ਨਵਾਂਸ਼ਹਿਰ/ਰਾਹੋਂ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਨੈਸ਼ਨਲ ਲੇਬਰ ਆਰਗਨਾਈਜੇਸ਼ਨ (ਐੱਨ ਐਲ ਓ) ਦੇ ਕਨਵੀਨਰ ਬਲਦੇਵ ਭਾਰਤੀ ਸਟੇਟ ਅਵਾਰਡੀ ਨੇ ਦੱਸਿਆ ਕਿ ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਦੀ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਅਤੇ ਭਲਾਈ ਸਕੀਮਾਂ ਦੇ ਆਨ ਲਾਈਨ ਪੋਰਟਲ ਦੀ ਵੈਬਸਾਈਟ ਜਿੱਥੇ ਅਕਸਰ ਬੰਦ ਰਹਿੰਦੀ ਹੈ ਉੱਥੇ ਖਾਮੀਆਂ ਭਰਪੂਰ ਵੀ ਹੈ। ਇਸ ਵਿੱਚ ਰਜਿਸਟਰਡ ਉਸਾਰੀ ਕਿਰਤੀਆਂ ਦੇ ਲੇਬਰ ਕਾਰਡ (ਰਜਿਸਟ੍ਰੇਸ਼ਨ) ਰੀਨਿਊ ਕਰਨ ਲਈ ਅਪਲਾਈ ਕਰਨ ਸਮੇਂ ਗ੍ਰੇਸ ਪੀਰੀਅਡ ਦਾ 10/- ਰੁ ਮਾਸਿਕ ਅੰਸ਼ਦਾਨ ਅਤੇ 5/-ਰੁ ਮਾਸਿਕ ਲੇਟ ਫੀਸ ਜਮਾਂ ਨਹੀਂ ਹੋ ਰਹੀ। ਜਦਕਿ ਸਿਰਫ਼ ਇਕ ਸਾਲ ਦਾ ਅੰਸ਼ਦਾਨ 120/-ਰੁ ਹੀ ਜਮਾਂ ਹੋ ਰਿਹਾ ਹੈ। ਇਸ ਨਾਲ ਭਵਿੱਖ ਵਿੱਚ ਉਸਾਰੀ ਕਿਰਤੀ ਲਾਭਪਾਤਰੀਆਂ ਨੂੰ ਭਲਾਈ ਸਕੀਮਾਂ ਦਾ ਲਾਭ ਲੈਣ ਵਿੱਚ ਬਹੁਤ ਵੱਡੀ ਰੁਕਾਵਟ ਖੜ੍ਹੀ ਹੋ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਉਸਾਰੀ ਕਿਰਤੀਆਂ ਦੀਆਂ ਵਜ਼ੀਫਾ, ਸ਼ਗਨ ਸਕੀਮ ‘ਤੇ ਦਾਹ ਸੰਸਕਾਰ ਅਤੇ ਅੰਤਿਮ ਕਿਰਿਆ ਕਰਮ ਆਦਿ ਵੱਖ ਵੱਖ ਭਲਾਈ ਸਕੀਮਾਂ ਦੀਆਂ ਅਰਜ਼ੀਆਂ ਅਪਲਾਈ ਕਰਨ ਉਪਰੰਤ ਉਨ੍ਹਾਂ ਦਾ ਸਟੇਟਸ ਚੈੱਕ ਕਰਨ ਸਮੇਂ ਸਕਰੀਨ ਉੱਤੇ ਸਬੰਧਤ ਮੈਂਬਰਾਂ ਦੇ ਨਾਮ ਨਹੀਂ ਹੁੰਦੇ। ਜਿਸ ਕਾਰਨ ਵੀ ਲਾਭਪਾਤਰੀਆਂ ਨੂੰ ਬਹੁਤ ਪ੍ਰੇਸ਼ਾਨੀ ਹੁੰਦੀ ਹੈ। ਜੱਥੇਬੰਦੀ ਦੇ ਕਨਵੀਨਰ ਬਲਦੇਵ ਭਾਰਤੀ ਨੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ-ਕਮ-ਚੇਅਰਮੈਨ ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਅਤੇ ਤਰੁਨਪ੍ਰੀਤ ਸਿੰਘ ਸੌਂਦ ਕਿਰਤ ਮੰਤਰੀ ਪੰਜਾਬ ਪਾਸੋਂ ਮੰਗ ਕੀਤੀ ਕਿ ਉਸਾਰੀ ਕਿਰਤੀਆਂ ਦੀ ਰਜਿਸਟ੍ਰੇਸ਼ਨ ਰੀਨਿਊ ਕਰਨ ਸਮੇਂ ਗ੍ਰੇਸ ਪੀਰੀਅਡ ਦਾ ਅੰਸ਼ਦਾਨ ਅਤੇ ਲੇਟ ਫੀਸ ਵੀ ਜਮਾਂ ਹੋਵੇ ਤਾਂ ਜੋ ਕਿਰਤੀਆਂ ਨੂੰ ਭਵਿੱਖ ਵਿੱਚ ਭਲਾਈ ਸਕੀਮਾਂ ਲੈਣ ਵਿੱਚ ਕੋਈ ਸਮੱਸਿਆ ਨਾ ਆਵੇ। ਇਸ ਤੋਂ ਇਲਾਵਾ ਭਲਾਈ ਸਕੀਮਾਂ ਦੀਆਂ ਅਪਲਾਈ ਅਰਜ਼ੀਆਂ ਸਬੰਧੀ ਸਕਰੀਨ ਵਿੱਚ ਸਬੰਧਤ ਮੈਂਬਰਾਂ ਦੇ ਨਾਮ ਹੋਣ ਦੀ ਵਿਵਸਥਾ ਵੀ ਕੀਤੀ ਜਾਵੇ।
https://play.google.com/store/apps/details?id=in.yourhost.samaj