ਸਾਜ਼ਿਸ਼ ਬੇਨਕਾਬ – ਇਹ ਲੋਕ ਲਿਖ ਰਹੇ ਨੇ ਭਾਰਤ ’ਚੋਂ ‘ਆਪਸੀ ਸਾਂਝ ਖ਼ਤਮ ਕਰਨ’ ਦੀ ਸਕ੍ਰਿਪਟ

ਮੋਹਾਲੀ (ਸਮਾਜ ਵੀਕਲੀ) : ਕੀ ਤੁਸੀਂ ਜਾਣਦੇ ਹੋ ਕਿ ਇਸ ਵੇਲੇ ਭਾਰਤ ਦੀ ‘ਵਿਭਿੰਨਤਾ ’ਚ ਏਕਤਾ’, ਆਪਸੀ ਫਿਰਕੂ ਸਾਂਝ, ਭਾਈਚਾਰਕ ਏਕਤਾ ਨੂੰ ਭੰਗ ਕਰਨ ਦੀਆਂ ਸਾਜ਼ਿਸ਼ਾਂ ਕੌਣ ਰਚ ਰਿਹਾ ਹੈ? ਜੀ ਹਾਂ, ਇੱਕ ਵਾਰ ਫਿਰ ਪ੍ਰਮਾਣਿਤ ਹੋ ਗਿਆ ਹੈ ਇਹੋ ਲੋਕ ਵਾਰ–ਵਾਰ ਆਪਣੇ–ਆਪ ਨੂੰ ਸਹੀ ਸਿੱਧ ਕਰਨ ਲਈ ਹੁਣ ਬਾਕਾਇਦਾ ਸਕ੍ਰਿਪਟ ਲਿਖਣ ਲੱਗ ਪਏ ਹਨ।

ਉਸ ਸਕ੍ਰਿਪਟ ’ਤੇ ਫਿਰ ਕਲਾਕਾਰਾਂ ਤੋਂ ਅਦਾਕਾਰੀ ਕਰਵਾਈ ਜਾਂਦੀ ਹੈ ਤੇ ਅੰਤ ’ਚ ਕਿਸੇ ‘ਸੁਦਰਸ਼ਨ’ ਨਾਂਅ ਦੇ ਚੈਨਲ ਉੱਤੇ ਉਸ ਵਿਡੀਓ ਨੂੰ ਪ੍ਰਸਾਰਿਤ (ਟੈਲੀਕਾਸਟ) ਕਰ ਕੇ ਦੇਸ਼ ਵਿੱਚ ਭੜਕਾਹਟ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

ਬੀਤੇ ਦਿਨੀਂ ਵੀ ਅਜਿਹਾ ਹੀ ਕੁਝ ਹੋਇਆ। ਇਸ ਚੈਨਲ ਉੱਤੇ ਵਿਡੀਓ ਵਿਖਾਈ ਗਈ, ਜਿਸ ਵਿੱਚ ਇਹ ਵਿਖਾਇਆ ਗਿਆ ਸੀ ਕਿ – ‘ਉੱਤਰ ਪ੍ਰਦੇਸ਼ ਦੇ ਸ਼ਹਿਰ ਅਲੀਗੜ੍ਹ ਦਾ ਇੱਕ ਮੁਸਲਿਮ ਲੜਕਾ ਆਪਣੇ ਇੱਕ ਹਿੰਦੂ ਦੋਸਤ ਨੂੰ ਆਖ ਰਿਹਾ ਹੈ ਕਿ ਤੂੰ ਵੀ ਮੁਸਲਿਮ ਬਣ ਜਾ, ਨਹੀਂ ਤਾਂ ਤੁਸੀਂ ਸਾਰੇ ਨਰਕਾਂ ’ਚ ਜਾਓਗੇ।’

ਇਹੋ ਜਿਹੀਆਂ ਫ਼ਿਜ਼ੂਲ ਦੀਆਂ ਗੱਲਾਂ ਵਾਲੀ ਇਹ ਵਿਡੀਓ ਪਹਿਲਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਕੀਤੀ ਗਈ ਤੇ ਉਸ ਤੋਂ ਬਾਅਦ ਫਿਰਕੂ ਜ਼ਹਿਰ ਘੋਲਣ ਵਾਲੇ ‘ਸੁਦਰਸ਼ਨ’ ਚੈਨਲ ਉੱਤੇ ਇਸ ਨੂੰ ਪ੍ਰਸਾਰਿਤ ਕੀਤਾ ਗਿਆ।

ਬਾਅਦ ’ਚ ਜਦੋਂ ਪੁਲਿਸ ਨੇ ਸਾਰੇ ਮਾਮਲੇ ਦੀ ਜਾਂਚ ਕੀਤੀ, ਤਾਂ ਪਤਾ ਲੱਗਾ ਕਿ ਵਿਡੀਓ ’ਚ ‘ਧਰਮ–ਪਰਿਵਰਤਨ’ ਦੀਆਂ ਗੱਲਾਂ ਕਰਨ ਵਾਲੇ ਦੋਵੇਂ ‘ਨਾਬਾਲਗ਼ ਲੜਕੇ’ ਹਿੰਦੂ ਹੀ ਸਨ। ਇਸ ਜਾਂਚ ਤੋਂ ਬਾਅਦ ਭਾਵੇਂ ਇਸ ਅਖੌਤੀ ਟੀਵੀ ਚੈਨਲ ‘ਸੁਦਰਸ਼ਨ’ ਦੀ ਬਦਨਾਮੀ ਤਾਂ ਹੋਈ ਪਰ ਉਸ ਵਿਰੁੱਧ ਹੁਣ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।

ਸਾਜ਼ਿਸ਼–ਘਾੜਿਆਂ ਨੇ ਪਹਿਲਾਂ ਹੀ ਬੜੀ ਦੂਰਅੰਦੇਸ਼ੀ ਨਾਲ ਜਾਣ–ਬੁੱਝ ਕੇ ਕੋਈ ਨਾਬਾਲਗ਼ ਲੜਕੇ ਲਏ ਤੇ ਉਨ੍ਹਾਂ ਤੋਂ ਆਪਣੀ ਮਨਮਰਜ਼ੀ ਦੇ ਡਾਇਲੌਗ ਬੁਲਵਾਏ; ਤਾਂ ਜੋ ਜੇ ਬਾਅਦ ਵਿੱਚ ਕਿਤੇ ਫੜੇ ਵੀ ਜਾਣ, ਤਾਂ ਜਾਂ ਤਾਂ ਉਨ੍ਹਾਂ ਨੂੰ ਸਜ਼ਾ ਹੋਵੇ ਹੀ ਨਾ ਤੇ ਜੇ ਹੋਵੇ ਵੀ, ਤਾਂ ਉਹ ਨਾਮਾਤਰ ਹੋਵੇ।

ਦੇਸ਼ ਦੀ ਫਿਰਕੂ ਏਕਤਾ ਨੂੰ ਖ਼ਤਰਾ ਬਣੇ ਤੇ ਸਾਡੇ ਭਾਰਤ ਦੀ ਆਨ, ਬਾਨ ਤੇ ਸ਼ਾਨ ਨੂੰ ਢਾਹ ਲਾ ਰਹੇ ਅਜਿਹੇ ਲੋਕਾਂ ਤੇ ਚੈਨਲਾਂ ਵਿਰੁੱਧ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ।

‘ਦਿ ਕੁਇੰਟ’ ਤੇ ਅਜਿਹੇ ਹੋਰ ਜਾਗਦੀ ਜ਼ਮੀਰ ਵਾਲੇ ਅਖ਼ਬਾਰਾਂ ਤੇ ‘ਦਿ ਲਾਈਵ ਟੀਵੀ’ ਚੈਨਲਾਂ ਨੇ ਇਸ ਖ਼ਬਰ ਨੂੰ ਹੁਣ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਹੈ।

ਸਪੱਸ਼ਟ ਹੈ ਕਿ ਜੇ ਅਜਿਹੀ ਕਾਰਵਾਈ ਕਿਸੇ ਹੋਰ ਨੇ ਕੀਤੀ ਹੁੰਦੀ, ਤਾਂ ‘ਗੋਦੀ ਮੀਡੀਆ’ ਨੇ ਅਜਿਹੇ ਕਾਂਡ ਵਿਰੁੱਧ ਖ਼ਬਰਾਂ ਪ੍ਰਕਾਸ਼ਿਤ ਤੇ ਪ੍ਰਸਾਰਿਤ ਕਰ–ਕਰ ਕੇ ਜ਼ਮੀਨ ਤੇ ਆਕਾਸ਼ ਇੱਕ ਕਰ ਦੇਣੇ ਸਨ।

ਉਂਝ ਤਾਂ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਰਾਂ ਨੂੰ ਇਹ ਵੀ ਤੁਰੰਤ ਪਤਾ ਲੱਗ ਜਾਂਦਾ ਹੈ ਕਿ ਦੇਸ਼ ਦੇ ਕਿਹੜੇ ਕੋਣੇ ਵਿੱਚ ਕੁਲਚੇ–ਛੋਲੇ ਵੇਚਣ ਵਾਲੇ ਦਾ ਕੀ ਨਾਂ ਹੈ ਤੇ ਹੁਣ ਉਹ ਕੀ ਕਰ ਰਿਹਾ ਹੈ ਪਰ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਸਪੱਸ਼ਟ ਤੌਰ ’ਤੇ ਖ਼ਤਰਾ ਅਜਿਹੀ ਇੱਕਤਰਫ਼ਾ ਫਿਰਕੂ ਸੋਚ ਵਾਲੇ ਵਿਅਕਤੀਆਂ ਦੀ ਕਦੇ ਕੋਈ ਭਿਣਕ ਨਹੀਂ ਪੈਂਦੀ। ਇਸ ਸੁਆਲ ਦਾ ਜੁਆਬ ਘੱਟੋ–ਘੱਟ ਧਰਮ–ਨਿਰਪੇਖ ਦੇ ਦੇਸ਼ ਦੇ ਅਸਲ ਹਿਤੈਸ਼ੀਆਂ ਨੂੰ ਹਾਲੇ ਤੱਕ ਮਿਲ ਨਹੀਂ ਸਕਿਆ।

ਮਹਿਤਾਬ–ਉਦ–ਦੀਨ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleOwaisi, Shia cleric come in support of UP IAS officer
Next articleਹੌਸਲੇ ਬੁਲੰਦ