ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਇਲਾਕੇ ਭਰ ਦੇ 2 ਦਰਜਨ ਤੋਂ ਵੱਧ ਉਸਾਰੀ ਮਜ਼ਦੂਰਾਂ ਨੇ ਨੈਸ਼ਨਲ ਲੇਬਰ ਆਰਗੇਨਾਈਜੇਸ਼ਨ (ਐੱਨ.ਐੱਲ.ਓ.) ਦੇ ਕਨਵੀਨਰ ਬਲਦੇਵ ਭਾਰਤੀ ਨਾਲ ਮੁਲਾਕਾਤ ਕਰਕੇ ਆਪਣੀਆਂ ਸਮੱਸਿਆਵਾਂ ਸਾਂਝੀਆਂ ਕੀਤੀਆਂ। ਮਜ਼ਦੂਰਾਂ ਨੇ ਦੱਸਿਆ ਕਿ ਉਸਾਰੀ ਮਜ਼ਦੂਰਾਂ ਦੀ ਭਲਾਈ ਅਤੇ ਸਮਾਜਿਕ ਸੁਰੱਖਿਆ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਵੱਡੇ ਵੱਡੇ ਦਾਅਵੇ ਠੁਸ ਹੋ ਰਹੇ ਹਨ। ਉਸਾਰੀ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਅਤੇ ਭਲਾਈ ਸਕੀਮਾਂ ਦੇ ਆਨ-ਲਾਈਨ ਪੋਰਟਲ ਵਿੱਚ ਖਾਮੀਆਂ ਹੋਣ ਕਾਰਨ ਪੰਜਾਬ ਭਰ ਦੇ ਸੁਵਿਧਾ ਕੇਂਦਰਾਂ ਵਿੱਚ ਉਸਾਰੀ ਮਜ਼ਦੂਰਾਂ ਦੀ ਰੱਜ ਕੇ ਹੋ ਰਹੀ ਖੱਜਲ ਖੁਆਰੀ ਉਨ੍ਹਾਂ ਦੀਆਂ ਆਸਾਂ ਉਮੀਦਾਂ ਉੱਤੇ ਪਾਣੀ ਫੇਰ ਰਹੀ ਹੈ। ਮਜ਼ਦੂਰ ਸੁਵਿਧਾ ਕੇਂਦਰਾਂ ਵਿੱਚ ਵਾਰ-ਵਾਰ ਗੇੜੇ ਮਾਰ ਕੇ ਪਰੇਸ਼ਾਨ ਹੋਣ ਦੇ ਨਾਲ ਨਾਲ ਭਲਾਈ ਸਕੀਮਾਂ ਦੇ ਲਾਭ ਤੋਂ ਵੀ ਵਾਂਝੇ ਰਹਿ ਰਹੇ ਹਨ। ਭਾਵੇਂ ਕਿ ਉਸਾਰੀ ਕਿਰਤੀਆਂ ਦੀ ਭਲਾਈ ਅਤੇ ਸਮਾਜਿਕ ਸੁਰੱਖਿਆ ਲਈ ਬੋਰਡ ਦੀਆਂ ਭਲਾਈ ਸਕੀਮਾਂ ਕਾਫੀ ਹੱਦ ਤੱਕ ਠੀਕ ਅਤੇ ਸਲਾਹੁਣਯੋਗ ਹਨ ਅਤੇ ਅਨੇਕਾਂ ਪ੍ਰੀਵਾਰਾਂ ਨੂੰ ਇਨ੍ਹਾਂ ਦਾ ਲਾਭ ਵੀ ਮਿਲਿਆ ਹੈ। ਪਰ ਇਨ੍ਹਾਂ ਭਲਾਈ ਸਕੀਮਾਂ ਦੀ ਪ੍ਰਾਪਤੀ ਦੀ ਪ੍ਰਕਿਰਿਆ ਬਹੁਤੇ ਅਨਪੜ੍ਹ, ਭੋਲੇ-ਭਾਲੇ ਅਤੇ ਸਾਧਨਾਂ ਤੋਂ ਵਾਂਝੇ ਯੋਗ ਲੋੜਵੰਦ ਕਿਰਤੀਆਂ ਦੀ ਪਹੁੰਚ ਤੋਂ ਬਾਹਰ ਹੈ। ਉਸਾਰੀ ਕਿਰਤੀ ਨਿਰਾਸ਼ ਹੋ ਕੇ ਘਰ ਬੈਠਣ ਲਈ ਮਜਬੂਰ ਹਨ। ਰਜਿਸਟਰਡ ਉਸਾਰੀ ਕਿਰਤੀਆਂ ਦੀ ਗਿਣਤੀ ਵੱਧਣ ਦੀ ਬਜਾਏ ਘੱਟਦੀ ਜਾ ਰਹੀ ਹੈ। ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਅਨੁਸਾਰ ਆਨ-ਲਾਈਨ ਪੋਰਟਲ ਵਿੱਚ ਵੱਡੀ ਖਾਮੀ ਇਹ ਹੈ ਕਿ ਇਸ ਦੀ ‘ਸਾਈਟ’ ਅਕਸਰ ਬੰਦ ਰਹਿੰਦੀ ਹੈ। ਜਿਸ ਕਾਰਨ ਰਜਿਸਟ੍ਰੇਸ਼ਨ ਕਰਵਾਉਣ ਜਾਂ ਭਲਾਈ ਸਕੀਮਾਂ ਅਪਲਾਈ ਕਰਨ ਲਈ ਦਿਹਾੜੀਆਂ ਤੋੜ ਕੇ ਲਾਈਨਾਂ ਵਿੱਚ ਲੱਗੇ ਕਿਰਤੀਆਂ ਨੂੰ ਵਾਪਸ ਮੁੜਨਾ ਪੈਂਦਾ ਹੈ।
ਐੱਨ ਐੱਲ ਓ ਮੁਖੀ ਬਲਦੇਵ ਭਾਰਤੀ ਨੇ ਕਿਰਤੀਆਂ ਲਈ ਹਾਅ ਦਾ ਨਾਅਰਾ ਮਾਰਦਿਆਂ ਕਿਹਾ ਕਿ ਪੰਜਾਬ ਭਰ ਵਿੱਚ ਉਸਾਰੀ ਕਿਰਤੀਆਂ ਦੇ ਅਜਿਹੇ ਹਾਲਾਤਾਂ ਦੀ ਗੰਭੀਰਤਾ ਨੂੰ ਜਮੀਨੀ ਪੱਧਰ ਤੋਂ ਦੇਖਣਾ ਪਵੇਗਾ। ਉਨ੍ਹਾਂ ਭਗਵੰਤ ਸਿੰਘ ਮਾਨ ਮੁੱਖ ਮੰਤਰੀ-ਕਮ-ਚੇਅਰਮੈਨ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵੈਲਫੇਅਰ ਬੋਰਡ ਚੰਡੀਗੜ੍ਹ ਪਾਸੋਂ ਪੁਰਜ਼ੋਰ ਮੰਗ ਕੀਤੀ ਕਿ “ਉਸਾਰੀ ਮਜ਼ਦੂਰ ਭਲਾਈ ਕਾਨੂੰਨ-1996” ਦੇ ਉਦੇਸ਼ ਦੇ ਸਹੀ ਪਾਲਣ ਹਿੱਤ ਉਸਾਰੀ ਮਜ਼ਦੂਰਾਂ ਦੀ ਹੋ ਰਹੀ ਖੱਜਲ ਖੁਆਰੀ ਨੂੰ ਰੋਕਣ ਲਈ ਸਬੰਧਿਤ ਆਨ-ਲਾਈਨ ਪੋਰਟਲ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਸੁਵਿਧਾ ਕੇਂਦਰਾਂ ਵਿੱਚ ਵੱਖ-ਵੱਖ ਪਹਿਲੂਆਂ ਤੋਂ ਜਾਣਕਾਰ ਮੁਲਾਜ਼ਮ ਹੋਣ ਦੀ ਵਿਵਸਥਾ ਕੀਤੀ ਜਾਵੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly