ਐਸ ਐਸ ਪੀ ( ਦਿਹਾਤੀ) ਹਰਕੰਵਲਪ੍ਰੀਤ ਸਿੰਘ ਖੱਖ ਦੇ ਦਿਸ਼ਾ ਨਿਰਦੇਸ਼ਾਂ ਹੇਠ ਥਾਣਾ ਮੁਖੀ (ਮਹਿਤਪੁਰ) ਜੈ ਪਾਲ ਦੇ ਉਦਮ ਸਦਕਾ ਜੇ ਕੇ ਦੀ ਬਿਲਡਿੰਗ ਵਿਚ ਕਰਵਾਇਆ ਗਿਆ।
ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਇਸ ਪ੍ਰੋਗਰਾਮ ਵਿਚ ਡੀ ਐਸ ਪੀ ਉਕਾਰ ਸਿੰਘ ਬਰਾੜ (ਸ਼ਾਹਕੋਟ) ਵਿਸ਼ੇਸ਼ ਤੌਰ ਤੇ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਬਲਾਕ ਮਹਿਤਪੁਰ ਦੇ ਪਿੰਡਾਂ ਤੋਂ ਪਹੁੰਚੇ ਨਵੇਂ ਚੁਣੇ ਸਰਪੰਚਾਂ, ਪੰਚਾਂ, ਸਮੇਤ ਅਲੱਗ -ਅਲੱਗ ਜਥੇਬੰਦੀਆਂ ਦੇ ਆਗੂਆਂ ਵੱਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਲੋਕਾਂ ਵੱਲੋਂ ਇਲਾਕੇ ਵਿਚ ਦਿਨੋ ਦਿਨ ਵਧ ਰਹੇ ਨਸ਼ਿਆਂ ਬਾਰੇ ਪੁਲਿਸ ਨੂੰ ਵਿਸਥਾਰਪੂਰਵਕ ਜਾਣੂੰ ਕਰਵਾਇਆ ਗਿਆ। ਲੋਕਾਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਪੰਜਾਬ ਪੁਲਿਸ ਵਿਚ ਜਿਥੇ ਜ਼ਾਹ ਬਾਜ਼ ਸਿਪਾਹੀ ਮੌਜੂਦ ਹਨ ਉਥੇ ਕੁਝ ਮਾੜੇ ਮੁਲਾਜ਼ਮ ਇਨ੍ਹਾਂ ਮਾੜੇ ਅਨਸਰਾਂ ਨੂੰ ਬਚਾਉਣ ਲਈ ਹਮੇਸ਼ਾ ਭੂਮਿਕਾ ਨਿਭਾਉਂਦੇ ਰਹਿੰਦੇ ਹਨ ਜੋ ਪ੍ਰਸ਼ਾਸਨ ਦੇ ਮਥੇ ਤੇ ਧੱਬਾ ਹਨ।ਪਿੰਡ ਹਰੀਪੁਰ ਦੇ ਸਰਪੰਚ ਨੇ ਦੱਸਿਆ ਕਿ ਇਲਾਕੇ ਵਿਚ ਚੋਰੀ ਦੀਆਂ ਘਟਨਾਵਾਂ ਦਿਨੋ ਦਿਨ ਵਧ ਰਹੀਆਂ ਹਨ, ਗੁੰਡੇ ਅਨਸਰ ਸ਼ਰੇਆਮ ਸ਼ਰੀਫ਼ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ। ਪਿੰਡ ਮੰਡਿਆਲਾ ਦੇ ਸਰਪੰਚ ਵੱਲੋਂ ਬੱਚਿਆਂ ਖਾਸ ਕਰਕੇ ਸਕੂਲਾਂ ਵਿਚ ਵਧ ਰਹੇ ਗੈਂਗਸਟਰ ਗਰੁਪਾਂ ਤੇ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੂੰ ਇਨ੍ਹਾਂ ਬੱਚਿਆਂ ਵੱਲ ਖਾਸ ਧਿਆਨ ਰੱਖਣਾ ਚਾਹੀਦਾ ਹੈ। ਇਸ ਮੌਕੇ ਸਵਾਲਾਂ ਦੇ ਜਵਾਬ ਦਿੰਦਿਆਂ ਡੀ ਐਸ ਪੀ ਉਕਾਰ ਸਿੰਘ ਬਰਾੜ ਨੇ ਨਵੀਆਂ ਚੁਣੀਆਂ ਪੰਚਾਇਤਾਂ ਨੂੰ ਮੁਬਾਰਕਬਾਦ ਦਿੰਦਿਆਂ ਮਾੜੇ ਅਨਸਰਾਂ ਨੂੰ ਸਮਾਜ ਦੇ ਮੱਥੇ ਤੇ ਕਲੰਕ ਦੱਸਿਆ। ਉਨ੍ਹਾਂ ਕਿਹਾ ਕਿ ਛੇੜਛਾੜ, ਬਲਾਤਕਾਰ, ਮਾਰਧਾੜ, ਲੁਟ ਖੋਹ, ਨਸ਼ਿਆਂ ਦੀਆਂ ਵਾਰਦਾਤਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਜਿਥੇ ਮਾੜੇ ਅਨਸਰਾਂ ਨੂੰ ਰਲ ਮਿਲ ਕੇ ਸੁਧਾਰਨ ਦੀ ਲੋੜ ਹੈ ਉਥੇ ਨਸ਼ਿਆਂ ਵਿਚ ਗਲਤਾਨ ਹੋ ਰਹੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਚੰਗੇ ਚੰਗੇ ਇਲਾਜ ਦੇ ਨਾਲ ਨਾਲ ਸਮਾਜ ਦੇ ਸਹਿਯੋਗ ਦੀ ਵੀ ਲੋੜ ਹੈ। ਇਸ ਲਈ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਮੈ ਤੁਹਾਨੂੰ ਹਰ ਮਦਦ ਲਈ ਵਚਨਬੱਧ ਹਾਂ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਪੁਲਿਸ ਮੁਜਰਮਾਂ ਨੂੰ ਫੜਦੀ ਹੈ ਤਾਂ ਉਸ ਦੀ ਜ਼ਮਾਨਤ ਸਮਾਜ ਦੇ ਮੋਹਤਬਰਾਂ ਵੱਲੋਂ ਦਿੱਤੀ ਜਾਂਦੀ ਹੈ ਇਹ ਚਿੰਤਾਂ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਮੈਂ ਪੰਜਾਬ ਪੁਲਿਸ ਵੱਲੋਂ ਸਵਿਕਾਰ ਕਰਦਾ ਹਾਂ ਕਿ ਕੁਝ ਕੁ ਕਮੀਆਂ ਸਾਡੇ ਸਾਰਿਆਂ ਵਿਚ ਹੁੰਦੀਆਂ ਹਨ। ਇਨ੍ਹਾਂ ਨੂੰ ਅਸੀਂ ਰਲਮਿਲ ਕੇ ਹੀ ਹੱਲ ਕਰ ਸਕਦੇ ਹਾਂ। ਇਸ ਮੌਕੇ ਡੀ ਐਸ ਪੀ ਬਰਾੜ ਨੇ ਸ਼ਰੇਆਮ ਆਂਡਿਆਂ ਦੀਆਂ ਰੇਹੜੀਆਂ ਤੇ ਵਿਕ ਰਹੀ ਸ਼ਰਾਬ ਬਾਰੇ ਵੀ ਚਿੰਤਾ ਜ਼ਹਿਰ ਕੀਤੀ। ਉਨ੍ਹਾਂ ਕਿਹਾ ਕਿ ਮਹਿਤਪੁਰ ਦਾ ਬਜ਼ਾਰ ਟ੍ਰੈਫਿਕ ਸਮੱਸਿਆ ਅਤੇ ਨਜਾਇਜ਼ ਕਬਜ਼ੇ ਦਾ ਸ਼ਿਕਾਰ ਹੈ ਰਾਹਗੀਰ ਪ੍ਰੇਸ਼ਾਨ ਹਨ ਹੈਰਾਨੀ ਦੀ ਗੱਲ ਹੈ ਕਿ ਸਮਾਜ ਇਨ੍ਹਾਂ ਬਾਰੇ ਸਾਡੇ ਨਾਲ ਸੰਪਰਕ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਤੁਸੀਂ 112 ਨੰਬਰ ਤੇ ਜਾਣਕਾਰੀ ਦਿਓ ਅਸੀਂ ਤੁਹਾਡੀ ਹਰ ਸਮੱਸਿਆ ਦੇ ਹੱਲ ਲਈ ਵਚਨਬੱਧ ਹਾਂ ਤੁਸੀਂ ਸਾਡੇ ਨਾਲ ਸੰਪਰਕ ਜ਼ਰੂਰ ਕਰੋ।ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਏ ਐਸ ਆਈ ਗੁਰਦੇਵ ਸਿੰਘ ਵੱਲੋਂ ਨਿਭਾਈ ਗਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly