੀ ਜਾ ਸਕਦੀ ਹੈ। ਇਸ ਤੋਂ ਇਲਾਵਾ ਇਨ੍ਹਾਂ ਹੀ ਸਮਿਆਂ ਵਿੱਚ ਦੇਹ ਦੇ ਜਸ਼ਨ ਦੀ ਕਵਿਤਾ ਦਾ ਰੁਝਾਨ ਵੀ ਵੇਖਣ ਨੂੰ ਮਿਲਦਾ ਹੈ ਜਿਸ ਦੀ ਨੁਮਾਇੰਦਗੀ ਸਵਰਨਜੀਤ ਸਵੀ ਕਰਦਾ ਹੈ। ਸੰਸਾਰੀਕਰਨ ਦੇ ਇਸ ਦੌਰ ਵਿੱਚ ਇਨ੍ਹਾਂ ਹੀ ਸਮਿਆਂ ਵਿੱਚ ਗੁਰੂ ਨਾਨਕ ਦੇ ਫਲਸਫੇ ਦੇ ਪਿਛੋਕੜ ਵਿੱਚੋਂ ਜਸਵੰਤ ਜਫਰ ਨਿੱਜਵਾਦ ਦੀ ਵਧਦੀ ਲਾਲਸਾ ਦਾ ਜ਼ਿਕਰ ‘ਅਸੀਂ ਨਾਨਕ ਦੇ ਕੀ ਲਗਦੇ ਹਾਂ’ ਰਾਹੀਂ ਕਰਦਾ ਹੈ। ਮੰਡੀਕਰਨ ਦੇ ਅੰਨ੍ਹੇ ਮੁਕਾਬਲੇ ਦੇ ਇਸ ਦੌਰ ਵਿੱਚ ਪੰਜਾਬ ਤੋਂ ਹਿਜਰਤ ਕਰਕੇ ਜਪਾਨ ਪਹੁੰਚੇ ਪਰਮਿੰਦਰ ਸੋਢੀ ਬੁੱਧ ਤੋਂ ਪ੍ਰਭਾਵਿਤ ਅਤੇ ਕੁਦਰਤ ਨਾਲ਼ ਸੰਵਾਦ ਰਚਾਉਂਦੀ ਕਵਿਤਾ ਦਾ ਇੱਕ ਵੱਖਰਾ ਰੁਝਾਨ ਲੈ ਕੇ ਆਉਂਦਾ ਹੈ। ਪੰਜਾਬ ਦੇ ਪਿਛੋਕੜ, ਪੰਜਾਬ ਦੇ ਉਜਾੜੇ ਅਤੇ ਵੰਡਵਾਰੇ ਦਾ ਉਦਰੇਵੇਂ, ਪੰਜਾਬੀਅਤ ਦੀ ਖੁ਼ਰ ਅਤੇ ਉੱਭਰ ਰਹੀ ਪਛਾਣ ਅਤੇ ਪੰਜਾਬ ਦੇ ਕੁਦਰਤੀ ਸਰੋਤਾਂ ਦੀ ਸੱਤਾਧਾਰੀ ਅਤੇ ਪੂੰਜੀਵਾਦੀ ਤਾਕਤਾਂ ਵੱਲੋਂ ਕੀਤੀ ਜਾ ਰਹੀ ਲੁੱਟ ਦੇ ਮੁੱਦੇ ਵੀ ਈਸ਼ਵਰ ਦਿਆਲ ਗੌੜ ਦੀ ‘ਸੁਰਮੇਦਾਨੀ’ , ਹਰਵਿੰਦਰ ਸਿੰਘ ਦੀ ਕਿਤਾਬ ‘ਪੰਜ ਨਦੀਆਂ ਦਾ ਗੀਤ’ ਅਤੇ ਡਾ. ਮੇਹਰ ਮਾਣਕ ਦੇ ਆਏ ਦੋ ਕਾਵਿ ਸੰਗ੍ਰਹਿ ‘ਡੂੰਘੇ ਦਰਦ ਦਰਿਆਵਾਂ ਦੇ’ (2022) ਅਤੇ ‘ਸ਼ੂਕਦੇ ਆਬ ਤੇ ਖ਼ਾਬ’(2024) ‘ਚੋਂ ਵੇਖੇ ਜਾ ਸਕਦੇ ਹਨ ਅਤੇ ਖੇਤੀ ਸੰਕਟ ਵਿੱਚੋਂ ਨਿਕਲੇ ਆਤਮਘਾਤੀ ਰੁਝਾਨ ਅਤੇ ਫਿਰ ਪੈਦਾ ਹੋਏ ਇਤਿਹਾਸਕ ਅੰਦੋਲਨ ਨੇਂ ਵੀ ਕਵਿਤਾ ਨੂੰ ਵੱਡੇ ਪੱਧਰ ਉੱਤੇ ਪ੍ਰਭਾਵਤ ਕੀਤਾ ਜਿਸ ਸਦਕਾ ਬਹੁਤ ਸਾਰੇ ਕਵੀਆਂ ਨੇ ਕਵਿਤਾਵਾਂ ਦੀ ਸਿਰਜਣਾ ਕੀਤੀ ਜਿੰਨ੍ਹਾਂ ਵਿੱਚ ਸੁਖਿੰਦਰ , ਸੁਰਜੀਤ ਜੱਜ,ਡਾ਼ ਮੇਹਰ ਮਾਣਕ, ਅਮਰਜੀਤ ਟਾਂਡਾ, ਸਲੀਮ ਪਾਸ਼ਾ, ਬਲਵੀਰ ਕੌਰ ਰਾਏਕੋਟੀ, ਲਖਵਿੰਦਰ ਜੌਹਲ, ਗੁਰਮਿੰਦਰ ਸਿੱਧੂ, ਕਿਹਰ ਸ਼ਰੀਫ਼ , ਰਤਨ ਸਿੰਘ ਢਿਲੋਂ, ਜਗਤਾਰ ਸਾਲਮ, ਪਿਆਰਾ ਸਿੰਘ ਕੁੱਦੋਵਾਲ, ਡਾ਼ ਸ਼ਿਆਮ ਸੁੰਦਰ ਦੀਪਤੀ, ਡਾ਼ ਅਰਵਿੰਦਰ ਕੌਰ ਕਾਕੜਾ, ਸੁਰਿੰਦਰ ਗੀਤ, ਨਿਰਮਲਾ ਗਰਗ, ਨਿਰੰਜਣ ਬੋਹਾ, ਅਮਰੀਕ ਪਲਾਹੀ ਆਦਿ ਸ਼ਾਮਲ ਹਨ।ਸੁਖਿੰਦਰ ਨੇ ਇਸ ਸਬੰਧੀ ਇੱਕ ਵਿਸ਼ੇਸ਼ ਕਾਵਿ ਸੰਗ੍ਰਹਿ ‘ ਅੰਦੋਲਨ ਮੇਲਾ ਨਹੀਂ ਹੁੰਦਾ’ (2022) ਕੱਢਿਆ ਤਾਂ ਕਿ 52 ਕਿਰਤਾਂ ਨੂੰ ਸਮੱਗਰ ਰੂਪ ਵਿਚ ਸਾਂਭਿਆ ਜਾ ਸਕੇ।
ਸਮਾਂ ਬਦਲਣ ਨਾਲ਼ ਸਤ੍ਹਾ ਦਾ ਵੀ ਚਰਿੱਤਰ ਬਦਲ ਗਿਆ ਹੈ। ਹੁਣ ਸਮਾਜ ਕਲਿਆਣ ਕਾਰਜਾਂ ਦੀ ਥਾਂ ਸਤ੍ਹਾ ਆਪਣੇ ਬਦਲਵੇਂ ਜੰਗਜੂ ਚਰਿਤਰ ਵਿੱਚ ਉਭਰਵੇਂ ਰੂਪ ਵਿੱਚ ਆ ਚੁੱਕੀ ਹੈ। ਇਸੇ ਸੰਦਰਭ ਵਿੱਚ ਸੁਖਿੰਦਰ ਨੇ ਆਪਣੀ ਨਵੀਂ ਕਾਵਿ ਪੁਸਤਕ ‘ਜੰਗਬਾਜਾਂ ਦੇ ਖਿਲਾਫ’(2024) ਸਮਾਜ ਦੇ ਸਨਮੁੱਖ ਕੀਤੀ । ਮੰਡੀ ਅਤੇ ਸਤ੍ਹਾ ਦੇ ਬਾਜ਼ਾਰੀਕਰਨ ਹੋਣ ਕਾਰਨ ਜੰਗ ਤੇ ਅਮਨ ਭਾਵੇਂ ਬਹੁਤ ਹੀ ਭਖਦੇ ਮੁੱਦੇ ਹਨ ਪਰ ਛਿੜ ਰਹੀਆਂ ਜੰਗਾਂ ਦੇ ਖਿਲਾਫ ਸੁਖਿੰਦਰ ਅਤੇ ਡਾ਼ ਮੇਹਰ ਮਾਣਕ ਤੋਂ ਇਲਾਵਾ ਸ਼ਾਇਦ ਕੁੱਝ ਕੁ ਕਵੀ ਹੀ ਬੋਲੇ ਹੋਣਗੇ ਕਿਉਂਕਿ ਸਾਡੀ ਅਜੋਕੀ ਕਵਿਤਾ ਦਾ ਦਾਇਰਾ ਬੌਣਾ ਅਤੇ ਸਵੈ ਕੇਂਦਰਿਤ ਨਿੱਜਵਾਦੀ ਹੁੰਦਾ ਜਾ ਰਿਹਾ ਹੈ। ਭਾਵੇਂ ਪੰਜਾਬੀ ਕਵਿਤਾ ਦੇ ਵਿਸ਼ਾਲ ਹਿੱਸੇ ਸਮਾਜਿਕ ਸਥਾਪਤੀਆਂ ਦੇ ਵੱਖ ਰੂਪਾਂ ਦੇ ਖਿਲਾਫ ਬੋਲਦੇ ਵੇਖੇ ਜਾ ਸਕਦੇ ਹਨ ਪਰ ਰਾਜਸੀ ਸਥਾਪਤੀ ਦੇ ਖਿਲਾਫ ਸਮਾਜਕ ਮੁੱਦਿਆਂ ਦੀ ਜਿਸ ਪੱਧਰ ਉੱਤੇ ਸਾਹਿਤਕ ਕਿਰਤਾਂ ਵਿੱਚ ਗੱਲ ਹੋਣੀ ਚਾਹੀਦੀ ਹੈ, ਉਹ ਨਹੀਂ ਹੋ ਰਹੀ। ਕਵਿਤਾ ਵਿੱਚ ਬੜੇ ਨਵੇਂ ਨਿਵੇਕਲੇ ਤਜਰਬੇ ਵੇਖਣ ਨੂੰ ਮਿਲ ਰਹੇ ਹਨ ਪਰ ਇਸ ਦੇ ਦਾਇਰੇ ਸੁੰਗੜ ਰਹੇ ਹਨ। ਬਹੁਤੀ ਅਜੋਕੀ ਪੰਜਾਬੀ ਕਵਿਤਾ ਬੜੀ ਹੀ ਅੱਖੜ ਅਤੇ ਨੀਰਸ ਸੁਭਾਅ ਵਾਲ਼ੀ ਹੈ। ਇਸ ਵਿੱਚੋਂ ਕਾਵਿ ਭਾਸ਼ਾ , ਕਾਵਿ ਮੁਹਾਵਰਾ, ਕਾਵਿਕ ਬਿੰਬ, ਕਾਵਿਕ ਰਵਾਨਗੀ ਗੁੰਮ ਹੋ ਰਹੇ ਹਨ। ਬਹੁਤੀ ਸਿਰਜੀ ਜਾ ਰਹੀ ਕਵਿਤਾ ਦੇ ਸ਼ਬਦ ਅਤੇ ਸ਼ਾਬਦਿਕ ਵਾਕ ਬਣਤਰ ਹੀ ਵਾਰਤਕ ਹੈ। ਕਈ ਅਖ਼ੌਤੀ ਵੱਡੇ ਕਵੀ ਆਲੋਚਨਾ ਵਿੱਚ ਵਰਤੀ ਜਾ ਰਹੀ ਸ਼ਬਦਾਵਲੀ ਨੂੰ ਅੰਨੇਵਾਹ ਵਰਤ ਕੇ ਵੱਡੇ ਹੋਣ ਦਾ ਭਰਮ ਪਾਲੀੰ ਬੈਠੇ ਹਨ। ਸਰਕਾਰੇ ਦਰਬਾਰੇ ਪਹੁੰਚ ਕਾਰਨ ਆਲੋਚਨਾ ਦੇ ਮਾਹਿਰ ਇਸ ਨੂੰ ਕਵਿਤਾ ਦੇ ਉੱਚ ਪੜਾਅ ਦਾ ਲਕਵਾ ਦੇ ਕੇ ਖਹਿੜਾ ਛੁੜਾਉਣ ਵਿੱਚ ਹੀ ਭਲਾਈ ਸਮਝਦੇ ਹਨ। ਅਜਿਹੀ ਕਵਿਤਾ ਪੜ੍ਹਦੇ ਸਮੇਂ ਰੂਹ ਨੂੰ ਹਲਕਾ ਕਰਨ ਦੀ ਥਾਂ ਹੱਦੋਂ ਬੋਝਲ ਲੱਗਦੀ ਹੈ। ਕਵੀ ਪਾਠਕ ਅਤੇ ਕਵਿਤਾ ਤੋਂ ਕਿਤੇ ਦੂਰ ਜਾ ਚੁੱਕਾ ਹੈ। ਕੱਚ ਘਰੜੀਆਂ ਕਿਤਾਬਾਂ ਛਪ ਕੇ ਧੜਾਧੜ ਰਲੀਜ਼ ਹੋ ਰਹੀਆਂ ਹਨ। ਆਲੋਚਕ ਕਿਤਾਬ ਦੀ ਆਲੋਚਨਾ ਕਰਕੇ ਦੁਸ਼ਮਣੀ ਖੱਟਣ ਦੀ ਥਾਂ ਸਿਫ਼ਤਾਂ ਕਰਕੇ ਯਾਰੀਆਂ ਨਿਭਾਅ ਜਾਂਦਾ ਹੈ।
ਸਾਹਤਿਕ ਗੋਸ਼ਟੀਆਂ ਸਿਰਜੇ ਜਾ ਰਹੇ ਸਾਹਿਤ ਨੂੰ ਨਿਰਖ ਪਰਖ ਕੇ ਉਸ ਨੂੰ ਹੋਰ ਨਿਖਾਰਨ , ਸ਼ਿੰਗਾਰਨ ਅਤੇ ਸਮੇਂ ਦਾ ਹਾਣੀ ਬਣਾਉਣ ਵਿੱਚ ਸਹਾਈ ਹੁੰਦੀਆਂ ਹਨ ਪਰ ਪੰਜਾਬੀ ਸਾਹਿਤਕ ਜਗਤ ਵਿੱਚ ਅਜਿਹਾ ਮੁੱਲਵਾਨ ਕਾਰਜ ਮਨਫੀ ਹੋ ਚੁੱਕਾ ਹੈ। ਗੋਸ਼ਟੀਆਂ ਵਿੱਚ ਇਕੱਠ ਕਰਨ ਲਈ ਕਵੀ ਦਰਬਾਰ ਦੀ ਸ਼ਮੂਲੀਅਤ ਜ਼ਰੀਏ ਦੇ ਤੌਰ ‘ਤੇ ਕੰਮ ਕਰਦੀ ਹੈ ਜਿਸ ਵਿੱਚ ਗੋਸ਼ਟੀ ਘੱਟ ਹੁੰਦੀ ਹੈ ਅਤੇ ਅਕਸਰ ਕਿਤਾਬਾਂ ਜ਼ਿਆਦਾ ਰਲੀਜ਼ ਹੁੰਦੀਆਂ ਹਨ। ਜ਼ਿਆਦਾਤਰ ਵੇਖਣ ਵਿੱਚ ਆਇਆ ਹੈ ਕਿ ਗੋਸ਼ਟੀਆਂ ਵਿੱਚ ਸ਼ਾਮਲ ਸਰੋਤਿਆਂ ਵਿੱਚ ਕੋਈ ਕੋਈ ਕਿਤਾਬ ਗੰਭੀਰ ਪਾਠਕ ਹੁੰਦਾ ਹੈ ਜਿਸ ਨੇ ਚਰਚਾ ਅਧੀਨ ਕਿਤਾਬ ਪੜ੍ਹੀ ਹੋਵੇ। ਸਾਹਿਤ ਸਭਾਵਾਂ / ਸੰਸਥਾਵਾਂ ਦੇ ਪੱਧਰ ‘ਤੇ ਉਹੀ ਪ੍ਰਧਾਨਗੀਆਂ, ਉਹੀ ਮੰਡਲ, ਉਹੀ ਭਾਸ਼ਣ ਅਤੇ ਓਹੀ ਰਾਸ਼ਣ ਚਲਦਾ ਵੇਖਿਆ ਜਾ ਸਕਦਾ ਹੈ। ਜੇਕਰ ਸਾਹਿਤ ਸਭਾਵਾ ਦੀ ਗੱਲ ਕਰੀਏ ਤਾਂ ਇੱਕੋ ਸ਼ਹਿਰ ਵਿੱਚ ਕਈ ਕਈ ਸਾਹਿਤ ਸਭਾਵਾਂ ਬਣੀਆਂ ਹੋਈਆਂ ਵੇਖੀਆਂ ਜਾ ਸਕਦੀਆਂ ਹਨ, ਜਿਨ੍ਹਾਂ ਵਿੱਚ ਸਰੋਤੇ ਜ਼ਿਆਦਾ ਅਤੇ ਪਾਠਕ ਨਾਂਮਾਤਰ ਹੁੰਦੇ ਹਨ। ਇਨ੍ਹਾਂ ਸਭਾਵਾਂ ਦੇ ਧੜਾਧੜ ਲੜੀਵਾਰ ਪ੍ਰੋਗਰਾਮ ਚੱਲਦੇ ਸਹਿਜੇ ਹੀ ਵੇਖੇ ਜਾ ਸਕਦੇ ਹਨ।ਸਮਾਜ ਨੂੰ ਸੇਧ ਦੇਣ ਵਾਲੇ ਸਾਹਿਤ ਦੇ ਖੇਤਰ ਵਿੱਚ ਸਭ ਕੁੱਝ ਰਸਮੀ ਅਤੇ ਦਿਖਾਵੇ ਮਾਤਰ ਹੋ ਕੇ ਰਹਿ ਗਿਆ ਹੈ।
ਇੱਥੇ ਇੱਕ ਗੱਲ ਨੋਟ ਕਰਨ ਵਾਲੀ ਹੈ ਕਿ ਬਹੁਤੇ ਸਾਹਿਤਕ ਨੇਤਾ ਪਾਠਕਾਂ ਤੋਂ ਤਾਂ ਕੀ, ਉਹ ਖੁਦ ਹੀ ਕਿਰਤ ਕਰਨ ਤੋਂ ਕੋਹਾਂ ਦੂਰ ਜਾ ਚੁੱਕੇ ਹਨ ਜਦ ਕਿ ਕਿਰਤ ਹੀ ਸਿਰਜਣਾ ਦਾ ਆਧਾਰ ਹੁੰਦੀ ਹੈ।ਅਕਸਰ ਇਹ ਵੇਖਿਆ ਗਿਆ ਹੈ ਕਿ ਇਨ੍ਹਾਂ ਨੇਤਾਵਾਂ ਨੂੰ ਸਾਹਿਤਕ ਅਦਾਰਿਆਂ (ਸਭਾਵਾਂ ਅਤੇ ਅਕਾਦਮੀਆਂ) ਦੀਆਂ ਚੋਣਾਂ ਵੇਲ਼ੇ ਇਹ ਵੀ ਨਹੀਂ ਪਤਾ ਹੁੰਦਾ ਕਿ ਉਸ ਵਕਤ ਪੇਂਡੂ ਕਾਮਾਂ ਤਪਦੀਆਂ ਦੁਪਹਿਰਾਂ ਵਿੱਚ ਫਸਲ ਬਚਾਅ ਕੇ ਘਰ ਪਹੁੰਚਦਾ ਕਰਨ ਦੀ ਅਹਾਰ ਵਿੱਚ ਹੁੰਦਾ ਹੈ। ਕਣਕ ਦੀਆਂ ਵਾਢੀਆਂ ਪੂਰੇ ਜ਼ੋਰਾਂ ਉੱਤੇ ਹੁੰਦੀਆਂ ਹਨ, ਦਿਹਾੜੀਆ/ ਮਜ਼ਦੂਰ ਕਿਧਰੇ ਭਾਲਿਆ ਨਹੀਂ ਮਿਲਦਾ । ਅਜਿਹੇ ਅੱਤ ਰੁਝੇਵੇਂ ਭਰੇ ਸਮੇਂ ਵਿੱਚ ਸਾਡੇ ਸਾਹਿਤਕ ਲੀਡਰ ਇਸ ਸਭ ਕੁੱਝ ਤੋਂ ਅਣਜਾਣ ਵੋਟਰਾਂ ਨੂੰ ਦਿਨ ਰਾਤ ਸੰਪਰਕ ਕਰਨ ਅਤੇ ਉਨ੍ਹਾਂ ਨੂੰ ਅਦਾਰਿਆਂ ਦੀਆਂ ਚੋਣਾਂ ਵਾਲੇ ਦਿਨ ਰਾਜਸੀ ਪਾਰਟੀਆਂ ਦੀ ਤਰਜ਼ ‘ਤੇ ਰਝਾਉਣ ਅਤੇ ਬੂਥਾਂ ਵੱਲ ਢੋਣ ਵਿੱਚ ਲੱਗੇ ਹੁੰਦੇ ਹਨ । ਇਨ੍ਹਾਂ ਨੇਤਾਵਾਂ ਵੱਲੋਂ ਹਰ ਹਰਵਾ ਜਰਬਾ ਵਰਤ ਕੇ ਚੋਣ ਜਿੱਤਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਰਿਸ਼ਤੇ ਨਾਤੇ, ਯਾਰੀਆਂ, ਪਾਰਟੀਆਂ ਦੇ ਕਾਰਡ ਹੋਲਡਰ ਭਗਤ, ਅਖੌਤੀ ਇਨਕਲਾਬੀ ਸਫਬੰਦੀਆਂ, ਜਾਤ , ਧਰਮ , ਇਲਾਕ਼ਾ, ਨਿੱਜੀ ਪਹੁੰਚ ਅਤੇ ਹੋਰ ਸੇਵਾ ਸੰਭਾਲ ਦੇ ਤੋਰ ਤਰੀਕੇ ਵਰਤ ਕੇ ਬੌਣੀਆਂ ਜਿਹੀਆਂ ਕੁਰਸੀਆਂ ਨੂੰ ਹਥਿਆਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ। ਹੋਰ ਤਾਂ ਹੋਰ ਕਈ ਮਹਾਨ ਸਖਸ ਤਾਂ ਕਈ ਅਹੁਦਿਆਂ ਉੱਤੇ ਕੀਤੇ ਲੰਮੇ ਕਬਜ਼ੇ ਨੂੰ ਆਪਣੀ ਕਾਬਲੀਅਤ ਦੱਸਦੇ ਨਹੀਂ ਥੱਕਦੇ। ਕਈ ਵਾਰ ਤਾਂ ਇਵੇਂ ਲੱਗਦਾ ਹੈ ਕਿ ਇਹ ਲੋਕ ਸਮਾਜ ਜ਼ਿੰਮੇਵਾਰੀਆਂ ਤੋਂ ਬਿਲਕੁੱਲ ਮੁਕਤ ਅਤੇ ਸਿਰਫ ਤੇ ਸਿਰਫ ਅਹੁਦੇ ਹਥਿਆਉਣ ਨੂੰ ਹੀ ਆਪਣੇ ਜੀਵਨ ਦੀ ਮੁੱਖ ਮੰਜ਼ਿਲ ਸਮਝਦੇ ਹਨ। ਇਥੋਂ ਹੀ ਤੁਸੀਂ ਅੰਦਾਜ਼ਾ ਲਾ ਲਵੋ ਕਿ ਅਜਿਹੇ ਲੋਕਾਂ ਵੱਲੋਂ ਸਿਰਜਿਆ ਸਾਹਿਤ ਕਿੰਨਾ ਕੁ ਸਮਾਜ ਦਾ ਸ਼ੀਸ਼ਾ ਅਤੇ ਮਾਰਗ ਦਰਸ਼ਕ ਹੋ ਸਕਦਾ ਹੈ। ਇਵੇਂ ਲੱਗਦਾ ਹੈ ਕਿ ਧਰਤੀ ਉੱਤੇ ਵਿਹਲੜਾਂ ਦੀ ਇੱਕ ਵੱਡੀ ਫੌਜ ਰਾਜਨੀਤਕ ਅਖਾੜੇ ਵਿੱਚ ਹੀ ਨਹੀਂ ਸਗੋਂ ਸਤ੍ਹਾ ਦੇ ਨੇੜੇ ਪੁੱਜਣ ਲਈ ਸਾਹਿਤਕ ਹਲਕਿਆਂ ਵਿੱਚ ਵੀ ਆਪਣੇ ਬੌਣੇ ਜਿਹੇ ਦਾਇਰੇ ਅਤੇ ਕੱਦ ਮੁਤਾਬਿਕ ਸਰਗਰਮ ਹੈ। ਇਸ ਦਾ ਮਤਲਬ ਇਹ ਨਹੀਂ ਕਿ ਸਾਰੇ ਸਾਹਿਤਕਾਰਾਂ ਵਿਹਲੇ ਹਨ, ਬਹੁਤ ਸਾਰੇ ਸਾਹਿਤਕਾਰ ਅੱਜ ਵੀ ਸਮਾਜਕ ਅਤੇ ਆਰਥਿਕ ਜੀਵਨ ਵਿੱਚ ਆਪਣੇ ਵਿੱਤ ਮੁਤਾਬਿਕ ਹਿੱਸਾ ਪਾਉਂਦੇ ਵੇਖੇ ਜਾ ਸਕਦੇ ਹਨ। ਕਿਰਤ ਅਤੇ ਸਮਾਜਕ ਜੀਵਨ ਨਾਲੋਂ ਟੁੱਟੇ ਲੋਕ ਸਾਹਿਤ ਅਤੇ ਕਲਾ ਦੀ ਸਿਰਜਣਾ ਨਹੀਂ ਕਰ ਸਕਦੇ।
ਸਾਹਿਤਕ ਨਿਘਾਰ ਦਾ ਇੱਕ ਹੋਰ ਵੀ ਵੱਡਾ ਕਾਰਨ ਬਜ਼ਾਰ ਵਿੱਚ ਬੈਠੇ ਸਥਾਪਤ ਲੇਖਕ, ਪ੍ਰਕਾਸ਼ਕ ਅਤੇ ਯੂਨੀਵਰਸਿਟੀਆਂ ਦੇ ਕੁੱਝ ਅਖ਼ੌਤੀ ਸਾਹਿਤਕ ਬੁੱਧੀਜੀਵੀ ਵੀ ਹਨ। ਆਮ ਲੇਖਕ ਭਾਵੇਂ ਵਧੀਆ ਵੀ ਲਿਖਦਾ ਹੋਵੇ ਉਸ ਤੋਂ ਪ੍ਰਕਾਸ਼ਕ ਪੂਰੇ ਪੈਸੇ ਲੈ ਕੇ , ਲੇਖਕ ਸਿਰ ਸਾਰੀ ਜ਼ਿੰਮੇਵਾਰੀ ਸੁੱਟ ਸੁਰਖ਼ਰੂ ਹੋ ਜਾਂਦਾ ਹੈ ਦੂਜੇ ਬੰਨੇ ਮੱਠਧਾਰੀ ਪ੍ਰਭਾਵਸ਼ਾਲੀ ਜੁਗਾੜੂ ਲੇਖਕ ਪ੍ਰਕਾਸ਼ਕਾਂ ਨਾਲ ਗੰਢਤੁੱਪ ਕਰਕੇ ਮੁਫ਼ਤ ਕਿਤਾਬ ਛਪਵਾ ਕੇ, ਯੂਨੀਵਰਸਿਟੀ ਦੇ ਸਲੇਬਸਾਂ ਵਿੱਚ ਲਗਵਾ ਕੇ, ਖੂਬ ਵਾਹਵਾ ਵਾਹਵਾ ਦੇ ਨਾਲੋਂ ਨਾਲ ਖੱਟੀ ਵੀ ਖੂਬ ਖੱਟਦੇ ਹਨ। ਸਰਕਾਰੇ ਦਰਬਾਰੇ ਪਹੁੰਚ ਕਾਰਨ ਉੱਚੇ ਅਹੁਦਿਆਂ ਉੱਤੇ ਬਿਰਾਜਮਾਨ ਹੋ ਕੇ, ਹਲਕੀਆਂ ਤੇ ਪੇਤਲੀ਼ਆਂ ਲਿਖਤਾਂ ਨੂੰ ਪ੍ਰਮੋਟ ਕਰਦੇ ਹਨ। ਜਦੋਂ ਅਜਿਹੇ ਹਾਲਾਤ ਹੋਣ ਤਾਂ ਸਾਹਿਤਕ ਵਿਕਾਸ ਦੇ ਦਾਅਵੇ ਹਾਸੋਹੀਣੇ ਕਿਉਂ ਨਾ ਲੱਗਣ? ਰਹਿੰਦੀ ਖੂੰਹਦੀ ਕਸਰ ਸਨਮਾਨਾਂ ਦੇ ਲਗ ਰਹੇ ਰੋਜ਼ਾਨਾ ਮੇਲਿਆਂ ਨੇ ਪੂਰੀ ਕਰ ਦਿੱਤੀ ਹੈ। ਅਣਗਿਣਤ ਖੁੰਬਾਂ ਵਾਂਗ ਪੈਦਾ ਹੋ ਰਹੇ ਮੰਚ ਪਤਾ ਨਹੀਂ ਕਿੰਨਿਆਂ ਕੁ ਨੂੰ ਨਿੱਤ ਮਾਨਾਂ ਅਤੇ ਸਨਮਾਨਾਂ ਦੀ ਦਾਤ ਬਖਸ਼ ਦਿੰਦੇ ਹਨ। ਕਈ ‘ਨਾਮਵਰ’ ਅਤੇ ‘ਸੁਪਰਸਿੱਧ’ ਪੱਛਮੀ ਪ੍ਰਵਾਸੀ ਕਵੀ ਇੱਥੇ ਆਉਂਦੇ ਹੀ ਇਸੇ ਕਾਰਜ ਲਈ ਹਨ ਅਤੇ ਪੰਜਾਬ ਦੇ ਵਿੱਚ ਰਹਿੰਦੇ ਬਹੁਤ ਸਾਰੇ ਕਵੀ , ਸਾਹਿਤਕਾਰ , ਬੁੱਧੀਜੀਵੀ ਅਤੇ ਆਲੋਚਕ ਵਿਦੇਸ਼ ਘੁੰਮਣ ਦੀ ਲਾਲਸਾ ਹਿੱਤ ਉਨ੍ਹਾਂ ਦੇ ਖੂਬ ਕਸੀਦੇ ਪੜ੍ਹਦੇ, ਹਿੜ ਹਿੜ ਕਰਦੇ ਅਤੇ ਖੂਬ ਟਹਿਲ ਸੇਵਾ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦੇ। ਕੀ ਅਜਿਹੇ ਸਮਿਆਂ ਵਿੱਚ ਕੋਈ ਲਾਲਸਾ ਅਤੇ ਸਨਮਾਨਾਂ ਦਾ ਭੁੱਖਾ ਇਨਸਾਨ ਵਧੀਆ ਸਾਹਿਤਕ ਰਚਨਾ ਦੀ ਸਿਰਜਣਾ ਕਰ ਸਕਦਾ ਹੈ ਜਦੋਂ ਉਸ ਦਾ ਮਕਸਦ ਹੀ ਸਿਰਫ ਤੇ ਸਿਰਫ ਸਨਮਾਨ ਪ੍ਰਾਪਤੀ, ਸ਼ੋਹਰਤ ,ਅਹੁਦੇ ਅਤੇ ਨਿੱਜੀ ਮੁਫ਼ਾਦ ਹੋਣ? ਸਾਹਿਤਕ ਮਿਆਰ ਅਤੇ ਨਿਖਾਰ ਦੀ ਗੱਲ ਤਾਂ ਕਿਤੇ ਦੂਰ ਰਹਿ ਗਈ ਹੈ। ਇਸ ਤੋਂ ਇਲਾਵਾ ਸਾਡੇ ਬਹੁਤ ਸਾਰੇ ‘ਕੱਦਾਵਰ ਲੇਖਕਾਂ’ ਨੂੰ ‘ਗਵਾਂਢੀਆਂ ਦੀ ਥਾਲ਼ੀ ‘ਚ ਪਏ ਲੱਡੂ’ ਬਹੁਤ ਵੱਡੇ ਵੱਡੇ ਲਗਦੇ ਹਨ ਅਤੇ ਉਹ ਹਮੇਸ਼ਾ ਦਾਅਵਤ ਦੀ ਤਿਆਰੀ ਵਿੱਚ ਆਪਣੇ ਅਟੈਚੀਕੇਸ ਨੂੰ ਤਿਆਰ ਬਰ ਤਿਆਰ ਰੱਖਦੇ ਹਨ। “ਅੰਤਰਰਾਸ਼ਟਰੀ ਪੰਜਾਬੀ ਕਾਨਫ਼ਰੰਸਾਂ” ਵਿੱਚ ਵੀ ‘ਜਥੇਬੰਦਕ ਜਥੇਦਾਰਾਂ’ ਦੇ ਗਿਣਤੀ ਦੇ ਮੁਲਾਹਜੇਦਾਰ ਸਾਹਿਤਕਾਰ ਸ਼ਾਮਲ ਹੁੰਦੇ ਹਨ। ਸਥਾਨਕ ਸਾਹਿਤਕਾਰ ਭਾਵੇਂ ਕਿੰਨੇਂ ਹੀ ਮਿਆਰੀ ਹੈਸੀਅਤ ਰੱਖਦੇ ਹੋਣ ਉਨ੍ਹਾਂ ਨੂੰ ਪੰਡਾਲ ਭਰਨ ਲਈ ਰਸਮੀ ਸੱਦਾ ਪੱਤਰ ਭੇਜ ਕੇ ਕੰਮ ਚਲਾਇਆ ਜਾਂਦਾ ਹੈ। ਅਜਿਹੀਆਂ ਹਾਲਤਾਂ ਵਿੱਚ ਪੈਰਾਂ ਹੇਠਾਂ ਧਰਤੀ ਦੇ ਧਰਾਤਲ ਨੂੰ ਭਲਾਂ ਵੇਖੇ ਕੌਣ?
ਇਸ ਸਭ ਕੁੱਝ ਦੇ ਬਾਵਜੂਦ ਵੀ ਸੁਰਜੀਤ ਜੱਜ, ਸੁਖਿੰਦਰ, ਸਰਬਜੀਤ ਸੋਹੀ, ਅਮਰਜੀਤ ਟਾਂਡਾ, ਅਮਰਜੀਤ ਕੌਂਕੇ , ਜਸਵੰਤ ਖਟਕੜ, ਅਰਵਿੰਦਰ ਕੌਰ ਕਾਕੜਾ, ਹਰਮੀਤ ਵਿਦਿਆਰਥੀ, ਡਾ. ਮੇਹਰ ਮਾਣਕ, ਸਰਬਜੀਤ ਬੈਂਸ, ਸ਼ਬਦੀਸ਼, ਨਵਤੇਜ ਗੜ੍ਹਦੀਵਾਲਾ ਅਤੇ ਕੁੱਝ ਹੋਰ ਕਵੀਆਂ ਦੀ ਕਵਿਤਾ ਪ੍ਰਚੱਲਤ ਵਿਆਪਕ ਪ੍ਰਣਾਲੀਆਂ, ਦਰਜੇਬੰਦੀਆਂ ਦੇ ਦਮਨ, ਸਤ੍ਹਾ ,ਸਥਾਪਤੀਆਂ ਦੇ ਵੱਖ ਵੱਖ ਰੂਪਾਂ, ਅਖ਼ੌਤੀ ਸੰਸਕਾਰਾਂ, ਦੰਭੀ ਵਿਹਾਰਾਂ ਅਤੇ ਸਿਰਜੇ ਜਾ ਰਹੇ ਖੋਖਲੇ਼ ਭਰਮਾਉ ਨਿਖਾਰਾਂ ਦਾ ਪਾਜ ਉਘੇੜਦੀ ਹੋਈ ਸਮਿਆਂ ਨਾਲ਼ ਦਸਤ ਪੰਜਾ ਲੈਂਦੀ ਵੇਖੀ ਜਾ ਸਕਦੀ ਹੈ ਪਰ ਪਿਛਲੇ ਦੋ ਦਹਾਕਿਆਂ ਤੋਂ ਜ਼ਿਆਦਾਤਰ ਪੰਜਾਬੀ ਸਾਹਿਤ ਵਿੱਚਲੀ ਬਹੁਤੀ ਕਵਿਤਾ ਸਵੈ ਤਸੱਲੀ ਜਾਂ ਤਰੱਕੀ ‘ਤੇ ਹੀ ਕੇਂਦਰਿਤ ਰਹੀ ਹੈ। ਸਮਾਜ ਦੀ ਬਹੁ ਵੱਸੋਂ ਨਾਲੋਂ ਟੁੱਟਿਆ ਸ਼ਹਿਰੀ ਤਰਜ਼ ‘ਤੇ ਨਿਜ਼ਾਮੀ ਵਰਗ ਦਾ ਸਿਰਜਿਆ ਸਾਹਿਤ ਕਦੇ ਵੀ ਆਵਾਮੀ ਤੌਰ ‘ਤੇ ਪ੍ਰਵਾਨਤ ਨਹੀਂ ਹੋ ਸਕਦਾ।ਇਸ ਕਰਕੇ ਇਹ ਥੀਮ, ਰੂਪ ਅਤੇ ਰੂਹ ਪੱਖੋਂ ਅਵਾਮ ਤੋਂ ਕੋਹਾਂ ਦੂਰ ਚਲਾ ਗਿਆ ਹੈ। ਸਾਹਿਤਕ ਪ੍ਰੇਮੀਆਂ ਨੂੰ ਇਨ੍ਹਾਂ ਮਸਲਿਆਂ ਨੂੰ ਗੰਭੀਰਤਾ ਨਾਲ਼ ਵਿਚਾਰਨ ਦੀ ਜਰੂਰਤ ਹੈ ਕਿਉਂਕਿ ਕਵਿਤਾ ਜਿਥੇ ਮਨੁੱਖੀ ਮਨ ਨੂੰ ਤਸਕੀਨ ਦਿੰਦੀ ਹੈ ਉਥੇ ਹੀ ਇਹ ਮਨੁੱਖੀ ਮਨ ਦੀ ਆਵਾਜ਼ ਵੀ ਹੁੰਦੀ ਹੈ ਜਿਸ ਦਾ ਬਿਖਰ ਕੇ ਮਨਫੀ ਹੋ ਜਾਣਾ ਮਾੜੇ ਪਲਾਂ ਦਾ ਸੰਕੇਤ ਹੁੰਦਾ ਹੈ।
ਡਾ. ਮੇਹਰ ਮਾਣਕ *ਰਾਇਤ ਬਾਹਰਾ ਯੂਨੀਵਰਸਿਟੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj